ਚੰਡੀਗੜ੍ਹ ‘ਚ ਬਰਡ ਫਲੂ ਨੂੰ ਲੈ ਕੇ ਸਥਿਤੀ ਕਾਬੂ ‘ਚ


ਨਵੀਂ ਦਿੱਲੀ, 22 ਦਸੰਬਰ (ਏਜੰਸੀ) : ਚੰਡੀਗੜ੍ਹ ‘ਚ ਮਨੁੱਖਾਂ ਵਿੱਚ ਬਰਡ ਫਲੂ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਜਿਨ੍ਹਾਂ ਤਿੰਨ ਸ਼ੱਕੀ ਮਰੀਜ਼ਾਂ ਦੇ ਸੈਂਪਲ ਇੱਥੇ ਕੇਂਦਰੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ, ਉਨ੍ਹਾਂ ਨੂੰ ਇਹ ਵਾਇਰਲ ਇਨਫੈਕਸ਼ਨ ਨਹੀਂ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਅੰਸ਼ੂ ਪ੍ਰਕਾਸ਼ ਜਿਨ੍ਹਾਂ ਨੇ ਇਸ ਬਾਰੇ ਫੌਰੀ ਪ੍ਰਤੀਕਿਰਿਆ ਮੰਗੀ ਸੀ, ਨੇ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਤੋਂ ਜਿਹੜੇ ਤਿੰਨ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਉਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ। ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ, ਦਿੱਲੀ ਦੇ ਸੂਤਰਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਤਿੰਨ ਮਸ਼ਕੂਕ ਮਰੀਜ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਨਮੂਨੇ ਲਏ ਗਏ ਸਨ। ਇਨ੍ਹਾਂ ਮਰੀਜ਼ਾਂ ਵਿੱਚ ਸੁਖਨਾ ਝੀਲ ਦਾ ਇਕ ਬੋਟਮੈਨ, ਲਾਗ ਵਾਲੇ ਪੰਛੀ ਨੂੰ ਫੜਨ ਵਾਲੀ ਇਕ 20 ਸਾਲਾ ਔਰਤ ਤੇ ਇਕ ਹੋਰ ਪੁਰਸ਼ ਸ਼ਾਮਲ ਸਨ, ਜਿਨ੍ਹਾਂ ਦੀ ਸਾਹ ਨਾਲੀ ਦੇ ਉਪਰਲੇ ਹਿੱਸੇ ‘ਚ ਇਨਫੈਕਸ਼ਨ ਹੋਇਆ ਸੀ, ਪਰ ਜਾਂਚ ਮਗਰੋਂ ਐਚ5ਐਨ1 ਦੇ ਲੱਛਣ ਨਹੀਂ ਪਾਏ ਗਏ।
ਮੰਤਰਾਲੇ ਅਨੁਸਾਰ ਚੰਡੀਗੜ੍ਹ ‘ਚ ਮਨੁੱਖੀ ਸਿਹਤ ਪੱਖੋਂ ਹਾਲਾਤ ਠੀਕ ਹਨ ਤੇ ਸ਼ਹਿਰ ਦੇ ਹਰੇਕ ਵਾਸੀ, ਖਾਸਕਰ ਸੁਖਨਾ ਝੀਲ ਦੇ ਤਿੰਨ ਕਿਲੋਮੀਟਰ ਦੇ ਘੇਰੇ ‘ਚ ਰਹਿੰਦੇ ਲੋਕਾਂ ਨੂੰ ਵਧੇਰੇ ਤੇਜ਼ ਬੁਖਾਰ, ਉਪਰਲੀ ਤੇ ਹੇਠਲੀ ਸਾਹ ਨਾਲੀ ‘ਚ ਇਨਫੈਕਸ਼ਨ ਤੇ ਨਿਮੋਨੀਆ ਹੋਣ ਦੀ ਸੂਰਤ ‘ਚ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਜੇਪੀ ਨੱਡਾ ਨੇ ਅੱਜ ਕਿਹਾ ਕਿ 18 ਦਸੰਬਰ ਨੂੰ ਚੰਡੀਗੜ੍ਹ ਲਈ ਭੇਜੀ ਕੇਂਦਰੀ ਟੀਮ ਸਥਾਨਕ ਅਥਾਰਟੀ ਨਾਲ ਸਹਿਯੋਗ ਕਰਕੇ ਘਰ ਘਰ ਜਾ ਕੇ ਬਰਡ ਫਲੂ ਤੋਂ ਪ੍ਰਭਾਵਿਤ ਲੋਕਾਂ ਦਾ ਪਤਾ ਲਾਉਣ ਦਾ ਕੰਮ ਕਰ ਰਹੀ ਹੈ। ਸੁਖਨਾ ਝੀਲ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਮਾਰੇ ਗਏ ਜਾਨਵਰਾਂ ਦੀਆਂ ਵਿੱਠਾਂ, ਹੋਰ ਮਾਦਾ ਵਗਣ ਜਾਂ ਉਨ੍ਹਾਂ ਦੇ ਡਿੱਗਣ ਨਾਲ ਲੋਕ ਇਸ ਦੇ ਸੰਪਰਕ ‘ਚ ਆ ਗਏ ਹੋ ਸਕਦੇ ਹਨ। ਕੇਂਦਰੀ ਟੀਮ ਦਾ ਕਹਿਣਾ ਹੈੈ ਕਿ ਹੇਠਲੀ ਸਾਹ ਨਾਲੀ ਦੇ ਇਨਫੈਕਸ਼ਨ (ਨਿਮੋਨੀਆ); ਉਪਰਲੀ ਸਾਹ ਨਾਲੀ ਦੇ ਇਨਫੈਕਸ਼ਨ ਨਾਲੋਂ ਕਿਤੇ ਗੰਭੀਰ ਮਸਲਾ ਹੈ ਤੇ ਇਸ ਵਿੱਚ ਬਰਡ ਫਲੂ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਚੰਡੀਗੜ੍ਹ ‘ਚ ਅਪਰੇਸ਼ਨਾਂ ਦੀ ਮਾਨੀਟਰਿੰਗ ਕਰ ਰਹੇ ਸਿਹਤ ਮੰਤਰਾਲੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਕਿਸ ਵਿੱਚ ਵੀ ਨਿਮੋਨੀਏ ਦੇ ਲੱਛਣ ਪ੍ਰਗਟ ਹੁੰਦੇ ਹਨ, ਉਹ ਆਪਣੀ ਬੀਮਾਰੀ ਦੀ ਰਿਪੋਰਟ ਕਰਨ। ਲੋਕਾਂ ਨੂੰ ਇਨਫੈਕਸ਼ਨ ਵਾਲੀ ਥਾਂ ਨਹੀਂ ਜਾਣਾ ਚਾਹੀਦਾ ਤੇ ਕਿਸੇ ਲਾਗ ਵਾਲੀ ਬੱਤਖ ਨੂੰ ਹਾਲ ਹੀ ‘ਚ ਫੜਨ, ਦਾਣਾ ਖੁਆਉਣ ਜਾਂ ਉਸ ਨੂੰ ਛੋਹਣ ਵਾਲੇ ਕਿਸੇ ਨੂੰ ਸਾਹ ਲੈਣ ‘ਚ ਆਉਂਦੀਆਂ ਦਿੱਕਤਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਸੂਤਰਾਂ ਅਨੁਸਾਰ ਚੰਡੀਗੜ੍ਹ ‘ਚ ਇਨਫੈਕਸ਼ਨ ਦਾ ਖਤਰਾ ਬੜਾ ਘੱਟ ਹੈ। ਸਿਹਤ ਕਰਮੀਆਂ ਲਈ ਇਸ ਵੇਲੇ ਵੱਡੀ ਚੁਣੌਤੀ ਲੋਕਾਂ ‘ਚ ਨਿਮੋਨੀਏ ਦੇ ਲੱਛਣ ਦੇਖਣ ਦੀ ਹੈ। ਬਰਡ ਫਲੂ ਹੋਣ ਨੂੰ ਨਿਮੋਨੀਏ ਦੇ ਮਰੀਜ਼ ਨੂੰ ਦੋ ਤੋਂ ਚਾਰ ਦਿਨ ਦਾ ਸਮਾਂ ਲੱਗਦਾ ਹੈ ਤੇ ਇਸੇ ਦੌਰਾਨ ਉਸ ਨੂੰ ਐਂਟੀ-ਵਾਇਰਲ ਟਾਮੀਫਲੂ ਦੇਣੀ ਸ਼ੁਰੂ ਕਰਨੀ ਹੁੰਦੀ ਹੈ। ਜੇਕਰ ਦਵਾਈ ਦੇਣ ‘ਚ ਦੇਰੀ ਹੋ ਜਾਵੇ ਤਾਂ ਮਰੀਜ਼ ਦੇ ਬਚਣ ਦੀ ਸੰਭਾਵਨਾ ਕਾਫੀ ਘਟ ਜਾਂਦੀ ਹੈ।

ਤਰਨ ਤਾਰਨ ‘ਚ ਕਾਵਾਂ ਦੀਆਂ ਮੌਤਾਂ: ਅੱਜ ਕੇਂਦਰੀ ਪਸ਼ੂ ਪਾਲਣ ਵਿਭਾਗ ਦੇ ਸੂਤਰਾਂ ਅਨੁਸਾਰ ਤਰਨ ਤਾਰਨ ਵਿੱਚ ਕਾਵਾਂ ਦੀਆਂ ਮੌਤਾਂ ਦਾ ਕੇਸ ਮੁੱਢਲੀ ਜਾਂਚ ਮਗਰੋਂ ਉਨ੍ਹਾਂ ਨੂੰ ਜ਼ਹਿਰ ਦੇਣ ਦਾ ਜਾਪਦਾ ਹੈ। ਸੰਪਰਕ ਕਰਨ ‘ਤੇ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਦੇ ਮੁੱਖ ਮੈਡੀਕਲ ਅਫਸਰ ਨੇ ਰਿਪੋਰਟ ‘ਚ ਕਿਹਾ ਹੈ ਕਿ ਮੁੱਢਲੇ ਤੌਰ ‘ਤੇ ਇਹ ਮਾਮਲਾ ਕਾਵਾਂ ਨੂੰ ਜ਼ਹਿਰ ਦੇਣ ਦਾ ਜਾਪਦਾ ਹੈ ਪਰ ਐਡਵਾਂਸ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਸਿਹਤ ਬਾਰੇ ਚੌਕਸੀ ਵਰਤੀ ਜਾ ਰਹੀ ਹੈ ਤੇ ਇਕ ਮਰੇ ਕਾਂ ਦਾ ਸੈਂਪਲ ਐਡਵਾਂਸ ਜਾਂਚ ਲਈ ਭੋਪਾਲ ਭੇਜਿਆ ਗਿਆ ਹੈ ਤਾਂ ਕਿ ਬਰਡ ਫਲੂ ਹੋਣ ਜਾਂ ਨਾ ਹੋਣ ਦਾ ਪਤਾ ਲਾਇਆ ਜਾ ਸਕੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੰਡੀਗੜ੍ਹ ‘ਚ ਬਰਡ ਫਲੂ ਨੂੰ ਲੈ ਕੇ ਸਥਿਤੀ ਕਾਬੂ ‘ਚ