ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਕਈ ਮੁੱਦੇ ਵਿਚਾਰੇ


ਪੇਇਚਿੰਗ, 1 ਫਰਵਰੀ (ਏਜੰਸੀ) : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਚੀਨੀ ਹਮਰੁਤਬਾ ਵੈਂਗ ਯੀ ਨਾਲ ਦੁਵੱਲੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ’ਚ ਹੋਣ ਵਾਲੀ ਚੀਨ ਦੀ ਪਹਿਲੀ ਯਾਤਰਾ ਬਾਰੇ ਵੀ ਚਰਚਾ ਹੋਈ। ਚਾਰ ਰੋਜ਼ਾ ਦੌਰੇ ’ਤੇ ਸ਼ਨਿਚਰਵਾਰ ਨੂੰ ਇੱਥੇ ਪਹੁੰਚੀ ਸ੍ਰੀਮਤੀ ਸਵਰਾਜ ਨੇ ਵੈਂਗ ਨਾਲ ਮੁਲਾਕਾਤ ਕੀਤੀ। ਚੀਨ ਦੇ ਪਹਿਲੇ ਦੌਰੇ ’ਤੇ ਆਈ ਸੁਸ਼ਮਾ ਸਵਰਾਜ ਸੋਮਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਗੱਲਬਾਤ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਮਈ ’ਚ ਚੀਨ ਦੇ ਦੌਰੇ ’ਤੇ ਆਉਣਗੇ। ਗੱਲਬਾਤ ਦੌਰਾਨ ਚੀਨ ਵੱਲੋਂ ਭਾਰਤੀ ਰੇਲਵੇ ਦੇ ਆਧੁਨਿਕੀਕਰਨ ’ਚ ਸਹਿਯੋਗ ਅਤੇ ਸਨਅਤੀ ਪਾਰਕਾਂ ’ਤੇ 20 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਪ੍ਰਤੀਬੱਧਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤੀ ਵਿਦੇਸ਼ ਮੰਤਰੀ ਦਾ ਚੀਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਿੰਨ ਰੋਜ਼ਾ ਦਿੱਲੀ ਦੌਰੇ ਦੇ ਹਫਤੇ ਅੰਦਰ ਹੋ ਰਿਹਾ ਹੈ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਚੀਨੀ ਮੀਡੀਆ ’ਚ ਓਬਾਮਾ ਦੇ ਭਾਰਤ ਦੌਰੇ ਖ਼ਿਲਾਫ਼ ਕਈ ਲੇਖ ਛਪੇ ਸਨ ਜਿਨ੍ਹਾਂ ’ਚ ਦੋਸ਼ ਲਾਇਆ ਗਿਆ ਸੀ ਕਿ ਓਬਾਮਾ ਚੀਨ ਅਤੇ ਭਾਰਤ ਵਿਚਕਾਰ ਤਰੇੜ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਵੈਂਗ ਨਾਲ ਮੁਲਾਕਾਤ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਨੇ ਮੰਤਰੀ ਵੈਂਗ ਜਿਆਰੂਈ ਨਾਲ ਮੁਲਾਕਾਤ ਕਰਕੇ ਕਮਿਊਨਿਸਟ ਪਾਰਟੀ ਆਫ਼ ਚਾਈਨਾ ਅਤੇ ਭਾਜਪਾ ਵਿਚਕਾਰ ਪਾਰਟੀ ਪੱਧਰ ’ਤੇ ਸਬੰਧ ਬਣਾਉਣ ਬਾਰੇ ਵਿਚਾਰਾਂ ਕੀਤੀਆਂ। ਭਾਰਤੀ ਵਿਦੇਸ਼ ਮੰਤਰੀ ਨਾਲ ਨਵੇਂ ਬਣੇ ਵਿਦੇਸ਼ ਸਕੱਤਰ ਐਸ ਜੈਸ਼ੰਕਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਚੀਨ ਆਏ ਹੋਏ ਹਨ। ਸ੍ਰੀਮਤੀ ਸਵਰਾਜ ਨੇ ਇੰਡੀਅਨ ਕਮਿਊਨਿਟੀ ਆਫ਼ ਪੇਇਚਿੰਗ (ਆਈ ਸੀਬੀ) ਨੂੰ ਭਾਰਤ ਸਫਾਰਤਖਾਨੇ ’ਚ ਸੰਬੋਧਨ ਕੀਤਾ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਮੋਦੀ ਵੱਲੋਂ ਆਰੰਭੀਆਂ ਗਈਆਂ ਸਵੱਛ ਭਾਰਤ ਸਵੱਛ ਗੰਗਾ ਅਤੇ ਬੇਟੀ ਬਚਾਓ- ਬੇਟੀ ਪੜ੍ਹਾਓ ਮੁਹਿੰਮਾਂ ’ਚ ਸ਼ਾਮਲ ਹੋ ਕੇ ਭਾਰਤ ਦੀ ਤਰੱਕੀ ’ਚ ਯੋਗਦਾਨ ਪਾਉਣ। ਉਨ੍ਹਾਂ ਦੂਜੇ ਭਾਰਤ-ਚੀਨ ਮੀਡੀਆ ਫੋਰਮ ’ਚ ਵੀ ਹਾਜ਼ਰੀ ਭਰੀ ਅਤੇ ‘ਏਸ਼ੀਅਨ ਸ਼ਤਾਬਦੀ’ ਦੇ ਸੁਫਨੇ ਨੂੰ ਪੂਰਾ ਕਰਨ ਲਈ ਭਾਰਤ-ਚੀਨ ਸਬੰਧਾਂ ਦੀ ਬਿਹਤਰੀ ਲਈ ਛੇ ਨੁਕਤਿਆਂ ਦੀ ਤਜਵੀਜ਼ ਵੀ ਰੱਖੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਕਈ ਮੁੱਦੇ ਵਿਚਾਰੇ