ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ


ਉਜਾਗਰ ਸਿੰਘ
ਗੀਤ ਸਾਹਿਤ ਦਾ ਅਜਿਹਾ ਰੂਪ ਹੈ, ਜਿਹੜਾ ਲਿਖਣ ਵਾਲੇ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਕਿਉਂਕਿ ਗੀਤ ਵਿਚ ਦਰਿਆ ਦੇ ਪਾਣੀ ਦੀ ਤਰਾਂ ਸਵੱਛਤਾ, ਰਵਾਨਗੀ, ਮਿਠਾਸ, ਸਰੋਦ ਅਤੇ ਦਿਲਾਂ ਨੂੰ ਟੁੰਬਣ ਵਾਲੀ ਜੁੰਬਸ ਹੁੰਦੀ ਹੈ। ਅੱਜ ਕਲ ਦੇ ਗੀਤ ਸੰਗੀਤ ਵਿਚ ਅਜੀਬ ਤਰਾਂ ਦੀਆਂ ਤਬਦੀਲੀਆਂ ਆ ਗਈਆਂ ਹਨ, ਜਿਹੋ ਜਿਹਾ ਸਮਾਜ ਹੁੰਦਾ ਹੈ, ਉਹੋ ਜਿਹੇ ਹੀ ਗੀਤਕਾਰ ਅਤੇ ਗਾਇਕ ਹੁੰਦੇ ਹਨ। ਆਮ ਤੌਰ ਤੇ ਬਹੁਤੇ ਗੀਤਕਾਰ ਰੋਮਾਂਟਿਕ ਗੀਤ ਹੀ ਲਿਖਦੇ ਹਨ। ਰੋਮਾਂਟਿਕ ਗੀਤ ਵੀ ਕਈ ਵਾਰ ਚੰਗਾ ਸੁਨੇਹਾ ਦੇ ਜਾਂਦੇ ਹਨ, ਜੇਕਰ ਉਨਾਂ ਵਿਚ ਲੱਚਰਤਾ ਨਾ ਹੋਵੇ। ਨੌਜਵਾਨ ਵਰਗ ਵੀ ਰੋਮਾਂਟਿਕ ਗੀਤਾਂ ਨੂੰ ਪਸੰਦ ਕਰਦਾ ਹੈ। ਪੌਪ ਸੰਗੀਤ ਤੇ ਰੋਮਾਂਟਿਕ ਗੀਤ ਲਿਖਣ ਦਾ ਜ਼ਮਾਨਾ ਹੈ। ਢੋਲ ਢਮੱਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਜ਼ਾਂ ਦੀ ਬਹੁਤ ਅਵਾਜ਼ ਹੁੰਦੀ ਹੈ। ਲੋਕ ਵੀ ਅਜਿਹੇ ਗੀਤਾਂ ਦਾ ਹੀ ਅਨੰਦ ਮਾਣਦੇ ਹਨ ਪ੍ਰੰਤੂ ਫਿਰ ਵੀ ਕੁਝ ਕੁ ਗੀਤਕਾਰ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਗੀਤ ਲਿਖਦੇ ਹਨ, ਜਿਹੜੇ ਮਨਪ੍ਰਚਾਵਾ ਵੀ ਕਰਦੇ ਹਨ ਪ੍ਰੰਤੂ ਪਰਿਵਾਰ ਵਿਚ ਬੈਠਕੇ ਸੁਣੇ ਵੀ ਜਾ ਸਕਦੇ ਹਨ ਅਤੇ ਸਮਾਜ ਨੂੰ ਸੇਧ ਦੇਣ ਦਾ ਕੰਮ ਵੀ ਕਰਦੇ ਹਨ। ਗੁਰਬਖ਼ਸ਼ ਸਿੰਘ ਬੁੱਟਰ ਉਰਫ਼ ਗੈਰੀ ਟਰਾਂਟੋ ਹਠੂਰ ਇੱਕ ਅਜਿਹਾ ਹੀ ਗੀਤਕਾਰ ਹੈ, ਜਿਹੜਾ ਪੰਜਾਬੀ ਸਭਿਅਚਾਰ ਅਤੇ ਸਭਿਅਤਾ ਨੂੰ ਮੁਖ ਰੱਖਕੇ ਗੀਤ ਲਿਖਦਾ ਹੈ। ਗੈਰੀ ਟਰਾਂਟੋ ਦਾ ਜਨਮ ਸਿਕੰਦਰ ਸਿੰਘ ਬੁੱਟਰ ਦੇ ਘਰ ਮਾਤਾ ਰਣਧੀਰ ਕੌਰ ਬੁੱਟਰ ਦੀ ਕੁਖੋਂ ਲੁਧਿਆਣਾ ਜਿਲੇ ਦੇ ਪਿੰਡ ਹਠੂਰ ਵਿਖੇ ਹੋਇਆ। ਲਾਲਾ ਲਾਜਪਤ ਰਾਏ ਡੀ.ਏ.ਵੀ.ਕਾਲਜ ਜਗਰਾਓਂ ਤੋਂ ਬੀ.ਏ.ਪਾਸ ਕੀਤੀ। ਆਪ ਦਾ ਵਿਆਹ 1997 ਵਿਚ ਹੋ ਗਿਆ। ਵਿਆਹ ਤੋਂ ਬਾਅਦ 1998 ਵਿਚ ਆਪ ਕੈਨੇਡਾ ਪਰਵਾਸ ਕਰ ਗਏ। ਆਪ ਦੇ ਦੋ ਲੜਕੀਆਂ ਅਤੇ ਂਿੲਕ ਲੜਕਾ ਹੈ। ਆਪ ਦਾ ਸਾਰਾ ਪਰਿਵਾਰ ਮਾਂ-ਬਾਪ ਸਮੇਤ ਦੋਵੇਂ ਭੈਣਾ ਟਰਾਂਟੋ ਵਿਚ ਰਹਿ ਰਿਹਾ ਹੈ।

ਘਰ ਦਾ ਮਾਹੌਲ ਬਿਲਕੁਲ ਪੰਜਾਬ ਦੀ ਤਰਾਂ ਹੈ ਤੇ ਪੂਰਾ ਪਰਿਵਾਰ ਪੰਜਾਬੀ ਕਦਰਾਂ ਕੀਮਤਾਂ ਤੇ ਪਰਵਾਸ ਵਿਚ ਵੀ ਪਹਿਰਾ ਦੇ ਰਿਹਾ ਹੈ। ਆਪ ਦੇ ਤਿੰਨੋਂ ਬੱਚੇ ਭਾਵੇਂ ਕੈਨੇਡਾ ਵਿਚ ਹੀ ਪੈਦਾ ਹੋਏ ਹਨ ਪ੍ਰੰਤੂ ਘਰ ਪਰਿਵਾਰ ਵਿਚ ਪੰਜਾਬੀ ਭਾਸ਼ਾ ਵਿਚ ਗੱਲਾਂ ਬਾਤਾਂ ਕਰਦੇ ਹਨ। ਗੈਰੀ ਅਨੁਸਾਰ ਕੈਨੇਡਾ ਵਿਚ ਰਹਿੰਦਿਆਂ ਸਾਰਾ ਪਰਿਵਾਰ ਪੰਜਾਬੀਅਤ ਨਾਲ ਪ੍ਰਣਾਇਆ ਹੋਇਆ ਹੈ। ਉਸਦੀ ਪਤਨੀ ਆਪ ਘਰ ਰਹਿਕੇ ਬੱਚਿਆਂ ਦੀ ਵੇਖ ਭਾਲ ਕਰਦੀ ਹੈ ਤਾਂ ਜੋ ਉਹ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ। ਗੀਤ ਲਿਖਣ ਦਾ ਸ਼ੌਕ ਆਪ ਨੂੰ ਪੰਜਾਬ ਤੋਂ ਪਰਵਾਸ ਵਿਚ ਜਾਣ ਦੇ ਵਿਛੋੜੇ ਤੋਂ ਪੈਦਾ ਹੋਇਆ। ਪਰਵਾਸ ਵਿਚ ਜਾ ਕੇ ਹੀ ਉਸ ਨੇ ਲਿਖਣਾ ਸ਼ੁਰੂ ਕੀਤਾ। ਉਹ ਦਸਦਾ ਹੈ ਕਿ ਉਸਦੇ ਮਾਪੇ ਇਹ ਨਹੀਂ ਸਨ ਚਾਹੁੰਦੇ ਕਿ ਉਹ ਗੀਤਕਾਰ ਬਣੇ ਪ੍ਰੰਤੂ ਉਸਦਾ ਪੰਜਾਬੀ ਸਭਿਆਚਾਰ ਨਾਲ ਪਿਆਰ ਹੀ ਉਸਨੂੰ ਗੀਤਕਾਰ ਬਣਾਉਣ ਵਿਚ ਸਹਾਈ ਹੋਇਆ ਹੈ। ਉਸ ਨੇ ਮੰਗਲ ਹਠੂਰ ਗੀਤਕਾਰ ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਉਸ ਤੋਂ ਗੀਤ ਲਿਖਣ ਦੇ ਗੁਰ ਸਿਖੇ। ਉਹ ਮੰਗਲ ਹਠੂਰ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਹੈ। ਮੰਗਲ ਹਠੂਰ ਨੇ ਉਸ ਨੂੰ ਗੀਤ ਲਿਖਣ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਪੰਜਾਬੀ ਦੀਆਂ ਪੁਸਤਕਾਂ ਪੜਨ ਦੀ ਪ੍ਰੇਰਨਾ ਦਿੱਤੀ, ਜਿਸ ਨੂੰ ਉਹ ਆਪਣਾ ਰਾਹ ਦਸੇਰਾ ਦੱਸਦਾ ਹੈ। ਗੈਰੀ ਨੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਪੁਸਤਕਾਂ ਪੜੀਆਂ ਤਾਂ ਜੋ ਉਸ ਦੀ ਸ਼ਬਦਾਵਲੀ ਵਿਚ ਵਾਧਾ ਹੋ ਸਕੇ। ਉਸ ਦੇ ਬਹੁਤੇ ਗੀਤ ਪੰਜਾਬੀ ਸਭਿਆਚਾਰ ਨਾਲ ਓਤ ਪੋਤ ਹਨ, ਜਿਨਾਂ ਨੂੰ ਪਰਿਵਾਰਾਂ ਵਿਚ ਬੈਠਕੇ ਸੁਣਿਆਂ ਜਾ ਸਕਦਾ ਹੈ। ਕੁਝ ਕੁ ਗੀਤ ਆਪ ਦੇ ਰੁਮਾਂਟਿਕ ਵੀ ਹਨ ਪ੍ਰੰਤੂ ਉਹ ਵੀ ਲੱਚਰਤਾ ਤੋਂ ਕੋਹਾਂ ਦੂਰ ਹਨ। ਗੈਰੀ ਦਸਦਾ ਹੈ ਕਿ ਉਸਦੀ ਪਤਨੀ ਨੇ ਉਸ ਨੂੰ ਪਰਿਵਾਰ ਵਿਚ ਬੈਠਕੇ ਸੁਣਨ ਵਾਲੇ ਗੀਤਾਂ ਨੂੰ ਲਿਖਣ ਲਈ ਪ੍ਰੇਰਤ ਕੀਤਾ। ਉਹ ਮੰਨਦਾ ਹੈ ਗੀਤਕਾਰ ਬਣਨ ਵਿਚ ਉਸਦੀ ਪਤਨੀ ਦਾ ਸਹਿਯੋਗ ਵਿਸ਼ੇਸ਼ ਹੈ। ਗੈਰੀ ਦਾ ਸਾਰਾ ਪਰਿਵਾਰ ਹੀ ਸਾਹਿਤਕ ਰੁਚੀਆਂ ਵਾਲਾ ਹੈ। ਉਸਨੇ ਬਹੁਤੇ ਗੀਤ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਦੇ ਆਧਾਰਤ ਹੀ ਲਿਖੇ ਹਨ ਜੋ ਕਿ ਸਰੋਤਿਆਂ ਨੇ ਪਸੰਦ ਕੀਤੇ ਹਨ। ਉਹ ਮਹਿਸੂਸ ਕਰਦਾ ਹੈ ਕਿ ਲੱਚਰ ਗਾਇਕੀ ਦੀ ਉਮਰ ਬਹੁਤ ਘੱਟ ਹੁੰਦੀ ਹੈ। ਅਜਿਹੇ ਗੀਤ ਅਤੇ ਗਾਇਕੀ ਸਥਾਈ ਨਹੀਂ ਹੋ ਸਕਦੀ, ਉਹ ਵਕਤੀ ਤੌਰ ਤੇ ਮਨਪ੍ਰਚਾਵਾ ਤਾਂ ਕਰਦੀ ਹੈ ਪ੍ਰੰਤੂ ਮਨ ਤੇ ਕੋਈ ਸਾਰਥਿਕ ਪ੍ਰਭਾਵ ਨਹੀਂ ਪਾਉਂਦੀ। ਪੜੇ ਲਿਖੇ ਲੋਕ ਹੁਣ ਪਰਿਵਾਰਾਂ ਵਿਚ ਬੈਠਕੇ ਗੀਤ ਸੁਣਨ ਨੂੰ ਪਸੰਦ ਕਰਦੇ ਹਨ। ਆਪ ਦਾ ਪਹਿਲਾ ਗੀਤ 2006 ਵਿਚ ਮਿਸ ਪੂਜਾ ਅਤੇ ਹੈਰੀ ਸੰਧੂ ਨੇ ਗਾਇਆ ਜਿਸਦਾ ਆਪ ਨੂੰ ਭਰਪੂਰ ਹੁੰਘਾਰਾ ਮਿਲਿਆ।

ਗੈਰੀ ਟਰਾਂਟੋ ਨੇ ਆਪਣੀ ਟਰੱਕਾਂ ਦੀ ਨਵੀਂ ਕੰਪਨੀ ਫ਼ੋਕਸ ਸਥਾਪਤ ਕੀਤੀ ਹੈ। ਆਮ ਤੌਰ ਤੇ ਟਰੱਕ ਚਲਾਉਣ ਵਾਲੇ ਡਰਾਇਵਰ ਲੱਚਰ ਕਿਸਮ ਦੇ ਗੀਤਾਂ ਨੂੰ ਪਸੰਦ ਕਰਦੇ ਹਨ ਪ੍ਰੰਤੂ ਗੈਰੀ ਹਠੂਰ ਟਰੱਕ ਡਰਾਇਵਰ ਹੋਣ ਦੇ ਬਾਵਜੂਦ ਅਜਿਹੇ ਗੀਤਾਂ ਨੂੰ ਪਸੰਦ ਕਰਨਾ ਤਾਂ ਇੱਕ ਪਾਸੇ ਉਹ ਉਨਾਂ ਦਾ ਕਟੜ ਵਿਰੋਧੀ ਹੈ। ਉਹ ਕਹਿੰਦਾ ਹੈ ਕਿ ਅਜਿਹੇ ਗੀਤਾਂ ਦਾ ਸਮਾਜ ਨੂੰ ਕੋਈ ਲਾਭ ਨਹੀਂ ਜਿਹੜੇ ਪਰਿਵਾਰ ਵਿਚ ਬੈਠਕੇ ਸੁਣੇ ਹੀ ਨਹੀਂ ਜਾ ਸਕਦੇ। ਉਸਦਾ ਇੱਕ ਗੀਤ ‘ ਬਾਬਾ ਨਾਨਕ ਬਖ਼ਸ਼ਿਆ ਨਾ, ਬੰਦਿਆ ਤੂੰ ਏਂ ਕੀਹਦਾ ਵਿਚਾਰਾ ’ ਰਣਜੀਤ ਮਣੀ ਨੇ ਗਾਇਆ। ਲੱਚਰ ਕਿਸਮ ਦੇ ਗੀਤਾਂ ਦੀ ਕਰੜੀ ਅਲੋਚਨਾ ਕਰਨ ਲਈ ਆਪ ਨੇ ਇੱਕ ਗੀਤ ਲਿਖਿਆ ‘ ਕਹਿਣ ਚਮਕੀਲਾ ਬੜਾ ਮਾੜਾ ਗਾਉਂਦਾ ਸੀ, ਹੁਣ ਕਿਹੜਾ ਗੰਦ ਮੰਦ ਘੱਟ ਗਾਉਂਦੇ ਨੇ ’ ਇਹ ਗੀਤ ਮੋਹਦੀਪ ਮਾਨ ਨੇ ਗਾਇਆ ਹੈ। ਉਸਦੇ ਇਕੱਲੇ ਦੇ ਗੀਤਾਂ ਦੀਆਂ 5 ਸੀ.ਡੀਜ਼.ਆ ਚੁੱਕੀਆਂ ਹਨ, ਬਾਕੀ ਗੀਤ ਵੱਖ ਵੱਖ ਗਾਇਕਾਂ ਨੇ ਹੋਰ ਸੀ.ਡੀਜ਼. ਵਿਚ ਗਾਏ ਹਨ। ਹੁਣ ਤੱਕ ਆਪ ਦੇ 100 ਦੇ ਲਗਪਗ ਗੀਤ ਦੋ ਦਰਜਨ ਤੋਂ ਵੱਧ ਗਾਇਕਾਂ ਨੇ ਗਾਏ ਹਨ, ਜਿਨਾਂ ਵਿਚ ਹਰਮਨ ਸਿੱਧੂ, ਗੁਰਮੇਲ ਮੱਲਕੇ, ਦੀਪਕ ਢਿਲੋਂ, ਅਮਰਿਤਾ ਦੀਪਕ, ਗਗਨਦੀਪ ਸਿੱਧੂ, ਬਲਜੀਤ ਸੰਧੂ, ਹੈਪੀ ਅਰਮਾਨ, ਦਲੇਰ ਗਿਲ, ਗੁਰਜੀਤ ਰਾਹਲ, ਪ੍ਰੀਤ ਹਠੂਰ, ਕੁਲਵਿੰਦਰ ਗਿੱਲ, ਦਰਸ਼ਨ ਖੇਲਾ, ਜਸਪਾਲ ਮਾਨ, ਰਹੀਆ ਢਿਲੋਂ, ਸੰਧੂ ਕੁਲਜੀਤ ਅਤੇ ਜਤਿੰਦਰ ਜੀਤੂ ਨੇ ਗਾਏ ਹਨ। ਗੈਰੀ ਰੋਮਾਂਟਿਕ ਗੀਤਾਂ ਨਾਲੋਂ ਇਸ਼ਕ ਹਕੀਕੀ ਦੀ ਗੱਲ ਜ਼ਿਆਦਾ ਕਰਦਾ ਹੈ, ਉਸਦੇ ਇੱਕ ਗੀਤ ਦੇ ਬੋਲ ਹਨ।

ਨਸ਼ਾ ਲਾ ਕੇ ਤੂੰ ਵੇਖ ਇਸ਼ਕ ਹਕੀਕੀ ਵਾਲਾ, ਤੇਰੀ ਰੂਹ ਤੱਕ ਰੰਗੀ ਜਾੳੂਗੀ।
ਨਾ ਦੂਰੀ ਵਾਲ ਜਿੰਨੀ ਵੀ ਸਹਿ ਹੋਣੀ, ਪਿਆਰ ਸੋਹਣੇ ਯਾਰ ਦਾ ਮੰਗੀ ਜਾੳੂਗੀ।

ਗੈਰੀ ਟਰਾਂਟੋ ਨੇ ਦੱਸਿਆ ਕਿ ਪੰਜਾਬੀ ਦੇ ਗਾਇਕ ਪੰਜਾਬੀ ਦੇ ਪ੍ਰਕਾਸ਼ਕਾਂ ਦੀ ਤਰਾਂ ਜਿਵੇਂ ਉਹ ਲੇਖਕਾਂ ਤੋਂ ਪੈਸੇ ਲੈ ਕੇ ਉਨਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਦੇ ਹਨ, ਉਸੇ ਤਰਾਂ ਸਥਾਪਤ ਗਾਇਕ ਵੀ ਗੀਤਕਾਰਾਂ ਤੋਂ ਉਨਾਂ ਦੇ ਗੀਤ ਗਾਉਣ ਲਈ ਪੈਸਿਆਂ ਦੀ ਮੰਗ ਕਰਦੇ ਹਨ, ਜੋ ਸ਼ਰਮ ਵਾਲੀ ਗੱਲ ਹੈ। ਉਸ ਨੇ ਦੱਸਿਆ ਕਿ ਉਸ ਤੋਂ ਵੀ ਇੱਕ ਸਥਾਪਤ ਗਾਇਕ ਨੇ ਉਸਦਾ ਗੀਤ ਗਾਉਣ ਲਈ ਪੈਸਿਆਂ ਦੀ ਮੰਗ ਕੀਤੀ ਸੀ ਪ੍ਰੰਤੂ ਉਸਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਦੱਸਦਾ ਹੈ ਕਿ ਕੁਝ ਨਵੇਂ ਗੀਤਕਾਰ ਆਪਣੇ ਆਪ ਨੂੰ ਸਥਾਪਤ ਕਰਨ ਲਈ ਅਜਿਹੇ ਗਾਇਕਾਂ ਦਾ ਸਹਾਰਾ ਲੈਂਦੇ ਹਨ। ਗੈਰੀ ਦਾ ਇਸ ਸਮੇਂ ਸਭ ਤੋਂ ਵੱਘ ਹਰਮਨ ਪਿਆਰਾ ਹੋਇਆ ਗੀਤ ਬਾਪੂ ਹੈ ਜਿਸਨੇ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਹੈ। ਗੀਤਕਾਰਾਂ ਬਾਰੇ ਉਹ ਲਿਖਦਾ ਹੈ ਕਿ

ਕਿਸ ਨੇ ਕਿੰਨਾ ਦਰਦ ਹੈ ਦਿੱਤਾ, ਗੀਤਾਂ ਦੇ ਵਿਚ ਬਿਆਨ ਕਰੇ।
ਹਰ ਨਿੰਦਕ ਦੀ ਨਿੰਦਿਆ ਨੂੰ, ਗੈਰੀ ਸਿਰ ਮੱਥੇ ਪ੍ਰਵਾਨ ਕਰੇ।

ਉਜਾਗਰ ਸਿੰਘ
-ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ