ਮੋਦੀ-ਓਬਾਮਾ ਦੋਸਤੀ ਲਿਆਈ ਰੰਗ, ਪਰਮਾਣੂ ਸਮਝੌਤੇ ’ਤੇ ਅਮਲ ਦਾ ਰਾਹ ਪੱਧਰਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ) : ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਮੀਲ ਦਾ ਪੱਥਰ ਸਾਬਤ ਹੋਇਆ ਗ਼ੈਰ ਫੌਜੀ ਪਰਮਾਣੂ ਸਮਝੌਤਾ ਲਾਗੂ ਕਰਨ ਦੀ ਦਿਸ਼ਾ ਵਿੱਚ ਅੱਜ ਦੋਵਾਂ ਮੁਲਕਾਂ ਨੇ ਸੱਤ ਸਾਲ ਲੰਮੀ ਖੜੋਤ ਤੋੜ ਦਿੱਤੀ। ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਗੱਲਬਾਤ ਮਗਰੋਂ ਇਹ ਸਮਝੌਤਾ ਸਿਰੇ ਚੜ੍ਹਨ ਦਾ ਐਲਾਨ ਕੀਤਾ ਗਿਆ। ਦੋਵੇਂ ਮੁਲਕ ਹਾਦਸੇ ਕਾਰਨ ਪਰਮਾਣੂ ਰਿਐਕਟਰਾਂ ਦੇ ਸਪਲਾਇਰ ਦੀ ਜ਼ਿੰਮੇਵਾਰੀ ਨਾਲ ਸਬੰਧਤ ਮਾਮਲੇ ਵਿੱਚ ਆਉਂਦੇ ਅੜਿੱਕੇ ਅਤੇ ਪ੍ਰਸਤਾਵਿਤ ਪਰਮਾਣੂ ਪਲਾਂਟਾਂ ਲਈ ਅਮਰੀਕਾ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਬਾਲਣ ਦੀ ਨਿਗਰਾਨੀ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਨ ਬਾਰੇ ਸਹਿਮਤ ਹੋ ਗਏ। ਸ੍ਰੀ ਓਬਾਮਾ ਨੇ ਇਸ ਨੂੰ ਅਹਿਮ ਮੋੜ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਤੇ ਭਾਰਤੀ ਪ੍ਰਧਾਨ ਮੰਤਰੀ ਵਿਚਾਲੇ ਤਿੰਨ ਘੰਟੇ ਚੱਲੀ ਮੀਟਿੰਗ ਮਗਰੋਂ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਕਿਹਾ, ‘‘ਕਈ ਸਾਲਾਂ ਤੋਂ ਆਈ ਖੜੋਤ ਅਸੀਂ ਤੋੜ ਦਿੱਤੀ ਹੈ। ਅਸੀਂ ਇਸ ਬਾਰੇ ਸਮਝੌਤਾ ਸਿਰੇ ਚਾੜ੍ਹ ਲਿਆ ਹੈ।’’

ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਕਿ ਅੱਜ ਦੀ ਰਾਤ ਜ਼ਿੰਮੇਵਾਰੀ ਤੇ ਨਿਗਰਾਨੀ ਦੋਵਾਂ ਮੁੱਦਿਆਂ ਬਾਰੇ ਅਮਰੀਕੀ ਤੌਖਲਿਆਂ ਦਾ ਹੱਲ ਹੋ ਗਿਆ ਹੈ। ਕੌਮੀ ਸੁਰੱਖਿਆ ਬਾਰੇ ਅਮਰੀਕਾ ਦੇ ਉਪ ਸਲਾਹਕਾਰ ਬੇਨ ਰੋਡਜ਼ ਨੇ ਅਮਰੀਕੀ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀਆਂ ਵੱਲੋਂ ਇਸ ਦਿਸ਼ਾ ਵਿੱਚ ਸਾਨੂੰ ਦਿਵਾਇਆ ਯਕੀਨ ਕਾਫੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਅਮਰੀਕੀ ਕੰਪਨੀਆਂ ’ਤੇ ਨਿਰਭਰ ਕਰੇਗਾ ਕਿ ਕੀ ਉਹ ਇਸ ਬਾਜ਼ਾਰ ਵਿੱਚ ਪਹੁੰਚ ਅਤੇ ਭਾਰਤ ਦੇ ਪਰਮਾਣੂ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਹਨ ਜਾਂ ਨਹੀਂ। ਦੋਵਾਂ ਆਗੂਆਂ ਵਿਚਾਲੇ ਹੋਏ ਸਮਝੌਤਿਆਂ ਨੂੰ ਮੁਕੰਮਲ ਕਰਨ ਲਈ ਦੋਵਾਂ ਵਿੱਚੋਂ ਕਿਸੇ ਨੂੰ ਵੀ ਵਿਧਾਨਕ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਆਪਣੇ ਵਿਰੋਧਾਭਾਸੀ ਸੁਭਾਅ ਕਾਰਨ ਇਹ ਪਰਮਾਣੂ ਸਮਝੌਤਾ ਓਬਾਮਾ-ਮੋਦੀ ਗੱਲਬਾਤ ਦਾ ਕੇਂਦਰ ਬਿੰਦੂ ਸੀ ਪਰ ਦੋਵਾਂ ਆਗੂਆਂ ਨੇ ਆਪਸੀ ਸੂਝ-ਬੂਝ ਨਾਲ ਨਾ ਸਿਰਫ ਇਸ ਮਸਲੇ ਨਾਲ ਚੰਗੀ ਤਰ੍ਹਾਂ ਸਿੱਝਿਆ, ਸਗੋਂ ਰੱਖਿਆ ਸਣੇ ਕਈ ਹੋਰ ਖੇਤਰਾਂ ਵਿੱਚ ਸਹਿਯੋਗ ਲਈ ਵੀ ਸਹਿਮਤੀ ਬਣਾਈ।

ਸ੍ਰੀ ਓਬਾਮਾ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿੱਚ ਰੱਖਿਆ ਭਾਈਵਾਲੀ ਦੀ ਦਿਸ਼ਾ ਵਿੱਚ ਪ੍ਰਗਤੀ ਹੋਈ ਹੈ ਅਤੇ ਇਸ ਦਿਸ਼ਾ ਵਿੱਚ ਕਾਰਜਸ਼ੀਲ ਸਮਝੌਤੇ ਨੂੰ ਹੋਰ 10 ਸਾਲਾਂ ਲਈ ਨਵਿਆਉਣ ਦਾ ਫੈਸਲਾ ਹੋਇਆ। ਦੋਵੇਂ ਮੁਲਕ ਆਧੁਨਿਕ ਕਿਸਮ ਦੇ ਰੱਖਿਆ ਉਪਕਰਨਾਂ ਦੇ ਪ੍ਰਾਜੈਕਟਾਂ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਤੇ ਸਾਂਝੇ ਤੌਰ ਉੱਤੇ ਉਤਪਾਦਨ ਕਰਨ ਲਈ ਵੀ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨਾਲ ਘਰੇਲੂ ਰੱਖਿਆ ਸਨਅਤ ਨੂੰ ਅਪਗ੍ਰੇਡ ਕਰਨ ਅਤੇ ਭਾਰਤ ਵਿੱਚ ਮੈਨੂਫੈਕਚਰਿੰਗ ਸੈਕਟਰ ਦੇ ਵਿਸਤਾਰ ਵਿੱਚ ਮਦਦ ਮਿਲੇਗੀ। ਆਧੁਨਿਕ ਰੱਖਿਆ ਤਕਨੀਕਾਂ ਦੇ ਹੋਰ ਖੇਤਰਾਂ ਵਿੱਚ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਕਿਹਾ ਕਿ ਜ਼ਿੰਮੇਵਾਰੀ ਤੇ ਨਿਗਰਾਨੀ ਦੇ ਦੋਵਾਂ ਮੁੱਦਿਆਂ ’ਤੇ ਅਮਰੀਕਾ ਨੂੰ ਯਕੀਨਦਹਾਨੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ 123 (ਨਿਗਰਾਨੀ) ਐਕਟ ਤਹਿਤ ਸਿਰੇ ਚੜ੍ਹੀਆਂ ਜ਼ਿੰਮੇਵਾਰੀਆਂ ਓਟਣ ਦੀਆਂ ਤਜਵੀਜ਼ਾਂ ਅਤੇ ਪ੍ਰਸ਼ਾਸਕੀ ਪ੍ਰਬੰਧ, ਸਾਡੇ ਦੁਵੱਲੇ ਕਾਨੂੰਨੀ ਪ੍ਰਬੰਧ ਤੇ ਠੇਕਿਆਂ ਅਤੇ ਆਈ.ਏ.ਈ.ਏ. ਦੇ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਭਾਰਤ ਵਿੱਚ ਆਧੁਨਿਕ ਜੈੱਟ ਜਹਾਜ਼ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਸਮੇਤ ਰੱਖਿਆ ਤਕਨੀਕ ਤਬਾਦਲਾ ਪਹਿਲਕਦਮੀ (ਡੀ.ਟੀ.ਟੀ.ਆਈ.) ਤਹਿਤ ਚਾਰ ਪ੍ਰਾਜੈਕਟਾਂ ਲਈ ਸਹਿਮਤ ਹੋਏ। ਹੈਦਰਾਬਾਦ ਹਾਊਸ ਦੇ ਨਿੱਘੇ ਮਾਹੌਲ ਵਿੱਚ ਕਦਮ ਨਾਲ ਕਦਮ ਮੇਚਦਿਆਂ ਓਬਾਮਾ ਤੇ ਮੋਦੀ ਦੀ ਗੱਲਬਾਤ ਦਾ ਨਿਚੋੜ ਪਰਮਾਣੂ ਸਮਝੌਤਾ ਨੇਪਰੇ ਚਾੜ੍ਹਨਾ ਹੀ ਰਿਹਾ।

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਭਾਵੇਂ ਅਮਰੀਕਾ ਤੇ ਭਾਰਤ ਵਿਚਾਲੇ ਵਪਾਰ 100 ਅਰਬ ਅਮਰੀਕੀ ਡਾਲਰ ਦੇ ਰਿਕਾਰਡ ਨੂੰ ਛੂਹ ਗਿਆ ਹੈ ਪਰ ਉਹ ਇਸ ਵਿੱਚ ਹੋਰ ਵਾਧੇ ਦੇ ਇੱਛੁਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਥੇ ਕੀਤੀ ਸਾਂਝੀ ਪੈ੍ਰਸ ਕਾਨਫਰੰਸ ਦੌਰਾਨ ਸ੍ਰੀ ਓਬਾਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੋਵੇਂ ਦੇਸ਼ਾਂ ਵਿੱਚ ਵਪਾਰ ਵਿੱਚ 60 ਫੀਸਦੀ ਦਾ ਵਾਧਾ ਹੋਇਆ ਹੈ ਪਰ ਉਹ ਇਸ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ (ਮੋਦੀ) ਵੱਲੋਂ ਭਾਰਤ ਵਿੱਚ ਕਾਰੋਬਾਰ ਸੁਖਾਲਾ ਕਰਨ ਦੀ ਦਿਸ਼ਾ ਵਿੱਚ ਕੀਤੇ ਸੁਧਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਵਪਾਰ ਤੇ ਵਿੱਤ ਭਾਈਵਾਲੀ ਦਾ ਕੇਂਦਰ ਬਿੰਦੂ ਲਾਜ਼ਮੀ ਤੌਰ ਉੱਤੇ ‘ਸਾਡੇ ਲੋਕਾਂ’ ਦੇ ਰੋਜ਼ਾਨਾ ਜੀਵਨ ਵਿੱਚ ਸੁਧਾਰ ਹੋਣਾ ਚਾਹੀਦਾ ਹੈ।

ਦੁਵੱਲੇ ਵਿੱਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਨੂੰ ਸਮਾਜਿਕ ਸੁਰੱਖਿਆ ਸਮਝੌਤੇ ਅਤੇ ਦੁਵੱਲੀ ਨਿਵੇਸ਼ ਸੰਧੀ ਬਾਰੇ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਇੱਥੇ ਸਾਂਝੀ ਪੈ੍ਰੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਓਬਾਮਾ ਤੇ ਉਹ (ਮੋਦੀ) ਇਸ ਗੱਲ ’ਤੇ ਸਹਿਮਤ ਹਨ ਕਿ ਦੋਵਾਂ ਦੇਸ਼ਾਂ ਵਿੱਚ ਰਣਨੀਤਕ ਭਾਈਵਾਲੀ ਦੀ ਸਫਲਤਾ ਲਈ ਮਜ਼ਬੂਤ ਤੇ ਵਧਦੇ ਵਿੱਤੀ ਸਬੰਧ ਅਹਿਮ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਪਾਸੇ ਵਪਾਰ ਦਾ ਵਾਤਾਵਰਨ ਸੁਧਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕਿਆਂ ਦੀ ਨਿਸ਼ਾਨਦੇਹੀ ਲਈ ਦੋਵੇਂ ਧਿਰਾਂ ਨੇ ਕਈ ਪ੍ਰਭਾਵਸ਼ਾਲੀ ਦੁਵੱਲੇ ਢਾਂਚੇ ਵਿਕਸਤ ਕੀਤੇ ਹਨ।

ਓਬਾਮਾ ਸਿਖਰ ਵਾਰਤਾ ਦੇ ਅਹਿਮ ਫ਼ੈਸਲੇ

  • ਭਾਰਤ ਨੇ 1500 ਕਰੋੜ ਰੁਪਏ ਦਾ ਜ਼ੋਖਮ ਪ੍ਰਬੰਧਨ ਬੀਮਾ ਪੂਲ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਚਾਰ ਜਨਰਲ ਬੀਮਾ ਕੰਪਨੀਆਂ 750 ਕਰੋੜ ਦਾ ਯੋਗਦਾਨ ਪਾਉਣਗੀਆਂ ਅਤੇ ਬਾਕੀ ਹਿੱਸਾ ਭਾਰਤ ਸਰਕਾਰ ਪਾਏਗੀ।
  • ਰਾਡਾਰ ਰੇਵਨ ਨਾਲ ਸੰਚਾਲਤ ਯੂ.ਏ.ਵੀ., ਸੀ-130-ਜੇ ਹਵਾਈ ਜਹਾਜ਼ ਲਈ ਨਿਗਰਾਨੀ ਉਪਕਰਨ, ਮੋਬਾਈਲ ਇਲੈਟ੍ਰਿਕ ਹਾਈਬ੍ਰਿਡ ਪਾਵਰ ਸੋਰਸਜ਼ ਤੇ ਫੌਜੀਆਂ ਲਈ ਸਾਂਝਾ ਏਕੀਕ੍ਰਿਤ ਕਮਾਂਡ ਸੈਂਟਰ।
  • ਦੋਵਾਂ ਮੁਲਕਾਂ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਾਂਝੀਆਂ ਫੌਜੀ ਮਸ਼ਕਾਂ ਵਿੱਚ ਤੇਜ਼ੀ ਆਵੇਗੀ।
  • ਭਾਰਤ ਵਿੱਚ ਆਧੁਨਿਕ ਜੈੱਟ ਜਹਾਜ਼ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ

Leave a Reply

Your email address will not be published. Required fields are marked *

Enable Google Transliteration.(To type in English, press Ctrl+g)