ਲੁਧਿਆਣਾ ‘ਚ ਆਰ ਐਸ ਐਸ ਦੇ ਦਫ਼ਤਰ ‘ਤੇ ਗੋਲੀਬਾਰੀ

Shot-fired-outside-RSS-shakha-in-Ludhiana

ਲੁਧਿਆਣਾ, 18 ਜਨਵਰੀ (ਏਜੰਸੀ) : ਲੁਧਿਆਣਾ ਦੇ ਕਿਦਵਾਈ ਇਲਾਕੇ ਵਿਚ ਸਥਿਤ ਆਰ ਐਸ ਐਸ ਦੇ ਦਫ਼ਤਰ ‘ਤੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਸੋਮਵਾਰ ਤੜਕੇ ਸਵੇਰੇ ਗੋਲੀਬਾਰੀ ਕਰਕੇ ਫਰਾਰ ਹੋ ਗਏ। ਘਟਨਾ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਵਾਪਰੀ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਆਰ ਐਸ ਐਸ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ, ਜਿਸ ਕਾਰਨ ਭਗਦੜ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਿਸ਼ੇਸ਼ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਫਿਲਹਾਲ ਪੁਲਿਸ ਇਲਾਕੇ ਨੂੰ ਸੀਲ ਕਰਕੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਬਾਂਦਰ ਟੋਪੀਆਂ ਪਾਈਆਂ ਹੋਈਆਂ ਸਨ। ਘਟਨਾ ਸਥਾਨ ਤੋਂ 32 ਬੋਰ ਪਿਸਟਲ ਦਾ ਇਕ ਖਾਲੀ ਕਾਰਤੂਸ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲਿਸ ਸਾਰੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਚਸ਼ਮਦੀਦ ਆਰ ਐਸ ਐਸ ਵਰਕਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ, ਉਦੋਂ ਉਹ ਅਤੇ ਉਸ ਦੇ ਤਿੰਨ ਹੋਰ ਸਾਥੀ ਇਕੱਤਰਤਾ ਲਈ ਹੇਠਾਂ ਆਏ ਸੀ। ਨਰਿੰਦਰ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲਾ ਇਕ ਵਿਅਕਤੀ ਮੌਨਾ ਸੀ ਅਤੇ ਉਸ ਨੇ ਸਰੀਰ ਦੇ ਆਲੇ-ਦੁਆਲੇ ਚਾਦਰ ਲਪੇਟੀ ਹੋਈ ਸੀ। ਇਸੇ ਦੌਰਾਨ ਉਸ ਨੇ ਪਿਸਤੌਲ ਕੱਢਿਆ ਅਤੇ ਗੋਲੀ ਚਲਾ ਦਿੱਤੀ, ਜਿਸ ਵਿਚ ਉਹ ਵਾਲ਼-ਵਾਲ਼ ਬਚ ਗਏ। ਘਟਨਾ ਕਾਰਨ ਸਵੇਰ ਦੀ ਸੈਰ ਕਾਰਨ ਵਾਲਿਆਂ ਵਿਚ ਵੀ ਦਹਿਸ਼ਤ ਫੈਲ ਗਈ। ਇਹ ਘਟਨਾ ਨੇੜਲੇ ਇਕ ਸੀ ਸੀ ਟੀ ਵੀ ਕੈਮਰੇ ਵਿਚ ਵੀ ਕੈਦ ਹੋਈ ਹੈ। ਪਿਲਸ ਨੇ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਨੇ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਥਾਣਾ ਮੁਖੀਆਂ ਨਾਲ ਮੀਟਿੰਗ ਕੀਤੀ ਹੈ। ਆਰ ਐਸ ਐਸ ਦੇ ਦਫਤਰ ਤੇ ਹੋਰਨਾਂ ਸ਼ਾਖਾਵਾਂ ਉੱਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)