-ਪੌ੍ਰਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ- ਸਮਾਜਵਾਦ ਹੀ ਮਨੁੱਖੀ ਮੁਕਤੀ ਮਾਰਗ ਦਾ ਇੱਕੋ ਇੱਕ ਰਾਹ


ਪਹਿਲੀ ਮਈ ਸ਼ਹੀਦਾਂ ਅਤੇ ਸਤਨਾਮ ਜੰਗਲਨਾਮਾ ਨੂੰ ਸ਼ਰਧਾਂਜਲੀ

ਕੈਲਗਰੀ (ਮਾਸਟਰ ਭਜਨ) : ਪੌ੍ਰਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕੋਸੋ ਹਾਲ ਵਿੱਚ ਹੋਈ ਮਈ ਮਹੀਨੇ ਦੀ ਮੀਟਿੰਗ ਦੌਰਾਨ ਪਹਿਲੀ ਮਈ ਦੇ ਸ਼ਹੀਦਾਂ ਸੰਬੰਧੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਵੱਖ-ਵੱਖ ਬੁਲਾਰਿਆਂ ਨੇ ਪੂੰਜੀਵਾਦੀ ਅਤੇ ਸਾਮਰਾਜਵਾਦ ਵਿਰੁੱਧ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਅਮੋਲਕ ਸਿੰਘ (ਕਨਵੀਨਰ, ਸਭਿਆਚਾਰਕ ਵਿੰਗ) ਦੇ ਲਿਖੇ ਝੰਡੇ ਦੇ ਗੀਤ ਨਾਲ਼ ਹੋਈ। ਇਹ ਗੀਤ 2015 ਵਿੱਚ ਦੇਸ਼ ਭਗਤ ਹਾਲ ਜਲੰਧਰ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਦਿਖਾਇਆ ਗਿਆ ਸੀ। ਇਸ ਗੀਤ ਵਿੱਚ ਗਦਰ ਪਾਰਟੀ ਦੇ 100 ਸਾਲ ਦੇ ਇਤਿਹਾਸ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਰਾਹੀਂ 116 ਪਾਤਰਾਂ ਨੇ ਗਦਰੀ ਬਾਬਿਆਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਕੇ ਉਹਨਾਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ ਹੈ।ਇਸ ਤੋਂ ਬਾਅਦ ਪਹਿਲੀ ਮਈ ਦੇ ਸ਼ਹੀਦਾਂ ਅਤੇ ਸਤਨਾਮ ਜੰਗਲਨਾਮਾ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਮਾਸਟਰ ਭਜਨ ਨੇ ਸਤਨਾਮ ਬਾਰੇ ਦੱਸਿਆ ਕਿ ਬਸਤਰ ਦੇ ਜੰਗਲ਼ਾਂ ਵਿੱਚ ਰਹਿ ਕੇ ਬਹੁ-ਚਰਚਿਤ ਨਾਵਲ ‘ਜੰਗਲਨਾਮਾ’ ਲਿਖਿਆ ਜਿਸ ਕਰਕੇ ਉਹ ਸਤਨਾਮ ਜੰਗਲਨਾਮਾ ਦੇ ਨਾਂ ਨਾਲ਼ ਜਾਣਿਆ ਜਾਣ ਲੱਗਿਆ।ਉਸ ਨੇ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਿਕਸ’ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਗਿਆਰਵੀਂ ਦੀ ਪੜ੍ਹਾਈ ਛੱਡ ਕੇ ਸਾਰਾ ਜੀਵਨ ਲੋਕਾਂ ਦੇ ਲੇਖੇ ਲਾਉਣ ਵਾਲੇ ਸਤਨਾਮ ਨੂੰ ਭਾਵਪੂਰਤ ਸ਼ਰਧਾਂਜਲੀ ਦਿੰਦੇ ਹੋਏ ਮਾਸਟਰ ਭਜਨ ਨੇ ਕਿਹਾ ਕਿ ਸੰਕਟਮਈ ਸਮੇਂ ਵਿੱਚ ਉਹਨਾਂ ਦਾ ਤੁਰ ਜਾਣਾ ਸਮਾਜਵਾਦੀ ਵਿਚਾਰਾਧਾਰਾ ਲਈ ਨਾ ਪੂਰਿਆ ਜਾਣ ਵਾਲ਼ਾ ਘਾਟਾ ਹੈ।

ਸੋਹਨ ਮਾਨ ਨੇ ਮਈ ਦਿਵਸ ਦਾ ਇਤਿਹਾਸ ਅਤੇ ਮਈ ਦਿਵਸ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਥਾਰਤ ਗੱਲ ਕੀਤੀ।ਉਹਨਾਂ ਨੇ ਕਿਹਾ ਕਿ ਪੂੰਜੀਵਾਦੀ ਅਤੇ ਸਾਮਰਾਜਵਾਦ ਦਾ ਮਤਲਬ ਜੰਗ,ਮੁਨਾਫੇ ਲਈ ਹਥਿਆਰ ਵੇਚਣੇ, ਦੁਨੀਆ ਦੀ ਤਬਾਹੀ ਅਤੇ ਵਾਤਾਵਰਣ ਖਰਾਬ ਕਰਨਾ ਹੈ।ਉਹਨਾਂ ਕਿਹਾ ਕਿ ਸਮਾਜਵਾਦ ਹੀ ਮਨੁੱਖਤਾ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਹੈ ਕਿਉਂਕਿ ਇਹ ਮਨੁੱਖੀ ਲੁੱਟ ਤੋਂ ਰਹਿਤ ਹੈ। ਇਸ ਵਿੱਚ ਜੰਗਾਂ-ਹਥਿਆਰਾਂ ਲਈ ਕੋਈ ਥਾਂ ਨਹੀਂ। ਗੁਰਬਚਨ ਬਰਾੜ ਨੇ ਕਿਹਾ ਕਿ ਸਾਮਰਾਜਵਾਦ ਨੇ ਦੁਨੀਆ ਤੇ ਆਪਣਾ ਗਲਬਾ ਕਾਇਮ ਕਰਨ ਲਈ ਆਈ.ਐਮ.ਐਫ., ਵਰਲਡ ਬੈਂਕ ਅਤੇ ਵਿਸ਼ਵ ਵਪਾਰ ਸਗੰਠਨ ਵਰਗੇ ਅਦਾਰੇ ਬਣਾਏ ਹੋਏ ਹਨ। ਆਰਥਿਕ ਮੰਦੀ ਦੀ ਆੜ ਵਿੱਚ ਮਜ਼ਦੂਰਾਂ ਦੇ ਸੰਘਰਸ਼ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਨੌਕਰੀਆਂ ਦੀ ਛਾਂਟੀ ਕਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਮਰਾਜੀਆਂ ਦੇ ਸਰਗਣੇ ਅਮਰੀਕਾ ਦੀ ਅੰਦਰੂਨੀ ਹਾਲਤ ਬਹੁਤ ਬਦਤਰ ਹੈ ਅਤੇ ਉਹ ਇਰਾਕ,ਸੀਰੀਆ ਅਤੇ ਅਫਗਾਨਿਸਤਾਨ ਤੇ ਹਮਲੇ ਕਰ ਰਿਹਾ ਹੈ।

ਮਾਸਿਕ ਰਾਸਲੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਕਿਹਾ ਕਿ ਭਾਂਵੇਂ ਪਹਿਲੀ ਮਈ 1886 ਨੂੰ ਲੋਕਾਂ ਨੇ ਸੜਕਾਂ ਤੇ ਆ ਕੇ ਸ਼ਹੀਦੀਆਂ ਦਿੱਤੀਆਂ ਪਰ ਅੱਜ ਹਾਲਾਤ ਉਸ ਤੋਂ ਵੀ ਬਦਤਰ ਹਨ। ਉਹਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸੰਸਾਰ ਦੀ 90 ਫੀਸਦੀ ਪ੍ਰਾਪਰਟੀ ਉਪਰ ਦੁਨੀਆ ਦੇ 10 ਫੀਸਦੀ ਲੋਕ ਕਾਬਜ਼ ਸਨ ਪਰ ਨਵੀਆਂ ਰਿਪੋਰਟਾਂ ਮੁਤਾਬਕ ਹੁਣ 99 ਫੀਸਦੀ ਪ੍ਰਾਪਰਟੀ ਨੂੰ ਇੱਕ ਫੀਸਦੀ(62 ਘਰਾਣੇ/ਕਾਰਪੋਰੇਸ਼ਨ) ਲੋਕਾਂ ਨੇ ਹੜੱਪ ਲਿਆ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਨਿਜ਼ਾਮ ਨੂੰ ਬਦਲਣਾ ਪਵੇਗਾ। ਜੱਥੇਬੰਦੀ ਵਲੋਂ ਹਰ ਮੀਟਿੰਗ ਤੇ ਉਸਾਰੂ ਸਾਹਿੱਤ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਜਿਸ ਵਿੱਚ ਲੋਕਾਂ ਦੀ ਰੁਚੀ ਵਧ ਰਹੀ ਹੈ। ਇਨਕਲਾਬੀ ਕਵਿਤਾਵਾਂ ਦੇ ਦੌਰ ਵਿੱਚ ਨਵਕਿਰਨ ਢੁੱਡੀਕੇ,ਅਵੀ ਜਸਵਾਲ, ਗੁਰਦੀਪ ਕੌਰ ਪਰਹਾਰ, ਹਰਨੇਕ ਬੱਧਣੀ, ਸੁਰਿੰਦਰ ਗੀਤ, ਕਮਲਪ੍ਰੀਤ ਪੰਧੇਰ,ਜਗਦੀਸ਼ ਚੋਹਕਾ,ਸੁਰਿੰਦਰ ਢਿਲੋਂ ਅਤੇ ਬਚਿੱਤਰ ਗਿੱਲ ਨੇ ਹਾਜ਼ਰੀ ਲਵਾਈ। ਅਗਲੀ ਮੀਟਿੰਗ 5 ਜੂਨ (ਐਤਵਾਰ) ਨੂੰ ਕੋਸੋ ਹਾਲ( ਕਮਰਾ ਨੰਬਰ-102,3208-8 ਐਵੀਨਿਊ, ਨਾਰਥ ਈਸਟ) ਬਾਅਦ ਦੁਪਹਿਰ 2 ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਨੂੰ ਫੋਨ ਨੰਬਰ 403-455-4220 ਜਾਂ ਪ੍ਰੋ. ਗੋਪਾਲ ਕਾਉਂਕੇ ਨਾਲ਼ 403-470-3588 ਤੇ ਸੰਪਰਕ ਕੀਤਾ ਜਾ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

-ਪੌ੍ਰਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ- ਸਮਾਜਵਾਦ ਹੀ ਮਨੁੱਖੀ ਮੁਕਤੀ ਮਾਰਗ ਦਾ ਇੱਕੋ ਇੱਕ ਰਾਹ