ਪਾਕਿ ’ਚ ਸਫ਼ੀਰ ਦੇ ਅਪਮਾਨ ’ਤੇ ਭਾਰਤ ਵੱਲੋਂ ਬਾਸਿਤ ਤਲਬ

Abdul-Basit

ਨਵੀਂ ਦਿੱਲੀ, 7 ਸਤੰਬਰ (ਏਜੰਸੀ) : ਭਾਰਤ ਦੇ ਪਾਕਿਸਤਾਨ ’ਚ ਸਫ਼ੀਰ ਗੌਤਮ ਬੰਬਾਵਲੇ ਦਾ ਅਪਮਾਨ ਕਰਨ ’ਤੇ ਤਿੱਖਾ ਰੋਸ ਜ਼ਾਹਰ ਕਰਨ ਲਈ ਅੱਜ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰ ਲਿਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ ਕਿ ਸਕੱਤਰ (ਪੱਛਮੀ) ਸੁਜਾਤਾ ਮਹਿਤਾ ਨੇ ਸ੍ਰੀ ਬਾਸਿਤ ਨੂੰ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਕਰਾਚੀ ਚੈਂਬਰ ਆਫ਼ ਕਾਮਰਸ ਨੇ ਆਖਰੀ ਪਲਾਂ ’ਚ ਪ੍ਰੋਗਰਾਮ ਰੱਦ ਕਰ ਕੇ ਸ੍ਰੀ ਬੰਬਾਵਾਲੇ ਪ੍ਰਤੀ ਬੇਰੁਖੀ ਪ੍ਰਗਟ ਕੀਤੀ ਸੀ। ਉਨ੍ਹਾਂ ਨੂੰ ਪ੍ਰੋਗਰਾਮ ਲਈ ਦੋ ਕੁ ਹਫ਼ਤੇ ਪਹਿਲਾਂ ਸੱਦਾ ਮਿਲਿਆ ਜਿਸ ਨੂੰ ਸਵੀਕਾਰ ਕਰਦਿਆਂ ਸ੍ਰੀ ਬੰਬਾਵਾਲੇ ਨੇ ਸੰਬੋਧਨ ਕਰਨਾ ਸੀ।

ਸ੍ਰੀ ਸਵਰੂਪ ਨੇ ਕਿਹਾ ਕਿ ਬਾਸਿਤ ਨੂੰ ਸੁਨੇਹਾ ਦਿੰਦਿਆਂ ਆਸ ਪ੍ਰਗਟ ਕੀਤੀ ਗਈ ਹੈ ਕਿ ਪਾਕਿਸਤਾਨ ’ਚ ਨਾਮਜ਼ਦ ਭਾਰਤੀ ਸਫ਼ੀਰਾਂ ਦੇ ਸਮਾਗਮਾਂ ’ਚ ਕੋਈ ਅੜਿੱਕਾ ਨਹੀਂ ਪਾਇਆ ਜਾਏਗਾ। ਸ੍ਰੀ ਬੰਬਾਵਾਲੇ ਨੇ ਇਸ ਸਾਲ ਜਨਵਰੀ ’ਚ ਅਹੁਦਾ ਸੰਭਾਲਿਆ ਸੀ ਅਤੇ ਇਹ ਉਨ੍ਹਾਂ ਦਾ ਕਰਾਚੀ ਦਾ ਪਹਿਲਾ ਦੌਰਾ ਸੀ। ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਪਹਿਲਾਂ ਪ੍ਰੋਗਰਾਮ ਰੱਦ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਪ੍ਰਬੰਧਕਾਂ ਨੇ ਪ੍ਰੋਗਰਾਮ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ। ਉਂਜ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਬੰਬਾਵਾਲੇ ਵੱਲੋਂ ਸੋਮਵਾਰ ਨੂੰ ਪਾਕਿਸਤਾਨ ਦੇ ਕਸ਼ਮੀਰ ’ਚ ਦਖ਼ਲ ਖ਼ਿਲਾਫ਼ ਦਿੱਤੇ ਗਏ ਬਿਆਨ ਤੋਂ ਪਾਕਿਸਤਾਨੀ ਅਧਿਕਾਰੀ ਭੜਕ ਗਏ ਅਤੇ ਉਨ੍ਹਾਂ ਪ੍ਰੋਗਰਾਮ ਰੱਦ ਕਰ ਦਿੱਤਾ।

Facebook Comments

POST A COMMENT.

Enable Google Transliteration.(To type in English, press Ctrl+g)