ਏਸ਼ੀਆ ਕਾਨਫਰੰਸ : ਭਾਰਤ ਵੱਲੋਂ ਦੁਵੱਲੀ ਗੱਲਬਾਤ ਤੋਂ ਇਨਕਾਰ

Sartaj-Aziz

ਨਵੀਂ ਦਿੱਲੀ, 1 ਦਸੰਬਰ (ਏਜੰਸੀ) : ਮੀਡੀਆ ਰਿਪੋਰਟ ਅਨੁਸਾਰ ‘ਹਾਰਟ ਆਫ ਏਸ਼ੀਆ’ ਕਾਨਫਰੰਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਵੱਖਰੀ ਦੁਵੱਲੀ ਮੀਟਿੰਗ ਨਹੀਂ ਹੋਵੇਗੀ, ਜਿਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਭਾਰਤ ਆਉਣਗੇ। ‘ਡਾਅਨ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਅਤੇ ਭਾਰਤ ‘ਹਾਰਟ ਆਫ ਏਸ਼ੀਆ’ ਕਾਨਫਰੰਸ ਤੋਂ ਇਲਾਵਾ ਵੱਖਰੀ ਦੁਵੱਲੀ ਗੱਲਾਬਾਤ ਨਹੀਂ ਕਰਨਗੇ।

ਭਾਰਤ ਨੇ ਜੰਮੂ ਕਸ਼ਮੀਰ ਵਿੱਚ ਨਗਰੋਟਾ ਫ਼ੌਜੀ ਕੈਂਪ ’ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਪਸ਼ਟ ਕੀਤਾ ਹੈ ਕਿ ਅਤਿਵਾਦੀ ਹਮਲੇ ਅਤੇ ਦੁਵੱਲੀ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ, ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਅੱਗੇ ਨਹੀਂ ਵਧ ਸਕਦੀ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੂੰ 3 ਅਤੇ 4 ਦਸੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਵਾਲੀ ਹਾਰਟ ਆਫ ਏਸ਼ੀਆ ਕਾਨਫਰੰਸ ਦੌਰਾਨ ਪਾਕਿਸਤਾਨ ਨਾਲ ਵੱਖਰੀ ਦੁਵੱਲੀ ਮੀਟਿੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦੁਵੱਲੀ ਮੀਟਿੰਗ ਬਾਰੇ ਗੱਲ ਨਹੀਂ ਤੋਰੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੇ ਹਮੇਸ਼ਾ ਦੁਵੱਲੀ ਗੱਲਬਾਤ ਨੂੰ ਪਹਿਲ ਦਿੱਤੀ ਹੈ ਪਰ ਅਤਿਵਾਦ ਕਾਰਨ ਉਪਜੇ ਮਾਹੌਲ ਵਿੱਚ ਅਜਿਹੀ ਵਾਰਤਾ ਨਹੀਂ ਹੋ ਸਕਦੀ। ਭਾਰਤ ਦੁਵੱਲੇ ਸਬੰਧਾਂ ਨੂੰ ਅੱਗੇ ਤੋਰਨ ਦੇ ਨਾਲ ਨਾਲ ਅਤਿਵਾਦ ਸਹਿਣ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਭਾਰਤ ਕੋਈ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਨਗਰੋਟ ਫ਼ੌਜੀ ਕੈਂਪ ਉਤੇ ਹਮਲੇ ਬਾਰੇ ਵਿਸਥਾਰਤ ਜਾਣਕਾਰੀ ਦੀ ਉਡੀਕ ਕਰ ਰਿਹਾ ਹੈ। ਦੱਸਣਯੋਗ ਹੈ ਕਿ ਹਾਰਟ ਆਫ ਏਸ਼ੀਆਂ ਕਾਨਫਰੰਸ 3 ਦਸੰਬਰ ਤੋਂ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਭਾਰਤੀ ਵਫ਼ਦ ਦੀ ਅਰੁਣ ਜੇਤਲੀ ਕਰਨਗੇ। ਕਾਨਫਰੰਸ ਵਿੱਚ ਚੀਨ, ਅਮਰੀਕਾ, ਰੂਸ, ਇਰਾਨ ਤੇ ਪਾਕਿਸਤਾਨ ਤੋਂ ਇਲਾਵਾ 30 ਤੋਂ ਵੱਧ ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਸਾਂਝੇ ਤੌਰ ’ਤੇ 4 ਦਸੰਬਰ ਨੂੰ ਮੁੱਖ ਕਾਨਫਰੰਸ ਦਾ ਉਦਘਾਟਨ ਕਰਨਗੇ।

Facebook Comments

POST A COMMENT.

Enable Google Transliteration.(To type in English, press Ctrl+g)