ਅਕਾਲੀ-ਭਾਜਪਾ ਗੱਠਜੋੜ ਦੇ ਰਹਿਣ-ਟੁੱਟਣ ਦੀਆਂ ਸੰਭਾਵਨਾਵਾਂ ਤੇ ਮੁੱਖ ਮੰਤਰੀ ਬਾਦਲ ਦੀ ਬਦਲਦੀ ਬੋਲੀ


ਬੀਤਿਆ ਹਫਤਾ ਬੜੀ ਅਜੀਬ ਜਿਹੀ ਹਲਚਲ ਵਾਲਾ ਸੀ। ਇਸ ਇੱਕੋ ਹਫਤੇ ਵਿੱਚ ਕਈ ਵਾਰ ਸਾਥੋਂ ਲੋਕਾਂ ਨੇ ਇਹ ਸਵਾਲ ਪੁੱਛਿਆ ਕਿ ਪੰਜਾਬ ਦੀ ਮੌਜੂਦਾ ਵਿਧਾਨ ਸਭਾ ਆਪਣੀ ਮਿਆਦ ਪੂਰੀ ਕਰੇਗੀ ਜਾਂ ਅੱਧ-ਵਿਚਾਲੇ ਚੋਣਾਂ ਦੇ ਰਾਹ ਪੈ ਜਾਵੇਗੀ? ਪਹਿਲੇ ਦੋ ਦਿਨ ਅਸੀਂ ਸਾਫ ਕਿਹਾ ਕਿ ਇਹ ਮਿਆਦ ਪੂਰੀ ਕਰੇਗੀ। ਤੀਸਰਾ ਅਤੇ ਚੌਥਾ ਦਿਨ ਅਸੀਂ ਇਹ ਕਿਹਾ ਕਿ ਸ਼ਾਇਦ ਇਹ ਮਿਆਦ ਪੂਰੀ ਕਰ ਜਾਵੇ। ਪੰਜਵਾਂ ਦਿਨ ਚੜ੍ਹਨ ਤੱਕ ਸਾਨੂੰ ਅਗਲੀ ਗੱਲ ਕਹਿਣੀ ਪੈ ਗਈ ਕਿ ਹੁਣ ਇਹ ਵਿਧਾਨ ਸਭਾ ਆਪਣੀ ਮਿਆਦ ਪੂਰੀ ਕਰਦੀ ਨਹੀਂ ਜਾਪਦੀ। ਸਿਆਸੀ ਘਟਨਾਵਾਂ ਦਾ ਵਹਿਣ ਏਨਾ ਤੇਜ਼ ਤੁਰ ਪਿਆ ਕਿ ਕਿਸੇ ਵੀ ਵੇਲੇ ਕੁਝ ਵਾਪਰ ਜਾਣ ਦੀ ਸੰਭਾਵਨਾ ਦਿੱਸਣ ਲੱਗ ਪਈ। ਇਨ੍ਹਾਂ ਘਟਨਾਵਾਂ ਦੇ ਵਹਿਣ ਦਾ ਸਿਖਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਸੀ ਕਿ ਜੇ ਭਾਜਪਾ ਨੇ ‘ਅਕਾਲੀ ਦਲ ਨਾਲ ਆਪਣਾ ਗੱਠਜੋੜ ਤੋੜਿਆ ਤਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਖਤਰਾ ਪੈਦਾ ਹੋ ਜਾਵੇਗਾ`। ਅੱਧੀ ਸਦੀ ਤੋਂ ਵੱਧ ਰਾਜਨੀਤੀ ਵਿੱਚ ਛਾਏ ਰਹੇ ਆਗੂ ਦੇ ਮੂੰਹੋਂ ਇਹ ਗੱਲ ਜਦੋਂ ਨਿਕਲਦੀ ਹੈ ਤਾਂ ਐਵੇਂ ਨਹੀਂ ਨਿਕਲਦੀ, ਇਸ ਦੇ ਪਿੱਛੇ ਉਸ ਦੀ ਮੌਕਾ ਸੰਭਾਲਣ ਵਿੱਚ ਆਪਣੀ ਬੇਵੱਸੀ ਝਲਕਦੀ ਹੈ, ਜਿਸ ਨੂੰ ਕੋਈ ਵੀ ਸੁੰਘ ਸਕਦਾ ਹੈ।

ਇਸ ਬੀਤੇ ਹਫਤੇ ਵਿੱਚ ਮੁੱਖ ਮੰਤਰੀ ਬਾਦਲ ਦੇ ਮੂੰਹੋਂ ਸ਼ਬਦ ਬਦਲਦੇ ਰਹੇ। ਪਹਿਲਾਂ ਉਹ ਇਹ ਕਹਿੰਦੇ ਸਨ ਕਿ ਅਕਾਲੀ-ਭਾਜਪਾ ਗੱਠਜੋੜ ਵਿੱਚ ਪਾਟਕ ਦੀ ਗੱਲ ਸੋਚੀ ਹੀ ਨਹੀਂ ਜਾ ਸਕਦੀ। ਫਿਰ ਇਹ ਕਹਿਣ ਲੱਗ ਪਏ ਕਿ ਮੇਰੇ ਜਿਉਂਦੇ-ਜੀਅ ਇਹ ਗੱਠਜੋੜ ਨਹੀਂ ਟੁੱਟ ਸਕਦਾ। ਹਫਤੇ ਦੇ ਅੰਤ ਵਿੱਚ ਬਾਦਲ ਦਾ ਇਹ ਪੈਂਤੜਾ ਵੀ ਪੱਕਾ ਨਾ ਰਹਿ ਸਕਿਆ ਤਾਂ ਉਨ੍ਹਾ ਉਹ ਕੁਝ ਕਹਿ ਦਿੱਤਾ, ਜਿਸ ਦੀ ਕਿਸੇ ਨੂੰ ਏਨੀ ਛੇਤੀ ਆਸ ਨਹੀਂ ਸੀ। ਬਾਦਲ ਸਾਹਿਬ ਨੇ ਕਿਹਾ; ‘ਜੇ ਕੋਈ ਵੱਖ ਹੋਣ ਲਈ ਮਨ ਹੀ ਬਣਾ ਲਵੇ ਤਾਂ ਮੈਂ ਕੀ ਕਰ ਸਕਦਾ ਹਾਂ?` ਸਥਿਤੀ ਦੇ ਅਸਲੀ ਅਹਿਸਾਸ ਬਾਰੇ ਬਾਦਲ ਦਾ ਇਹ ਬਿਆਨ ਭਾਜਪਾ ਦੇ ਕੇਂਦਰੀ ਇੰਚਾਰਜ ਦੇ ਪੰਜਾਬ ਦਾ ਗੇੜਾ ਲਾਉਣ ਪਿੱਛੋਂ ਆਇਆ ਹੈ।

ਪੰਜਾਬ ਦੇ ਮਾਮਲਿਆਂ ਦੇ ਭਾਜਪਾ ਵੱਲੋਂ ਕੇਂਦਰੀ ਇੰਚਾਰਜ ਰਾਮ ਸ਼ੰਕਰ ਕਥੇਰੀਆ ਨੇ ਜਦੋਂ ਪੰਜਾਬ ਦਾ ਗੇੜਾ ਲਾਇਆ ਤਾਂ ਇਹ ਪਹਿਲੀ ਵਾਰ ਹੋਇਆ ਕਿ ਭਾਜਪਾ ਦਾ ਕੇਂਦਰੀ ਇੰਚਾਰਜ ਏਥੇ ਆਵੇ ਤੇ ਮੁੱਖ ਮੰਤਰੀ ਬਾਦਲ ਜਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦੀ ਲੋੜ ਨਾ ਸਮਝੇ। ਇਸ ਤੋਂ ਪਹਿਲਾਂ ਭਾਜਪਾ ਨੇ ਪੰਜਾਬ ਦਾ ਇੰਚਾਰਜ ਬੜੇ ਸ਼ਾਂਤ ਜਿਹੇ ਸ਼ਾਂਤਾ ਕੁਮਾਰ ਨੂੰ ਲਾ ਰੱਖਿਆ ਸੀ, ਜਿਹੜਾ ਹਰ ਕਿਸੇ ਦਾ ਪੈਰ ਮਿੱਧਣ ਤੋਂ ਬਚਣ ਵਾਲਾ ਬੰਦਾ ਸੀ। ਨਵਾਂ ਇੰਚਾਰਜ ਰਾਮ ਸ਼ੰਕਰ ਕਥੇਰੀਆ ਸੁਭਾਅ ਵੱਲੋਂ ਅੜਬੰਗ ਹੈ। ਆਗਰੇ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਿਆ ਇਹ ਆਗੂ ਕਿੱਤੇ ਵਜੋਂ ਪ੍ਰੋਫੈਸਰ ਹੈ। ਜਦੋਂ ਉਸ ਨੇ ਚੋਣ ਲੜੀ, ਆਪਣੇ ਐਫੀਡੇਵਿਟ ਵਿੱਚ ਇਹ ਵੇਰਵਾ ਉਸ ਨੇ ਖੁਦ ਦਰਜ ਕੀਤਾ ਸੀ ਕਿ ਉਸ ਦੇ ਖਿਲਾਫ ਕਈ ਵੰਨਗੀਆਂ ਦੇ ਇੱਕੀ ਕੇਸ ਚੱਲਦੇ ਹਨ। ਇਸ ਤਰ੍ਹਾਂ ਦਾ ਬੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਰਾਜਸੀ ਪੱਖ ਸੋਚ ਕੇ ਹੀ ਪੰਜਾਬ ਨੂੰ ਭੇਜਿਆ ਸੀ।

ਭਾਰਤੀ ਜਨਤਾ ਪਾਰਟੀ ਅੰਦਰ ਪੰਜਾਬ ਦੇ ਰਾਜਸੀ ਗੱਠਜੋੜ ਅਤੇ ਖਾਸ ਤੌਰ ਉੱਤੇ ਅਕਾਲੀ ਦਲ ਵਾਸਤੇ ਉਹ ਸੁਹਿਰਦਤਾ ਨਹੀਂ ਰਹੀ, ਜਿਹੜੀ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਹੁੰਦੀ ਸੀ। ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਭਾਜਪਾ ਦਾ ਉਮੀਦਵਾਰ ਬਣਵਾਉਣ ਵੇਲੇ ਜਿਹੜੀ ਸੋਚ ਅਕਾਲੀਆਂ ਨੇ ਰੱਖੀ ਸੀ, ਉਹ ਉਲਟੀ ਪੈ ਗਈ ਹੈ। ਚੋਣ ਪ੍ਰਚਾਰ ਵੇਲੇ ਅਰੁਣ ਜੇਤਲੀ ਨੇ ਪੰਜਾਬ ਦੇ ਸਾਰੇ ਉਨ੍ਹਾਂ ਹਾਲਾਤ ਨੂੰ ਵੀ ਸਮਝ ਲਿਆ, ਜਿਹੜੇ ਹੁਣ ਤੱਕ ਦਿੱਲੀ ਬੈਠੀ ਭਾਜਪਾ ਹਾਈ ਕਮਾਨ ਨੂੰ ਪਤਾ ਨਹੀਂ ਸਨ। ਨਸ਼ਿਆਂ ਦੇ ਵਿਕਣ ਬਾਰੇ ਵੀ ਅਤੇ ਵਿਕਾਉਣ ਵਾਲਿਆਂ ਬਾਰੇ ਵੀ ਉਨ੍ਹਾਂ ਨੂੰ ਸਾਰੀ ਸੂਚਨਾ ਮਿਲ ਗਈ ਤੇ ਪੰਜਾਬ ਦੇ ਪ੍ਰਸ਼ਾਸਕੀ ਅਧਿਕਾਰੀਆਂ ਦੇ ਵਿਚਾਰੇ ਜਿਹੇ ਬਣ ਜਾਣ ਬਾਰੇ ਵੀ।

ਚੋਣਾਂ ਪਿੱਛੋਂ ਅਰੁਣ ਜੇਤਲੀ ਦੇਸ਼ ਦਾ ਖਜ਼ਾਨਾ ਮੰਤਰੀ ਬਣ ਗਿਆ ਤਾਂ ਅਕਾਲੀ ਆਗੂ ਖਿੜ ਗਏ, ਪਰ ਉਸ ਦੀ ਪਹਿਲੀ ਚਿੱਠੀ ਆਉਂਦੇ ਸਾਰ ਇਹੋ ਜਿਹੇ ਭੁੰਜੇ ਲੱਥੇ ਕਿ ਫਿਰ ਲੀਹ ਉੱਤੇ ਨਹੀਂ ਆ ਸਕੇ। ਉਸ ਨੇ ਜੋ ਕੁਝ ਲਿਖਿਆ, ਉਸ ਦਾ ਭਾਵ ਇਹ ਨਿਕਲਦਾ ਸੀ ਕਿ ਪਿਛਲੀ ਕੇਂਦਰ ਸਰਕਾਰ ਦੇ ਵਕਤ ਪੰਜਾਬ ਲਈ ਏਨੀ ਮਾਇਆ ਮਿਲੀ ਹੈ ਕਿ ਕੋਈ ਅੰਤ ਨਹੀਂ ਰਿਹਾ ਤੇ ਇਸ ਪੈਸੇ ਦੀ ਜਿੰਨੀ ਦੁਰਵਰਤੋਂ ਹੋਈ, ਉਸ ਦਾ ਵੀ ਕੋਈ ਸਾਨੀ ਨਹੀਂ ਹੋਣਾ। ਇਸ ਚਿੱਠੀ ਨੇ ਏਨੀ ਘਾਬਰ ਪਾ ਦਿੱਤੀ ਕਿ ਪਹਿਲਾਂ ਦੋ ਦਿਨ ਬਾਦਲ ਸਾਹਿਬ ਇਸ ਚਿੱਠੀ ਦੇ ਆਉਣ ਤੋਂ ਇਨਕਾਰ ਕਰਦੇ ਰਹੇ ਤੇ ਤੀਸਰੇ ਦਿਨ ਇਹ ਕਹਿ ਦਿੱਤਾ ਕਿ ਇਹ ਚਿੱਠੀ ਸਾਰੇ ਲੋਕਾਂ ਨੇ ਪੜ੍ਹ ਹੀ ਲਈ ਹੈ, ਹੁਣ ਟਿੱਪਣੀ ਕਰਨ ਦੀ ਲੋੜ ਨਹੀਂ ਰਹਿ ਗਈ। ਜੇ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਕਾਸੇ ਜੋਗੀ ਹੁੰਦੀ ਤਾਂ ਸਰਕਾਰ ਨੂੰ ਵਾਹਣੀਂ ਪਾ ਛੱਡਦੀ, ਪਰ ਬਾਦਲ ਸਰਕਾਰ ਦੀ ਖੁਸ਼ਕਿਸਮਤੀ ਸੀ ਕਿ ਕਾਂਗਰਸੀ ਆਪਣੇ ਕੋੜਮੇ ਦੀ ਜੰਗ ਵਿੱਚ ਹੀ ਉਲਝੇ ਪਏ ਸਨ।
ਕਿਉਂਕਿ ਪੰਜਾਬ ਵਿੱਚ ਕਾਂਗਰਸੀ ਆਗੂ ਆਪਣੀ ਖਾਨਾ-ਜੰਗੀ ਵਿੱਚ ਰੁੱਝੇ ਰਹਿਣ ਦੀ ਆਦਤ ਪਾ ਬੈਠੇ ਹਨ, ਇਸ ਲਈ ਭਾਜਪਾ ਹੁਣ ਇਸ ਰਾਜ ਵਿੱਚ ਇੱਕ ਹਕੀਕੀ ਵਿਰੋਧੀ ਧਿਰ ਪੇਸ਼ ਕਰਨ ਲਈ ਤਿਆਰ ਹੋ ਰਹੀ ਹੈ। ਦਿੱਲੀ ਤੋਂ ਆਏ ਕੇਂਦਰੀ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀਆਂ ਮੀਟਿੰਗਾਂ ਦੌਰਾਨ ਭਾਜਪਾ ਲੀਡਰਾਂ ਨੇ ਪਹਿਲੀ ਵਾਰੀ ਕੁਝ ਜ਼ੋਰ ਨਾਲ ਆਪਣੇ ਇਤਰਾਜ਼ ਦਰਜ ਕਰਵਾਏ ਤੇ ਸਰਕਾਰ ਵਿੱਚੋਂ ਬਾਹਰ ਨਿਕਲ ਜਾਣ ਦੀ ਮੰਗ ਚੁੱਕਣ ਦੀ ਜੁਰਅੱਤ ਕੀਤੀ, ਵਰਨਾ ਲਿਲਕੜੀਆਂ ਜਿਹੀਆਂ ਕੱਢਦੇ ਰਹਿੰਦੇ ਸਨ। ਉਨ੍ਹਾਂ ਨੂੰ ਇਹ ਡਰ ਰਹਿੰਦਾ ਸੀ ਕਿ ਮੀਟਿੰਗ ਮੁੱਕਦੇ ਸਾਰ ਫਲਾਣਾ ਬੰਦਾ ਸਾਡੀਆਂ ਗੱਲਾਂ ਬਾਦਲ ਬਾਪ-ਬੇਟੇ ਨੂੰ ਦੱਸ ਕੇ ਸਿਆਪਾ ਪਾ ਦੇਵੇਗਾ। ਜਿਸ ਫਲਾਣੇ ਬੰਦੇ ਦਾ ਡਰ ਉਨ੍ਹਾਂ ਨੂੰ ਰਹਿੰਦਾ ਸੀ, ਉਹ ਹੁਣ ਵੀ ਭਾਜਪਾ ਮੀਟਿੰਗਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਪੱਖ ਵਿੱਚ ਇਸੇ ਤਰ੍ਹਾਂ ਬੋਲਿਆ, ਜਿਵੇਂ ਬਾਦਲ ਅਕਾਲੀ ਦਲ ਦਾ ਡੈਲੀਗੇਟ ਹੋਵੇ, ਪਰ ਇਸ ਵਾਰੀ ਉਸ ਨੂੰ ਹੁੰਗਾਰਾ ਦੇਣ ਵਾਲੇ ਨਹੀਂ ਸਨ ਲੱਭ ਰਹੇ। ਆਗੂਆਂ ਦੀ ਵੱਡੀ ਗਿਣਤੀ ਤੋੜ-ਵਿਛੋੜੇ ਦੇ ਪੱਖ ਵਿੱਚ ਬੋਲਣ ਵਾਲੀ ਸੀ। ਇਸ ਦੇ ਬਾਵਜੂਦ ਬਾਦਲ ਸਾਹਿਬ ਆਪਣੇ ਪੁਰਾਣੇ ਬਿਆਨ ਉੱਤੇ ਕਾਇਮ ਸਨ ਕਿ ‘ਮੇਰੇ ਜਿਉਂਦੇ ਜੀਅ ਇਹ ਗੱਠਜੋੜ ਟੁੱਟ ਨਹੀਂ ਸਕਦਾ’।`

ਮੁੱਖ ਮੰਤਰੀ ਬਾਦਲ ਦੀ ਬੋਲੀ ਆਖਰ ਨੂੰ ਦੋ ਗੱਲਾਂ ਨੇ ਬਦਲੀ, ਅਤੇ ਏਨੀ ਬਦਲੀ ਕਿ ਉਸ ਵਿੱਚੋਂ ਸਿੱਧੇ ਭੇੜ ਦੀ ਤਿਆਰੀ ਦੇ ਪੈਂਤੜੇ ਲੱਭਣ ਲੱਗ ਪਏ। ਇਨ੍ਹਾਂ ਵਿੱਚੋਂ ਇੱਕ ਤਾਂ ਪੰਜਾਬ ਦੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਇਹ ਬਿਆਨ ਸੀ ਕਿ ਅਕਾਲੀ ਦਲ ਨਾਲ ਹੁਣ ਸਾਡੇ ਸੰਬੰਧ ਪਹਿਲਾਂ ਵਾਲੇ ਨਹੀਂ ਰਹਿ ਗਏ। ਇਹ ਕਮਲ ਸ਼ਰਮਾ ਉਹੋ ਹੈ, ਜਿਹੜਾ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੋਂ ਚਾਰ ਦਿਨ ਪਿੱਛੋਂ ਤੱਕ ਵੀ ਮੁੱਖ ਮੰਤਰੀ ਬਾਦਲ ਦੇ ਦਫਤਰ ਵਿੱਚ ਇੱਕ ਆਫੀਸਰ ਆਨ ਸਪੈਸ਼ਲ ਡਿਊਟੀ ਦੇ ਅਹੁਦੇ ਵਾਲਾ ਬਾਦਲ ਦਾ ਕਰਿੰਦਾ ਹੁੰਦਾ ਸੀ। ਉਸ ਦੇ ਬਾਰੇ ਆਮ ਰਾਏ ਇਹ ਸੀ ਕਿ ਉਹ ਬਾਦਲ ਦੀ ਇੱਛਾ ਨਾਲ ਪ੍ਰਧਾਨ ਬਣਾਇਆ ਗਿਆ ਹੈ, ਪਰ ਦਿੱਲੀ ਦਾ ਸੰਕੇਤ ਸਮਝਦੇ ਸਾਰ ਉਹ ਵੀ ਇਸ ਗੱਠਜੋੜ ਬਾਰੇ ਅਕਾਲੀਆਂ ਨਾਲ ਟਕਰਾਵੀਂ ਬੋਲੀ ਬੋਲਣ ਲੱਗ ਪਿਆ ਸੀ। ਮੁੱਖ ਮੰਤਰੀ ਬਾਦਲ ਲਈ ਇਹ ਪਹਿਲਾ ਇਸ਼ਾਰਾ ਸੀ ਕਿ ਅਗਲੇ ਦਿਨਾਂ ਵਿੱਚ ਰਾਜਨੀਤੀ ਨਵਾਂ ਮੋੜ ਕੱਟਣ ਵਾਲੀ ਹੈ।

ਦੂਸਰਾ ਮਾਮਲਾ ਉਹ ਸੀ, ਜਿਹੜਾ ਸਰਕਾਰ ਤੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੇ ਛਿਪਾਈ ਰੱਖਿਆ, ਪਰ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਪਰਦਾ ਚੁੱਕ ਦਿੱਤਾ। ਉਨ੍ਹਾ ਦੱਸ ਦਿੱਤਾ ਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਪੰਜਾਹ ਤੋਂ ਵੱਧ ਉਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਫੈਸਲਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਪ੍ਰਵਾਨਗੀ ਦੇ ਕੇ ਗਈ ਸੀ ਤੇ ਜਿਨ੍ਹਾਂ ਵਿੱਚੋਂ ਅੱਧਿਆਂ ਦੇ ਨੀਂਹ-ਪੱਥਰ ਰੱਖਣ ਦੀ ਰਸਮ ਭੁਗਤਾਈ ਜਾ ਚੁੱਕੀ ਹੈ। ਕੁੱਲ ਇੱਕ ਹਜ਼ਾਰ ਚਾਰ ਸੌ ਅੱਠ ਕਰੋੜ ਰੁਪਏ ਤੋਂ ਵੱਧ ਦੇ ਇਨ੍ਹਾਂ ਪ੍ਰਾਜੈਕਟਾਂ ਬਾਰੇ ਕੇਂਦਰ ਸਰਕਾਰ ਦਾ ਨਵਾਂ ਫੈਸਲਾ ਪੰਜਾਬ ਦੀ ਸਰਕਾਰ ਨੂੰ ਵੱਡਾ ਹਲੂਣਾ ਦੇਣ ਵਾਲਾ ਹੈ। ਕਈ ਪ੍ਰਾਜੈਕਟ ਪੰਜਾਬ ਵਿੱਚ ਪਹਿਲਾਂ ਵੀ ਲਟਕ ਜਾਂਦੇ ਰਹੇ ਸਨ ਅਤੇ ਉਨ੍ਹਾਂ ਲਈ ਰੱਖੇ ਗਏ ਨੀਂਹ-ਪੱਥਰਾਂ ਦੀਆਂ ਤਸਵੀਰਾਂ ਜਦੋਂ ਕਦੀ ਅਖਬਾਰਾਂ ਵਿੱਚ ਛਪਦੀਆਂ ਹਨ ਤਾਂ ਸਰਕਾਰ ਦੀ ਬਦਨਾਮੀ ਹੁੰਦੀ ਹੈ। ਨੀਂਹ-ਪੱਥਰ ਭਾਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਦੇ ਵੀ ਕਈ ਥਾਂ ਖਾਲੀ ਖੜੇ ਲੱਭ ਜਾਂਦੇ ਹਨ, ਪਰ ਜੇ ਸਭ ਤੋਂ ਪੁਰਾਣੇ ਲੱਭਣੇ ਹੋਣ ਤਾਂ ਇੱਕ ਅਖਬਾਰ ਨੇ ਪਿਛਲੇਰੇ ਸਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਸਨ। ਪੰਜਾਬ ਵਿੱਚ ਖਾਲੀ ਖੜਾ ਸਭ ਤੋਂ ਪੁਰਾਣਾ ਇੱਕ ਨੀਂਹ-ਪੱਥਰ ਮੁੱਖ ਮੰਤਰੀ ਬਾਦਲ ਦਾ ਓਦੋਂ ਦਾ ਰੱਖਿਆ ਹੈ, ਜਦੋਂ ਕੇਂਦਰ ਵਿੱਚ ਮੋਰਾਰਜੀ ਡਿਸਾਈ ਸਰਕਾਰ ਹੁੰਦੀ ਸੀ। ਮੋਦੀ ਸਰਕਾਰ ਵੱਲੋਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਇਹ ਤਾਜ਼ਾ ਫੈਸਲਾ ਵੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਪਿਛਲੀ ਚਿੱਠੀ ਵਾਂਗ ਬਾਦਲ ਸਾਹਿਬ ਲਈ ਪਰੇਸ਼ਾਨੀ ਦਾ ਏਨਾ ਸਬੱਬ ਬਣਿਆ ਕਿ ਦੋ ਦਿਨ ਚੁੱਪ ਰਹੇ ਅਤੇ ਫਿਰ ਇੱਕ ਦਮ ਉਸ ਰਾਜਸੀ ਪੈਂਤੜੇ ਉੱੇਤੇ ਪਹੁੰਚ ਗਏ, ਜਿਸ ਦੀ ਏਨੀ ਛੇਤੀ ਆਸ ਕਿਸੇ ਵਿਸ਼ਲੇਸ਼ਣਕਾਰ ਨੇ ਵੀ ਨਹੀਂ ਕੀਤੀ ਹੋਵੇਗੀ।

ਨਵਾਂ ਰਾਜਸੀ ਪੈਂਤੜਾ ਕੀ ਹੈ? ਪਿਛਲੇ ਸਾਲ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਬਾਰੇ ਅਸੀਂ ਬਾਦਲ ਸਾਹਿਬ ਦੇ ਮੂੰਹੋਂ ਇਹ ਸੁਣਦੇ ਹੁੰਦੇ ਸਾਂ ਕਿ ਨਸ਼ਾ ਗਵਾਂਢੀ ਦੇਸ਼ ਤੋਂ ਆਉਂਦਾ ਹੈ, ਕੇਂਦਰ ਸਰਕਾਰ ਆਪ ਰੋਕਦੀ ਨਹੀਂ ਤੇ ਸਾਡੀ ਬਦਨਾਮੀ ਕਰਵਾ ਰਹੀ ਹੈ। ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਤਾਂ ਬਾਦਲ ਸਾਹਿਬ ਨੇ ਇਸ ਤਰ੍ਹਾਂ ਕਹਿਣਾ ਛੱਡ ਦਿੱਤਾ। ਹੁਣ ਫਿਰ ਕਹਿਣ ਲੱਗ ਪਏ ਹਨ ਅਤੇ ਇਸ ਤੋਂ ਅੱਗੇ ਦੀ ਗੱਲ ਕਹਿਣ ਲੱਗੇ ਹਨ। ਉਨ੍ਹਾ ਨੇ ਜਿਸ ਦਿਨ ਇਹ ਕਿਹਾ ਕਿ ‘ਜੇ ਕੋਈ ਵੱਖ ਹੋਣ ਲਈ ਮਨ ਹੀ ਬਣਾ ਲਵੇ ਤਾਂ ਮੈਂ ਕੀ ਕਰ ਸਕਦਾ ਹਾਂ`, ਨਾਲ ਇਹ ਵੀ ਕਹਿ ਦਿੱਤਾ ਕਿ ਨਸ਼ੀਲੇ ਪਦਾਰਥ ਗਵਾਂਢ ਦੇ ਦੇਸ਼ ਤੋਂ ਆਉਂਦੇ ਹਨ, ਬਾਰਡਰ ਉੱਤੇ ਕੇਂਦਰ ਦੀਆਂ ਫੋਰਸਾਂ ਹਨ, ਉਹ ਓਥੇ ਰੋਕ ਲੈਣ। ਇਹ ਸਾਰਾ ਦੋਸ਼ ਨਰਿੰਦਰ ਮੋਦੀ ਦੀ ਸਰਕਾਰ ਦੇ ਸਿਰ ਪਾਉਣ ਵਾਲੀ ਗੱਲ ਸੀ, ਪਰ ਅਗਲੀ ਗੱਲ ਮੋਦੀ ਸਰਕਾਰ ਦੀ ਥਾਂ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਦੇ ਸਿਰ ਪਾਉਣ ਵਾਲੀ ਵੀ ਕਹਿ ਦਿੱਤੀ। ਬਾਦਲ ਨੇ ਕਿਹਾ ਕਿ ਅਫੀਮ ਦੀ ਖੇਤੀ ਹਿੰਦੁਸਤਾਨ ਵਿੱਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੁੰਦੀ ਹੈ, ਓਥੇ ਜਿਨ੍ਹਾਂ ਦੀ ਸਰਕਾਰ ਹੈ, ਉਹ ਇਸ ਨੂੰ ਰੋਕਦੇ ਨਹੀਂ ਤੇ ਬਦਨਾਮੀ ਸਾਡੀ ਹੁੰਦੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਦੋਵੇਂ ਸਰਕਾਰਾਂ ਭਾਜਪਾ ਦੇ ਮੁੱਖ ਮੰਤਰੀਆਂ ਵਸੁੰਧਰਾ ਰਾਜੇ ਤੇ ਸ਼ਿਵਰਾਜ ਸਿੰਘ ਚੌਹਾਨ ਦੀਆਂ ਹਨ। ਉਨ੍ਹਾਂ ਦੇ ਬਹਾਨੇ ਨਿਸ਼ਾਨਾ ਸਿੱਧਾ ਭਾਜਪਾ ਲੀਡਰਸ਼ਿਪ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲ ਸਾਧਿਆ ਗਿਆ ਹੈ।

ਏਦਾਂ ਦੇ ਨਿਸ਼ਾਨੇ ਅਕਾਲੀ ਆਗੂ ਓਦੋਂ ਸਾਧਦੇ ਹੁੰਦੇ ਹਨ, ਜਦੋਂ ਉਹ ਕਿਸੇ ਨਾਲ ਲੜਨ ਦੇ ਲਈ ਆਪਣੇ ਪੱਕੇ ਆਧਾਰ ਨੂੰ ਮਾਨਸਿਕ ਪੱਖੋਂ ਤਿਆਰ ਕਰਨ ਦੀ ਧਾਰ ਚੁੱਕੇ ਹੁੰਦੇ ਹਨ। ਹੁਣ ਅਗਲੀ ਗੱਲ ਬਾਦਲ ਨੇ ਇਹ ਕਹਿ ਦਿੱਤੀ ਹੈ ਕਿ ਜੇ ਭਾਜਪਾ ਨੇ ‘ਅਕਾਲੀ ਦਲ ਨਾਲੋਂ ਆਪਣਾ ਗੱਠਜੋੜ ਤੋੜਿਆ ਤਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਖਤਰਾ ਪੈਦਾ ਹੋ ਜਾਵੇਗਾ’। ਇਹ ਗੱਲ ਪਹਿਲੀ ਤੋਂ ਵੀ ਵੱਧ ਗੰਭੀਰਤਾ ਨਾਲ ਸੋਚਣ ਵਾਲੀ ਹੈ। ਅਕਾਲੀ-ਭਾਜਪਾ ਸਾਂਝ ਨਿਭਣ ਦੀਆਂ ਸੰਭਾਵਨਾਵਾਂ ਹੁਣ ਜਦੋਂ ਖਤਮ ਹੁੰਦੀਆਂ ਜਾ ਰਹੀਆਂ ਹਨ, ਬਾਦਲ ਸਾਹਿਬ ਦਾ ਇਹ ਬਿਆਨ ਨਿਰਾ ਬਿਆਨ ਹੀ ਨਹੀਂ, ਆਪਣੀਆਂ ਸਫਾਂ ਨੂੰ ਅਗਲੇ ਮੋਰਚੇ ਲਈ ਤਿਆਰ ਹੋਣ ਦਾ ਲਲਕਾਰਾ ਵੀ ਲੱਗਦਾ ਹੈ। ਰਾਜ ਕਰਦੇ ਗੱਠਜੋੜ ਦੇ ਹਾਲਾਤ ਕਿਸ ਪਾਸੇ ਜਾਣਗੇ, ਉਨ੍ਹਾਂ ਦਾ ਨਿਭਾਅ ਹੋ ਸਕੇਗਾ ਜਾਂ ਤਲਾਕ ਹੋ ਜਾਵੇਗਾ, ਇਹ ਦੋ ਪਾਰਟੀਆਂ ਦਾ ਆਪਸੀ ਮਾਮਲਾ ਹੋ ਸਕਦਾ ਹੈ, ਪਰ ਇਹ ਲਲਕਾਰੇ ਵਰਗਾ ਬਿਆਨ ਦੋ ਪਾਰਟੀਆਂ ਦਾ ਮਾਮਲਾ ਨਹੀਂ। ਇਸ ਬਿਆਨ ਦੇ ਨਾਲ ਪੰਜਾਬ ਦੇ ਭਵਿੱਖ ਦਾ ਸੰਬੰਧ ਹੈ, ਉਸ ਪੰਜਾਬ ਦੇ ਭਵਿੱਖ ਦਾ ਸੰਬੰਧ ਹੈ, ਜਿਹੜਾ ਪਹਿਲਾਂ ਪੰਝੀ ਹਜ਼ਾਰ ਪੰਜਾਬੀਆਂ ਦੀ ਕੁਰਬਾਨੀ ਦੇ ਕੇ ਮਸਾਂ ਇੱਕ ਅੰਨ੍ਹੀ ਗਲੀ ਵਿੱਚੋਂ ਬਾਹਰ ਨਿਕਲਿਆ ਸੀ।

-ਜਤਿੰਦਰ ਪਨੂੰ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਾਲੀ-ਭਾਜਪਾ ਗੱਠਜੋੜ ਦੇ ਰਹਿਣ-ਟੁੱਟਣ ਦੀਆਂ ਸੰਭਾਵਨਾਵਾਂ ਤੇ ਮੁੱਖ ਮੰਤਰੀ ਬਾਦਲ ਦੀ ਬਦਲਦੀ ਬੋਲੀ