ਸੋਨੀਪਤ ਤੋਂ ਚੰਡੀਗੜ੍ਹ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ‘ਚ ਬੰਬ ਧਮਾਕਾ, 12 ਫੱਟੜ

Blast-in-Haryana-Roadways-bus-leaves-12-injured

ਕੁਰੂਕਸ਼ੇਤਰ, 26 ਮਈ (ਏਜੰਸੀ) : ਹਰਿਆਣਾ ਦੇ ਕੁਰੂਕਸ਼ੇਤਰ ਜਿਲ੍ਹੇ ਦੇ ਪਿੱਪਲੀ ਇਲਾਕੇ ਵਿਚ ਵੀਰਵਾਰ ਦੁਪਹਿਰ 2.45 ਵਜੇ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਬੰਬ ਧਮਾਕਾ ਹੋਇਆ ਹੈ, ਜਿਸ ਵਿਚ 12 ਵਿਅਕਤੀ ਫੱਟੜ ਹੋ ਗਏ ਹਨ। ਕੁਰੂਕਸ਼ੇਤਰ ਪੁਲਿਸ ਸੁਪਰਡੈਂਟ ਸਿਮਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੰਬ ਧਮਾਕਾ ਘੱਟ ਸ਼ਕਤੀਸ਼ਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ 12 ਵਿਅਕਤੀ ਫੱਟੜ ਜ਼ਰੂਰ ਹੋਏ ਹਨ, ਜਿਨ੍ਹਾਂ ਵਿਚ ਡਰਾਈਵਰ ਅਤੇ ਕਲੀਨਰ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਬੱਸ ਡਰਾਈਵਰ ਸੰਜੇ ਕੁਮਾਰ ਨੇ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ ਅਤੇ ਤੁਰੰਤ ਬਾਕੀ ਸਵਾਰੀਆਂ ਨੂੰ ਉਤਾਰ ਲਿਆ। ਬੱਸ (ਐਚ ਆਰ 69-ਬੀ 6340) ਵਿਚ ਕੁੱਲ 25 ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਫੋਰੇਂਸਿਕ ਮਾਹਰਾਂ ਨਮੂਨੇ ਲੈ ਲਏ ਹਨ। ਧਮਾਕੇ ਵਿਚ ਇਸਤੇਮਾਲ ਕੀਤੀ ਗਈ ਬੈਟਰੀ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਬੱਸ ਪਿੱਪਲੀ ਖੇਤਰ ਵਿਚ ਸੀ। ਇਹ ਬੱਸ ਸੋਨੀਪਤ ਤੋਂ ਚੰਡੀਗੜ੍ਹ ਆ ਰਹੀ ਸੀ। ਉੱਧਰ ਸੂਤਰਾਂ ਨੇ ਦੱਸਿਆ ਕਿ ਬੰਬ ਇਕ ਬੈਗ ਵਿਚ ਰੱਖਿਆ ਗਿਆ ਸੀ। ਧਮਾਕੇ ਕਾਰਨ ਬੱਸ ਦੇ ਸ਼ੀਸ਼ੇ ਚੱਕਨਾਚੂਰ ਹੋ ਗਏ।

ਧਮਾਕੇ ਵਿਚ ਜ਼ਖਮੀ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਧਮਾਕੇ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉੱਧਰ ਹਰਿਆਣਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ, ਜਿਸ ਦੀ ਅਗਵਾਈ ਏ ਡੀ ਜੀ ਪੀ ਅਪਰਾਧ ਐਸ ਐਸ ਕਪੂਰ ਕਰਨਗੇ। ਹਰਿਆਣਾ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੇ ਹੋਰਨਾਂ ਮੈਂਬਰਾਂ ਵਿਚ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਸਿਮਰਦੀਪ ਸਿੰਘ, ਰੇਲਵੇ ਅੰਬਾਲਾ ਕੈਂਟ ਦੇ ਪੁਲਿਸ ਸੁਪਰਡੈਂਟ ਕੁਲਦੀਪ ਸਿੰਘ ਯਾਦਵ ਅਤੇ ਸੀ ਆਈ ਡੀ ਦੇ ਏ ਡੀ ਟੈਕਨੀਕਲ ਅਰਵਿੰਦ ਹੁੱਡਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਮਾਮਲੇ ਦੀ ਜਾਂਚ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਦੀ ਮਦਦ ਲੈਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੀਮ ਪੰਦਰਾਂ-ਪੰਦਰਾਂ ਦਿਨ ਦੀ ਪ੍ਰਗਤੀ ਰਿਪੋਰਟ ਪੁਲਿਸ ਹੈੱਡ ਕੁਆਰਟਰ ਵਿਚ ਦਾਖਲ ਕਰੇਗੀ ਤਾਂ ਜੋ ਮਾਮਲੇ ਦੀ ਤੇਜ਼ੀ ਨਾਲ ਜਾਂਚ ਹੋ ਸਕੇ। ਉੱਧਰ ਆਵਾਜਾਈ ਮੰਤਰੀ ਕ੍ਰਿਸ਼ਨ ਲਾਲ ਪਨਵਰ ਨੇ ਕੁਰੂਕਸ਼ੇਤਰ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਧਮਾਕੇ ਵਿਚ ਜ਼ਖਮੀਆਂ ਦੀ ਗਿਣਤੀ ਅੱਠ ਦੱਸੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਵੀ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)