ਯੂਪੀਏ ਵੱਲੋਂ ਪਾਸ ਕੀਤਾ ਭੂਮੀ ਕਾਨੂੰਨ ਨੁਕਸਦਾਰ ਸੀ : ਅਰੁਣ ਜੇਤਲੀ


ਨਵੀਂ ਦਿੱਲੀ, 26 ਫਰਵਰੀ (ਏਜੰਸੀ) : ਸਰਕਾਰ ਨੇ ਅੱਜ ਕਿਹਾ ਹੈ ਕਿ ਉਹ ਭੂਮੀ ਗ੍ਰਹਿਣ ਸਣੇ ਹੋਰ ਕੋਈ ਆਰਡੀਨੈਂਸ ਵਾਪਸ ਨਹੀਂ ਲੈ ਰਹੀ ਪਰ ਆਮ ਬਜਟ ਮਗਰੋਂ ਸੰਸਦ ਵਿੱਚ ਪੇਸ਼ ਹੋਣ ਵਾਲੇ ਇਨ੍ਹਾਂ ਬਿੱਲਾਂ ਉਪਰ ਆਉਣ ਵਾਲੇ ਸੁਝਾਵਾਂ ਦਾ ਸੁਆਗਤ ਕਰੇਗੀ। ਇਸੇ ਦੌਰਾਨ ਸਰਕਾਰ ਨੇ ਇਸ ਮੁੱਦੇ ’ਤੇ ਕਾਂਗਰਸ ਦੀ ਦੂਹਰੀ ਨੀਤੀ ਦੀ ਆਲੋਚਨਾ ਕੀਤੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ. ਵੈਂਕਈਆ ਨਾਇਡੂ ਨੇ ਭਰੋਸਾ ਪ੍ਰਗਟਾਇਆ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਕਦਮ ਅੱਗੇ ਵਧਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਉਸ ਵੱਲੋਂ ਆਪਣੇ ਸਾਰੇ ‘ਦੋਸਤਾਂ’, ਸਹਿਯੋਗੀਆਂ ਤੇ ਸਮਰਥਕਾਂ ਨੂੰ ਇਸ ਲਈ ਸਹਿਮਤ ਕੀਤਾ ਜਾਵੇਗਾ। ਸ੍ਰੀ ਨਾਇਡੂ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਰਕਾਰ ਕੋਈ ਵੀ ਆਰਡੀਨੈਂਸ ਵਾਪਸ ਨਹੀਂ ਲੈ ਰਹੀ ਚਾਹੇ ਉਹ ਭੂਮੀ ਗ੍ਰਹਿਣ ਹੋਵੇ, ਕੋਲਾ ਆਰਡੀਨੈਂਸ ਹੋਵੇ ਜਾਂ ਖਾਦ ਤੇ ਖਣਿਜ ਆਰਡੀਨੈਂਸ ਤੇ ਈ-ਰਿਕਸ਼ਾ ਆਰਡੀਨੈਂਸ ਹੋਵੇ। ਇਨ੍ਹਾਂ ਸਾਰਿਆਂ ਨੂੰ ਬਹਿਸ, ਚਰਚਾ ਤੇ ਫੈਸਲੇ ਲਈ ਸੰਸਦ ਵਿੱਚ ਰੱਖਿਆ ਜਾਵੇਗਾ। ਉਹੀ ਇਨ੍ਹਾਂ ਬਾਰੇ ਫੈਸਲਾ ਕਰੇਗੀ। ਇਹ ਸਾਰੇ ਬਜਟ ਮਗਰੋਂ ਲਿਆਂਦੇ ਜਾਣਗੇ ਤੇ ਇਨ੍ਹਾਂ ਦੇ ਸਮੇਂ ਕੰਮਕਾਜ ਸਲਾਹਕਾਰ ਕਮੇਟੀ ਤੈਅ ਕਰੇਗੀ।’’

ਮੰਤਰੀ ਨੇ ਕਿਹਾ ਕਿ ਕਾਂਗਰਸ ਆਰਡੀਨੈਂਸ ਬਾਰੇ ਦੋਹਰੀ ਨੀਤੀ ’ਤੇ ਚੱਲ ਰਹੀ ਹੈ। ਉਹ ਆਪ ਆਰਡੀਨੈਂਸ ’ਤੇ ਸਰਕਾਰਾਂ ਚਲਾਉਂਦੀ ਰਹੀ ਹੈ ਤੇ ਹੁਣ ਇਨ੍ਹਾਂ ਬਾਰੇ ਗਲਤ ਪ੍ਰਚਾਰ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਯੂਪੀਏ ਸਰਕਾਰ ਵੱਲੋਂ ਲਿਆਂਦਾ ਗਿਆ ਭੂਮੀ ਕਾਨੂੰਨ ਨੁਕਸਦਾਰ ਸੀ ਤੇ ਇਸ ਨਾਲ ਦੇਸ਼ ਦੀ ਸੁਰੱਖਿਆ ਖ਼ਤਰੇ ਵਿੱਚ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਯੂਪੀਏ ਵੱਲੋਂ ਲਿਆਂਦੇ ਕਾਨੂੰਨ ਨਾਲ ਪਾਕਿਸਤਾਨ ਨੂੰ ਪਤਾ ਲੱਗ ਸਕਦਾ ਸੀ ਕਿ ਰੱਖਿਆ ਪ੍ਰਾਜੈਕਟ ਕਿੱਥੇ ਲੱਗਣ ਵਾਲਾ ਹੈ। ਹੁਣ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਗਲਤੀ ਨੂੰ ਠੀਕ ਕਰ ਦਿੱਤਾ ਹੈ। ਭੂਮੀ ਗ੍ਰਹਿਣ ਬਿੱਲ ਬਾਰੇ ਸੁਝਾਅ ਮੰਗਣ ਵਾਲੇ ਭਾਜਪਾ ਦੇ ਪੈਨਲ ਨੂੰ ਵੱਖ- ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਸਾਫ਼ ਹੋਇਆ ਹੈ ਕਿ ਕਿਸਾਨਾਂ ਨੇ ਸੋਧਾਂ ਨੂੰ ਘਾਤਕ ਕਰਾਰ ਦਿੱਤਾ ਹੈ। ਪਾਰਟੀ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਤਪਾਲ ਮਲਿਕ, ਜੋ ਅੱਠ ਮੈਂਬਰੀ ਪੈਨਲ ਦੇ ਕਨਵੀਨਰ ਹਨ, ਨੇ ਕਿਹਾ, ‘‘ਅਸੀਂ ਵੱਖ-ਵੱਖ ਯੂਨੀਅਨਾਂ ਤੇ ਖੇਤੀਬਾੜੀ ਨਾਲ ਸਬੰਧਤ ਸੰਗਠਨਾਂ ਨਾਲ ਮੀਟਿੰਗ ਕਰ ਰਹੇ ਹਾਂ। ਇਨ੍ਹਾਂ ਦੇ ਆਰਡੀਨੈਂਸ ਦੀਆਂ ਕੁਝ ਮੱਦਾਂ ’ਤੇ ਇਤਰਾਜ਼ ਹਨ। ਅਸੀਂ ਇਸ ਬਾਰੇ ਪਾਰਟੀ ਨੂੰ ਜਾਣੂ ਕਰਵਾ ਦਿਆਂਗੇ।’’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯੂਪੀਏ ਵੱਲੋਂ ਪਾਸ ਕੀਤਾ ਭੂਮੀ ਕਾਨੂੰਨ ਨੁਕਸਦਾਰ ਸੀ : ਅਰੁਣ ਜੇਤਲੀ