ਸਸਕੈਚੇਵਾਨ ਪ੍ਰੀਮੀਅਰ ਅਗਲੇ ਹਫ਼ਤੇ ਭਾਰਤ ਜਾਣਗੇ


ਸਸਕਾਟੂਨ, 7 ਨਵੰਬਰ (ਏਜੰਸੀ) : ਸਸਕੈਚੇਵਾਨ ਸੂਬੇ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਅਗਲੇ ਹਫ਼ਤੇ ਆਪਣੇ ਇੱਕ ਵੱਡੇ ਵਫ਼ਦ ਨਾਲ਼ ਭਾਰਤ ਜਾ ਰਹੇ ਹਨ। ਸਸਕੈਚੇਵਾਨ ਤੇ ਭਾਰਤ ਦੇ ਸਬੰਧ ਕਾਫ਼ੀ ਪੁਰਾਣੇ ਕਾਰੋਬਾਰੀ ਸਬੰਧ ਹਨ ਤੇ ਸ੍ਰੀ ਵਾਲ ਉਨ੍ਹਾਂ ਹੀ ਸਬੰਧਾਂ ਨੂੰ ਹੁਣ ਹੋਰ ਮਜ਼ਬੂਤ ਕਰਨ ਦੇ ਜਤਨ ਕਰਨਗੇ। ਪ੍ਰੀਮੀਅਰ ਦਾ ਭਾਰਤ ਦੌਰਾ 15 ਨਵੰਬਰ ਨੂੰ ਅਰੰਭ ਹੋਵੇਗਾ ਤੇ ਉਹ 23 ਨਵੰਬਰ ਤੱਕ ਉਥੇ ਹੀ ਰਹਿਣਗੇ। ਇਹ ਉਨ੍ਹਾਂ ਦਾ ਦੂਜਾ ਭਾਰਤ ਦੌਰਾ ਹੋਵੇਗਾ। ਉਹ ਭਾਰਤੀ ਨਿਵੇਸ਼ਕਾਂ ਨੂੰ ਸਸਕੈਚੇਵਾਨ ’ਚ ਆ ਕੇ ਆਪਣਾ ਸਰਮਾਇਆ ਲਾਉਣ ਲਈ ਉਤਸ਼ਾਹਿਤ ਕਰਨਗੇ ਕਿਉਂਕਿ ਇਹ ਕੈਨੇਡੀਅਨ ਸੂਬਾ ਊਰਜਾ, ਐਗਰੀ-ਫ਼ੂਡ ਅਤੇ ਹੋਰ ਕਈ ਨਵੀਨ ਕਾਰਜਾਂ ਵਿੱਚ ਮੋਹਰੀ ਹੈ। ਫ਼ਿਲੀਪੀਨੀਆਂ ਤੋਂ ਬਾਅਦ ਭਾਰਤੀ ਹੀ ਵਿਦੇਸ਼ ਤੋਂ ਸਭ ਤੋਂ ਵੱਧ ਸਸਕੈਚੇਵਾਨ ਆ ਕੇ ਰਹਿਣਾ ਪਸੰਦ ਕਰਦੇ ਹਨ। ਸਾਲ 2007 ਤੋਂ ਲੈ ਕੇ 2013 ਦੌਰਾਨ ਜਿਹੜੇ 10 ਫ਼ੀ ਸਦੀ ਭਾਵ 5,179 ਪ੍ਰਵਾਸੀ ਭਾਰਤੀ ਸਸਕੈਚੇਵਾਨ ਆਏ ਹਨ, ਉਨ੍ਹਾਂ ਸਭਨਾਂ ਨੂੰ ਪੀ ਆਰ ਦਿੱਤੀ ਗਈ ਹੈ। ਪਿਛਲੇ ਸਾਲ 2013 ਦੌਰਾਨ ਕੈਨੇਡਾ ਤੋਂ ਸਭ ਤੋਂ ਵੱਧ 1 ਅਰਬ ਡਾਲਰ ਦੀਆਂ ਬਰਾਮਦਾਂ ਭਾਰਤ ਨੂੰ ਸਸਕੈਚੇਵਾਨ ਨੇ ਹੀ ਕੀਤੀਆਂ ਸਨ। ਸ੍ਰੀ ਬਰੈਡ ਵਾਲ ਦਾ ਕਹਿਣਾ ਹੈ ਕਿ ਇਹ ਕਾਰੋਬਾਰੀ ਸਬੰਧ ਹੋਰ ਵੀ ਮਜ਼ਬੂਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਨਾਜ, ਈਂਧਨ ਅਤੇ ਖਾਦਾਂ ਦੇ ਖੇਤਰਾਂ ਵਿੱਚ ਦੁਵੱਲਾ ਕਾਰੋਬਾਰ ਵਧਾਉਣ ਦੀਆਂ ਸੰਭਾਵਨਾਵਾਂ ਵਧੇਰੇ ਹਨ। ਉਨ੍ਹਾਂ ਕਿਹਾ ਭਾਰਤ ਇੱਕ ਤੇਜ਼ੀ ਨਾਲ਼ ਪ੍ਰਫ਼ੁੱਲਤ ਹੋ ਰਹੀ ਅਰਥ ਵਿਵਸਥਾ ਹੈ, ਜਿਸ ਕਰ ਕੇ ਉਥੇ ਇਹ ਵਸਤਾਂ ਤੇਜ਼ੀ ਨਾਲ਼ ਖਪਦੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਸਸਕੈਚੇਵਾਨ ਦੇ ਪ੍ਰੀਮੀਅਰ ਦਾ ਮੁੰਬਈ ਅਤੇ ਨਵੀਂ ਦਿੱਲੀ ਤੋਂ ਇਲਾਵਾ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਤੇ ਪੰਜਾਬ ਤੇ ਚੰਡੀਗੜ ਦੀ ਰਾਜਧਾਨੀ ਚੰਡੀਗੜ ਜਾਣ ਦਾ ਪ੍ਰੋਗਰਮ ਤੈਅ ਹੈ। ਉਹ ਭਾਰਤ ਦੇ ਰਾਸ਼ਟਰੀ ਤੇ ਸੂਬਾ ਪੱਧਰੀ ਆਗੂਆਂ ਤੇ ਅਧਿਕਾਰੀਆਂ ਨਾਲ਼ ਮੁਲਾਕਾਤ ਕਰਨਗੇ ਅਤੇ ਇਸ ਤੋਂ ਇਲਾਵਾ ਉਹ ਭਾਰਤ ਦੇ ਪ੍ਰਮਾਣੂ ਊਰਜਾ ਕਮਿਸ਼ਨ ਅਤੇ ਭਾਰਤੀ ਦਾਲ਼ਾਂ ਤੇ ਅਨਾਜ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ਼ ਵੀ ਮੁਲਾਕਾਤ ਕਰਨਗੇ। ਸ੍ਰੀ ਵਾਲ ਮੁੰਬਈ ’ਚ ਕੈਨੇਡਾ-ਇੰਡੀਆ ਬਿਜ਼ਨੇਸ ਕੌਂਸਲ ਦੇ ਸੁਆਗਤੀ ਸਮਾਰੋਹ ’ਚ ਕੁੰਜੀਵਤ ਭਾਸ਼ਣ ਦੇਣਗੇ। ਅਹਿਮਦਾਬਾਦ ’ਚ ਗੁਜਰਾਤੀ ਨਿਵੇਸ਼ਕਾਂ ਦੇ ਇੱਕ ਸਮਾਰੋਹ ਦੌਰਾਨ ਵੀ ਉਹ ਮੁੱਖ ਮਹਿਮਾਨ ਹੋਣਗੇ। ਚੰਡੀਗੜ• ’ਚ ਐਗਰੋ ਟੈਕ 2014 ਦੀ ਸ਼ੁਰੂਆਤ ਮੌਕੇ ਉਹ ਮੌਜੂਦ ਰਹਿਣਗੇ। ਮੁਜ਼ੱਫ਼ਰਨਗਰ ਵਿਖੇ ਉਹ 400 ਕਿਸਾਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੋਟਾਸ਼ ਦੇ ਮਹੱਤਵ ਬਾਰੇ ਦੱਸਣਗੇ। ਮੁਜ਼ੱਫ਼ਰਨਗਰ ਭਾਰਤੀ ਸੂਬੇ ਉਤਰ ਪ੍ਰਦੇਸ਼ ਦਾ ਇੱਕ ਪ੍ਰਮੁੱਖ ਖੇਤੀਬਾੜੀ ਕੇਂਦਰ ਹੈ। ਇੰਡੀਆ-ਕੈਨੇਡਾ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸੋਹਾਨੀ ਨੇ ਦੱਸਿਆ ਕਿ ਸ੍ਰੀ ਵਾਲ ਕੇਵਲ ਕਾਰੋਬਾਰ ਹੀ ਨਹੀਂ, ਸਗੋਂ ਦੋਵੇਂ ਧਿਰਾਂ ਦੀ ਜਨਤਾ ਨੂੰ ਵੀ ਇੱਕ ਦੂਜੇ ਦੇ ਨੇੜੇ ਹੋਣ ਦੇਣਾ ਚਾਹੁੰਦੇ ਹਨ। ਸ੍ਰੀ ਵਾਲ ਨੇ ਕਿਹਾ ਕਿ ਭਾਰਤ ਅਨਾਜ ਉਤਪਾਦਨ ਦੇ ਮਾਮਲੇ ਵਿੱਚ ਆਤਮ ਨਿਰਭਰ ਹੈ ਤੇ ਉਸ ਦੀਆਂ ਫ਼ਸਲਾਂ ਦੀ ਉਤਪਾਦਕਤਾ ਵਿੱਚ ਹੋਰ ਵਾਧਾ ਕਰਨ ਵਿੱਚ ਸਸਕੈਚੇਵਾਨ ਮਦਦ ਕਰ ਸਕਦਾ ਹੈ। ਇੰਝ ਹੀ ਭਾਰਤ ਦੇ ਉਦੇਸ਼ਮੁਖੀ ਪ੍ਰਮਾਣੂ ਊਰਜਾ ਪ੍ਰੋਗਰਾਮ ਦੀ ਮਦਦ ਕੀਤੀ ਜਾ ਸਕਦੀ ਹੈ। ਨਾਲ਼ ਹੀ ਇਹ ਕੈਨੇਡੀਅਨ ਸੂਬਾ ਭਾਰਤ ਦੇ ਕੋਲ਼ਾ ਉਦਯੋਗ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਵਿੱਚ ਮਦਦ ਕਰ ਸਕਦਾ ਹੈ। ਸਸਕੈਚੇਵਾਨ ਕੋਲ਼ ਅਜਿਹੀ ਤਕਨਾਲੋਜੀ ਮੌਜੂਦ ਹੈ, ਜਿਸ ਦੀ ਮਦਦ ਨਾਲ਼ ਕਾਰਬਨ ਨੂੰ ਇੱਕ ਥਾਂ ਇਕੱਠਾ ਕਰ ਕੇ ਰੱਖਿਆ ਜਾ ਸਕਦਾ ਹੈ। ਸਸਕੈਚੇਵਾਨ ਅਤੇ ਭਾਰਤ ਵਿਚਾਲ਼ੇ ਦੁਵੱਲਾ ਕਾਰੋਬਾਰ ਸਾਲ 2020 ਤੱਕ ਦੁੱਗਣਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਸਸਕੈਚੇਵਾਨ ਤੋਂ 99 ਲੱਖ 99 ਹਜ਼ਾਰ ਡਾਲਰ ਮੁੱਲ ਦੀਆਂ ਬਰਾਮਦਾਂ ਭਾਰਤ ਨੂੰ ਕੀਤੀਆਂ ਗਈਆਂ ਸਨ; ਜੋ ਕਿ 2007 ਦੇ ਕਾਰੋਬਾਰ ਦੇ ਮੁਕਾਬਲੇ 69 ਫ਼ੀ ਸਦੀ ਵੱਧ ਹੈ। ਇਸ ਦੇ ਮੁਕਾਬਲੇ ਸਸਕੈਚੇਵਾਨ ਨੇ 2013 ਦੌਰਾਨ ਭਾਰਤ ਤੋਂ 4 ਕਰੋੜ ਡਾਲਰ ਮੁੱਲ ਦੀਆਂ ਵਸਤਾਂ ਮੰਗਵਾਈਆਂ, ਜੋ ਕਿ 2007 ਦੇ ਮੁਕਾਬਲੇ 244 ਫ਼ੀ ਸਦੀ ਵੱਧ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਸਕੈਚੇਵਾਨ ਪ੍ਰੀਮੀਅਰ ਅਗਲੇ ਹਫ਼ਤੇ ਭਾਰਤ ਜਾਣਗੇ