ਚਿੱਟੇ ਹੋ ਗਏ ਲਹੂ ਨੂੰ ਖੰਗਾਲਦਿਆਂ!

ਕੋਈ ਵੀ ਇਸ ਸਿਰਲੇਖ ਨੂੰ ਪੜਕੇ ਹੈਰਾਨ ਰਹਿ ਸਕਦਾ ਹੈ ਕਿ ਆਖਿਰ ਕਿਸ ਤਰਾਂ ਲਹੂ ਸਫੇਦ ਹੋਇਆ ਤੇ ਹੁਣ ਇਸਨੂੰ ਖੰਗਾਲ ਕੇ ਕੀ ਲੱਭਣਾ ਹੈ! ਪਰੰਤੂ ਅਸੀਂ ਜਿਸ ਲਹਿਜੇ ਨਾਲ ਇਹ ਗੱਲ ਕਰ ਰਹੇ ਹਾਂ, ਅੱਜ ਇਹ ਬਹੁਤ ਹੀ ਅਹਿਮ ਪਹਿਲੂ ਹੈ ਤੇ ਵਿਚਾਰਨ ਵਾਲਾ ਪਹਿਲੂ ਹੈ। ਇਸ ਲਈ ਸਮੇਂ ਦੇ ਪਹੀਏ ਨੂੰ ਪਹਿਚਾਨਣ ਵਾਸਤੇ ਸੱਭ ਤੋਂ ਪਹਿਲਾਂ ਇੱਕ ਖ਼ਬਰ ਉੱਤੇ ਨਿਗਾਹ ਮਾਰਦੇ ਹਾਂ। ਇਹ ਖ਼ਬਰ ਦੇਖਣ ਨੂੰ ਸਧਾਰਨ ਲੱਗੇਗੀ, ਪਰੰਤੂ ਬਹੁਤ ਕੁੱਝ ਹੈ ਜੋ ਇਹ ਆਪਣੇ ਆਪ ਵਿੱਚ ਸਮੋਈ ਬੈਠੀ ਹੈ। ਇਸ ਬਾਰੇ ਅਸੀਂ ਖ਼ਬਰ ਤੋਂ ਬਾਦ ਵਿਆਖਿਆ ਕਰਦੇ ਹਾਂ, ਜੋ ਸਾਡੇ ਸਮੇਂ ਨੂੰ ਪਕੜਨ ਦੀ ਕੋਸ਼ਿਸ਼ ਹੋਵੇਗੀ। ਖ਼ਬਰ ਹੈ ਕਿ ਬਾਘਾਪੁਰਾਣਾ ਦੇ ਦੋ ਭਰਾਵਾਂ ਨੇ ਮਲੇਸ਼ੀਆ ਵਿਚ ਰਹਿੰਦੇ ਚਾਰ ਭੈਣ-ਭਰਾਵਾਂ ਨੂੰ ਮਿ੍ਰਤਕ ਜਾਂ ਗੁੰਮਸ਼ੁਦਾ ਕਰਾਰ ਦੇ ਕੇ ਉਨਾਂ ਦੀ 13 ਏਕੜ ਜ਼ਮੀਨ ਅਪਣੇ ਨਾਂਅ ਕਰਾਉਣ ਤੋਂ ਬਾਅਦ ਇਸ ਨੂੰ ਅੱਗੇ ਵੇਚ ਦਿੱਤਾ। ਜਦ ਕਿ ਉਹ ਚਾਰੋਂ ਭੈਣ-ਭਰਾ ਜ਼ਿੰਦਾ ਸੀ। ਜਦ ਇਸ ਦਾ ਪਤਾ ਐਨਆਰਆਈ ਨੂੰ ਚਲਿਆ ਤਾਂ ਉਨਾਂ ਨੇ ਇਸ ਦੀ ਸ਼ਿਕਾਇਤ ਐਨਆਰਆਈ ਵਿੰਗ ਚੰਡੀਗੜ ਵਿਚ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਕਰਵਾਏ ਗਏ ਇੰਤਕਾਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਨੂੰ ਵੀ ਸਰਕਾਰ ਮੁਅੱਤਲ ਕਰ ਚੁੱਕੀ ਹੈ। ਥਾਣਾ ਐਨਆਰਆਈ ਮੁਖੀ ਸਬ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਐਨਆਰਆਈ ਬਹਾਲ ਸਿੰਘ ਨੇ ਐਨਆਰਆਈ ਵਿੰਗ ਦੀ ਪ੍ਰਮੁੱਖ ਗੁਰਪ੍ਰੀਤ ਕੌਰ ਦਿਓ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦੇ ਪਿਤਾ 50 ਸਾਲ ਪਹਿਲਾਂ ਮਲੇਸ਼ੀਆ ਗਏ ਸੀ। ਇਸ ਦੇ ਬਾਅਦ ਤੋਂ ਉਹ ਵੀ ਅਪਣੇ ਤਿੰਨ ਭਰਾ-ਭੈਣਾਂ ਦੇ ਨਾਲ ਮਲੇਸ਼ੀਆ ਵਿਚ ਰਹਿ ਰਹੇ ਸੀ। ਬਾਘਾਪੁਰਾਣਾ ਦੇ ਕੋਲ ਪਿੰਡ ਧੂੜਕੋਟ ਵਿਚ 13 ਏਕੜ ਜ਼ਮੀਨ ਪਈ ਸੀ ਅਤੇ ਉਸ ਦੇ ਪਿਤਾ ਦੀ 1974 ਵਿਚ ਮੌਤ ਹੋ ਗਈ। ਉਨਾਂ ਦੇ ਬਾਘਾਪੁਰਾਣਾ ਵਿਚ ਰਹਿੰਦੇ ਰਿਸ਼ਤੇਦਾਰਾਂ ਨੇ ਉਨਾਂ ਚਾਰ ਭੈਣ-ਭਰਾਵਾਂ ਨੂੰ ਮਿ੍ਰਤਕ ਦੱਸ ਕੇ ਮਾਲ ਰਿਕਾਰਡ ਵਿਚ ਜ਼ਮੀਨ ਦਾ ਇੰਤਕਾਲ 14 ਸਤੰਬਰ 2011 ਨੂੰ ਅਪਣੇ ਨਾਂਅ ਕਰਵਾ ਲਿਆ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਜ਼ਮੀਨ ਨਕੋਦਰ ਦੀ ਨਿਸ਼ਾ ਸ਼ਰਮਾ ਨਾਂਅ ਦੀ ਔਰਤ ਨੂੰ ਵੇਚ ਦਿੱਤੀ।

ਪੁਲਿਸ ਨੇ ਜਾਂਚ ਤੋਂ ਬਾਅਦ 12 ਜੂਨ ਨੂੰ ਇੰਤਕਾਲ ਡੀਸੀ ਤੋਂ ਮਨਜੂਰੀ ਲੈ ਕੇ ਰੱਦ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਬਾਘਾਪੁਰਾਣਾ ਨਿਵਾਸੀ ਸੁਰਜੀਤ ਸਿੰਘ ਅਤੇ ਫਕੀਰ ਚੰਦ ਉਰਫ ਫਕੀਰ ਸਿੰਘ ਨੂੰ ਨਾਮਜ਼ਦ ਕੀਤਾ ਹੈ। ਉਨਾਂ ਖ਼ਿਲਾਫ਼ ਪਹਿਲਾਂ ਹੀ ਥਾਣੇ ਸਿਧਵਾਂ ਬੇਟ ਵਿਚ 92 ਬੋਰੀਆਂ ਭੁੱਕੀ ਬਰਾਮਦਗੀ ਸਬੰਧੀ ਭੁੱਕੀ ਤਸਕਰੀ ਮਾਮਲੇ ਤੋਂ ਇਲਾਵਾ ਤਸਕਰੀ ਦੇ ਲਈ ਇਸਤੇਮਾਲ ਕੀਤੀ ਜਾ ਰਹੀ ਸਕਾਰਪੀਓ ਅਤੇ ਟਰੱਕ ਨੂੰ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਣ ਦੇ ਕਾਰਨ ਅਲੱਗ ਤੋਂ ਧੋਖਾਧੜੀ ਦਾ ਮਾਮਲਾ ਦਰਜ ਹੈ।

ਇਸ ਮਾਮਲੇ ਵਿੱਚ ਖ਼ੂਨ ਸਫੈਦ ਹੋਣ ਬਾਰੇ ਕਨਸੋਅ ਮਿਲਦੀ ਹੈ। ਅਸੀਂ ਇਸਦੇ ਕਾਨੂੰਨੀ ਨੁਕਤਿਆਂ ਵੱਲ ਨਹੀਂ ਜਾਣਾ, ਸਿਰਫ ਇਸਦੇ ਕੁੱਝ ਉਹ ਪਹਿਲੂ ਪਕੜਨੇ ਹਨ, ਜਿਹਨਾਂ ਕਾਰਣ ਇਹ ਹਾਲਾਤ ਇੱਥੋਂ ਤੱਕ ਪਹੁੰਚੇ ਹਨ। ਪਹਿਲਾ ਨੁਕਤਾ ਇਹ ਹੈ ਕਿ ਵਿੱਤੀ ਪੰੂਜੀ ਨੇ ਜਦੋਂ ਦੇ ਪੈਰ ਪਸਾਰੇ ਹਨ, ਉਨੇ ਮਨੁੱਖੀ ਮਨ ਵਿਚ ਅਨਿਸ਼ਚਿਚਤਾ ਪੈਦਾ ਕਰ ਦਿੱਤੀ ਹੈ। ਇਸੇ ਕਾਰਨ ਮਨੁੱਖ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸੇ ਭਾਵਨਾ ਨੇ ਉਸਨੂੰ ਏਨਾ ਅਲਗਾਵ ਵਿਚ ਲੈ ਆਂਦਾ ਹੈ ਕਿ ਉਹ ਰਿਸ਼ਤਿਆਂ ਨੂੰ ਭੁੱਲ ਕੇ ਸਿਰਫ ਤੇ ਸਿਰਫ ਪੂੰਜੀ ਉੱਤੇ ਕੇਂਦਰਿਤ ਹੋ ਕੇ ਰਹਿ ਗਿਆ ਹੈ। ਉਸਨੂੰ ਇਹੀ ਨਜ਼ਰ ਆਉਦਾ ਹੈ ਕਿ ਪਤਾ ਨਹੀਂ ਕਦੋਂ ਉਸਦੇ ਹੱਥੋਂ ਸੱਭ ਕੁੱਝ ਜਾਂਦਾ ਰਹਿਣਾ ਹੈ। ਪੰਜਾਬ ਵਿੱਚ ਇਸ ਸਮੇਂ ਦੀ ਮਾਰ ਨੂੰ ਸੱਭ ਤੋਂ ਵੱਧ ਪਰਵਾਸੀ ਭਾਰਤੀਆਂ ਨੇ ਸਹਿਣ ਕੀਤਾ ਹੈ। ਉਹਨਾਂ ਦੀਆਂ ਜ਼ਮੀਨਾਂ ਹੜੱਪ ਕਰ ਲਈਆਂ ਗਈਆਂ। ਉਹਨਾਂ ਦੇ ਕਾਰੋਬਾਰ ਹਥਿਆ ਲਏ ਗਏ। ਉਹਨਾਂ ਨੂੰ ਕਚਹਿਰੀਆਂ ਵਿੱਚ ਰੋਲ-ਰੋਲ ਮਾਰ ਦਿੱਤਾ। ਅਫਸਰਾਂ ਦੀ ਮਿਲੀਭੁਗਤ ਹੋ ਗਈ। ਸਰਕਾਰਾਂ ਦੀ ਅਣਗਹਿਲੀ ਵੀ ਤੇ ਅਣਦੇਖੀ ਵੀ। ਇਸ ਖ਼ਬਰ ਦੇ ਬਹੁਤ ਸਾਰੇ ਪਹਿਲੂ ਹਨ।

ਇਸੇ ਦੌਰਾਨ ਅਸੀਂ ਦੇਖਦੇ ਹਾਂ ਕਿ ਸਹਿਮੀ ਮਨੁੱਖਤਾ ਨੇ ਜੋਤਿਸ਼ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਰਿਸੈਸ਼ਨ ਆਈ ਤਾਂ ਮਨੱੁਖ ਹੋਰ ਸਾਹ-ਸੱਤਹੀਣ ਹੋ ਗਿਆ। ਕਈ ਵਰੇ ਤਾਂ ਉਸਨੂੰ ਕੁੱਝ ਸਮਝ ਹੀ ਨਹੀਂ ਲੱਗਾ ਕਿ ਉਸ ਨਾਲ ਕੀ ਵਾਪਰ ਗਿਆ ਹੈ। ਉਹ ਅੱਕੀਂ ਪਲਾਹੀਂ ਹੱਥ ਮਾਰਦਾ ਰਿਹਾ। ਇਸੇ ਦੌਰਾਨ ਉਹਨੇ ਵਹਿਮ ਨੂੰ ਏਨਾ ਆਤਮਸਾਤ ਕੀਤਾ ਕਿ ਬਾਬਿਆਂ ਤੰਤਰਿਕਾਂ ਤੇ ਹੋਰ ਪਤਾ ਨਹੀਂ ਕਿਹਨਾਂ-ਕਿਹਨਾਂ ਦੇ ਉਹ ਮਗਰ ਲੱਗ ਤੁਰਿਆ। ਉਹ ਤਰਕ ਵਿਹੂਣਾ ਹੋ ਗਿਆ। ਬਾਬਿਆਂ ਦੀ ਇੱਕ ਲੜੀ ਨਹੀਂ ਕਈ-ਕਈ ਲੜੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਮਾਨਸਿਕ ਤੌਰ ਉੱਤੇ ਫਸੇ ਮਨੁੱਖ ਨੂੰ ਲੁੱਟਣ ਲਈ ਤਿਆਰ ਹੋ ਗਈਆਂ। ਇਹਨਾਂ ਲੋਕਾਂ ਨੂੰ ਕੋਰਟ ਕਚਹਿਰੀਆਂ ਤੋਂ ਡਰ ਲੱਗਣ ਲੱਗ ਪਿਆ। ਇਹਨਾਂ ਨੂੰ ਸਹੀ ਗਾਈਡ ਕਰਨ ਵਾਲਾ ਕੋਈ ਨਹੀਂ ਸੀ ਮਿਲ ਰਿਹਾ। ਇਹ ਲੋਕ ਕਰੀਮੀਨਲ ਬਣ ਰਹੇ ਸਨ। ਇਹ ਆਪਣਿਆਂ ਨੂੰ ਲੁੱਟ ਰਹੇ ਸਨ ਤੇ ਵਰਤਾਰਾ ਇਹ ਇਕੱਲਾ ਪੰਜਾਬ ਵਿੱਚ ਹੀ ਨਹੀਂ ਸੀ, ਪੂਰੇ ਵਿਸ਼ਵ ਭਰ ਵਿੱਚ ਸੀ। ਇਹ ਵਰਤਾਰਾ ਅਜੇ ਵੀ ਕਾਇਮ ਹੈ। ਅਜੇ ਵੀ ਅਕਸਰ ਅਜਿਹੀਆਂ ਖ਼ਬਰਾਂ ਆਉਦੀਆਂ ਹੀ ਰਹਿੰਦੀਆਂ ਹਨ। ਅਸੀਂ ਤਾਂ ਇਸ਼ਾਰਾ ਕਰਨਾ ਸੀ ਤੇ ਕੀਤਾ ਹੈ ਕਿ ਇਹਨਾਂ ਸਾਰੇ ਮਾਮਲਿਆਂ ਦੇ ਕਾਰਣ ਏਨੇ ਇਕਹਿਰੇ ਨਹੀਂ ਹੁੰਦੇ। ਇਹਨਾਂ ਦੇ ਬਹੁਆਯਾਮ ਹੁੰਦੇ ਹਨ। ਬਹੁਤ ਕੁੱਝ ਇਸਦੇ ਪਿਛੋਕੜ ਵਿੱਚ ਪਿਆ ਹੁੰਦਾ ਹੈ।

ਅੱਜ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਇਹ ਰਿਸ਼ਤਿਆਂ ਦੇ ਸਫੇਦ ਹੋ ਜਾਣ ਵਾਲਾ ਦੌਰ ਹੈ। ਇਹ ਸਿਰਫ ਤੇ ਸਿਰਫ ਪੂੰਜੀ ਪ੍ਰਧਾਨ ਦੌਰ ਹੈ। ਪੂੰਜੀ ਨੇ ਸੰਵੇਦਨਾ ਖਾ ਲਈ ਹੈ। ਪੂੰਜੀ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਇਸ ਸਮੇਂ ਦੇ ਮਨੁੱਖ ਨੂੰ ਸਿਰਫ ਤੇ ਸਿਰਫ ਸਾਹਿਤ ਬਚਾ ਸਕਦਾ ਹੈ। ਸਾਨੂੰ ਆਪਣੇ ਸਾਹਿਤ ਨਾਲ , ਆਪਣੇ ਚਿੰਤਨ ਨਾਲ ਜੁੜਨਾ ਚਾਹੀਦਾ ਹੈ। ਇਹ ਅਸੀਂ ਕਿਉ ਕਹਿ ਰਹੇ ਹਾਂ? ਕਿਉਕਿ ਸਾਡਾ ਜੋ ਚਿੰਤਨ ਪਰਵਾਹ ਹੈ, ਜੋ ਸਾਡੀ ਸਾਹਿਤਿਕ ਵਿਰਾਸਤ ਹੈ, ਉਹ ਏਨੀ ਅਮੀਰ ਹੈ, ਏਨੀ ਸੰਵੇਦਨਸ਼ੀਲ ਹੈ ਕਿ ਉਸ ਨਾਲ ਜੁੜਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਦੋਂ ਅਸੀਂ ਆਪਣਾ ਮਾਰਗ ਦਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਵਾਂਗੇ ਜਾਂ ਆਪਣੇ ਵੱਡੇ ਕਵੀਆਂ ਜਿਵੇਂ ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ ਆਦਿ ਕੋਲੋਂ ਲਵਾਂਗੇ ਤਾਂ ਸਾਡੀ ਸੰਵੇਦਨਾ ਕਾਇਮ ਰਹਿ ਸਕਦੀ ਹੈ। ਇਸ ਲਈ ਆਓ ਆਪਣੇ ਸਮੇਂ ਨੂੰ ਬਚਾਉਣ ਲਈ ਆਪਣੇ ਚਿੰਤਨ ਪ੍ਰਤੀ ਚਿੰਤਾ ਕਰੀਏ!

Facebook Comments

POST A COMMENT.

Enable Google Transliteration.(To type in English, press Ctrl+g)