ਨਹਿਰੂ ਤੋਂ ਕਾਂਗਰਸ ਤੇ ਭਾਜਪਾ ’ਚ ਘਮਸਾਣ


ਨਵੀਂ ਦਿੱਲੀ, 13 ਨਵੰਬਰ (ਏਜੰਸੀ) : ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ’ਤੇ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਉਣ ਦਾ ਦੋਸ਼ ਲਾਇਆ ਅਤੇ ਪਾਰਟੀ ਕਾਰਕੁਨਾਂ ਨੂੰ ਉਨ੍ਹਾਂ ਸ਼ਕਤੀਆਂ ਖਿਲਾਫ ਲੜਾਈ ਵਿੱਢਣ ਦਾ ਸੱਦਾ ਦਿੱਤਾ ਜੋ ਜਵਾਹਰ ਲਾਲ ਨਹਿਰੂ ਦੇ ‘ਉਦਾਰਵਾਦੀ ਭਾਰਤ’ ਨੂੰ ਤਹਿਸ-ਨਹਿਸ ਕਰਨ ’ਤੇ ਤੁਲੀਆਂ ਹੋਈਆਂ ਹਨ। ਇਥੇ ਨਹਿਰੂ ਦੀ 125ਵੀਂ ਜਨਮ ਵਰ੍ਹੇਗੰਢ ਦੀ ਪੂਰਬਲੀ ਸ਼ਾਮ ਪਾਰਟੀ ਵੱਲੋਂ ਕਰਵਾਏ ਇਕ ਸਮਾਗਮ ਦੌਰਾਨ ਭਾਵੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਇਸ਼ਾਰਾ ਜ਼ਰੂਰ ਕੀਤਾ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਇਸ ਵੇਲੇ ‘ਕਰੋਧੀ ਲੋਕ’ ਰਾਜ ਸੱਤਾ ਹੰਢਾਅ ਰਹੇ ਹਨ ਅਤੇ ‘ਸਵੱਛਤਾ ਮੁਹਿੰਮ’ ਤਸਵੀਰਾਂ ਖਿਚਵਾਉਣ ਦਾ ਜ਼ਰੀਆ ਬਣ ਗਈ ਹੈ। ਉਨ੍ਹਾਂ ਕਿਹਾ, ‘‘ਪਿਆਰ ਅਤੇ ਭਾਈਚਾਰੇ ਦੀਆਂ ਨੀਂਹਾਂ ਢਾਹੀਆਂ ਜਾ ਰਹੀਆਂ ਹਨ। ਇਕ ਪਾਸੇ ਸੜਕਾਂ ਦੀ ਸਾਫ-ਸਫਾਈ, ਇਮਾਰਤਾਂ ਦੀ ਰੰਗਾਈ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਖਿਚਵਾਈਆਂ ਜਾ ਰਹੀਆਂ ਹਨ। ਦੂਜੇ ਬੰਨ੍ਹੇ ਜ਼ਹਿਰ ਫੈਲਾਇਆ ਜਾ ਰਿਹਾ ਹੈ। ਨੀਂਹਾਂ ’ਤੇ ਹੀ ਸੱਟ ਮਾਰੀ ਜਾ ਰਹੀ ਹੈ।’’

ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਆਦਿ ਵੀ ਮੌਜੂਦ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਕਾਰਕੁਨਾਂ ਨੂੰ ਇਕਜੁੱਟ ਹੋ ਕੇ ਜਥੇਬੰਦਕ ਤਾਕਤ ਬਣਾਉਣ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਤਾਕਤਾਂ ਖ਼ਿਲਾਫ ਲੜਨ ਦਾ ਹੋਕਾ ਦਿੱਤਾ ਜੋ ਨਹਿਰੂ ਦੇ ਉਦਾਰਵਾਦੀ ਸੰਕਲਪ ਨੂੰ ਮਿਟਾਉਣ ਲਈ ਜੁਟੀਆਂ ਹੋਈਆਂ ਹਨ। ਇਹ ਤਾਕਤਾਂ ਨਾ ਕੇਵਲ ਨਹਿਰੂ ਦੀ ਹਸਤੀ ਨੂੰ ਸਗੋਂ ਉਸ ਦੀ ਵਿਚਾਰਧਾਰਾ, ਸੰਕਲਪ, ਦੇਣ ਅਤੇ ਜੱਦੋ-ਜਹਿਦ ਨੂੰ ਨਿਸ਼ਾਨਾ ਬਣਾ ਰਹੀਆਂ ਹਨ।’’ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਜੇ ਅੱਜ ਨਹਿਰੂ ਜਿਊਂਦੇ ਹੁੰਦੇ ਤਾਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਭਾਰਤ ਦੀ ਆਤਮਾ ਦੀ ਰਾਖੀ ਕਰਨ ਲਈ ਧਰਮ-ਨਿਰਪੱਖਤਾ ਦੇ ਜਾਬਾਂਜ਼ ਬਣ ਕੇ ਹਰ ਰੰਗ ਦੀ ਫਿਰਕਾਪ੍ਰਸਤੀ ਖਿਲਾਫ ਲੜਨ ਦਾ ਸੱਦਾ ਦੇਣਾ ਸੀ। ਕਾਂਗਰਸ ਵੱਲੋਂ 17-18 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਇਕ ਕੌਮਾਂਤਰੀ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਨਾਮੀ ਹਸਤੀਆਂ ਨੂੰ ਸੱਦਿਆ ਗਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਹਿਰੂ ਤੋਂ ਕਾਂਗਰਸ ਤੇ ਭਾਜਪਾ ’ਚ ਘਮਸਾਣ