ਆਈ ਪੀ ਐਲ ਸਪਾਟ ਫਿਕਸਿੰਗ : ਚੰਦੀਲਾ ‘ਤੇ ਉਮਰ ਭਰ ਕ੍ਰਿਕਟ ਖੇਡਣ ਦੀ ਪਾਬੰਦੀ


ਮੁੰਬਈ, 18 ਜਨਵਰੀ (ਏਜੰਸੀ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸ਼ਸ਼ਾਂਕ ਮਨੋਹਰ ਦੀ ਅਗਵਾਈ ਵਾਲੀ ਬੋਰਡ ਦੀ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਨੇ ਦਾਗੀ ਕ੍ਰਿਕਟਰਾਂ ਅਜਿਤ ਚੰਦੀਲਾ ਅਤੇ ਹਿਕੇਨ ਸ਼ਾਹ ਦੇ ਕਿਸਮਤ ਦਾ ਫੈਸਲਾ ਸੁਣਾ ਦਿੱਤਾ ਹੈ। ਕਮੇਟੀ ਨੇ ਅਜੀਤ ਚੰਦੀਲਾ ਉੱਤੇ ਉਮਰ ਭਰ ਲਈ, ਜਦੋਂਕਿ ਹਿਕੇਨ ਸ਼ਾਹ ਉੱਤੇ ਪੰਜ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਇਸ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਵਿਚ ਮਨੋਹਰ ਦੇ ਨਾਲ ਜਿਓਤੀਰਾਦਿਤਯ ਸਿੰਧੀਆ ਅਤੇ ਨਿਰੰਜਨ ਸ਼ਾਹ ਸ਼ਾਮਲ ਸਨ। ਕਮੇਟੀ ਨੇ ਆਪਣੇ ਫੈਸਲੇ ਵਿਚ ਚੰਦੀਲਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਗਤੀਵਿਧੀ ਵਿਚ ਭਾਗ ਲੈਣ ਉੱਤੇ ਰੋਕ ਲਾ ਦਿੱਤੀ ਹੈ। ਕਮੇਟੀ ਨੇ ਪਾਕਿਸਤਾਨੀ ਅੰਪਾਇਰ ਅਸਦ ਰਾਊਫ ਦੇ ਮਾਮਲੇ ਦੀ ਵੀ ਸੁਣਵਾਈ ਕਰਨੀ ਸੀ ਪਰ ਰਾਊਫ ਸੁਣਵਾਈ ਲਈ ਮੌਜੂਦ ਨਹੀਂ ਸਨ। ਹਾਲਾਂਕਿ ਰਾਊਫ ਨੇ ਆਪਣਾ ਜਵਾਬ ਭੇਜ ਦਿੱਤਾ ਸੀ।

ਯਾਦ ਰਹੇ ਕਿ ਆਈ ਪੀ ਐਲ ਟੂਰਨਾਮੈਂਟ ਵਿਚ ਰਾਜਸਥਾਨ ਰਾਇਲਜ ਦੀ ਟੀਮ ਵੱਲੋਂ ਖੇਡਦੇ ਚੰਦੀਲਾ ਨੂੰ ਟੀਮ ਵਿਚਲੇ ਹੋਰਨਾਂ ਸਾਥੀਆਂ ਸ਼ਾਂਤਕੁਮਾਰਨ ਸ੍ਰੀਸੰਤ ਤੇ ਅੰਕਿਤ ਚੌਹਾਨ ਨਾਲ ਸਪਾਟ ਫਿਕਸਿੰਗ ਦੇ ਦੋਸ਼ ਲੱਗਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ੍ਰੀਸੰਤ ਤੇ ਅੰਕਿਤ ਉੱਤੇ ਤਾਂ ਬੀ ਸੀ ਸੀ ਆਈ ਨੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ ਦਿੱਲੀ ਦੀ ਇਕ ਅਦਾਲਤ ਨੇ ਮਗਰੋਂ ਇਨ੍ਹਾਂ ਦੋਵਾਂ ਨੂੰ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਸ੍ਰੀਸੰਤ ਤੇ ਅੰਕਿਤ ਤੋਂ ਬਾਅਦ ਬੋਰਡ ਨੇ ਚੰਦੀਲਾ ‘ਤੇ ਵੀ ਪਾਬੰਦੀ ਲਾ ਦਿੱਤੀ। ਉਧਰ ਮੁੰਬਈ ਵੱਲੋਂ ਰਣਜੀ ਖੇਡਣ ਵਾਲੇ ਕ੍ਰਿਕਟਰ ਹਿਕੇਨ ਸ਼ਾਹ ਖ਼ਿਲਾਫ਼ ਇਸੇ ਸਾਲ ਆਈ ਪੀ ਐਲ ਤੋਂ ਪਹਿਲਾਂ ਉਸ ਦੇ ਮੁੰਬਈ ਟੀਮ ਵਿਚਲੇ ਸਾਥੀ ਨੇ ਕਥਿਤ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ। ਬੋਰਡ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਮਾਮਲੇ ਦੀ ਜਾਂਚ ਦੌਰਾਨ ਹਿਕੇਨ ਖ਼ਿਲਾਫ਼ ਲਾਏ ਦੋਸ਼ਾਂ ਨੂੰ ਸਹੀ ਪਾਇਆ। ਬੋਰਡ ਨੇ ਹਿਕੇਨ ਦੇ ਕ੍ਰਿਕਟ ਖੇਡਣ ‘ਤੇ ਪੰਜ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨੀ ਅੰਪਾਇਰ ਅਸਦ ਰੌਫ਼ ਖ਼ਿਲਾਫ਼ 2013 ਵਿੱਚ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਤੇ ਸੱਟੇਬਾਜ਼ਾਂ ਤੋਂ ਤੋਹਫ਼ੇ ਲੈਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ ਨੇ ਰੌਫ਼ ਨੂੰ ਅੰਪਾਇਰਾਂ ਦੇ ਇਲੀਟ ਪੈਨਲ ਤੋਂ ਲਾਂਭੇ ਕਰ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਈ ਪੀ ਐਲ ਸਪਾਟ ਫਿਕਸਿੰਗ : ਚੰਦੀਲਾ ‘ਤੇ ਉਮਰ ਭਰ ਕ੍ਰਿਕਟ ਖੇਡਣ ਦੀ ਪਾਬੰਦੀ