9/11 ਹਮਲਾ : ਪੀੜਤਾਂ ਨੂੰ ਸਾਊਦੀ ਅਰਬ ਵਿਰੁੱਧ ਮੁਕੱਦਮੇ ਦੀ ਮਿਲੀ ਇਜ਼ਾਜਤ, ਓਬਾਮਾ ਨੇ ਵੀਟੋ ਦੀ ਕੀਤੀ ਵਰਤੋਂ

President-Obama-Greets-India-on-Republic-Day

ਵਾਸ਼ਿੰਗਟਨ, 24 ਸਤੰਬਰ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਸ ਬਿੱਲ ਨੂੰ ਲੈ ਕੇ ਵੀਟੋ ਦੀ ਵਰਤੋਂ ਕੀਤੀ ਹੈ, ਜਿਸ ਵਿੱਚ 9/11 ਹਮਲਿਆਂ ਦੇ ਪੀੜਤਾਂ ਦੇ ਵਾਰਸਾਂ ਨੂੰ ਸਾਊਦੀ ਅਰਬ ਵਿਰੁੱਧ ਮੁਕੱਦਮੇ ਦੀ ਮਨਜ਼ੂਰੀ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ। ਰਾਸ਼ਟਰਪਤੀ ਨੇ ਇਸ ਸੰਭਾਵਨਾ ਕਾਰਨ ਵੀਟੋ ਦੀ ਵਰਤੋਂ ਕੀਤੀ ਕਿ ਇਸ ਕਦਮ ਦਾ ਅਮਰੀਕਾ ਦੇ ਕੌਮੀ ਹਿੱਤਾਂ ‘ਤੇ ਗ਼ਲਤ ਪ੍ਰਭਾਵ ਪੈ ਸਕਦਾ ਹੈ। ਓਬਾਮਾ ਨੇ ਕਿਹਾ ਕਿ ‘ਅੱਤਵਾਦ ਫੈਲਾਉਣ ਵਾਲਿਆਂ ਵਿਰੁੱਧ ਨਿਆਂ’ (ਜੇਏਐਸਟੀਏ) ਐਕਟ ਨੂੰ ਰਿਪਬਲੀਕਨ ਪਾਰਟੀ ਦੇ ਕੰਟਰੋਲ ਵਾਲੀ ਕਾਂਗਰਸ ਦੇ ਦੋਵਾਂ ਚੈਂਬਰਾਂ ਨੇ ਪਾਸ ਕਰ ਦਿੱਤਾ ਸੀ। ਇਸ ਬਿੱਲ ਦੇ ਪਾਸ ਹੋਣ ਨਾਲ ਖੁਦਮੁਖਤਿਆਰੀ ਸਬੰਧੀ ਪੁਰਾਣਾ ਕੌਮਾਂਤਰੀ ਸਿਧਾਂਤ ਖਤਰੇ ਵਿੱਚ ਪੈ ਜਾਂਦਾ ਅਤੇ ਇਸ ਨਾਲ ਅਮਰੀਕੀ ਹਿੱਤਾਂ ਤੇ ਵਿਦੇਸ਼ ਵਿੱਚ ਰਹਿ ਰਹੇ ਦੇਸ਼ ਦੇ ਨਾਗਰਿਕਾਂ ‘ਤੇ ਮਾੜਾ ਪ੍ਰਭਾਵ ਪੈਂਦਾ।

ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਅਮਰੀਕੀ ‘ਫੌਰਨ ਸੋਵਰਨ ਇੰਮੀਨਿਊਟੀਜ ਐਕਟ’ ਦੀਆਂ ਤਜਵੀਜ਼ਾਂ ਤੇ ਪੁਰਾਣੇ ਮਾਪਦੰਡਾਂ ਦੇ ਅਨੁਰੂਪ ਨਹੀਂ ਹੈ ਅਤੇ ਇਸ ਨਾਲ ਦੇਸ਼ ਵਿੱਚ ਸਾਰੀਆਂ ਵਿਦੇਸ਼ੀ ਸਰਕਾਰਾਂ ਨੂੰ ਮਿਲੀ ਨਿਆਂਇਕ ਪ੍ਰਕਿਰਿਆ ਤੋਂ ਛੋਟ ਨਿੱਜੀ ਵਾਦੀਆਂ ਦੇ ਸਿਰਫ਼ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਖੋਹੀ ਜਾਂਦੀ ਕਿ ਕਿਸੇ ਵਿਦੇਸ਼ੀ ਸਰਕਾਰ ਦੇ ਦੇਸ਼ ਵਿੱਚੋਂ ਬਾਹਰ ਕੀਤੇ ਗਏ ਕਾਰਜਾਂ ਦਾ ਉਸ ਸਮੂਹ ਜਾਂ ਵਿਅਕਤੀ ਨਾਲ ਸਬੰਧ ਜਾਂ ਭੂਮਿਕਾ ਹੈ, ਜਿਸ ਨੇ ਅਮਰੀਕਾ ਦੇ ਅੰਦਰ ਅੱਤਵਾਦੀ ਹਮਲਾ ਕੀਤਾ। ਓਬਾਮਾ ਨੇ ਕਿਹਾ, ”ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਅਧੂਰੀ ਜਾਣਕਾਰੀ ਦੇ ਆਧਾਰ ‘ਤੇ ਫੈਸਲੇ ਲਏ ਜਾਂਦੇ ਅਤੇ ਇਸ ਨਾਲ ਵਿਦੇਸ਼ੀ ਸਰਕਾਰਾਂ ਦੀ ਦੋਸ਼ਸਿੱਧੀ ਤੇ ਅਮਰੀਕਾ ਵਿਰੁੱਧ ਅੱਤਵਾਦੀ ਕਾਰਵਾਈਆਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਵੱਖ-ਵੱਖ ਅਦਾਲਤਾਂ ਦੇ ਵੱਖ-ਵੱਖ ਨਤੀਜਿਆਂ ‘ਤੇ ਪਹੁੰਚਣ ਦਾ ਖ਼ਤਰਾ ਪੈਦਾ ਹੋਵੇਗਾ।”

ਉਨ੍ਹਾਂ ਨੇ ਕਿਹਾ, ”ਕਿਸੇ ਅੱਤਵਾਦੀ ਹਮਲੇ ਦੇ ਪਿੱਛੇ ਕਿਸੇ ਵਿਦੇਸ਼ੀ ਸਰਕਾਰ ਦਾ ਹੱਥ ਹੋ ਸਕਣ ਦੇ ਸੰਕੇਤਾਂ ‘ਤੇ ਪ੍ਰਤੀਕਿਰਿਆ ਦੇਣਾ ਸਾਡੇ ਲਈ ਨਾ ਤਾਂ ਪ੍ਰਭਾਵਸ਼ਾਲੀ ਅਤੇ ਨਾ ਹੀ ਜਾਇਜ਼ ਢੰਗ ਹੈ।” ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਬਿੱਲ ਦੇ ਨਤੀਜਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਏਐਸਟੀਏ ਨਾਲ ਖੁਦਮੁਖਤਿਆਰੀ ਸਬੰਧੀ ਛੋਟ ਨੂੰ ਲੈ ਕੇ ਪੁਰਾਣੇ ਕੌਮਾਂਤਰੀ ਸਿਧਾਂਤਾਂ ‘ਤੇ ਅਸਰ ਪਵੇਗਾ। ਜੇਕਰ ਇਹ ਵਿਸ਼ਵ ਪੱਧਰ ‘ਤੇ ਲਾਗੂ ਹੋ ਜਾਂਦਾ ਹੈ ਤਾਂ ਇਸ ਦਾ ਦੇਸ਼ ਦੇ ਕੌਮੀ ਹਿੱਤਾਂ ‘ਤੇ ਗੰਭੀਰ ਪ੍ਰਭਾਵ ਪਵੇਗਾ ਅਤੇ ਇਸ ਨਾਲ ਨਜ਼ਦੀਕੀ ਸਾਂਝੇਦਾਰਾਂ ਨਾਲ ਸਾਡੇ ਸਬੰਧ ਵੀ ਗੁੰਝਲਦਾਰ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਜੇਏਐਸਟੀ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਅਜਿਹੀ ਸੰਭਾਵਨਾ ਹੈ ਕਿ ਅਦਾਲਤਾਂ ਅਮਰੀਕੀ ਸਹਿਯੋਗੀਆਂ ਤੇ ਸਾਂਝੇਦਾਰਾਂ ਵਿਰੁੱਧ ਲਗਾਏ ਗਏ ਮਾਮੂਲੀ ਅਪਰਾਧਾਂ ‘ਤੇ ਵੀ ਵਿਚਾਰ ਕਰਨ।

ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੇਸਟ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਓਬਾਮਾ ਕਾਂਗਰਸ ਦੇ ਮੈਂਬਰਾਂ ਨਾਲ ਨਿਯਮਤ ਗੱਲਬਾਤ ਦੀ ਬਜਾਏ ਇਸ ਬਿੱਲ ਦੇ ਅਮਰੀਕੀ ਕੌਮੀ ਸੁਰੱਖਿਆ ‘ਤੇ ਪੈ ਸਕਣ ਵਾਲੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ। ਅਰਨੇਸਟ ਨੇ ਕਿਹਾ, ”ਇਹ ਉਹੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੇ ਖਾਤਮੇ ਲਈ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਸੀ। ਇਹ ਉਹੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਰਿਪਬਲੀਕਨ ਪਾਰਟੀ ਦੇ ਵਿਰੋਧ ਦੇ ਬਾਵਜੂਦ ਗਰਾਊਂਡ ਜ਼ੀਰੋ ਵਿੱਚ ਰਿਕਵਰੀ ਕਰਮੀਆਂ ਨੂੰ ਸਿਹਤ ਦੇਖਭਾਲ ਮੁਹੱਈਆ ਕਰਵਾਉਣ ਸਬੰਧੀ ਬਿੱਲ ਦੀ ਵਾਰ-ਵਾਰ ਵਕਾਲਤ ਕੀਤੀ ਹੈ।”

ਉਨ੍ਹਾਂ ਨੇ ਕਿਹਾ ਕਿ ਇਹ ਉਹੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ 9/11 ਹਮਲਿਆਂ ਦੇ ਦੇਸ਼ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਦੇ ਸਬੰਧ ਵਿੱਚ ਵਾਰ-ਵਾਰ ਜ਼ੋਰਦਾਰ ਢੰਗ ਨਾਲ ਗੱਲ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਬਿੱਲ ‘ਤੇ ਦਸਤਖ਼ਤ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਂਦਾ ਤਾਂ ਅਮਰੀਕੀ ਫੌਜੀਆਂ ਅਤੇ ਅਮਰੀਕੀ ਡਿਪਲੋਮੈਟਾਂ ਨੂੰ ਉਨ੍ਹਾਂ ਦੋਸ਼ਾਂ ਜਾਂ ਦਾਅਵਿਆਂ ਦੇ ਤਹਿਤ ਅਦਾਲਤ ਵਿੱਚ ਲਿਆਏ ਜਾਣ ਦੀ ਸੰਭਾਵਨਾ ਖੁੱਲ ਜਾਂਦੀ, ਜਿਸ ‘ਤੇ ਅਮਰੀਕਾ ਨੂੰ ਅਹਿਮ ਸਾਧਨ ਖਰਚ ਕਰਨੇ ਪੈਂਦੇ ਅਤੇ ਅੱਗੇ ਵੱਧ ਕੇ ਉਨ੍ਹਾਂ ਦੀ ਰੱਖਿਆ ਕਰਨੀ ਪੈਂਦੀ।

Facebook Comments

POST A COMMENT.

Enable Google Transliteration.(To type in English, press Ctrl+g)