ਆਸਕਰ 2016 : ਲਿਓਨਾਰਡੋ ਬਣੇ ਸਭ ਤੋਂ ਵਧੀਆ ਅਦਾਕਾਰ

Leonardo-DiCaprio

ਲਾਸ ਏਂਜਲਸ, 29 ਫਰਵਰੀ (ਏਜੰਸੀ) : ਅਮਰੀਕਾ ਦੇ ਲਾਸ ਏਂਜਲਸ ਵਿੱਚ ਹਾਲੀਵੁਡ ਦੇ ਸਭ ਤੋਂ ਵੱਡੇ ਐਵਾਰਡ ‘ਆਸਕਰ’ ਦਾ ਐਲਾਨ ਕੀਤਾ ਗਿਆ। ਹਾਲੀਵੁਡ ਦੇ ਡਾਲਬੀ ਥਿਏਟਰ ਵਿੱਚ 88ਵੇਂ ਆਸਕਰ ਸਮਾਗਮ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਲਿਓਨਾਰਡੋ ਡਿਕੈਪ੍ਰਿਓ ਨੂੰ ਸਭ ਤੋਂ ਵਧੀਆ ਅਦਾਕਾਰ ਦਾ ਖਿਤਾਬ ਮਿਲਿਆ। ਲਿਓਨਾਰਡੋ ਨੂੰ ਫਿਲਮ ‘ਦਿ ਰੇਵਨੈਂਟ’ ਲਈ ਇਹ ਖਿਤਾਬ ਮਿਲਿਆ ਹੈ। ਇਸ ਤੋਂ ਪਹਿਲਾਂ ਉਹ ਆਸਕਰ ਲਈ ਚਾਰ ਵਾਰ ਨਾਮਜ਼ਦ ਹੋ ਚੁੱਕੇ ਸਨ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਸੀ। ਇਸ ਪ੍ਰੋਗਰਾਮ ਵਿੱਚ ਹਾਲੀਵੁਡ ਹਸਤੀਆਂ ਦੇ ਨਾਲ-ਨਾਲ ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਸ਼ਿਰਕਤ ਕੀਤੀ। ਇਸ ਕਾਰਨ ਇਸ ਵਾਰ ਦਾ ਆਸਕਰ ਭਾਰਤੀਆਂ ਲਈ ਵੀ ਬੇਹੱਦ ਖਾਸ ਬਣ ਗਿਆ ਹੈ। ਪ੍ਰਿਯੰਕਾ ਐੈਸਏਜੀ ਪੁਰਸਕਾਰ ਲਈ ਆਯੋਜਤ ਸਮਾਗਮ ਵਿੱਚ ਵੀ ਬਤੌਰ ਪੇਸ਼ਕਾਰ ਸ਼ਾਮਲ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਹੁਣ ਤੱਕ 48 ਫਿਲਮਾਂ ਆਸਕਰ ਲਈ ਭੇਜੀਆਂ ਗਈਆਂ ਹਨ। ਇਸ ਸਾਲ ਭਾਰਤ ਵੱਲੋਂ ਵਿਦੇਸ਼ੀ ਫਿਲਮ ਕੈਟਾਗਰੀ ਵਿੱਚ ਮਰਾਠੀ ਫਿਲਮ ‘ਕੋਰਟ’ ਨੂੰ ਭੇਜਿਆ ਗਿਆ ਸੀ। ਹਾਲਾਂਕਿ ਅੰਤਮ ਪੰਜ ਵਿੱਚ ਇਹ ਫਿਲਮ ਥਾਂ ਨਹੀਂ ਬਣਾ ਸਕੀ।

ਇਸ ਸਮਾਗਮ ਵਿੱਚ ਸਭ ਤੋਂ ਵਧੀਆ ਡਾਇਰੈਕਟਰ ਦਾ ਪੁਰਸਕਾਰ ‘ਦਿ ਰੇਵਨੰਟ’ ਦੇ ਡਾਇਰੈਕਟਰ ਅਲੇਜਾਂਦਰੋ ਜੀ ਇਨਾਰਿਤੂ ਨੂੰ ਮਿਲਿਆ ਹੈ। ਸਭ ਤੋਂ ਵਧੀਆ ਅਦਾਕਾਰਾ ਬਣੀ ਹਨ ਬ੍ਰੀ ਲਾਰਸਨ, ਜਿਨ੍ਹਾਂ ਨੂੰ ਫਿਲਮ ‘ਰੂਮ’ ਵਿੱਚ ਅਦਾਕਾਰੀ ਲਈ ਇਹ ਪੁਰਸਕਾਰ ਮਿਲਿਆ ਹੈ। ਸਭ ਤੋਂ ਵਧੀਆ ਫਿਲਮ ਦਾ ਆਸਕਰ ਪੁਰਸਕਾਰ ‘ਸਪੌਟਲਾਈਟ’ ਨੂੰ ਮਿਲਿਆ। ਸਭ ਤੋਂ ਵਧੀਆ ਡਾਕਿਊਮੈਂਟਰੀ ਫੀਚਰ ਦਾ ਪੁਰਸਕਾਰ ‘ਐਮੀ’ ਨੂੰ ਦਿੱਤਾ ਗਿਆ ਹੈ। ‘ਐਮੀ’ ਦਾ ਨਿਰਦੇਸ਼ਨ ਭਾਰਤੀ ਮੂਲ ਦੇ ਫਿਲਮ ਡਾਇਰੈਕਟਰ ਆਸਿਫ਼ ਕਪਾੜੀਆ ਨੇ ਕੀਤਾ ਹੈ। ‘ਦਿ ਡੈਨਿਸ਼ ਗਰਲ’ ਫਿਲਮ ਲਈ ਸਭ ਤੋਂ ਵਧੀਆ ਸਹਾਇਕ ਅਦਾਕਾਰਾ ਦਾ ਪੁਰਸਕਾਰ ਅਲੀਸੀਆ ਵਿਕਾਂਡਰ ਨੂੰ ਦਿੱਤਾ ਗਿਆ ਹੈ। ‘ਬ੍ਰਿਜ ਆਫ ਸਪਾਈਜ਼’ ਲਈ ਮਾਰਕ ਰਾਇਲੈਂਸ ਨੂੰ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਬੈਸਟ ਡਾਕਿਊਮੈਂਟਰੀ ਸ਼ਾਰਟ ਪੁਰਸਕਾਰ ‘ਦਿ ਗਰਲ ਇਨ ਦਿ ਰਿਵਰ : ਦਿ ਪ੍ਰਾਈਜ਼ ਆਫ ਫਾਰਗਿਵਨੈਸ’ ਨੂੰ ਮਿਲਿਆ ਹੈ। ਪਾਕਿਸਤਾਨ ਦੀ ਸ਼ਰਮੀਨ ਊਬੈਦ ਚਿਨਾਏ ਨੂੰ ਦੂਜਾ ਆਸਕਰ ਪੁਰਸਕਾਰ ਪਾਕਿਸਤਾਨ ਵਿੱਚ ਓਨਰ ਕਿਲਿੰਗ ‘ਤੇ ਆਧਾਰਤ ਇਸ ਸ਼ਾਰਟ ਡਾਕਿਊਮੈਂਟਰੀ ਲਈ ਦਿੱੱਤਾ ਗਿਆ ਹੈ। ਹੰਗਰੀ ਦੀ ਫਿਲਮ ‘ਸਨ ਆਫ ਸਾਲ’ ਨੂੰ ਵਿਦੇਸ਼ੀ ਭਾਸ਼ਾ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਫਿਲਮ ਦਾ ਆਸਕਰ ਪੁਰਸਕਾਰ ਮਿਲਿਆ ਹੈ। ਆਸਕਰ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਫਿਲਮ ‘ਦਿ ਰੇਵਨੰਟ’ ਉਤੇ ਸਭ ਦੀਆਂ ਨਿਗਾਹਾਂ ਰਹੀਆਂ, ਜਿਸ ਨੂੰ 12 ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਫਿਲਮ ਨੂੰ ਵਧੀਆ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਮਿਲਿਆ ਹੈ। ਉਥੇ ਆਸਟਰੇਲੀਆਈ ਡਾਇਰੈਕਟਰ ਜਾਰਜ ਮਿਲਰ ਦੀ ਫਿਲਮ ‘ਮੈਡ ਮੈਕਸ : ਫਿਊਰੀ ਰੋਡ’ ਨੂੰ ਦਸ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ। ਇਸ ਫਿਲਮ ਨੂੰ ਬੈਸਟ ਫਿਲਮ ਐਡੀਟਿੰਗ ਦਾ ਪੁਰਸਕਾਰ ਮਿਲਿਆ ਹੈ। ਦੋਵਾਂ ਫਿਲਮਾਂ ਤੋਂ ਬਿਨ੍ਹਾਂ ‘ਦਿ ਬਿਗ ਸ਼ਾਰਟ, ਬ੍ਰਿਜ ਆਫ ਸਪਾਈਜ਼, ਬ੍ਰਕੁਲਿਨ, ਦਿ ਮਾਰਸ਼ੀਅਨ ਅਤੇ ਰੂਮ ਐਂਡ ਸਪੌਟਲਾਈਟ’ ਨੂੰ ਸਭ ਤੋਂ ਵਧੀਆ ਫਿਲਮਾਂ ਲਈ ਨਾਮਜ਼ਦ ਕੀਤਾ ਗਿਆ ਹੈ।

ਆਸਕਰ ਪੁਰਸਕਾਰ ਦੇ ਸਮਾਗਮ ਵਿੱਚ ਪ੍ਰਿਯੰਕਾ ਦੇ ਨਾਲ ਕਵਿੰਸੀ ਜੋਸ਼, ਰੀਸ ਵਿਦਪਰਸਨ, ਸਟੀਲ ਕੈਰੇਲੇ, ਜੇਕੇ ਸਿਮਾਂਸ ਅਤੇ ਜ਼ਾਰਦ ਲੇਟੋ ਜਿਹੇ ਕਲਾਕਾਰ ਵੀ ਸ਼ਾਮਲ ਹੋਏ। ਇਸ ਵਾਰ ਆਸਕਰ ਸਮਾਗਮ ਨੂੰ ਹਾਲੀਵੁਡ ਅਦਾਕਾਰ ਅਤੇ ਕਮੇਡੀਅਨ ਕ੍ਰਿਸ ਰੌਕ ਨੇ ਹੋਸਟ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2005 ਵਿੱਚ ਕ੍ਰਿਸ ਨੇ ਇਸ ਸਮਾਗਮ ਨੂੰ ਹੋਸਟ ਕੀਤਾ ਸੀ। ਇਸ ਵਾਰ ਦੇ ਆਕਸਰ ਐਵਾਰਡ ਦੀ ਖਾਸ ਗੱਲ ਇਹ ਰਹੀ ਕਿ ਇਸ ਵਾਰ ਸਭ ਤੋਂ ਵਧੀਆ ਅਦਾਕਾਰ ਅਤੇ ਅਦਾਕਾਰਾ ਦੀ ਦੌੜ ਵਿੱਚ ਸਿਰਫ ਗੋਰੇ ਕਲਾਕਾਰ ਹੀ ਸ਼ਾਮਲ ਸਨ। ਆਸਕਰ ਪੁਰਸਕਾਰਾਂ ਵਿੱਚ ਸਿਰਫ ਗੋਰੇ ਕਲਾਕਾਰਾਂ ਦੀ ਨਾਮਜ਼ਦਗੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਮਾਹੌਲ ਵੀ ਦੇਖਿਆ ਗਿਆ। ‘ਦਿ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸੇਜ਼’ ਵਿੱਚ ਗੋਰੇ ਲੋਕਾਂ ਦਾ ਦਬਦਬਾ ਹੈ, ਪਰ ਇਸ ਵਾਰ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਦੀ ਮੈਂਬਰਸ਼ਿਪ ਵਿੱਚ ਵਿਭਿੰਨਤਾ ਲਿਆਂਦੀ ਜਾਵੇਗੀ।

Facebook Comments

POST A COMMENT.

Enable Google Transliteration.(To type in English, press Ctrl+g)