ਦਿਸ਼ਾਹੀਣ ਦਲਿਤ ਰਾਜਨੀਤੀ

ਅਸੀਂ ਜਿਸ ਸਿਆਸਤ ਦੇ ਦੇਸ਼ ਅੰਦਰ ਦਰਸ਼ਨ ਕਰ ਰਹੇ ਹਾਂ, ਉਸਦਾ ਇੱਕ ਬਹੁਤ ਹੀ ਖਾਸ ਪਹਿਲੂ ਦਲਿਤ ਉੱਤੇ ਸਿਅਸਤ ਨਜ਼ਰ ਆ ਰਿਹਾ ਹੈ। ਅੱਜ ਭਾਜਪਾ ਹਿੰਦੂ ਦੇ ਨਾਲ-ਨਾਲ ਦਲਿਤ ਨੂੰ ਆਪਾ ਨਿਸ਼ਾਨਾ ਬਾ ਰਹੀ ਹੈ। ਉਸੇ ਹੋੜ ਵਿੱਚ ਬਾਕੀ ਪਾਰਟੀਆਂ ਲੱਗੀਆਂ ਹੋਈਆਂ ਹਨ। ਹਰ ਕੋਈ ਆਪੋ ਆਪਣੇ ਪੱਤੇ ਸੁੱਟੀ ਜਾ ਰਿਹਾ ਹੈ। ਨਵੇਂ ਮੰਤਰੀ ਮੰਡਲ ਵਿੱਚ ਹੁਸ਼ਿਆਰਪੁਰ ਦੇ ਐੱਮਪੀ ਵਿਜੇ ਸਾਂਪਲਾ ਨੂੰ ਰਾਜ ਮੰਤਰੀ ਲਏ ਜਾਣ ਵਾਲਾ ਕਾਰਡ ਵੀ ਦਲਿਤ ਪੱਤਾ ਹੀ ਹੈ ਅਤੇ ਸ਼ਾਂਤਾ ਕੁਮਾਰ ਦੀ ਥਾਂ ਕਥੂਰੀਆ ਨੂੰ ਪੰਜਾਬ ਦਾ ਇੰਚਾਰਜ ਲਗਾਉਣਾ ਵੀ ਦਲਿਤ ਸਿਆਸਤ ਦਾ ਹੀ ਹਿੱਸਾ ਹੈ। ਇਸੇ ਤਰਾਂ ਪੰਜਾਬ ਵਿੱਚ ਅਕਾਲੀਆਂ ਕੋਲ ਕੋਈ ਉਸ ਤਰਾਂ ਦਾ ਦਲਿਤ ਲੀਡਰ ਨਜ਼ਰ ਨਹੀਂ ਆ ਰਿਹਾ, ਜਿਹੜਾ ਇਸ ਵੋਟ ਬੈਂਕ ਨੂੰ ਆਪਣੇ ਨਾਲ ਜੋੜ ਸਕੇ। ਕਾਂਗਰਸ ਵੀ ਇਸ ਪਾਸੇ ਤੋਂ ੳੂਣੀ ਹੀ ਹੈ। ਇਹਨਾਂ ਸਾਰੇ ਸਵਾਲਾਂ ਦੇ ਮੱਦੇਨਜ਼ਰ ਅੱਜ ਪੰਜਾਬੀ ਦਲਿਤ ਕਿੱਥੇ ਖੜਾ ਹੈ, ਉਸ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਇਸਦੀ ਸਿਆਸਤ ਕੀ ਹੈ ਤੇ ਕੀ ਕਰ ਰਹੀ ਹੈ, ਇਸਦੀ ਦਿਸ਼ਾ ਕੀ ਹੈ, ਇਹਾਂ ਨੁਕਤਿਆਂ ਨੂੰ ਅਸੀਂ ਇੱਥੇ ਵਿਚਾਰਾਂਗੇ।

ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਅੰਬੇਡਕਰ ਦੇ ਫਲਸਫੇ ਨੂੰ ਮਾਨਯੋਗ ਕਾਂਸ਼ੀ ਰਾਮ ਨੇ ਸਮਝਿਆ ਤੇ ਇਸ ਫਲਸਫੇ ਦੇ ਕਾਫਲੇ ਨੂੰ ਅੱਗੇ ਵਧਾਉਣ ਦੇ ਲਈ ਦਿਨ-ਰਾਤ ਇਕ ਕਰ ਦਿੱਤਾ। ਦਲਿਤਾਂ ਨੂੰ ਰਾਜਨੀਤਕ ਤੌਰ ’ਤੇ ਜਗਾਉਣ ਲਈ ਉਹ ਕਾਫ਼ੀ ਹੱਦ ਤੱਕ ਕਾਮਯਾਬ ਰਹੇ ਪਰ ਦਲਿਤਾਂ ਦੇ ਰਾਜ-ਪਾਠ ਦਾ ਸੁਪਨਾ ਬਾਬਾ ਸਾਹਿਬ ਅੰਬੇਡਕਰ ਦੀ ਤਰਾਂ ਉਨਾਂ ਦੇੇ ਦਿਲ ਵਿੱਚ ਹੀ ਰਹਿ ਗਿਆ। ਹੁਣ ਬਹੁਤ ਸਾਰੀਆਂ ਗਲੀਆਂ-ਕੂਚੇ, ਪਿੰਡਾਂ ਦੀਆਂ ਢਾਣੀਆਂ, ਮਹਿਫ਼ਲਾਂ, ਧਾਰਮਿਕ, ਸਮਾਜਿਕ ਸੰਮੇਲਨਾਂ ਵਿੱਚ ਲੀਡਰਾਂ ਦਾ ਸ਼ੋਰਗੁਲ ਸੁਣਾਈ ਦਿੰਦਾ ਹੈ ਕਿ ‘ਬਾਬਾ ਸਾਹਿਬ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ, ‘ਕਾਂਸ਼ੀ ਰਾਮ ਤੇਰਾ ਮਿਸ਼ਨ ਅਧੂਰਾ ਹਮ ਸਭ ਮਿਲ ਕੇ ਕਰੇਂਗੇ ਪੂਰਾ’। ਬਾਬਾ ਸਾਹਿਬ ਅੰਬੇਡਕਰ ਵੇਲੇ ਦਲਿਤਾਂ ਦੇ ਬਹੁਤ ਮਾੜੇ ਹਾਲਾਤ ਸਨ। ਸਾਹਿਬ ਕਾਂਸ਼ੀ ਰਾਮ ਵੇਲੇ ਦਲਿਤਾਂ ਦੇ ਹਾਲਾਤ ਥੋੜੇ ਜਿਹੇ ਠੀਕ ਸਨ। ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਸਮਾਜਿਕ ਪਰਿਵਰਤਨ ਅੰਦੋਲਨ ਦੀ ਲੀਡਰਸ਼ਿਪ ਮਾਇਆਵਤੀ ਦੇ ਹੱਥ ਆ ਗਈ। ਬਾਬਾ ਸਾਹਿਬ ਤੇ ਕਾਂਸ਼ੀ ਰਾਮ ਦਲਿਤਾਂ ਦੇ ਮਸੀਹੇ ਸਨ। ਮਾਇਆਵਤੀ ਕਾਂਸ਼ੀ ਰਾਮ ਦੁਆਰਾ ਬਣਾਈ ਗਈ ਦਲਿਤਾਂ ਦੀ ਲੀਡਰ ਸੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਇਆਵਤੀ ਨੇ ਸਾਹਿਬ ਕਾਂਸ਼ੀ ਰਾਮ ਨਾਲ ਮਿਲ ਕੇ ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ ਪਰ ਉਹ ਸਾਹਿਬ ਕਾਂਸ਼ੀ ਰਾਮ ਦੀ ਤਰਾਂ ਦਲਿਤਾਂ ਦਾ ਮਸੀਹਾ ਬਣਨ ਵਿੱਚ ਕਾਮਯਾਬ ਨਹੀਂ ਹੋਈ, ਉਹ ਦਲਿਤਾਂ ਦੀ ਲੀਡਰ ਬਣ ਗਈ। ਜਿਹੜੇ ਸਾਹਿਬ ਕਾਂਸ਼ੀ ਰਾਮ ਦੇ ਸਿਪਾਸਲਾਰ ਸੀ ਜਾਂ ਹਨ, ਉਹ ਸਮਾਜਿਕ ਪਰਿਵਰਤਨ ਦੇ ਅੰਦੋਲਨ ਨੂੰ ਮੁੱਖ ਰੱਖ ਕੇ ਆਪਣੇ ਵਿੱਚ ਤਿਆਗ ਭਾਵਨਾ ਪੈਦਾ ਕਰਦੇ ਹੋਏ ਮਿਸ਼ਨ ਨੂੰ ਅੱਗੇ ਵਧਾਉਦੇ ਸਨ, ਮਾਇਆਵਤੀ ਦੇ ਪੈਰੋਕਾਰ ਰਾਜਨੀਤਕ ਲੀਡਰ ਬਣ ਗਏ। ਹਾਲਾਂਕਿ ਮਾਇਆਵਤੀ ਦੇ ਲੀਡਰ ਬਣਨ ਕਰਕੇ ਦਲਿਤਾਂ ਦੀ ਰਾਜਨੀਤੀ ਦਾ ਕਾਫਲਾ ਥੋੜੀ ਤੇਜ਼ੀ ਨਾਲ ਅੱਗੇ ਵਧਣ ਲੱਗ ਪਿਆ ਪਰ ਨਾਲ ਹੀ ਉਥੇ ਸਮਾਜਿਕ ਪਰਿਵਰਤਨ ਅੰਦੋਲਨ ਦਾ ਕਾਫਲਾ ਰੁਕ ਗਿਆ। ਕਿਉਕਿ ਹੁਣ ਦਲਿਤ ਰਾਜਨੀਤੀ ਕਰਨ ਵਾਲੇ ਲੀਡਰ ਮਸੀਹਾ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਹੁਣ ਉਹ ਮਾਇਆਵਤੀ ਬਣਨ ਦੀ ਕੋਸ਼ਿਸ਼ ਕਰਦੇ ਹਨ, ਕਿਉਕਿ ਮਸੀਹਾ ਬਣਨ ਲਈ ਉਨਾਂ ਨੂੰ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਹੜਾ ਕਿ ਉਨਾਂ ਨੂੰ ਪਸੰਦ ਨਹੀਂ ਜਾਂ ਉਨਾਂ ਦੇ ਵਸ ਦੀ ਗੱਲ ਨਹੀਂ ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਮਾਇਆਵਤੀ ਨੂੰ ਤਿਆਰ ਕਰਨ ’ਚ ਸਾਹਿਬ ਕਾਂਸ਼ੀ ਰਾਮ ਦਾ ਅਹਿਮ ਤੇ ਬਹੁਤ ਵੱਡਾ ਯੋਗਦਾਨ ਸੀ। ਮਸੀਹੇ ਦੀ ਜਗਾ ਰਾਜਨੀਤਕ ਲੀਡਰ ਬਣਨਾ ਵੀ ਦਲਿਤ ਰਾਜਨੀਤੀ ਵਿੱਚ ਗਿਰਾਵਟ ਆਉਣ ਦਾ ਮੁੱਖ ਕਾਰਣ ਹੈ, ਕਿਉਕਿ ਜਿਹੜਾ ਸਮਾਜਿਕ ਪਰਿਵਤਨ ਦਾ ਅੰਦੋਲਨ ਹੈ ਉਹ ਕਦੇ ਖ਼ਤਮ ਨਹੀਂ ਹੋ ਸਕਦਾ। ਜੇਕਰ ਦਲਿਤਾਂ ਦੇ ਸਮਾਜਿਕ ਪਰਿਵਰਤਨ ਅੰਦੋਲਨ ਦੀ ਗੱਲ ਕਰੀਏ ਤਾਂ ਤਥਾਗਤ ਬੁੱਧ, ਗੁਰੂ ਰਵਿਦਾਸ, ਸਤਿਗੁਰੂ ਕਬੀਰ, ਗੁਰੂ ਨਾਨਕ ਦੇਵ ਜੀ, ਮਹਾਤਮਾ ਜੋਤੀਰਾਏ ਫੂਲੇ, ਡਾ. ਭੀਮ ਰਾਓ ਅੰਬੇਡਕਰ ਅਤੇ ਕਾਂਸ਼ੀ ਰਾਮ ਜਿਹੇ ਮਹਾਂਪੁਰਸ਼ ਅਤੇ ਹੋਰ ਵੀ ਮਹਾਂਪੁਰਸ਼ ਸਮੇਂ-ਸਮੇਂ ’ਤੇ ਇਸ ਅੰਦੋਲਨ ਲਈ ਨੀਂਹ ਦਾ ਕੰਮ ਕਰਦੇ ਰਹੇ।

ਰਾਜਨੀਤਕ ਤੌਰ ’ਤੇ ਤਿਆਰ ਹੋਈਆਂ ਪਾਰਟੀਆਂ ਤੇ ਲੀਡਰ ਕੁਝ ਅਰਸੇ ਬਾਅਦ ਖਤਮ ਹੋ ਜਾਂਦੇ ਹਨ ਜਿਵੇਂ ਡਾ. ਭੀਮ ਰਾਓ ਅੰਬੇਡਕਰ ਦੇ ਜਾਣ ਤੋਂ ਬਾਅਦ ਉਨਾਂ ਦੁਆਰਾ ਬਣਾਈ ਗਈ ਰਾਜਨੀਤਕ ਪਾਰਟੀ ਆਰ. ਪੀ. ਆਈ. ਹੌਲੀ-ਹੌਲੀ ਲੱਗਭਗ ਖਤਮ ਹੋ ਰਹੀ ਹੈ। ਅਨੇਕਾਂ ਲੀਡਰ ਆਰ. ਪੀ. ਆਈ. ਦੇ ਤਿਆਰ ਹੋਏ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆ ਰਹੇ। ਇਸ ਗੱਲ ਨੂੰ ਸਮਝਣਾ ਪਵੇਗਾ। ਰਾਜਨੀਤਕ ਤੌਰ ’ਤੇ ਅਸੀਂ ਮਨੂੰਵਾਦੀਆਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਜੇ ਸਮਾਜਿਕ ਪਰਿਵਰਤਨ ਦੇ ਅੰਦੋਲਨ ਦਾ ਹਿੱਸਾ ਬਣਾਂਗੇ ਤਾਂ ਮਨੂੰਵਾਦੀ ਸਾਡੇ ਸਾਹਮਣੇ ਟਿਕ ਨਹੀਂ ਸਕਣਗੇ। ਸਾਹਿਬ ਕਾਂਸ਼ੀ ਰਾਮ ਦੇ ਜਾਣ ਤੋਂ ਬਾਅਦ ਭਾਵੇਂ ਬਸਪਾ ਇਸ ਸਮੇਂ ਰਾਜਨੀਤੀ ਵਿੱਚ ਦਲਿਤਾਂ ਦਾ ਪੱਖ ਪੂਰਨ ਦਾ ਦਾਅਵਾ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਹੈ ਪਰ ਪੂਰੇ ਦੇਸ਼ ਵਿੱਚ ਸਾਹਿਬ ਕਾਂਸ਼ੀ ਰਾਮ ਦਾ ਨਾਮ ਲੈ ਕੇ ਚੱਲਣ ਵਾਲੀਆਂ ਪਾਰਟੀਆਂ ਦੀ ਗਿਣਤੀ ਲੱਗਭਗ 50 ਤੋਂ ਜ਼ਿਆਦਾ ਹੋ ਗਈ ਹੈ, ਕਿਉਕਿ ਇਸ ਸਮੇਂ ਦਲਿਤਾਂ ਦੇ ਲੀਡਰ ਰਾਜਨੀਤੀ ਕਰ ਰਹੇ ਹਨ ਤੇ ਰਾਜਨੀਤੀ ਵਿੱਚ ਲੀਡਰਾਂ ਦਾ ਆਪਸੀ ਮਨ-ਮੁਟਾਵ ਅਤੇ ਦਲਿਤ ਲੋਕਾਂ ਦੇ ਗਰੁੱਪ ਬਣ ਜਾਣਾ ਹੀ ਵੱਡਾ ਕਾਰਣ ਹੈ ਕਿ ਦਲਿਤਾਂ ਦੀ ਰਾਜਨੀਤੀ ਇਸ ਸਮੇਂ ਹਾਸ਼ੀਏ ’ਤੇ ਹੈ। ਸਾਰੇ ਦਲਿਤ ਲੀਡਰ ਇਸ ਸਮੇਂ ਨਾਮ ਬਾਬਾ ਸਾਹਿਬ ਤੇ ਕਾਂਸ਼ੀ ਰਾਮ ਦਾ ਇਸਤੇਮਾਲ ਕਰਦੇ ਹਨ ਪਰ ਰਣਨੀਤੀ ਆਪਣੀ ਵੱਖਰੀ ਤੇ ਕਿਤੇ-ਕਿਤੇ, ਬੀਜੇਪੀ, ਕਾਂਗਰਸ ਦੀ ਨਕਲ ਕਰਦੇ ਨਜ਼ਰ ਆਉਦੇ ਹਨ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਹੜੇ ਲੋਕ ਸਮਾਜਿਕ ਪਰਿਵਤਨ ਦੇ ਅੰਦੋਲਨ ’ਚ ਸਾਹਿਬ ਕਾਂਸ਼ੀ ਰਾਮ ਦੇ ਨਾਲ ਚੱਲੇ ਸਨ, ਅੱਜ ਉਨਾਂ ਦੇ ਦਿਲਾਂ ’ਚ ਮਾਯੂਸੀ ਹੈ ਤੇ ਦਿਮਾਗ ਲੱਗਭਗ ਸ਼ਸ਼ੋਪੰਜ ਵਿੱਚ ਪਿਆ ਹੈ ਕਿ ਉਹ ਕਿੱਧਰ ਜਾਣ ਤੇ ਕੀ ਕਰਣ?

ਉਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਿਹੜੇ ਉਨਾਂ ਦੇ ਕੰਨਾਂ ’ਚ ਨਾਅਰੇ ਪੈ ਰਹੇ ਹਨ, ਉਹ ਨਾਅਰੇ ਬਾਬਾ ਸਾਹਿਬ ਅੰਬਡੇਕਰ ਦੀ ਫਿਲਾਸਫੀ ਵਾਲੇ ਹਨ ਪਰ ਜਿਸ ਤਰੀਕੇ ਨਾਲ ਲੀਡਰ ਰਾਜਨੀਤੀ ਕਰ ਰਹੇ ਹਨ, ਉਹ ਬਿਲਕੁਲ ਇਨਾਂ ਵਿਚਾਰਾਂ ਦੇ ਉਲਟ ਹੈ। ਆਮ ਦਲਿਤ ਦੀਆਂ ਅੱਖਾਂ ’ਤੇ ਨਾਅਰਿਆਂ ਦੀ ਪੱਟੀ ਬੰਨ ਕੇ ਮੌਜੂਦਾ ਦਲਿਤ ਲੀਡਰਸ਼ਿਪ ਸਮਝ ਰਹੀ ਹੈ ਕਿ ਦਲਿਤ ਵੋਟ ਬੈਂਕ ਕੋਹਲੂ ਦੇ ਬੈਲ ਵਾਂਗੂ ਉਨਾਂ ਦੇ ਹੱਥ ਦਾ ਹਥਿਆਰ ਬਣਿਆ ਰਹੇਗਾ ਪਰ ਸੱਚ ਇਹ ਹੈ ਕਿ ਨਾਅਰੇਬਾਜ਼ੀਆਂ ਦਾ ਹਨੇਰਾ ਹੁਣ ਦਲਿਤ ਜ਼ਿਆਦਾ ਦੇਰ ਤੱਕ ਬਰਦਾਸ਼ਤ ਨਹੀਂ ਕਰੇਗਾ। ਜਲਦੀ ਹੀ ਉਹ ਹਨੇਰੇ ਦੀ ਪੱਟੀ ਲਾਹ ਕੇ ਚਾਨਣੇ ਵਿੱਚ ਆਪਣੀ ਮੰਜ਼ਿਲ ਪਾਉਣ ਨੂੰ ਉਤਾਵਲਾ ਹੈ ਜੇ ਅਜੇ ਵੀ ਲੀਡਰਾਂ ਨੇ ਦਲਿਤਾਂ ਦੇ ਜਜ਼ਬਾਤ ਨਾ ਸਮਝੇ ਤਾਂ ਦਲਿਤ ਇਨਾਂ ਲੀਡਰਾਂ ਨੂੰ ਅਜਿਹੇ ਹਨੇਰੇ ਖੂੰਝਿਆਂ ’ਚ ਲਾ ਦੇਣਗੇ, ਜਿੱਥੋਂ ਬਾਹਰ ਨਿਕਲਣਾ ਇਨਾਂ ਲਈ ਨਾਮੁਮਕਿਨ ਹੋ ਜਾਵੇਗਾ। ਜ਼ਿਆਦਾ ਦੇਰ ਤੱਕ ਦਿਸ਼ਾਹੀਣ ਦਲਿਤ ਰਾਜਨੀਤੀ ਨਹੀਂ ਚੱਲੇਗੀ।

Facebook Comments

POST A COMMENT.

Enable Google Transliteration.(To type in English, press Ctrl+g)