ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ‘ਇਕਬਾਲ’


ਚੰਡੀਗੜ੍ਹ, 21 ਮਈ (ਏਜੰਸੀ) : ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹਮਲਾ ਕਰਨ ਦਾ ਜੁਰਮ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲੀਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਹੈ, ‘‘ਸਾਡਾ ਇਰਾਦਾ ਢੱਡਰੀਆਂ ਵਾਲੇ ਨੂੰ ਮਾਰਨ ਦਾ ਨਹੀਂ ਸੀ ਬਲਕਿ ਕੁੱਟਮਾਰ ਕਰਨ ਤੇ ਡਰਾਉਣ ਤੱਕ ਹੀ ਸੀਮਤ ਸੀ।’’ ਟਕਸਾਲ ਦੇ ਬੰਦਿਆਂ ਨੇ ਤਫ਼ਤੀਸ਼ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਹਮਲੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਂਜ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹਮਲੇ ਦੀ ਸਾਜ਼ਿਸ਼ ਡੇਰੇ ’ਚ ਹੀ ਘੜੀ ਗਈ ਸੀ ਅਤੇ ਮੁਢਲੇ ਤੌਰ ’ਤੇ 5 ਬੰਦਿਆਂ ਨੇ ਯੋਜਨਾ ਬਣਾਈ ਸੀ। ਸੰਤ ਢੱਡਰੀਆਂ ਵਾਲੇ ਦੇ ਸਮਾਗਮਾਂ ਦੀ ਪੂਰੀ ਸੂਹ ਲਈ ਗਈ। ਇਸ ਉਪਰੰਤ ਯੋਜਨਾ ਤਹਿਤ ਪਹਿਲਾਂ 4 ਵਿਅਕਤੀਆਂ ਨੂੰ ਟੈਂਟ ਅਤੇ ਹੋਰ ਸਮਾਨ ਦੇ ਕੇ ਛਬੀਲ ਲਗਾਉਣ ਲਈ ਭੇਜ ਦਿੱਤਾ ਗਿਆ। ਲੁਧਿਆਣਾ ਪੁਲੀਸ ਵੱਲੋਂ ਹੁਣ ਤਕ ਫੜੇ ਗਏ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਦਮਦਮੀ ਟਕਸਾਲ ਨਾਲ ਸਬੰਧਤ ਦੱਸੇ ਗਏ ਹਨ। ਹਮਲੇ ’ਚ ਵਰਤੇ ਗਏ ਹਥਿਆਰ ਵੀ ਡੇਰੇ ’ਚੋਂ ਹੀ ਲਏ ਗਏ ਸਨ ਪਰ ਇਨ੍ਹਾਂ ਦੀ ਅਜੇ ਬਰਾਮਦਗੀ ਨਹੀਂ ਹੋਈ। ਇਹ ਹਥਿਆਰ ਰੋਡੇ ਪਿੰਡ ਦੇ ਇਕ ਵਿਅਕਤੀ ਦੇ ਨਾਮ ’ਤੇ ਰਜਿਸਟਰਡ ਦੱਸੇ ਗਏ ਹਨ। ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਸੰਤ ਢੱਡਰੀਆਂ ਵਾਲੇ ਦੇ ਬੰਦਿਆਂ ਨੇ ਚਲਾਈ ਅਤੇ ਟਕਸਾਲ ਦੇ ਬੰਦਿਆਂ ਨੇ ਜਵਾਬੀ ਗੋਲੀ ਚਲਾਈ। ਇਸ ਤਾਜ਼ਾ ਦਾਅਵੇ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ। ਪੁਲੀਸ ਸੂਤਰਾਂ ਮੁਤਾਬਕ ਟਕਸਾਲ ਦੇ ਬੰਦਿਆਂ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਵੱਲੋਂ ਟਕਸਾਲ ਮੁਖੀ ਖ਼ਿਲਾਫ਼ ਗਲਤ ਅਤੇ ਭੜਕਾਊ ਬਿਆਨਬਾਜ਼ੀ ਕੀਤੀ ਗਈ ਜੋ ਹਮਲੇ ਦਾ ਕਾਰਨ ਬਣੀ। ਸੁਖਵਿੰਦਰ ਸਿੰਘ ਸੋਨੀ, ਜੋ ਜਨਮ ਤੋਂ ਹੀ ਟਕਸਾਲ ਵਿੱਚ ਰਹਿੰਦਾ ਹੈ, ਦਾ ਕਹਿਣਾ ਹੈ ਕਿ ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣਾ ਗੁਰੂ, ਪਿਤਾ ਸਭ ਕੁਝ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਅਕਤੀਆਂ ਨੇ ਮੰਨਿਆ ਕਿ ਟਕਸਾਲ ਵਿਚਲੇ ਸਾਰੇ ਵਾਹਨ ਬਾਬਾ ਹਰਨਾਮ ਸਿੰਘ ਦੇ ਨਾਮ ’ਤੇ ਹੀ ਰਜਿਸਟਰਡ ਹੁੰਦੇ ਹਨ ਅਤੇ ਸੰਸਥਾ ਵਿਚਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਚਲਾ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ‘ਇਕਬਾਲ’