ਜਗਮੀਤ ਬਰਾੜ ਅੱਜ ਕਰਨਗੇ ਕਾਂਗਰਸ ਛੱਡਣ ਦਾ ਐਲਾਨ


ਚੰਡੀਗੜ੍ਹ, 4 ਜਨਵਰੀ (ਏਜੰਸੀ) : ਕਾਂਗਰਸ ਪਾਰਟੀ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਜਗਮੀਤ ਬਰਾੜ ਵੱਲੋਂ ਕਾਂਗਰਸ ਤੋਂ ਅਸਤੀਫਾ ਦੇਣ ਦੇ ਫੈਸਲੇ ਤੋਂ ਬਾਅਦ, ਕੋਟਕਪੂੁਰਾ ਤੋਂ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਵੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਇਹ ਪਤਾ ਲੱਗਾ ਹੈ ਕਿ ਜਗਮੀਤ ਭਲਕੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਨੂੰ ਛੱਡਣ ਦਾ ਐਲਾਨ ਕਰਨਗੇ। ਸੂਤਰਾਂ ਅਨੁਸਾਰ ਜਗਮੀਤ ਬਰਾੜ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਸੌਂਪ ਚੁੱਕਾ ਹੈ ਤੇ ਉਸ ਵੱਲੋਂ ਭਲਕੇ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਦਾ ਭਰਾ ਰਿਪਜੀਤ ਸਿੰਘ ਬਰਾੜ ਤੇ ਕੁਝ ਹੋਰ ਨਜ਼ਦੀਕੀ ਸਾਥੀ ਵੀ ਕਾਂਗਰਸ ਪਾਰਟੀ ਤੋਂ ਅਸਤੀਫੇ ਦੇ ਸਕਦੇ ਹਨ।

ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ 1999 ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਤੇ ਹੁਣ ਤੱਕ ਇਹ ਹੀ ਇਕ ਚੋਣ ਹੈ ਜੋ ਸੁਖਬੀਰ ਬਾਦਲ ਹਾਰਿਆ ਹੈ। ਜਗਮੀਤ ਦੀ ਖਾਸ਼ੀਅਤ ਇਹ ਹੈ ਕਿ ਮੁਕਤਸਰ ਇਲਾਕੇ ਵਿੱਚ ਉਸ ਨੇ ਬਾਦਲਾਂ ਦੇ ਵਿਰੁੱਧ ਕਈ ਵਾਰ ਚੋਣ ਲੜੀ ਹੈ ਤੇ ਉਹ ਕਮਾਲ ਦਾ ਬੁਲਾਰਾ ਹੈ ਤੇ ਐਲਐਲਬੀ ਹੈ। ਜਗਮੀਤ ਬਰਾੜ ਨੇ ਆਪਣਾ ਰਾਜਸੀ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਕੀਤਾ ਸੀ ਤੇ ਉਸ ਦਾ ਪਿਤਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੋਹਰੀ ਆਗੂ ਰਿਹਾ ਸੀ। ਜਗਮੀਤ ਬਰਾੜ ਦੇ ਰਾਜਸੀ ਭਵਿੱਖ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਤੇ ਉਹ ਕਿਸੇ ਵੀ ਕੀਮਤ ਉੱਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋ ਸਕਦਾ।

ਕਾਂਗਰਸ ਤੋਂ ਅਸਤੀਫ਼ਾ ਦੇਣ ਬਾਅਦ ਉਸ ਕੋਲ ਸਿਰਫ਼ ਤੇ ਸਿਰਫ਼ ਭਾਜਪਾ ਵਿੱਚ ਜਾਣ ਦਾ ਰਾਸਤਾ ਹੀ ਬਚਦਾ ਹੈ। ਉਸ ਨੂੰ ਭਾਜਪਾ ਸ਼ਾਮਲ ਕਰਨ ਲਈ ਕੁਝ ਮਹੀਨਿਆਂ ਤੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਮੋਦੀ ਮੰਤਰੀ ਮੰਡਲ ਵਿੱਚ ਪੇਂਡੂ ਵਿਕਾਸ ਮੰਤਰੀ ਚੌਧਰੀ ਬੀਰੇਂਦਰ ਸਿੰਘ ਉਸ ਦੇ ਚੰਗੇ ਮਿੱਤਰ ਹਨ ਅਤੇ ਇਹ ਵੀ ਹਕੀਕਤ ਹੈ ਕਿ ਉਸ ਨੂੰ ਚੌਧਰੀ ਬੀਰੇਂਦਰ ਸਿੰਘ ਦੇ ਨਾਲ ਹੀ ਪਿਛਲੇ ਸਾਲ ਅਗਸਤ ਵਿੱਚ ਕਾਂਗਰਸ ਤੋਂ ਮੁਅੱਤਲ ਕੀਤਾ ਗਿਆ ਸੀ। ਦੂਜੇ ਪਾਸੇ ਜਗਮੀਤ ਨੇ ਅਜੇ ਆਪਣੀਆਂ ਭਵਿੱਖ ਦੀਆਂ ਰਾਜਸੀ ਸਰਗਰਮੀਆਂ ਬਾਰੇ ਮਨ ਦੀ ਗੱਲ ਨਹੀਂ ਕੀਤੀ ਪਰ ਇਹ ਖ਼ਬਰਾਂ ਹਨ ਕਿ ਉਹ ਦਿੱਲੀ ਵਿੱਚ ਵਿਸ਼ੇਸ਼ ਤੌਰ ’ਤੇ ਉਸ ਲਈ ਕਰਵਾਏ ਸਮਾਗਮ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਰਾਜਸੀ ਤੌਰ ’ਤੇ ਇਹ ਗੱਲ ਬੇਹੱਦ ਰੁਚੀ ਭਰਪੂਰ ਹੈ ਕਿ ਭਾਜਪਾ ਅਜਿਹੇ ਸਿੱਖ ਆਗੂਆਂ ਦੀ ਪਿਛਲੇ ਕੁਝ ਮਹੀਨੇ ਤੋਂ ਭਾਲ ਵਿੱਚ ਹੈ, ਜੋ ਸੂਬੇ ਦੀ ਰਾਜਨੀਤੀ ਵਿੱਚ ਬਾਦਲ ਵਿਰੋਧੀਆਂ ਵਜੋਂ ਜਾਣੇ ਜਾਂਦੇ ਹੋਣ ਅਤੇ ਜਗਮੀਤ ਬਰਾੜ ਉਨ੍ਹਾਂ ਵਿੱਚੋਂ ਇਕ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਗਮੀਤ ਬਰਾੜ ਅੱਜ ਕਰਨਗੇ ਕਾਂਗਰਸ ਛੱਡਣ ਦਾ ਐਲਾਨ