ਲੁਧਿਆਣਾ ‘ਚ ਨਾਮਧਾਰੀ ਸੰਪਦਾ ਦੀ ਗੁਰੂ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ

Former-Namdhari-sect-head-s-wife-shot-dead

ਲੁਧਿਆਣਾ, 4 ਅਪ੍ਰੈਲ (ਏਜੰਸੀ) : ਇੱਥੇ ਸੋਮਵਾਰ ਸਵੇਰੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਾਮਧਾਰੀ ਸੰਪਦਾ ਦੀ ਗੁਰੂ ਮਾਤਾ ਚੰਦ ਕੌਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ 88 ਵਰਿਆਂ ਦੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਜਿਉਂ ਹੀ ਗੁਰੂ ਮਾਤਾ ਚੰਦ ਕੌਰ ਭੈਣੀ ਸਾਹਿਬ ਗੁਰੂਘਰ ਪਹੁੰਚੀ ਤਾਂ ਉੱਥੇ ਇਕ ਹਮਲਾਵਰ ਨੇ ਪਹਿਲਾਂ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਫੇਰ ਪਿਸਤੌਲ ਕੱਢ ਕੇ ਦੋ ਗੋਲੀਆਂ ਮਾਰ ਦਿੱਤੀਆਂ। ਹਮਲਾਵਰ ਨੇ ਇਕ ਗੋਲੀ ਉਨ੍ਹਾਂ ਦੇ ਸਿਰ ਅਤੇ ਦੂਜੀ ਗੋਲੀ ਉਨ੍ਹਾਂ ਦੇ ਪੇਟ ਵਿਚ ਮਾਰੀ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਗੁਰੂ ਮਾਤਾ ਚੰਦ ਕੌਰ ਨੂੰ ਤੁਰੰਤ ਇਲਾਜ ਲਈ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਤਗੁਰੂ ਮਹਾਰਾਜ ਜਗਜੀਤ ਸਿੰਘ ਦੀ ਪਤਨੀ ਗੁਰੂ ਮਾਤਾ ਚੰਦ ਕੌਰ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੀ।

ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਉਨ੍ਹਾਂ ਦੇ ਨਾਲ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਸੀ। ਉੱਧਰ ਗੁਰੂ ਮਾਤਾ ਦੇ ਡਰਾਈਵਰ ਦਾ ਕਹਿਣਾ ਹਮਲਾਵਰਾਂ ਨੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਉਨ੍ਹਾਂ ਦੇ ਲੱਗੀਆਂ। ਗੋਲੀਆਂ ਦੇ ਆਵਾਜ਼ ਸੁਣ ਕੇ ਘਟਨਾ ਸਥਾਨ ਉੱਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਗੁਰੂ ਮਾਤਾ ਜ਼ਮੀਨ ਉੱਤੇ ਖੂਨ ਨਾਲ ਲੱਥਪਥ ਪਈ ਸੀ। ਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀਆਂ ਨੂੰ ਭੈਣੀ ਸਾਹਿਬ ਗੁਰੂਘਰ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੂੰ ਫੜਨ ਲਈ ਭੈਣੀ ਸਾਹਿਬ, ਮਾਛੀਵਾੜਾ, ਸਮਰਾਲਾ, ਖੰਨਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਮਾਤਾ ਚੰਦ ਕੌਰ ਨੂੰ ਪਿਛਲੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਉੱਤੇ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਚੰਦ ਕੋਰ ਸਾਬਕਾ ਮੁੱਖੀ ਸਵਰਗਵਾਸੀ ਜਗਜੀਤ ਸਿੰਘ ਦੀ ਪਤਨੀ ਹੈ। ਇੱਥੇ ਡੇਰੇ ਉੱਤੇ ਕਬਜ਼ੇ ਨੂੰ ਲੈ ਕੇ ਸਾਲ 2012 ਤੋਂ ਵਿਵਾਦ ਚੱਲ ਰਿਹਾ ਹੈ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਸ ਉਦੇਸ਼ ਨਾਲ ਕੀਤਾ ਗਿਆ ਸੀ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ।

Facebook Comments

POST A COMMENT.

Enable Google Transliteration.(To type in English, press Ctrl+g)