ਵਿਸ਼ਵ ਨੂੰ ਮਿਲ਼ਿਆ ਪਹਿਲਾ ਸਿੱਖ ਸੁਪਰ ਹੀਰੋ ਦੀਪ ਸਿੰਘ

ਸਾਨ ਫ਼ਰਾਂਸਿਸਕੋ, 26 ਫ਼ਰਵਰੀ (ਏਜੰਸੀ) : ਵਿਸ਼ਵ ਨੂੰ ਅਖ਼ੀਰ ਪਹਿਲਾ ਸਿੱਖ ਸੁਪਰ ਹੀਰੋ ਦੀਪ ਸਿੰਘ ਮਿਲ਼ ਗਿਆ ਹੈ। ਉਸ ਦੇ ਕੋਈ ਵਿਸ਼ੇਸ਼ ਕੱਪੜੇ, ਨਕਾਬ ਜਾਂ ਹੋਰ ਕੋਈ ਪੁਸ਼ਾਕ ਨਹੀਂ ਹੈ। ਉਸ ਦੀ ਪਛਾਣ ਉਸ ਦੀ ਦਸਤਾਰ ਹੈ। ਦੀਪ ਸਿੰਘ ਅਰੰਭ ’ਚ ਤਾਲਿਬਾਨ ਨਾਲ਼ ਲੜਦਾ ਦਿਸੇਗਾ। ਮਾਰਚ ਮਹੀਨੇ ਸੁਪਰ ਸਿੱਖ ਦਾ ਪਹਿਲਾ ਅੰਕ ਸਮੁੱਚੇ ਵਿਸ਼ਵ ’ਚ ਰਿਲੀਜ਼ ਹੋ ਜਾਵੇਗਾ। ਉਹ ਭਾਰਤੀ ਮੂਲ ਦੇ ਸੁਪਰ ਏਜੰਟ ਵਜੋਂ ਵਿਚਰੇਗਾ। ਐਲਵਿਸ ਦਾ ਬਹੁਤ ਵੱਡਾ ਪ੍ਰਸ਼ੰਸਕ ਦੀਪ ਸਿੰਘ ਗਰੇਸਲੈਂਡ ਦੀ ਯਾਤਰਾ ਕਰਦਾ ਹੈ ਤੇ ਉਥੇ ਉਹ ਤਾਲਿਬਾਨ ਦੇ ਏਜੰਟਾਂ ਨਾਲ਼ ਲੜਦਾ ਹੈ। ਉਹ ਉਸ ਦਾ ਪਿੱਛਾ ਕਰਦੇ ਹਨ ਅਤੇ ਉਸ ਦੀ ਜਾਨ ਲੈਣਾ ਚਾਹੁੰਦੇ ਹਨ। ਬੇਅ ਏਰੀਆ ਦੀ ਕੌਮਿਕ ਬੁੱਕ ਲੇਖਕਾ ਏਲੀਨ ਐਲਡਨ ਅਤੇ ਸਿਲੀਕੌਨ ਵੈਲੀ ਦੇ ਐਗਜ਼ੀਕਿਊਟਿਵ ਸੁਪ੍ਰੀਤ ਸਿੰਘ ਮਨਚੰਦਾ ਨੇ ਇਸ ਨੂੰ ਸਿਰਜਿਆ ਹੈ। ਇਸੇ ਜੋੜੀ ਨੇ ਪਿੱਛੇ ਜਿਹੇ ਪਹਿਲੇ ਦਸਤਾਰਧਾਰੀ ਸਿੱਖ ਸੁਪਰ ਹੀਰੋ ਨੂੰ ਸਜੀਵ ਰੂਪ ਦੇਣ ਦੀ ਮੁਹਿੰਮ ਵਿੱਢੀ ਸੀ। 27 ਘੰਟਿਆਂ ’ਚ ਉਨ੍ਹਾਂ ਨੇ ਪਹਿਲੇ ਅੰਕ ਦਾ ਮੈਟਰ ਤਿਆਰ ਕਰ ਲਿਆ ਸੀ। ਫ਼ਰਵਰੀ ਮਹੀਨੇ ’ਚ ਉਨ੍ਹਾਂ ਨੇ ਆਪਣੀ ‘ਕਿੱਕਸਟਾਰਟਰ’ ਮੁਹਿੰਮ ਰਾਹੀਂ 5 ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਮਿਥਿਆ ਸੀ ਪਰ ਹੁਣ ਉਨ੍ਹਾਂ ਨੇ 22 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕਰ ਲਈ ਹੈ। ਇਸ ਰਕਮ ਨਾਲ਼ ‘ਸੁਪਰ ਸਿੱਖ’ ਦੇ ਪਹਿਲੇ ਤਿੰਨ ਅੰਕ ਆਸਾਨੀ ਨਾਲ਼ ਨਿੱਕਲ਼ ਜਾਣਗੇ। ਐਲਡਨ ਅਤੇ ਮਨਚੰਦਾ ਦਾ ਸਾਥ ਪੁਰਸਕਾਰ ਜੇਤੂ ਇਲਸਟਰੇਟਰ (ਜੋ ਚਿੱਤਰਾਂ ਰਾਹੀਂ ਸਾਰੀ ਕਹਾਣੀ ਸਮਝਾਉਂਦਾ ਹੈ) ਅਮਿਤ ਤਾਇਲ ਨੇ ਦਿੱਤਾ ਹੈ। ਅਮਿਤ ਤਾਇਲ ਦਾ ਕੰਮ ਕੌਮਾਂਤਰੀ ਪੱਧਰ ’ਤੇ ਪ੍ਰਕਾਸ਼ਿਤ ਹੋ ਚੁੱਕਾ ਹੈ।

ਸਮੁੱਚੇ ਵਿਸ਼ਵ ’ਚ ਸਿੱਖਾਂ ਦੀ ਆਬਾਦੀ 2 ਕਰੋੜ 80 ਲੱਖ ਹੈ ਤੇ ਉਨ੍ਹਾਂ ਵਿਚੋਂ ਪੰਜ ਲੱਖ ਅਮਰੀਕਾ ’ਚ ਰਹਿ ਰਹੇ ਹਨ। ਕੌਮਿਕ-ਬੁੱਕ-ਰਿਲੀਜਨ ਡਾੱਟ ਕਾੱਮ ਅਨੁਸਾਰ ਦੁਨੀਆਂ ’ਚ ਕੌਮਿਕ ਪੁਸਤਕਾਂ ਵਿੱਚ ਇਸ ਵੇਲੇ 20 ਦਸਤਾਰਧਾਰੀ ਸਿੱਖ ਹੀਰੋ (ਨਾਇਕ) ਅਤੇ ਵਿਲੇਨ (ਖਲਨਾਇਕ) ਪਾਏ ਜਾਂਦੇ ਹਨ। ਪਰ ਦੀਪ ਸਿੰਘ ਉਨ੍ਹਾਂ ਸਭਨਾਂ ਵਿਚੋਂ ਇੱਕ ‘ਸੁਪਰ ਹੀਰੋ’ ਵਜੋਂ ਨਿੱਖੜ ਕੇ ਸਾਹਮਣੇ ਆਵੇਗਾ। ਸੀ ਬੀ ਐਸ ਦੀ ਰਿਪੋਰਟ ਅਨੁਸਾਰ ਦੀਪ ਸਿੰਘ ਇੱਕ ਬੇਹੱਦ ਹੁਨਰਮੰਦ, ਚੁਸਤ ਅਤੇ ਇੰਗਲੈਂਡ ਦਾ ਸਪੈਸ਼ਲ ਏਅਰ ਸਰਵਿਸ ਏਜੰਟ ਹੋਵੇਗਾ। ਉਹ ਜੇਮਸ ਬਾਂਡ ਦਾ ਬਦਲ ਹੋਵੇਗਾ। ਪਰ ਦੀਪ ਸਿੰਘ ਦੇ ਸਿਰਜਕਾਂ ਦਾ ਕਹਿਣਾ ਹੈ ਕਿ ਉਹ ਨਿਵੇਕਲੀ ਕਿਸਮ ਦਾ ਨਾਇਕ ਹੋਵੇਗਾ – ‘‘ਇੱਕ ਦਸਤਾਰਧਾਰੀ ਆਧੁਨਿਕ ਨਾਇਕ ਜੋ ਐਲਵਿਸ ਨੂੰ ਪਿਆਰ ਕਰਦਾ ਹੈ ਅਤੇ ਮਾੜੇ ਲੋਕਾਂ ਨੂੰ ਨਫ਼ਰਤ ਕਰਦਾ ਹੈ। ਉਹ ਸਿੱਖ ਕਦਰਾਂ ਕੀਮਤਾਂ ਦਾ ਪੂਰਾ ਖ਼ਿਆਲ ਰਖਦਾ ਹੈ ਅਤੇ ਉਹ ਇਸ ਗੁੰਝਲ਼ਦਾਰ ਆਧੁਨਿਕ ਵਿਸ਼ਵ ਵਿੱਚ ਵਿਚਰਦਾ ਹੈ।’’ ਆਸ ਕੀਤੀ ਜਾਂਦੀ ਹੈ ਕਿ ਇਹ ਕਿਰਦਾਰ ਨਿਸ਼ਚਤ ਤੌਰ ’ਤੇ ਸਿੱਖ ਧਰਮ, ਸਿੱਖ ਕੌਮ ਅਤੇ ਸਿੱਖ ਸਭਿਆਚਾਰ ਬਾਰੇ ਦੁਨੀਆਂ ਭਰ ਦੇ ਆਮ ਲੋਕਾਂ ਨੂੰ ਜਾਣੂ ਕਰਵਾਏਗਾ। 9/11 ਦੇ ਹਮਲਿਆਂ ਤੋਂ ਬਾਅਦ ਦੁਨੀਆਂ ਵਿੱਚ ਦਸਤਾਰਧਾਰੀ, ਦਾੜ੍ਹੀ ਵਾਲ਼ੇ ਅਤੇ ਸਿਰ ’ਤੇ ਸਕਾਰਫ਼ ਬੰਨ੍ਹਣ ਵਾਲ਼ੇ ਵਿਅਕਤੀਆਂ ਉਤੇ ਅਨੇਕਾਂ ਹਮਲੇ ਹੋ ਚੁੱਕੇ ਹਨ।

ਪੱਛਮੀ ਦੇਸ਼ਾਂ ਦੀ ਆਮ ਜਨਤਾ ਨੂੰ ਇਹ ਵੀ ਪਤਾ ਨਹੀਂ ਹੈ ਕਿ ਸਿੱਖ ਧਰਮ ਦਾ ਇਸਲਾਮ ਨਾਲ਼ ਕੋਈ ਸਬੰਧ ਨਹੀਂ ਹੈ ਤੇ ਜ਼ਿਆਦਾਤਰ ਸਿੱਖਾਂ ਨੂੰ ‘ਮੁਸਲਿਮ ਦਹਿਸ਼ਤਗਰਦ’ ਸਮਝਣ ਦਾ ਭੁਲੇਖਾ ਪਾਇਆ ਜਾਂਦਾ ਹੈ। 2011 ’ਚ ਏਲਕ ਗਰੋਵ ਦੇ ਦੋ ਸਿੱਖਾਂ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ। ਸ੍ਰੀ ਮਨਚੰਦਾ ਨੇ ਵੀ ਦੱਸਿਆ ਕਿ ਉਹ ਜਦੋਂ ਛੋਟੇ ਹੁੰਦੇ ਸਨ, ਤਦ ਉਨ੍ਹਾਂ ਨਾਲ਼ ਅਨੇਕਾਂ ਵਾਰ ਧੱਕੇਸ਼ਾਹੀ ਹੋਈ ਸੀ। ਕੁੱਝ ਅਜਿਹੇ ਕਾਰਣਾਂ ਕਰ ਕੇ ਉਨ੍ਹਾਂ ਇਸ ਸੁਪਰ ਸਿੱਖ ਕਿਰਦਾਰ ਨੂੰ ਸਿਰਜਿਆ ਹੈ। ਉਨ੍ਹਾਂ ਓਕਲੈਂਡ ਡਾੱਟ ਨੈਟ ਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇੱਕ ਅਜਿਹਾ ਕਿਰਦਾਰ ਸਿਰਜਣਾ ਚਾਹੁੰਦੇ ਸਨ, ਜੋ ਇੱਕ ਸਿੱਖ ਹੋਵੇ। ‘‘ਪਰ ਮੈਨੂੰ ਅਜਿਹਾ ਕੋਈ ਵਿਅਕਤੀ ਨਾ ਮਿਲ਼ਿਆ, ਜੋ ਇਸ ਨੂੰ ਲਿਖ ਸਕੇ ਤੇ ਉਸ ਬਾਰੇ ਕੋਈ ਧਾਰਨਾ ਕਾਇਮ ਕਰ ਸਕੇ। ਬੱਸ ਮੈਨੂੰ ਏਲੀਨ ਦੀ ਲੋੜ ਸੀ।’

Leave a Reply

Your email address will not be published.