ਮੋਗਾ ਵਿਚ ਲੁਟੇਰੇ ਬੈਂਕ ਵੈਨ ਦੇ ਗੰਨਮੈਨ ਨੂੰ ਗੋਲੀ ਮਾਰ ਕੇ 60 ਲੱਖ ਲੁੱਟ ਕੇ ਫਰਾਰ

Security-Guard-Killed--Rs-60-Lakh-Looted-From-Bank-Va

ਮੋਗਾ 23 ਮਈ (ਏਜੰਸੀ) : ਅੱਜ ਦੁਪਹਿਰ ਸਮੇਂ ਮੋਗਾ ਬਾਘਾਪੁਰਾਣਾ ਬਾਈਪਾਸ ‘ਤੇ ਲੁਟੇਰਿਆਂ ਨੇ ਬੈਂਕ ਦੀ ਨਕਦੀ ਵਾਲੀ ਗੱਡੀ ਨੂੰ ਘੇਰ ਕੇ 60 ਲੱਖ ਰੁਪਏ ਲੁੱਟ ਲਏ। ਇਸ ਘਟਨਾ ਦੌਰਾਨ ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਬੈਂਕ ਦੇ ਗਾਰਡ ਦੀ ਮੌਤ ਹੋ ਗਈ। ਓ ਬੀ ਸੀ ਬੈਂਕ ਬਾਘਾਪੁਰਾਣਾ ਦੇ ਮੈਨੇਜਰ ਪ੍ਰਵੀਨ ਸਾਹੂ ਨੇ ਦੱਸਿਆ ਕਿ ਉਹ ਅੱਜ ਬੈਂਕ ਦੇ ਸੁਰੱਖਿਆ ਗਾਰਡ ਹਰਿੰਦਰ ਸਿੰਘ ਅਤੇ ਸੇਵਾਦਾਰ ਗੁਲਸ਼ਨ ਕੁਮਾਰ ਸਮੇਤ ਕਿਰਾਏ ਦੀ ਇਨੋਵਾ ਗੱਡੀ ‘ਤੇ ਸਵਾਰ ਹੋ ਕੇ ਮੋਗਾ ਦੇ ਪ੍ਰਤਾਪ ਰੋਡ ‘ਤੇ ਸਥਿਤ ਬੈਂਕ ਆਫ ਇੰਡੀਆ ਦੀ ਬਰਾਚ ਤੋਂ ਕੈਸ਼ ਲੈਣ ਵਾਸਤੇ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਬੈਂਕ ਵਿਚੋਂ ਪੰਜ-ਪੰਜ ਸੌ ਰੁਪਈਏ ਵਾਲੀਆਂ 120 ਗੁੱਟੀਆਂ ਬੈਂਕ ਦੇ ਟਰੰਕ ਵਿਚ ਪਾ ਕੇ ਟੈਕਸੀ ਡਰਾਈਵਰ ਬਲਦੇਵ ਸਿੰਘ ਸਮੇਤ ਵਾਪਸ ਬਾਘਾਪੁਰਾਣਾ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਮੋਗਾ ਤੋਂ ਬਾਹਰ ਨਿਕਲਦਿਆਂ ਕੋਟਕਪੂਰਾ ਬਾਈਪਾਸ ‘ਤੇ ਸਥਿਤ ਰਾਧਾ ਸੁਆਮੀ ਡੇਰੇ ਕੋਲ ਉਨ੍ਹਾਂ ਦੀ ਇਨੋਵਾ ਟੈਕਸੀ ਨੂੰ ਅੱਗੇ ਤੋਂ ਆਈ-20 ਕਾਰ, ਪਿੱਛਿਓਂ ਵਰਨਾ ਕਾਰ ਅਤੇ ਇਕ ਹੋਰ ਵਾਹਨ ਨੇ ਘੇਰ ਲਿਆ। ਇਨ੍ਹਾਂ ਗੱਡੀਆਂ ਵਿਚੋਂ ਉੱਤਰੇ 7-8 ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿਚੋਂ 2 ਗੋਲੀਆਂ ਇਨੋਵਾ ਗੱਡੀ ਦੇ ਸ਼ੀਸ਼ੇ ਨੂੰ ਚੀਰਦੀਆਂ ਹੋਈਆਂ ਸੁਰੱਖਿਆ ਗਾਰਡ ਦੀ ਛਾਤੀ ਵਿਚ ਜਾ ਲੱਗੀਆਂ। ਇਸ ਘਟਨਾ ਕ੍ਰਮ ਦੌਰਾਨ ਸੁਰੱਖਿਆ ਗਾਰਡ ਨੇ ਵੀ ਜਵਾਬੀ ਗੋਲੀਆਂ ਚਲਾਈਆਂ ਪਰ ਕੋਈ ਲੁਟੇਰਾ ਜ਼ਖਮੀ ਨਹੀਂ ਹੋਇਆ। ਇਸ ਹਫੜਾ ਦਫੜੀ ਦੌਰਾਨ ਲੁਟੇਰੇ ਟਰੰਕ ਸਮੇਤ 60 ਲੱਖ ਰੁਪਏ ਅਤੇ ਸੁਰੱਖਿਆ ਗਾਰਡ ਦੀ ਬੰਦੂਕ ਲੈ ਕੇ ਫਰਾਰ ਹੋ ਗਏ। ਸੁਰੱਖਿਆ ਗਾਰਡ ਹਰਿੰਦਰ ਸਿੰਘ ਕਾਲੇ ਕੇ (57 ਸਾਲਾ ਸਾਬਕਾ ਫੌਜੀ) ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਮੋਗਾ ਵਿਖੇ ਲੈ ਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਹਸਪਤਾਲ ਵਿਖੇ ਪਹੁੰਚੇ ਡੀ ਐੱਸ ਪੀ ਹਰਿੰਦਰ ਸਿੰਘ ਡੋਡ ਅਤੇ ਐਸ ਐਚ ਓ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਲੁਟੇਰੇ ਮੋਗਾ ਕੋਟਕਪੂਰਾ ਬਾਈਪਾਸ ‘ਤੇ ਸਥਿਤ ਪਾਵਰ ਗਰਿੱਡ ਕੋਲੋਂ ਪਿੰਡ ਤਾਰੇਵਾਲਾ ਵੱਲ ਨੂੰ ਮੁੜ ਗਏ ਤਾਂ ਕਿ ਬਾਈਪਾਸ ‘ਤੇ ਬਣੇ ਟੌਲ ਟੈਕਸ ਬੈਰੀਅਰ ਦੇ ਸੀ ਸੀ ਟੀ ਵੀ ਕੈਮਰਿਆਂ ਤੋਂ ਬਚ ਸਕਣ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੱਡੇ ਪੱਧਰ ਮੁਹਿੰਮ ਚਲਾਈ ਗਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)