ਭਾਰਤੀਆਂ ਦੇ ਵਿਰੋਧ ਅੱਗੇ ਝੁਕਿਆ ਅਮਰੀਕੀ ਅਖ਼ਬਾਰ


ਨਵੀਂ ਦਿੱਲੀ, 6 ਅਕਤੂਬਰ (ਏਜੰਸੀ) : ਆਖਰਕਾਰ ਭਾਰਤੀਆਂ ਦੇ ਵਿਰੋਧ ਅੱਗੇ ਪ੍ਰਸਿੱਧ ਅਮਰੀਕੀ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਨੂੰ ਝੁਕਣਾ ਪਿਆ। ਅਖ਼ਬਾਰ ਨੇ ਸੋਮਵਾਰ ਸਵੇਰੇ ਆਪਣੇ ਉਸ ਵਿਵਾਦਗ੍ਰਸਤ ਕਾਰਟੂਨ ਦੇ ਲਈ ਮੁਆਫ਼ੀ ਮੰਗ ਲਈ, ਜਿਸ ‘ਚ ਭਾਰਤ ਦੀ ਮੰਗਲਯਾਨ ਮੁਹਿੰਮ ਦਾ ਮਜ਼ਾਕ ਉਡਾਇਆ ਗਿਆ ਸੀ। ਅਖ਼ਬਾਰ ਨੇ ਆਪਣੀ ਫੇਸਬੁਕ ਵਾਲ ‘ਤੇ ਲਿਖਿਆ ਕਿ ਬਹੁਤ ਸਾਰੇ ਪਾਠਕਾਂ ਨੇ ‘ਨਿਊਯਾਰਕ ਟਾਈਮਜ਼ ਇੰਟਰਨੈਸ਼ਨਲ’ ਵਿਚ ਛਪੇ ਉਸ ਸੰਪਾਦਕੀ ਕਾਰਟੂਨ ਦੀ ਸ਼ਿਕਾਇਤ ਕੀਤੀ ਹੈ, ਜੋ ਭਾਰਤ ਦੇ ਪੁਲਾੜ ‘ਚ ਸਸ਼ਕਤ ਯਤਨਾਂ ‘ਤੇ ਬਣਾਇਆ ਗਿਆ ਸੀ। ਇਹ ਕਾਰਟੂਨ ਸਿੰਘਾਪੁਰ ਦੇ ਹੇਂਗ ਕਿਮ ਸਾਂਗ ਨੇ ਬਣਾਇਆ ਸੀ।

ਅਖ਼ਬਾਰ ਦੇ ਸੰਪਾਦਕੀ ਪੇਜ ਦੇ ਐਡੀਟਰ ਐਂਡਰੂ ਰੋਜੇਂਥਾਲ ਨੇ ਲਿਖਿਆ, ”ਸਾਡੇ ਇਸ ਕਾਰਟੂਨ ‘ਤੇ ਕਈ ਪਾਠਕਾਂ ਨੇ ਆਪਣੀਆਂ ਸ਼ਿਕਾਇਤਾਂ ਭੇਜੀਆਂ। ਇਸ ਦੇ ਰਾਹੀਂ ਕਾਰਟੂਨਿਸਟ ਹੇਂਗ ਕਿਮ ਸਾਂਗ ਦਾ ਮਕਸਦ ਇਹ ਦੱਸਣਾ ਸੀ ਕਿ ਮੰਗਲ ਗ੍ਰਹਿ ਤੱਕ ਸਿਰਫ਼ ਧਨੀ, ਵਿਕਸਿਤ ਦੇਸ਼ਾਂ ਦੀ ਹੀ ਪਹੁੰਚ ਨਹੀਂ ਰਹੀ, ਸਗੋਂ ਹੁਣ ਵਿਕਾਸਸ਼ੀਲ ਦੇਸ਼ ਵੀ ਮੰਗਲ ਤੱਕ ਪਹੁੰਚ ਰਹੇ ਹਨ।
”ਸਿੰਘਾਪੁਰ ਤੋਂ ਕੰਮ ਕਰਨ ਵਾਲੇ ਹੇਂਗ ਅਕਸਰ ਕੌਮਾਂਤਰੀ ਮਾਮਲਿਆਂ ਦੇ ਆਪਣੇ ਕਾਰਟੂਨਾਂ ਦੇ ਰਾਹੀਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਅਤੇ ਸ਼ਬਦਾਂ ਰਾਹੀਂ ਪੇਸ਼ ਕਰਦੇ ਹਨ। ਇਸ ਕਾਰਟੂਨ ਰਾਹੀਂ ਜੇਕਰ ਪਾਠਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਅਸੀਂ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਾਂ”। ”ਹੇਂਗ ਕਿਸੇ ਵੀ ਤਰ੍ਹਾਂ ਨਾਲ ਭਾਰਤ ਦੇ ਨਾਗਰਿਕਾਂ ਅਤੇ ਭਾਰਤ ਦੀ ਸਰਕਾਰ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਪਾਠਕਾਂ ਨੇ ਆਪਣੀ ਗੱਲ, ਆਪਣੇ ਫੀਡਬੈਕ ਖੁਲ ਕੇ ਸਾਡੇ ਸਾਹਮਣੇ ਰੱਖੇ”।

ਇਸ ਕਾਰਟੂਨ ‘ਚ ਦਿਖਾਇਆ ਗਿਆ ਸੀ ਕਿ ਗ੍ਰਾਮੀਣ ਪਹਿਰਾਵੇ ‘ਚ ਇਕ ਸ਼ਖਸ ਗਾਂ ਲੈ ਕੇ ‘ਐਲੀਟਿਸਟ ਸਪੇਸ ਕਲੱਬ’ ਦਾ ਦਰਵਾਜ਼ਾ ਖਟਖਟਾ ਰਿਹਾ ਹੈ ਅਤੇ ਅੰਦਰ ਵਿਕਸਿਤ, ਪੱਛਮੀ ਦੇਸ਼ਾਂ ਦੇ ਵਿਗਿਆਨੀ ਬੈਠੇ ਹਨ। ਇਸ ਕਾਰਟੂਨ ਦੀ ਚਾਰੇ ਪਾਸਿਓਂ ਆਲੋਚਨਾ ਹੋਈ ਸੀ। ਖਾਸ ਤੌਰ ‘ਤੇ ਭਾਰਤੀਆਂ ਨੇ ਇਸ ਨੂੰ ਘਮੰਡੀ ਅਤੇ ਨਸਲੀ ਮਾਨਸਿਕਤਾ ਦੀ ਉਪਜ ਦੱਸਿਆ ਸੀ। ਲੋਕਾਂ ਨੇ ਅਖ਼ਬਾਰ ਨੂੰ ਇਸ ਕਾਰਟੂਨ ਦੇ ਵਿਰੁੱਧ ਜਬਰਦਸਤ ਫੀਡਬੈਕ ਦਿੱਤਾ, ਜਿਸ ਤੋਂ ਬਾਅਦ ਅਮਰੀਕੀ ਅਖ਼ਬਾਰ ਨੂੰ ਮੁਆਫ਼ੀ ਮੰਗਣੀ ਪਈ। ਅਖ਼ਬਾਰ ਨੇ ਲਿਖਿਆ, ”ਅਸੀਂ ਉਨ੍ਹਾਂ ਪਾਠਕਾਂ ਤੋਂ ਮੁਆਫ਼ੀ ਮੰਗਦੇ ਹਾਂ, ਜਿਨ੍ਹਾਂ ਦੇ ਦਿਲ ਨੂੰ ਇਸ ਕਾਰਟੂਨ ਕਾਰਨ ਠੇਸ ਪੁੱਜੀ। ਮਿਸਟਰ ਹੇਂਗ ਦਾ ਮਕਸਦ ਭਾਰਤ, ਉਸ ਦੀ ਸਰਕਾਰ ਜਾਂ ਨਾਗਰਿਕਾਂ ‘ਤੇ ਸਵਾਲ ਉਠਾਉਣਾ ਬਿਲਕੁਲ ਵੀ ਨਹੀਂ ਸੀ’।’

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਭਾਰਤ ਪਹਿਲੇ ਹੀ ਯਤਨ ‘ਚ ਮੰਗਲ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਹੈ। ਇਸ ਤੋਂ ਬਾਅਦ ਨਿਊਯਾਰਕ ਟਾਈਮਜ਼ ‘ਚ ਇਹ ਕਾਰਟੂਨ ਛਪਿਆ ਸੀ। ਇਸ ‘ਚ ਭਾਰਤ ਦੇ ਚਿਤਰਣ ਦੀ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਹੋਈ ਸੀ। ਕੁਝ ਨੇ ਲਿਖਿਆ ਸੀ ਕਿ ਪੱਛਮੀ ਦੇਸ਼ਾਂ ਦਾ ਇਹ ਮਤ ਹੈ ਕਿ ਭਾਰਤ ਦੇ ਲੋਕ ਜਾਨਵਰ ਚਰਾਉਣ ਵਾਲੇ ਲੋਕ ਹਨ। ਇਸ ਕਾਰਟੂਨ ਦੀ ਟਾਈਮਿੰਗ ‘ਤੇ ਵੀ ਸਵਾਲ ਉਠੇ ਸਨ ਕਿਉਂਕਿ ਕਾਰਟੂਨ ਛਪਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਮੈਡਸਿਨ ਸਕਵਾਇਅਰ ਤੋਂ ਸਾਫ਼ ਸ਼ਬਦਾਂ ‘ਚ ਕਿਹਾ ਸੀ ਕਿ ਭਾਰਤ ਸਪੇਰਿਆਂ ਦਾ ਦੇਸ਼ ਨਹੀਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤੀਆਂ ਦੇ ਵਿਰੋਧ ਅੱਗੇ ਝੁਕਿਆ ਅਮਰੀਕੀ ਅਖ਼ਬਾਰ