ਹਰਿਆਣਾ ਵਿੱਚ ਲਾਗੂ ਹੋਵੇਗਾ ਸੀਚੇਵਾਲ ਮਾਡਲ : ਖੱਟਰ


ਜਲੰਧਰ/ਸੁਲਤਾਨਪੁਰ ਲੋਧੀ, 11 ਅਕਤੂਬਰ (ਏਜੰਸੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਗੰਦੇ ਅਤੇ ਮੀਂਹ ਦੇ ਪਾਣੀਆਂ ਨੂੰ ਸੰਭਾਲਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਕੀਤੇ ਮਾਡਲਾਂ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਹਰਿਆਣਾ ਵਿੱਚ ਵੀ ਇਸ ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੀਚੇਵਾਲ ਮਾਡਲ ਨੂੰ ਲਾਗੂ ਕਰਕੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਉਸੇ ਤਰਜ਼ ’ਤੇ ਖੇਤੀ ਲਈ ਵਰਤਿਆ ਜਾਵੇਗਾ, ਜਿਸ ਦਾ ਸਫਲ ਤਜਰਬਾ ਸੰਤ ਸੀਚੇਵਾਲ ਨੇ ਕੀਤਾ ਹੈ। ਉਨ੍ਹਾਂ ਨੇ ਇਸ ਮਾਡਲ ਨੂੰ ਸਸਤਾ ਤੇ ਸਰਲ ਦੱਸਦਿਆਂ ਕਿਹਾ ਕਿ ਅਸਲ ਵਿੱਚ ਇਹ ਰਵਾਇਤੀ ਤਕਨੀਕ ਹੈ, ਜਿਸ ਨੂੰ ਵੱਡੇ ਵਡੇਰੇ ਸਦੀਆਂ ਤੋਂ ਅਪਨਾਉਂਦੇ ਆ ਰਹੇ ਸਨ ਪਰ ਇਸ ਨੂੰ ਛੱਡਣ ਨਾਲ ਪਾਣੀ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਦਾ ਵੀ। ਇਸ ਮਾਡਲ ਤਹਿਤ ਹੀ ਸਰਸਵਤੀ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਸ੍ਰੀ ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਸੰਤ ਸੀਚੇਵਾਲ ਦੀਆਂ ਸੇਵਾਵਾਂ ਨਾਲ ਇਸ ਮਾਡਲ ਨੂੰ ਲਾਗੂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ। ਗੰਦੇ ਪਾਣੀਆਂ ਨੂੰ ਦੇਸੀ ਤਕਨੀਕ ਨਾਲ ਸੋਧ ਕੇ ਖੇਤੀ ਲਈ ਵਰਤੇ ਜਾਣ ਲਈ ਸੀਚੇਵਾਲ ਪਿੰਡ ਵਿੱਚ ਸਥਾਪਿਤ ਕੀਤੇ ਗਏ ਮਾਡਲ ਨੂੰ ਦੇਖਿਆ ਅਤੇ ਸੁਲਤਾਨਪੁਰ ਲੋਧੀ ਵਿੱਚ ਮੀਂਹ ਦੇ ਪਾਣੀਆਂ ਨੂੰ ਧਰਤੀ ਹੇਠ ਰੀਚਾਰਜ ਕਰਨ ਵਾਲਾ ਮਾਡਲ ਅਤੇ ਰੇਲਵੇ ਸਟੇਸ਼ਨ ’ਤੇ ਲੱਗੇ ਟਰੀਟਮੈਂਟ ਪਲਾਂਟ ਤੇ ਰੇਲਵੇ ਸਟੇਸ਼ਨ ਨੂੰ ਹਰਿਆ-ਭਰਿਆ ਕਰਨ ਦਾ ਪ੍ਰਾਜੈਕਟ ਵੀ ਦੇਖਿਆ। ਸ੍ਰੀ ਖੱਟਰ ਨੇ ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਕਾਰ ਸੇਵਾ ਨਾਲ ਪਵਿੱਤਰ ਕਾਲੀ ਵੇਈਂ ਦੇ ਗੰਦੇ ਪਾਣੀਆਂ ਨੂੰ ਮੁੜ ਨਿਰਮਲ ਕੀਤੇ ਜਾਣ ਬਾਰੇ ਜਾਣਕਾਰੀ ਹਾਸਲ ਕੀਤੀ। ਗੁਰਦੁਆਰਾ ਬੇਰ ਸਾਹਿਬ ਵਿੱਚ ਨਤਮਸਤਕ ਹੋਣ ’ਤੇ ਸ੍ਰੀ ਖੱਟਰ ਦਾ ਗੁਰਦੁਆਰਾ ਮੈਨੇਜਰ ਗੁਰਾ ਸਿੰਘ ਨੇ ਸਿਰੋਪਾ ਦੇ ਕੇ ਸਨਮਾਨ ਕੀਤਾ। ਨਿਰਮਲ ਕੁਟੀਆ ’ਚ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਪਵਿੱਤਰ ਕਾਲੀ ਵੇਈਂ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨਤ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਰਿਆਣਾ ਵਿੱਚ ਲਾਗੂ ਹੋਵੇਗਾ ਸੀਚੇਵਾਲ ਮਾਡਲ : ਖੱਟਰ