ਆਸ਼ੂਤੋਸ਼ ਵਿਵਾਦ : ਪ੍ਰਸ਼ਾਸਨ ਮੁਤਾਬਕ ਸਸਕਾਰ ਦੀ ਮਿਆਦ 17 ਤੱਕ


ਜਲੰਧਰ/ਚੰਡੀਗੜ੍ਹ 8 ਦਸੰਬਰ (ਏਜੰਸੀ) : ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਬਾਨੀ ਆਸ਼ੂਤੋਸ਼ ਦੇ ਸਸਕਾਰ ਦੀ ਦਿੱਤੀ ਮਿਆਦ ਪ੍ਰਸ਼ਾਸਨ ਹੁਣ 15 ਦਸੰਬਰ ਦੀ ਬਜਾਏ 17 ਦਸੰਬਰ ਦੱਸ ਰਿਹਾ ਹੈ। ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਬੇਸ਼ੱਕ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 1 ਦਸੰਬਰ ਨੂੰ ਕਰਕੇ 15 ਦਿਨ ਦੇ ਅੰਦਰ-ਅੰਦਰ ਅੰਤਿਮ ਸਸਕਾਰ ਕਰਨ ਦੇ ਆਦੇਸ਼ ਦਿੱਤੇ ਸਨ ਪਰ ਉਨ੍ਹਾਂ ਨੂੰ ਇਸ ਫ਼ੈਸਲੇ ਦੀ ਕਾਪੀ 3 ਦਸੰਬਰ ਨੂੰ ਪ੍ਰਾਪਤ ਹੋਈ ਸੀ ਜਿਸ ਕਾਰਨ ਤਕਨੀਕੀ ਤੌਰ ’ਤੇ 15 ਦਿਨ ਦਾ ਸਮਾਂ 17 ਦਸੰਬਰ ਨੂੰ ਪੂਰਾ ਹੁੰਦਾ ਹੈ। ਹਾਈ ਕੋਰਟ ਵੱਲੋਂ ਅੰਤਿਮ ਸਸਕਾਰ ਲਈ ਬਣਾਈ ਗਈ ਪ੍ਰਸ਼ਾਸਨਿਕ ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਗ੍ਰਹਿ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ’ਚ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਪੁਲੀਸ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਸਬੰਧਤ ਐਸਡੀਐਮ ਤੇ ਹੋਰ ਅਧਿਕਾਰੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਡੇਰੇ ਵੱਲੋਂ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਹੁਕਮਾਂ ਖ਼ਿਲਾਫ਼ ਪਾਈ ਗਈ ਅਰਜ਼ੀ ਦੀ ਸੁਣਵਾਈ ਤੋਂ ਬਾਅਦ ਹੀ ਪ੍ਰਸ਼ਾਸਨ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਡੇਰੇ ਨੇ ਅੰਤਿਮ ਸਸਕਾਰ ਲਈ ਅਦਾਲਤ ਵੱਲੋਂ ਦਿੱਤੇ 15 ਦਿਨ ਦੇ ਸਮੇਂ ਨੂੰ ਵਧਾ ਕੇ 30 ਦਿਨ ਤੱਕ ਕਰਨ ਲਈ ਹਾਈ ਕੋਰਟ ਦੇ ਡਬਲ ਬੈਂਚ ਕੋਲ ਅਪੀਲ ਕੀਤੀ ਹੋਈ ਹੈ। ਡੇਰੇ ਦੀ ਇਸ ਅਪੀਲ ’ਤੇ ਹਾਈ ਕੋਰਟ ਵੱਲੋਂ 12 ਦਸੰਬਰ ਨੂੰ ਸੁਣਵਾਈ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਅਦਾਲਤ ਨੇ ਹੁਕਮ ਮਿਲਣ ਤੋਂ 15 ਦਿਨਾਂ ਦੇ ਅੰਦਰ ਅੰਦਰ ਡੇਰਾ ਮੁਖੀ ਆਸ਼ੂਤੋਸ਼ ਦਾ ਸਸਕਾਰ ਪੂਰੇ ਸਤਿਕਾਰ ਅਤੇ ਧਾਰਮਿਕ ਰਸਮਾਂ ਨਾਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 1 ਦਸੰਬਰ ਨੂੰ ਕੀਤੀ ਸੀ ਪਰ ਉਨ੍ਹਾਂ ਨੂੰ ਹੁਕਮਾਂ ਦੀ ਇਹ ਕਾਪੀ 3 ਦਸੰਬਰ ਨੂੰ ਮਿਲੀ ਸੀ ਜਿਸ ਕਾਰਨ ਤਕਨੀਕੀ ਤੌਰ ’ਤੇ ਕਾਰਵਾਈ ਦੀ ਮਿਆਦ 15 ਦੀ ਬਜਾਏ 17 ਦਸੰਬਰ ਬਣਦੀ ਹੈ। ਸ੍ਰੀ ਯਾਦਵ ਨੇ ਕਿਹਾ ਕਿ 14 ਦਸੰਬਰ ਨੂੰ ਡੇਰੇ ’ਚ ਹੋਣ ਵਾਲੇ ਸਮਾਗਮ ’ਤੇ ਉਹ ਕਾਨੂੰਨੀ ਤੌਰ ’ਤੇ ਰੋਕ ਨਹੀਂ ਲਗਾ ਸਕਦੇ ਅਤੇ ਨਾ ਹੀ ਡੇਰੇ ਅੰਦਰ ਕਿਸੇ ਸ਼ਰਧਾਲੂ ਨੂੰ ਜਾਣ ਤੋਂ ਰੋਕ ਸਕਦੇ ਹਨ ਪਰ ਅਦਾਲਤ ਨੇ ਹੁਕਮ ਦਿੱਤੇ ਹਨ ਕਿ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪ੍ਰਸ਼ਾਸ਼ਨ ਵੱਲੋਂ ਜ਼ਰੂਰੀ ਕਦਮ ਉਠਾਏ ਜਾਣ। ਇਸ ਲਈ ਅਗਲੀ ਮੀਟਿੰਗ ’ਚ ਇਸ ਸਮਾਗਮ ਬਾਰੇ ਇਕ ਵਾਰੀ ਫਿਰ ਚਰਚਾ ਕੀਤੀ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਸ਼ੂਤੋਸ਼ ਵਿਵਾਦ : ਪ੍ਰਸ਼ਾਸਨ ਮੁਤਾਬਕ ਸਸਕਾਰ ਦੀ ਮਿਆਦ 17 ਤੱਕ