ਕੈਨੇਡਾ ਚੋਣਾਂ: ਹੁਕਮਰਾਨ ਪਾਰਟੀ ਦੀ ਸਾਖ਼ ਡਿੱਗਣ ਦੇ ਆਸਾਰ


ਟਰਾਂਟੋ, 23 ਅਗਸਤ (ਏਜੰਸੀ) : ਕੈਨੇਡਾ ਦੀਆਂ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਹੁਕਮਰਾਨ ਕਨਜ਼ਰਵੇਟਿਵ ਪਾਰਟੀ ਦੇ ਹਾਲਾਤ ਬਹੁਤੇ ਚੰਗੇ ਨਹੀਂ ਜਾਪਦੇ। ਸੈਨੇਟਰਾਂ ਦੇ ਖਰਚਾ ਘਪਲਿਅਾਂ ਕਾਰਨ ਉਸ ਦੇ ਪੈਰਾਂ ਹੇਠਲੀ ਜ਼ਮੀਨ ਤੱਤੀ ਹੋਈ ਪਈ ਹੈ। ਜਿੱਥੇ ਵਿਰੋਧੀ ਧਿਰਾਂ ਅਤੇ ਮੀਡੀਆ ਪਾਰਟੀ ਦੇ ਮੁਖੀ ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਸਵਾਲਾਂ ਨਾਲ ਘੇਰ ਰਹੇ ਹਨ, ਉਥੇ ਲੋਕ ਵੀ ਉਨ੍ਹਾਂ ਦੇ ਨੌਂ ਸਾਲਾਂ ਦੇ ਰਾਜ ਮਗਰੋਂ ਬਦਲਾਅ ਲਈ ਤਤਪਰ ਹੋਏ ਆਪਣੀ ਭੜਾਸ ਕੱਢ ਰਹੇ ਹਨ। ਨਿੱਜੀ ਖਰਚਿਆਂ ਦੇ ਸਕੈਂਡਲ ਵਿੱਚ ਘਿਰੇ ਮੁਅੱਤਲ ਕਨਜ਼ਰਵੇਟਿਵ ਸੈਨੇਟਰ ਮਾਈਕ ਡੱਫੀ ਦੇ ਕੇਸ ਦੀ ਸੁਣਵਾਈ ਫਿਰ ਜਾਰੀ ਹੈ, ਜਿਸ ਦਾ ਪਰਛਾਵਾਂ ਪ੍ਰਧਾਨ ਮੰਤਰੀ ਦੀ ਚੋਣ ਮੁਹਿੰਮ ’ਤੇ ਅਸਰ ਅੰਦਾਜ਼ ਹੋ ਰਿਹਾ ਹੈ। ਮਾਮਲਾ ਸੈਨੇਟਰ ਡੱਫੀ ਵੱਲੋਂ ਦੋ ਵਰ੍ਹੇ ਪਹਿਲਾਂ 90 ਹਜ਼ਾਰ ਡਾਲਰ ਦੇ ਬੋਗਸ ਖਰਚੇ ਸਰਕਾਰੀ ਖ਼ਜ਼ਾਨੇ ਵਿੱਚੋਂ ਵਸੂਲਣ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਸਾਬਕਾ ‘ਮੁੱਖ ਸਕੱਤਰ’ ਵੱਲੋਂ ਭਰਪਾਈ ਲਈ ‘ਚੈੱਕ’ ਜਾਰੀ ਕਰਨ ਦਾ ਹੈ।

ਸ੍ਰੀ ਹਾਰਪਰ ਨੂੰ ਹਰ ਚੋਣ ਜਲਸੇ ਵਿੱਚ ਮੀਡੀਆ ਵੱਲੋਂ ਹੋਰ ਮੁੱਦਿਆਂ ਦੀ ਬਜਾਏ ਇਸੇ ਘਪਲੇ ਬਾਰੇ ਸਵਾਲ ਕੀਤੇ ਜਾ ਰਹੇ ਹਨ। ਤਿੰਨ ਮਹੀਨੇ ਪਹਿਲਾਂ ਅਲਬਰਟਾ ਦੀਆਂ ਸੂਬਾਈ ਚੋਣਾਂ ਵਿੱਚ ਕਨਜ਼ਰਵੇਟਿਵਾਂ ਦਾ ਚਾਰ ਦਹਾਕਿਆਂ ਦਾ ਗੜ੍ਹ ਤੋੜ ਕੇ ਐਨਡੀਪੀ ਦਾ ਬਹੁਮਤ ਵਿੱਚ ਜਿੱਤਣਾ ਵੀ ਇਨ੍ਹਾਂ ਚੋਣਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਹਾਰਪਰ ਦਾ ਹਲਕਾ ਇਸੇ ਸੂਬੇ ਦੇ ਕੈਲਗਰੀ ਇਲਾਕੇ ਵਿੱਚ ਪੈਂਦਾ ਹੈ। 42ਵੀਂ ਸੰਸਦ ਲਈ 338 ਸੀਟਾਂ ਲਈ 19 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਕਨਜ਼ਰਵੇਟਿਵ, ਐਨਡੀਪੀ (ਡੈਮੋਕਰੇਟਿਕ), ਲਿਬਰਲ, ਕਿਬੈਕਵਾ, ਗਰੀਨ ਪਾਰਟੀ ਤੇ ਕਈ ਹੋਰ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਪਹਿਲੀਆਂ ਤਿੰਨਾਂ ਪਾਰਟੀਅਾਂ ਵਿੱਚ ਹੀ ਹੈ, ਜਿਨ੍ਹਾਂ ਵਿੱਚੋਂ ਐਨਡੀਪੀ ਹਾਲੀਆ ਸਰਵੇਖਣਾਂ ਵਿੱਚ ਵਧੀ ਮਕਬੂਲੀਅਤ ਨਾਲ ਮਜ਼ਬੂਤ ਸਥਿਤੀ ਵਿੱਚ ਲਗਦੀ ਹੈ। ਸਿਆਸੀ ਪੰਡਤਾਂ ਮੁਤਾਬਕ ਡੈਮੋਕਰੇਟਾਂ ਨੂੰ ਬਹੁਮਤ ਤਾਂ ਸ਼ਾਇਦ ਨਾ ਮਿਲੇ ਪਰ ਸਰਕਾਰ ਬਣਾ ਸਕਦੇ ਹਨ। ਲਿਬਰਲਾਂ ਦਾ ਕਨਜ਼ਰਵੇਟਿਵਾਂ ਨਾਲ ਫਸਵਾਂ ਮੁਕਾਬਲਾ ਹੈ। ਵਰਨਣਯੋਗ ਹੈ ਕਿ 1867 (ਕੈਨੇਡਾ ਦੀ ਸਥਾਪਤੀ) ਤੋਂ ਲੈ ਕੇ ਹੁਣ ਤੱਕ ਮੁਲਕ ਦੀ ਸੱਤਾ ’ਤੇ ਲਿਬਰਲ ਜਾਂ ਕਨਜ਼ਰਵੇਟਿਵ ਹੀ ਕਾਬਜ਼ ਰਹੇ ਹਨ ਪਰ ਹੋ ਸਕਦਾ ਹੈ ਇਸ ਵਾਰ ਐਨਡੀਪੀ ਇਤਿਹਾਸ ਸਿਰਜ ਦੇਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਚੋਣਾਂ: ਹੁਕਮਰਾਨ ਪਾਰਟੀ ਦੀ ਸਾਖ਼ ਡਿੱਗਣ ਦੇ ਆਸਾਰ