ਪੰਜਾਬੀ ਸਭਿਆਚਾਰ ਦੇ ਝੰਡਾਬਰਦਾਰ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ


ਲੁਧਿਆਣਾ, 22 ਦਸੰਬਰ (ਏਜੰਸੀ) : ਪੰਜਾਬੀ ਸਭਿਆਚਾਰ ਦੇ ਥੰਮ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ। ਸਥਾਨਕ ਦਯਾਨੰਦ ਹਸਪਤਾਲ ਵਿੱਚ ਉਨ੍ਹਾਂ ਨੇ ਅੱਜ ਸਵੇਰੇ 8.30 ਵਜੇ ਆਖਰੀ ਸਾਹ ਲਿਆ। ਉਹ 79 ਸਾਲ ਦੇ ਸਨ। ਸ੍ਰੀ ਜੱਸੋਵਾਲ 24 ਨਵੰਬਰ ਤੋਂ ਹਸਪਤਾਲ ਵਿੱਚ ਇਲਾਜ ਲਈ ਦਾਖਲ ਸਨ। ਉਹ ਗੁਰਦਿਆਂ ਅਤੇ ਅਤੇ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਪੂਰੇ ਸੰਸਾਰ ਦੇ ਪੰਜਾਬੀਆਂ ਵਿੱਚ ਉਹ ਸਭਿਆਚਾਰਕ ਗਤੀਵਿਧੀਆਂ ਕਾਰਨ ਬਹੁਤ ਹਰਮਨ ਪਿਆਰੇ ਸਨ। ਅਤਿਵਾਦ ਦੇ ਸਮੇਂ ਵਿੱਚ ਜਦੋਂ ਪੱਤਾ ਵੀ ਨਹੀਂ ਸੀ ਹਿੱਲਦਾ, ਉਨ੍ਹਾਂ ਨੇ ਉਦੋਂ ਪੰਜਾਬ ਭਰ ਵਿੱਚ ਸਭਿਆਚਾਰਕ ਮੇਲੇ ਲਾ ਕੇ ਪੰਜਾਬ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹਰਭਜਨ ਮਾਨ, ਰਵਿੰਦਰ ਗਰੇਵਾਲ, ਹਰਬੰਸ ਸਹੋਤਾ ਤੋਂ ਲੈ ਕੇ ਸੈਂਕੜੇ ਗਾਇਕਾਂ ਦੀ ਸਰਪ੍ਰਸਤੀ ਕੀਤੀ ਅਤੇ ਇਨ੍ਹਾਂ ਨੂੰ ਉਂਗਲ ਫੜ ਕੇ ਕਲਾ ਦੀ ਦੁਨੀਆਂ ਵਿੱਚ ਤੋਰਿਆ।

ਜੱਸੋਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਕਲਾਕਾਰਾਂ ਅਤੇ ਸਿਆਸੀ ਆਗੂਆਂ ਦਾ ਤਾਂਤਾ ਲੱਗਿਆ ਰਿਹਾ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਯੂਥ ਆਗੂ ਅਮਰਜੀਤ ਸਿੰਘ ਟਿਕਾ, ਹਾਊਸਫੈੱਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ, ਗੁਰਚਰਨ ਸਿੰਘ ਦੱਦਾਹੂਰ, ਕੈਨੇਡਾ ਦੇ ਵਿਧਾਇਕ ਪੀਟਰ ਸੰਧੂ, ਕੌਂਸਲਰ ਕੁਲਵੰਤ ਸਿੰਘ ਦੁਖੀਆ, ਹਰਦਿਆਲ ਪ੍ਰਵਾਨਾ, ਗੁਰਦੇਵ ਲਾਪਰਾਂ, ਭਾਗ ਸਿੰਘ ਦਰਦੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਗਾਇਕ ਸੁਰਿੰਦਰ ਛਿੰਦਾ, ਜਸਵੰਤ ਸੰਦੀਲਾ, ਨਿੰਦਰ ਘੁਗਿਆਣਵੀ, ਦਲਜੀਤ ਬਾਗੀ, ਡਾ. ਐਸ.ਐਸ. ਦੁਸਾਂਝ, ਡਾ. ਐਸ.ਪੀ. ਸਿੰਘ, ਜਸਵੰਤ ਸਿੰਘ ਛਾਪਾ, ਪ੍ਰਗਟ ਸਿੰਘ ਗਰੇਵਾਲ ਤੇ ਕਿੱਕਰ ਡਾਲੇਵਾਲੀਆ ਆਦਿ ਸ਼ਾਮਲ ਸਨ। ਜੱਸੋਵਾਲ ਦੇ ਭਰਾ ਇੰਦਰਜੀਤ ਸਿੰਘ ਅਤੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ (23 ਦਸੰਬਰ) ਨੂੰ ਦੁਪਹਿਰ ਇਕ ਵਜੇ ਸ਼ਮਸ਼ਾਨਘਾਟ ਮਾਡਲ ਟਾਊਨ ਵਿਖੇ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਸਭਿਆਚਾਰ ਦੇ ਝੰਡਾਬਰਦਾਰ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ