ਟਰੰਪ ਤੇ ਹਿਲੇਰੀ ਨੇ ਲਿਆਂਦੀ ਤੁਹਮਤਾਂ ਦੀ ਹਨੇਰੀ

ਵਾਸ਼ਿੰਗਟਨ, 22 ਅਕਤੂਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿਵੇਂ ਜਿਵੇਂ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਹੀ ਦੋਹਾਂ ਉਮੀਦਵਾਰਾਂ ਹਿਲੇਰੀ ਕਲਿੰਟਨ (ਡੈਮੋਕਰੇਟਿਕ) ਅਤੇ ਡੋਨਲਡ ਟਰੰਪ (ਰਿਪਬਲਿਕਨ) ਵਿਚਕਾਰ ਇਕ-ਦੂਜੇ ’ਤੇ ਦੂਸ਼ਣਬਾਜ਼ੀ ਤੇਜ਼ ਹੁੰਦੀ ਜਾ ਰਹੀ ਹੈ। ਹਿਲੇਰੀ ਨੇ ਟਰੰਪ ਵੱਲੋਂ ਹਾਰ ਤੋਂ ਬਾਅਦ ਚੋਣਾਂ ਦੇ ਨਤੀਜੇ ਸਵੀਕਾਰ ਨਾ ਕਰਨ ਦੇ ਐਲਾਨ ਨੂੰ ਅਮਰੀਕੀ ਜਮਹੂਰੀਅਤ ਲਈ ਖ਼ਤਰਨਾਕ ਦੱਸਿਆ ਤਾਂ ਟਰੰਪ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਜੇਕਰ ਹਿਲੇਰੀ ਰਾਸ਼ਟਰਪਤੀ ਦੀ ਚੋਣ ਜਿੱਤਦੀ ਹੈ ਤਾਂ ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਦਾ ਘੇਰਾ ਹੋਰ ਵੱਧ ਜਾਏਗਾ।

ਓਹਾਇਓ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਿਲੇਰੀ ਕਲਿੰਟਨ ਨੇ ਕਿਹਾ ਕਿ ਬੁੱਧਵਾਰ ਰਾਤ (ਟੀਵੀ ’ਤੇ ਬਹਿਸ) ਟਰੰਪ ਨੇ ਜੋ ਕੁਝ ਆਖਿਆ, ਉਹ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਕਿਸੇ ਹੋਰ ਉਮੀਦਵਾਰ ਨੇ ਕਦੇ ਨਹੀਂ ਕਿਹਾ। ‘ਉਨ੍ਹਾਂ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਜਿਸ ਨਾਲ ਉਹ ਸਾਡੇ ਲੋਕਤੰਤਰ ਨੂੰ ਚਿਤਾਵਨੀ ਦੇ ਰਹੇ ਹਨ।’ ਇਸ ਟਿੱਪਣੀ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਦੋ ਵਾਰ ਟਰੰਪ ਖ਼ਿਲਾਫ਼ ਆਪਣਾ ਪ੍ਰਤੀਕਰਮ ਦਿੱਤਾ।

ਹਿਲੇਰੀ ਨੇ ਕਿਹਾ ਕਿ ਅਮਰੀਕੀ ਜਮਹੂਰੀਅਤ ਦਾ ਆਪਣਾ ਇਤਿਹਾਸ ਹੈ ਪਰ ਟਰੰਪ ਉਸ ਨੂੰ ਅਣਗੌਲਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਮੁਲਕਾਂ ’ਚ ਗਏ ਹਨ ਜਿਥੇ ਸਿਆਸੀ ਵਿਰੋਧੀਆਂ ਨੂੰ ਚੋਣ ਨਾ ਜਿੱਤਣ ’ਤੇ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ, ਜਲਾਵਤਨ ਕਰ ਦਿੱਤਾ ਜਾਂਦਾ ਹੈ ਜਾਂ ਚੋਣਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਹਿਲੇਰੀ ਨੇ ਟਰੰਪ ਦੀ ਆਰਥਿਕ ਨੀਤੀਆਂ ਦੀ ਵੀ ਆਲੋਚਨਾ ਕੀਤੀ।

ਉਧਰ ਡੋਨਲਡ ਟਰੰਪ ਨੇ ਕਿਹਾ ਕਿ ਹਿਲੇਰੀ ਦੀ ਜਿੱਤ ਦਾ ਮਤਲਬ ਹੋਏਗਾ ਕਿ ਲੋਕਾਂ ਨੂੰ ਓਬਾਮਾ ਦੀਆਂ ਨੀਤੀਆਂ ਦਾ ਚਾਰ ਹੋਰ ਸਾਲ ਸਾਹਮਣਾ ਕਰਨਾ ਪਏਗਾ। ‘ਸਭ ਕੁਝ ਤਬਾਹ ਹੋ ਜਾਏਗਾ ਅਤੇ ਚਾਰੇ ਪਾਸੇ ਇਸਲਾਮਿਕ ਸਟੇਟ ਦੇ ਜਹਾਦੀ ਛਾ ਜਾਣਗੇ। ਨੌਰਥ ਕੈਰੋਲੀਨਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤਣ ’ਤੇ ‘ਅਮਰੀਕਾ ਡੈਸਕ’ ਬਣਾਉਣਗੇ ਜਿਥੇ ਸਾਰੇ ਕਾਰੋਬਾਰੀ ਮਸਲਿਆਂ ਦਾ ਨਿਪਟਾਰਾ ਹੋਏਗਾ। ਉਨ੍ਹਾਂ ਕਿਹਾ ਕਿ ਉਹ ਜਿੱਤ ਦੇ ਪਹਿਲੇ ਦਿਨ ਹੀ ਅਪਰਾਧੀਆਂ, ਨਸ਼ਾ ਤਸਕਰਾਂ, ਗਰੋਹ ਦੇ ਮੈਂਬਰਾਂ, ਕਾਤਲਾਂ ਨੂੰ ਉਨ੍ਹਾਂ ਦੇ ਮੁਲਕਾਂ ’ਚ ਵਾਪਸ ਭੇਜ ਦੇਣਗੇ।

Leave a Reply

Your email address will not be published.