ਜਾਟ ਅੰਦੋਲਨ ਹੋਇਆ ਹਿੰਸਕ, ਫਾਇਰਿੰਗ ’ਚ ਦੋ ਹਲਾਕ


ਚੰਡੀਗਡ਼੍ਹ/ਰੋਹਤਕ, 19 ਫਰਵਰੀ (ਏਜੰਸੀ) : ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ’ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ’ਚ ਪਿਛਲੇ ਕੁਝ ਦਿਨਾਂ ਤੋਂ ਚਲ ਰਿਹਾ ਜਾਟਾਂ ਦਾ ਅੰਦੋਲਨ ਅੱਜ ਹਿੰਸਕ ਰੂਪ ਧਾਰ ਗਿਆ। ਇਸ ਕਾਰਨ ਰੋਹਤਕ ਅਤੇ ਭਿਵਾਨੀ ਦੇ ਸ਼ਹਿਰੀ ਖੇਤਰਾਂ ’ਚ ਕਰਫਿੳੂ ਲਗਾ ਕੇ ਫੌਜ ਨੂੰ ਸੱਦ ਲਿਆ ਗਿਆ ਹੈ ਅਤੇ ਪ੍ਰਦਰਸ਼ਨਕਾਰੀਅਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਅੰਦੋਲਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਰੋਹਤਕ ’ਚ ਟਕਰਾਅ ਹੋਇਆ ਜਿਸ ਤੋਂ ਬਾਅਦ ਕੀਤੀ ਗਈ ਫਾਇਰਿੰਗ ’ਚ ਦੋ ਵਿਅਕਤੀ ਹਲਾਕ ਹੋ ਗਏ ਜਦਕਿ 120 ਹੋਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਬੀਐਸਐਫ ਦਾ ਇਕ ਜਵਾਨ ਵੀ ਸ਼ਾਮਲ ਹੈ। ਹਰਿਆਣਾ ਸਰਕਾਰ ਨੇ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਬਣਾਉਣ ਲਈ ਆਈਏਐਸ ਅਧਿਕਾਰੀ ਏ ਕੇ ਸਿੰਘ ਅਤੇ ਆਈਪੀਐਸ ਬੀ ਐਸ ਸੰਧੂ ਨੂੰ ਤਾਇਨਾਤ ਕੀਤਾ ਹੈ। ਪੁਲੀਸ ਨੇ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਅਤੇ ਅਹਿਮ ਦਫ਼ਤਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ।

ਹਰਿਆਣਾ ਦੇ ਡੀਜੀਪੀ ਯਸ਼ਪਾਲ ਸਿੰਘਲ ਨੇ ਚੰਡੀਗਡ਼੍ਹ ’ਚ ਦੱਸਿਆ ਕਿ ਸਰਕਾਰ ਨੇੇ 9 ਜ਼ਿਲ੍ਹਿਆਂ ਖਾਸ ਤੌਰ ’ਤੇ ਰੋਹਤਕ ਅਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਬੇਕਾਬੂ ਅਤੇ ਹਿੰਸਾ ’ਤੇ ਉਤਾਰੂ ਭੀਡ਼ ੳੁਪਰ ਕਾਬੂ ਪਾਉਣ ਲਈ ਫੌਜ ਸੱਦ ਲਈ ਹੈ। ਫ਼ੌਜ ਦੀਆਂ ਟੁਕਡ਼ੀਆਂ ਨੇ ਰੋਹਤਕ ਅਤੇ ਭਿਵਾਨੀ ’ਚ ਮੋਰਚੇ ਸੰਭਾਲ ਲਏ ਹਨ ਅਤੇ ਬਾਕੀ ਥਾਵਾਂ ਝੱਜਰ, ਕੈਥਲ, ਜੀਂਦ, ਸੋਨੀਪਤ, ਪਾਣੀਪਤ ਅਤੇ ਹਿਸਾਰ ’ਚ ਫੌਜ ਸਵੇਰ ਤਕ ਪਹੁੰਚ ਜਾਏਗੀ। ਹਿਸਾਰ ਅਤੇ ਜੈਪੁਰ ਤੋਂ ਫੌਜ ਨੂੰ ਉਚੇਚੇ ਤੌਰ ’ਤੇ ਸੱਦਿਆ ਗਿਆ ਹੈ। ਹਾਲਾਤ ਵਿਗਡ਼ਦੇ ਦੇਖ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਹਰਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ। ਕੇਂਦਰ ਵੱਲੋਂ ਨੀਮ ਫੌਜੀ ਦਸਤਿਆਂ ਦੇ ਇਕ ਹਜ਼ਾਰ ਜਵਾਨ ਹਰਿਆਣਾ ਵਲ ਰਵਾਨਾ ਕੀਤੇ ਗਏ ਹਨ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਤੇ ਮੁੱਖ ਸਕੱਤਰ ਡੀ ਐਸ ਢੇਸੀ ਨੇ ਕੇਂਦਰੀ ਗ੍ਰਹਿ ਸਕੱਤਰ ਅਤੇ ਥਲ ਸੈਨਾ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨਾਲ ਗੱਲਬਾਤ ਕਰ ਕੇੇ ਸੂਬੇ ’ਚ ਫੌਜ ਤਾਇਨਾਤ ਕਰਨ ਦੀ ਮੰਗ ਕੀਤੀ।

ਹਾਲਾਤ ੳੁਸ ਸਮੇਂ ਬੇਕਾਬੂ ਹੋਏ ਜਦੋਂ ਰੋਹਤਕ ’ਚ ਭੀਡ਼ ਨੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੀ ਸਥਾਨਕ ਰਿਹਾਇਸ਼ ਅਤੇ ਪਰਿਵਾਰ ਦੇ ਦੋ ਹੋਰ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਥੇ ਖਡ਼੍ਹੀਆਂ ਕਈ ਕਾਰਾਂ ਨੂੰ ਵੀ ਫੂਕ ਦਿੱਤਾ ਗਿਆ। ਭੀਡ਼ ਨੇ ਆਈਜੀ ਦੀ ਰਿਹਾਇਸ਼ ਵਿਚਲੇ ਦਫ਼ਤਰ ਨੂੰ ਅੱਗ ਲਾ ਕੇ ਸਾਡ਼ ਦਿੱਤਾ ਅਤੇ ਉਥੇ ਤਾਇਨਾਤ ਪੁਲੀਸ ਕਰਮੀਆਂ ’ਤੇ ਪਥਰਾਅ ਵੀ ਕੀਤਾ। ਇਸ ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਅੱਗਾਂ ਲਾਏ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪੁਲੀਸ ਨੇ ਭੀਡ਼ ’ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਅੰਦੋਲਨਕਾਰੀ ਜਦੋਂ ਪਿੱਛੇ ਨਾ ਹਟੇ ਤਾਂ ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਉਪਰ ਗੋਲੀਬਾਰੀ ਕਰ ਦਿੱਤੀ। ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਜ਼ਬਤ ਰੱਖਣ ਲਈ ਫਾਇਰਿੰਗ ਕੀਤੀ ਸੀ ਕਿਉਂਕਿ ਭੀਡ਼ ’ਚੋਂ ਕਿਸੇ ਨੇ ਉਨ੍ਹਾਂ ’ਤੇ ਦੇਸੀ ਪਿਸਤੌਲ ਨਾਲ ਗੋਲੀ ਚਲਾਈ ਸੀ। ਸੁਰੱਖਿਅਾ ਬਲਾਂ ਦੀ ਫਾਇਰਿੰਗ ’ਚ 20 ਵਰ੍ਹਿਆਂ ਦਾ ਨੌਜਵਾਨ ਮਾਰਿਆ ਗਿਆ ਜਿਸ ਦੀ ਸ਼ਨਾਖ਼ਤ ਜ਼ਿਲ੍ਹੇ ਦੇ ਪਿੰਡ ਗੱਡੀ ਖੇਡ਼ੀ ਦੇ ਅਜੇ ਵਜੋਂ ਹੋਈ ਹੈ ਜਦਕਿ ਝੱਜਰ ਜ਼ਿਲ੍ਹੇ ਦੇ ਪਿੰਡ ਧੰਦਲਾਨ ਦਾ ਹਰੇਂਦਰ ਵੀ ਮਾਰਿਆ ਗਿਆ। ਇਸ ਤੋਂ ਬਾਅਦ ਸ਼ਹਿਰ ’ਚ ਜੰਗਲ ਰਾਜ ਵਰਗਾ ਮਾਹੌਲ ਬਣ ਗਿਆ ਅਤੇ ਸਡ਼ਕਾਂ ’ਤੇ ਨੌਜਵਾਨ ਕਿਰਪਾਨਾਂ, ਲਾਠੀਆਂ ਅਤੇ ਹੋਰ ਤੇਜ਼ਧਾਰ ਹਥਿਆਰ ਲੈ ਕੇ ਨਿਕਲ ਆਏ। ਬੀਐਸਐਫ ਦੇ ਜਵਾਨਾਂ ਨੇ ਆਪਣੇ ਆਪ ਨੂੰ ਸਰਕਟ ਹਾੳੂਸ ’ਚ ਡੱਕ ਲਿਆ ਅਤੇ ਪੁਲੀਸ ਮੌਕੇ ਤੋਂ ਗਾਇਬ ਹੋ ਗਈ।

ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਸੁਭਾਸ਼ ਬੱਤਰਾ ਨੇ ਦਾਅਵਾ ਕੀਤਾ ਕਿ ਉਸ ਦੇ ਜਵਾਈ ਦੀ ਇਮਾਰਤ ਨੂੰ ਵੀ ਭੀਡ਼ ਨੇ ਅੱਗ ਲਾ ਦਿੱਤੀ। ਸਥਾਨਕ ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅੱਗ ਬੁਝਾੳੂ ਗੱਡੀਆਂ ਨਹੀਂ ਭੇਜੀਆਂ ਗਈਆਂ। ਦੇਰ ਸ਼ਾਮ ਨੂੰ ਜਾਟ ਨੌਜਵਾਨਾਂ ਅਤੇ ਗ਼ੈਰ ਜਾਟਾਂ ਦੇ ਗੁਟਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ। ਹੈਲਥ ਸਾਇੰਸਿਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਓ ਪੀ ਕਾਲਡ਼ਾ ਨੇ ਦੱਸਿਆ ਕਿ ਪੀਜੀਆਈਐਮਐਸ ’ਚ 28 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ ਜਿਨ੍ਹਾਂ ’ਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿਨ ਵੇਲੇ ਰੋਹਤਕ ਦੇ ਜ਼ਿਲ੍ਹਾ ਮੈਜਿਸਟਰੇਟ ਡੀ ਕੇ ਬਹੇਡ਼ਾ ਨੇ ਅਫ਼ਵਾਹਾਂ ’ਤੇ ਰੋਕ ਲਾਉਣ ਲਈ ਮੋਬਾਈਲ ਫੋਨ ’ਤੇ ਐਸਐਮਐਸ ਅਤੇ ਇੰਟਰਨੈੱਟ ਦੀ ਸਹੂਲਤ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਕਰ ਕੇ ਅੰਦੋਲਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਕਿ ਸਰਕਾਰ ਜਾਟਾਂ ਨੂੰ ਰਾਖਵਾਂਕਰਨ ਦੇਣ ਲਈ ਬਜਟ ਸੈਸ਼ਨ ਵਿੱਚ ਬਿਲ ਲਿਆਏਗੀ। ਸਰਬ ਪਾਰਟੀ ਮੀਟਿੰਗ ਤੋਂ ਪਿੱਛੋਂ ਵੀ ਮੁੱਖ ਮੰਤਰੀ, ਮੰਤਰੀਆਂ, ਪੁਲੀਸ ਮੁਖੀ ਅਤੇ ਗ੍ਰਹਿ ਸਕੱਤਰ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਿਹਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਾਟ ਅੰਦੋਲਨ ਹੋਇਆ ਹਿੰਸਕ, ਫਾਇਰਿੰਗ ’ਚ ਦੋ ਹਲਾਕ