ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ‘ਚ ਅਮਰਜੀਤ ਸੋਹੀ ਦੇ ਪਿਤਾ ਨੂੰ ਦਿੱਤੀ ਸ਼ਰਧਾਂਜਲੀ

ਐਡਮਿੰਟਨ, 17 ਫਰਵਰੀ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਆਪਣੇ ਪੰਜਾਬੀ ਮੂਲ਼ ਦੇ ਕੈਬਨਿਟ ਮੰਤਰੀ ਸ. ਅਮਰਜੀਤ ਸਿੰਘ ਸੋਹੀ ਦੇ ਸਵਰਗਵਾਸੀ ਪਿਤਾ ਸ. ਗੁਰਬਖ਼ਸ਼ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਵਿਚ ਢਾਂਚਾਗਤ ਮਾਮਲਿਆਂ ਦੇ ਕੈਬਨਿਟ ਮੰਤਰੀ ਸ. ਸੋਹੀ ਦੇ ਪਿਤਾ ਸ. ਗੁਰਬਖ਼ਸ਼ ਸਿੰਘ ਸੋਹੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਆਪਣੀ ਉਮਰ ਦੇ ਬਾਵਜੂਦ ਉਨ੍ਹਾਂ ਆਪਣੇ ਬੇਟੇ ਨਾਲ ਚੋਣ ਪ੍ਰਚਾਰ ਵਿਚ ਬੇਹੱਦ ਗਰਮਜੋਸ਼ੀ ਨਾਲ ਹਿੱਸਾ ਲਿਆ, ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਦਾ ਸਮਰਪਿਤ, ਅਸਾਧਾਰਨ ਅਤੇ ਭਾਵੁਕ ਪੁੱਤਰ ਕੈਨੇਡੀਅਨਾਂ ਨੇ ਬੇਹੱਦ ਕੁਝ ਕਰੇਗਾ। ਜਿਸ ਸਮੇਂ ਸ੍ਰੀ ਟਰੂਡੋ, ਸ. ਗੁਰਬਖ਼ਸ਼ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਭਾਸ਼ਣ ਦੇ ਰਹੇ ਸਨ, ਉਸ ਸਮੇਂ ਸ. ਅਮਰਜੀਤ ਸਿੰਘ ਸੋਹੀ ਉਨ੍ਹਾਂ ਦੇ ਪਿੱਛੇ ਬੈਠੇ ਸਨ। ਕੈਨੇਡੀਅਨ ਮੰਤਰੀ ਅਮਰਜੀਤ ਸਿੰਘ ਸੋਹੀ ਜਸਟਿਨ ਟੂਰਡੋ ਦੇ ਭਾਸ਼ਣ ਦੌਰਾਨ ਆਪਣੇ ਹੰਝੂ ਪੂਝਦੇ ਹੋਏ ਨਜ਼ਰ ਆਏ। ਸ੍ਰੀ ਟਰੂਡੋ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਸੋਹੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। ਇਸ ਮੌਕੇ ਸਦਨ ਦੇ ਸਾਰੇ ਮੈਂਬਰ ਖੜ੍ਹੇ ਹੋ ਗਏ ਅਤੇ ਜਸਟਿਨ ਟੂਰਡੋ ਨੇ ਐਡਮਿੰਟਨ-ਮਿਲ ਵੂੱਡਸ ਹਲਕੇ ਤੋਂ ਸੰਸਦ ਮੈਂਬਰ ਨਾਲ ਹੱਥ ਮਿਲ਼ਾਉਂਦੇ ਹੋਏ ਘੁਟ ਕੇ ਜੱਫੀ ਪਾ ਲਈ। ਇੱਥੇ ਵਰਣਨਯੋਗ ਹੈ ਕਿ ਕੈਨੇਡਾ ਦੀ ਸੰਘੀ ਸਰਕਾਰ ਵਿਚ ਕੈਬਨਿਟ ਮੰਤਰੀ ਸ. ਅਮਰਜੀਤ ਸਿੰਘ ਸੋਹੀ ਦੇ ਪਿਤਾ ਸ. ਗੁਰਬਖ਼ਸ਼ ਸਿੰਘ ਸੋਹੀ ਦਾ ਬੀਤੇ ਦਿਨੀਂ ਉਨ੍ਹਾਂ ਦੇ ਮਲੇਰਕੋਟਲਾ ਨੇੜਲੇ ਜੱਦੀ ਪਿੰਡ ਬਨਭੌਰਾ ਵਿਖੇ ਦਿਹਾਂਤ ਹੋ ਗਿਆ ਸੀ। ਸ. ਗੁਰਬਖਸ ਸਿੰਘ ਸੋਹੀ 101 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਕੈਨੇਡਾ ਵੱਸਦੇ ਪੁੱਤਰਾਂ ਇੰਜੀਨੀਅਰ ਸ. ਜਗਦੇਵ ਸਿੰਘ ਸੋਹੀ, ਸ. ਹਰਕੇਸ਼ ਸਿੰਘ ਸੋਹੀ ਤੇ ਸ. ਅਮਰਜੀਤ ਸਿੰਘ ਸੋਹੀ ਸਮੇਤ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 18 ਨੂੰ ਕੀਤਾ ਜਾਵੇਗਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)