ਪੰਜਾਬ ਦੀ ਭਵਿੱਖੀ ਉਥਲ ਪੁਥਲ


ਪੰਜਾਬ ਵਿੱਚ ਬਹੁਤ ਕੁੱਝ ਹੋ ਵਾਪਰ ਰਿਹਾ ਹੈ, ਵਾਪਰ ਗਿਆ ਹੈ ਤੇ ਵਾਪਰਨ ਵਾਲਾ ਹੈ। ਪੰਜਾਬ ਨੇ ਸਮਾਜਿਕ ਤੌਰ ਉੱਤੇ ਪਿਛਲੇ ਪੰਜ-ਸੱਤ ਸਾਲਾਂ ਵਿੱਚ ਸਿਰਫ ਤੇ ਸਿਰਫ ਬੀਮਾਰ ਜਵਾਨੀ ਪਾਈ ਹੈ। ਬੇਰੋਜ਼ਗਾਰੀ ਤੇ ਭੁੱਖਮਰੀ ਹੀ ਪੈਦਾ ਕੀਤੀ ਹੈ। ਦਹਿਸ਼ਤ ਪੈਦਾ ਕੀਤੀ ਜਾਂ ਪੁਲਿਸ ਦਾ ਦਬਦਬਾ। ਇਸ ਵਕਤ ਪੰਜਾਬ ਵਿੱਚ ਬਹੁਤ ਕੁੱਝ ਬਲ਼ ਰਿਹਾ ਹੈ। ਸਮਾਜ ਵਿੱਚ ਏਨੇ ਘਿ੍ਰਣਿਤ ਵਰਾਤਾਰੇ ਪੈਦਾ ਹੋ ਰਹੇ ਨੇ ਕਿ ਰੂਹ ਕੰਬ ਜਾਂਦੀ ਹੈ। ਪਿਛਲੇ ਦਿਨਾਂ ਦੀ ਹੀ ਗੱਲ ਕਰੀਏ ਤਾਂ ਜਿਹੜੇ ਦੋ ਨੌਜਵਾਨ ਭਰਾਵਾਂ ਨੂੰ ਸਮਰਾਲੇ ਨੇੜਲੇ ਪਿੰਡ ਦਿੱਾਂ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਮਾਰਿੱਾ ਹੈ, ਉਸਨੂੰ ਕੀ ਕਿਹਾ ਜਾ ਸਕਦਾ ਹੈ। ਬੁਰਸ਼ਾਗਰਦੀ ਦਾ ਨੰਗਾ ਨਾਚ ਕਦੇ ਇੰਝ ਸੁੱਕੇ ਅਸਮਾਨ ਪੰਜਾਬ ਵਰਗੇ ਮੁਲਕ ਵਿੱਚ ਨਹੀਂ ਦੇਖਿਆ। ਗੱਲ ਸੁਣਕੇ ਹੀ ਕਲੇਜਾ ਮੂੰਹ ਨੂੰ ਆਉਦਾ ਹੈ। ਪਰ ਇਹਦੇ ਨਾਲ ਹੀ ਇਹ ਸਵਾਲ ਵੀ ਪੈਦਾ ਹੋ ਜਾਂਦਾ ਹੈ ਕਿ ਫਿਰ ਪੰਜਾਬ ਸਰਕਾਰ ਦਾ ਕੁੰਡਾ ਪੁਲਿਸ ਦੇ ਸਿਰ ’ਤੇ ਨਹੀਂ ਰਿਹਾ? ਜੇ ਨਹੀਂ ਰਿਹਾ ਤਾਂ ਹੋਰ ਬਹੁਤ ਹੀ ਗੰਭੀਰ ਸਵਾਲ ਪੈਦਾ ਹੋ ਜਾਂਦੇ ਹਨ। ਜਿਹੜੀ ਇਸ ਵਕਤ ਹਾਲਤ ਸਿਆਸੀ ਤੇ ਸੱੁਤਾਧਾਰੀ ਧਿਰ ਦੇ ਗਲਿਆਰਿਆਂ ਵਿੱਚ ਹੈ, ਉਹ ਇਹ ਹੈ ਕਿ ਕਿਸੇ ਨੂੰ ਕੋਈ ਪੁੱਛ ਹੀ ਨਹੀਂ ਰਿਹਾ। ਜਿਵੇਂ ਪਹਿਲਾਂ ਅਸੀਂ ਰਾਜਿਆਂ ਮਹਾਰਾਜਿਆਂ ਵੇਲੇ ਰਾਜ ਘਰਾਣਿਆਂ ਦੀਆਂ ਪਰਵਾਰਕ ਲੜਾਈਆਂ ਤੇ ਸਾਜ਼ਿਸ਼ਾਂ ਦੀਆਂ ਕਥਾਵਾਂ ਸੁਣਦੇ ਰਹੇ ਹਾਂ, ਕੁੱਝ ਇਸੇ ਤਰਾਂ ਦੇ ਝਾਉਲੇ ਇੱਥੇ ਵੀ ਪੈ ਰਹੇ ਨੇ। ਇਹ ਵਰਤਾਰਾ ਪੰਜਾਬ ਵਿੱਚ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ।

ਹੁਣ ਇਸੇ ਤਰਾਂ ਦਾ ਹੀ, ਬਲਕਿ ਅਸੀਂ ਤਾਂ ਕਹਾਂਗੇ ਇਸਤੋਂ ਵੀ ਘਟੀਆ ਵਰਤਾਰਾ ਲੁਧਿਆਣਾ ਵਿੱਚ ਇੱਕ ਐੱਮ ਡੀ ਦੀ ਡਿਗਰੀ ਕਰ ਰਹੀ ਲੜਕੀ ਦੀ ਆਤਮ ਹੱਤਿਆ ਵਾਲਾ ਵਾਪਰਿਆ ਹੈ। ਉਸਨੇ ਸਿਉਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਹ ਆਪਣੇ ਟੀਚਰਾਂ ਹੱਥੋਂ ਹੀ ਪਰੇਸ਼ਾਨ ਸੀ। ਕੀ ਕਹੀਏ ਇਸ ਕਾਂਡ ਨੂੰ? ਕੀ ਨਾਮ ਦਈਏ? ਕੋਈ ਸੁਨਣ ਕਰਨ ਵਾਲਾ ਹੀ ਨਹੀਂ ਰਿਹਾ ਮਤਲਬ। ਕੋਈ ਪੁੱਛਣ ਵਾਲਾ ਹੀ ਨਹੀਂ। ਕੋਈ ਗੱਲ ਕਰਨ ਵਾਲਾ ਹੀ ਨਹੀਂ। ਇੱਕ ਹੋਣਹਾਰ ਵਿਦਿਆਰਥਣ ਭੰਗ ਦੇ ਭਾਣੇ ਚਲੀ ਗਈ। ਬਾਕੀ ਹੁਣ ਇਸਨੂੰ ਭੁਨਾਉਣ ਤੁਰ ਪੈਣਗੇ। ਪਰ ਜੋ ਹੋ ਰਿਹਾ ਹੈ, ਜੋ ਵਰਤਾਰਾ ਹੈ, ਉਸਦੀ ਚਿੰਤਾ ਕਿਹਨੂੰ ਹੈ? ਕਿਸੇ ਨੂੰ ਨਹੀਂ। ਅਸੀਂ ਹੈਰਾਨ ਹਾਂ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਜਾਂ ਹੋਰ ਲੇਖਕਾਂ ਨੂੰ ਭਾਸ਼ਾ ਦੇ ਮਸਲਿਆਂ ਦੀ ਚਿੰਤਾ ਤਾਂ ਹੈ, ਪਰੰਤੂ ਮਰ ਰਹੀ ਮਨੁੱਖਤਾ ਦੀ ਕੋਈ ਚਿੰਤਾ ਹੀ ਨਹੀਂ। ਇਹਨਾਂ ਅਣਆਈ ਮੌਤੇ ਮਰਿਆਂ ਲਈ ਇੱਕ ਮਿੰਟ ਦਾ ਮੌਨ ਵੀ ਰੱਖ ਸਕੇ। ਗੱਲ ਤਾਂ ਕਰਨੀ ਦੂਰ ਰਹੀ। ਪਰ, ਇਹ ਅਸੀਂ ਕਿਸੇ ਇੱਕ ਧਿਰ ਸਿਰ ਵੀ ਨਹੀਂ ਮੜ ਸਕਦੇ। ਹਰ ਧਿਰ ਚੁੱਪ ਹੈ। ਕਾਂਗਰਸ ਚੁੱਪ ਹੈ, ਭਾਜਪਾ ਚੱੁਪ ਹੈ, ਅਕਾਲੀ ਚੁੱਪ ਨੇ, ਬਸਪਾ ਚੱੁਪ ਹੈ, ਆਪ ਚੱੁਪ ਹੈ। ਇੱਕ ਬਹੁਤ ਹੀ ਖਤਰਨਾਕ ਕਿਸਮ ਦੀ ਚੱੁਪ ਨੇ ਪੰਜਾਬ ਦੇ ਸਾਹ ਪੀਤੇ ਹੋਏ ਨੇ। ਪੰਜਾਬ ਦੀ ਜਵਾਨੀ, ਜਿਹੜੀ ਜਵਾਨੀ ਉੱਤੇ ਸਾਡੇ ਏਨੇ ਸਰੋਤ ਖਰਚ ਹੋਏ, ਉਹ ਆਤਮ ਹੱਤਿਆ ਕਰ ਰਹੀ ਹੈ। ਇਹ ਸਵਾਲ ਵਿਚਾਰ ਕਰਨ ਵਾਲਾ ਹੈ।

ਹੁਣ ਇਵੇਂ ਹੀ ਸਿਆਸੀ ਵਰਤਾਰਾ ਹੈ, ਆਰਥਿਕ ਵਰਤਾਰਾ ਹੈ। ਸਿਆਸੀ ਵਰਤਾਰੇ ਵਿੱਚ ਜਿਹੜਾ ਰੱਤੀ ਭਰ ਲੁਕੋ ਸੀ, ਬਾਦਲ ਸਾਹਬ ਦੇ ਬਿਆਨ ਤੋਂ ਬਾਦ ਕਿ ਕੇਂਦਰ ਵੱਲੋਂ ਕੱੁਝ ਨਹੀਂ ਆਇਆ, ਸੁਣਕੇ ਸਪਸ਼ਟ ਹੀ ਹੋ ਗਿਆ ਹੈ। ਪਤਾ ਚੱਲ ਹੀ ਗਿਆ ਹੈ ਕਿ ਭਾਜਪਾ ਤੋਂ ਜੋ ਉਮੀਦ ਇਹ ਕਰ ਰਹੇ ਸਨ, ਉਹ ਤਾਂ ਪੂਰੀ ਨਹੀਂ ਹੋਣੀ, ਇਹਨਾਂ ਦਾ ਤੋੜ ਵਿਛੋੜਾ ਨਾ ਕਿਤੇ ਹੋ ਜਾਵੇ। ਜਿਹਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਪੰਜਾਬ ਦੀ ਭਾਜਪਾ ਦੀਆਂ ਘੁਰਕੀਆਂ ਨਿੱਤ ਨਵੀਆਂ ਖਬਰਾਂ ਦੇ ਰੂਪ ਵਿੱਚ ਸਾਹਮਣੇ ਆਉਦੀਆਂ ਰਹਿੰਦੀਆਂ ਨੇ। ਕਦੇ ਕੋਈ ਮੰਤਰੀ ਕਿਹ ਦਿੰਦਾ ਕਿ ਅਕਾਲੀਆਂ ਨੂੰ ਸਮਝ ਨਹੀਂ ਤੇ ਕਦੇ ਕੋਈ। ਵਾਰ-ਵਾਰ ਆਪਣੇ ਸੈੱਲ ਬਨਾਉਣ ਦੀ ਹੋੜ ਵੀ ਹਰ ਜਗਾ ਦਿਖਾਈ ਦਿੰਦੀ ਹੈ। ਆਰ ਐੱਸ ਐੱਸ ਨੇ ਪੰਜਾਬ ਦੇ ਪਿੰਡਾਂ ਨੂੰ ਕਾਬੂ ਕਰ ਲਿਆ ਹੈ। ਦਲਿਤਾਂ ਨੂੰ ਕਾਬੂ ਦਰਨ ਜਾ ਰਹੀ ਹੈ। ਅੱਗੋਂ ਉਹਨਾਂ ਦੇ ਬਹੁਤੇ ਸਮਾਗਮ ਡਾ. ਅੰਬੇਡਕਰ ਨੂੰ ਉੱਪਰ ਚੱਕਣ ਵਾਲੇ ਹੋਣਗੇ। ਇਹ ਪਲਾਨਿੰਗਾਂ ਚੱਲ ਰਹੀਆਂ ਨੇ। ਕੰਮ ਕੀਤੇ ਜਾ ਰਹੇ ਨੇ। ਸਾਰੇ ਵਰਤਾਰੇ ਬਾਰੇ ਲੋਕ ਵੀ ਚੱੁਪ ਨੇ ਤੇ ਸਿਆਸੀ ਧਿਰਾਂ ਵੀ ਚਿੰਤਕ ਵੀ। ਮਸਲੇ ਪੇਚੀਦਾ ਹੋ ਰਹੇ ਨੇ। ਅਸੀਂ ਮੂਕ ਦਰਸ਼ਕ ਹਾਂ।

ਹੋਰ ਮਸਲਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਅਕਾਲੀਆਂ ਲਈ ਵੱਡੀ ਸਿਰ ਦਰਦੀ ਬਣੇਗਾ ਤੇ ਪੰਜਾਬ ਦੀ ਇਜ਼ਤ ਮਿੱਟੀ। ਉਹ ਇਹ ਹੈ ਕਿ ਸਤਯਮੇਵ ਜਯਤੇ ਰਾਹੀਂ ਅਮੀਰ ਖਾਂ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਬਾਰੇ ਖੋਜ ਕਰਕੇ ਪ੍ਰੋਗਰਾਮ ਪੇਸ਼ ਕਰੇਗਾ। ਇਹ ਕੰਮ ਹੋਣਾ ਚਾਹੀਦਾ ਹੈ ਤੇ ਸਾਰੇ ਹੇਜ ਪਿਆਜ ਨੰਗੇ ਹੋਣੇ ਚਾਹੀਦੇ ਨੇ। ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਹਾਲਤ ਤੋਂ ਘਾਬਰੇ ਕਾਰੋਬਾਰੀ ਕਿੱਥੇ ਫਿਰ ਪੰਜਾਬ ਨੂੰ ਤਰਜੀਹ ਦੇਣਗੇ? ਕਿਸੇ ਨੇ ਇਹ ਕਦੋਂ ਦੇਖਣਾ ਕਿ ਕਸੂਰ ਕਿਸਦਾ ਹੈ। ਸਾਰੇ ਆਪਣਾ ਸੇਫ ਭਵਿੱਖ ਦੇਖਦੇ ਨੇ। ਸਾਰੇ ਚਾਹੁੰਦੇ ਨੇ ਕਿ ਉਹਨਾਂ ਦੇ ਬਿਜ਼ਨਸ ਨੂੰ, ਕਾਰੋਬਾਰ ਨੂੰ ਸਹੀ ਤੇ ਸੇਫ ਥਾਂ ਕਿੱਥੇ ਮਿਲਦੀ ਹੈ। ਫਿਰ ਜੇ ਪੰਜਾਬ ਨਸ਼ੇੜੀ ਹੈ, ਇਸਦੀ ਜਵਾਨੀ ਨਸ਼ੇੜੀ ਹੈ, ਤਾਂ ਏਧਰ ਮੂੰਹ ਕਿਹਨੇ ਕਰਨਾ। ਭਾਵ ਕਿ ਪੰਜਾਬ ਨੂੰ ਕੋਰਾ ਲੱਗਣ ਜਾ ਰਿਹਾ ਹੈ। ਆਰਥਿਕ ਤੌਰ ਉੱਤੇ ਜੇ ਕੇਂਦਰ ਕੋਈ ਮਦਦ ਲਈ ਨਾ ਅੱਗੇ ਆਇਆ ਤਾਂ ਹੋਰ ਵੀ ਬੁਰਾ ਹਾਲ ਹੋਵੇਗਾ। ਕਰਜ਼ਾ ਪਹਿਲਾਂ ਹੀ ਏਨਾ ਹੈ ਸਿਰ ਖੁਰਕ ਨਹੀਂ ਸਕਦੇ। ਫਿਰ ਸਰਕਾਰੀ ਖਰਚੇ ਏਨੇ ਵਧਾਏ ਹੋਏ ਨੇ, ਵਿਧਾਇਕਾਂ ਨੂੰ ਖਬਰ ਵੀ ਨਹੀਂ ਹੈ, ਸਰਕਾਰ ਚਲਾ ਰਹੇ ਨੇ ਢਾਈ ਅਫਸਰ, ਇੱਥੋਂ ਤੱਕ ਕਿ ਮੁੱਖ ਮੰਤਰੀ ਉੱਪ ਮੁੱਖ ਮੰਤਰੀ ਵੀ ਸਾਨੂੰ ਤਾਂ ੁਹਨਾਂ ਅਫਸਰਾਂ ਉੱਤੇ ਹੀ ਨਿਰਭਰ ਨਜ਼ਰ ਆ ਰਹੇ ਨੇ। ਹਾਲ ਦੀ ਘੜੀ ਪੰਜਾਬ ਦਾ ਬੁਰਾ ਹਾਲ ਹੈ। ਸਿਆਸੀ ਤੌਰ ਉੱਤੇ ਵੀ ਕਾਂਗਰਸ ਪਾਟੀ ਪਈ ਹੈ, ਤੀਜੀ ਧਿਰ ਕੋਈ ਨਹੀਂ। ਪਹਿਲੀ ਧਿਰ ਵੀ ਖੇਰੂੰ ਖੇਰੂੰ। ਇਸ ਲਈ ਪੰਜਾਬ ਬਾਰੇ ਬਹੁਤ ਚਿੰਤਨ ਦੀ ਜ਼ਰੂਰਤ ਹੈ।

ਅਸੀਂ ਇਹ ਸਾਰਾ ਕੁੱਝ ਕਿਸੇ ਨਿਰਾਸ਼ਾ ਵਿੱਚੋਂ ਨਹੀਂ ਕਹਿ ਕਰ ਰਹੇ, ਅਸੀਂ ਤਾਂ ਸਿਰਫ ਜੋ ਭਵਿੱਖ ਨਜ਼ਰ ਆ ਰਿਹਾ ਹੈ ਤੇ ਜੋ ਵਰਤਮਾਨ ਦੀ ਹਾਲਤ ਹੈ। ਉਸਦੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਇਹ ਤਸਵੀਰ ਬਦਲ ਸਕਦੀ ਹੈ ਜੇਕਰ ਅਸੀਂ ਸਾਰੇ ਮਿਲਕੇ ਹੰਭਲਾ ਮਾਰੀਏ। ਪੂਰੇ ਪੰਜਾਬੀ ਭਾਈਚਾਰੇ ਦਾ ਮੌਰਾਲ ਇਸ ਵਕਤ ਉੱਚਾ ਚੱੁਕਣ ਦੀ ਲੋੜ ਹੈ। ਇਹਨਾਂ ਨੂੰ ਨੈਤਿਕ ਤੌਰ ’ਤੇ ਕਾਇਮ ਕਰਨ ਦੀ ਜ਼ਰੂਰਤ ਹੈ। ਇਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਪੰਜਾਬ ਨੇ ਕਈ ਵਾਰ ਸੰਤਾਪ ਦੇ ਦਿਨ ਨਹੀਂ ਸਾਲਾਂ ਦੇ ਸਾਲ ਹੰਢਾਏ ਨੇ। ਇਹ ਫਿਰ ਉੱਠਿਆ ਹੈ। ਸੰਭਲਿਆ ਹੈ ਤੇ ਤਰੱਕੀ ਕੀਤੀ ਹੈ। ਇਸ ਵਾਰ ਵੀ ਵਕਤ ਦੀ ਚਾਲ ਨੂੰ ਸਮਝਦਿਆਂ ਹਾਲਾਤ ਨਾਲ ਟਕਰਾਉਣਾ ਚਾਹੀਦਾ ਹੈ ਤੇ ਬਹੁਤ ਹੀ ਤੇਜ਼ੀ ਨਾਲ, ਹਿੰਮਤ ਨਾਲ, ਜਾਗਦੇ ਰਹਿ ਕੇ ੱੱਗੇ ਆਉਣ ਦੀ ਜ਼ਰੂਰਤ ਹੈ। ਇਹਨਾਂ ਨੂੰ ਪੁਰਾਣੇ ਜ਼ਖਮ ਭੁੱਲ ਕੇ, ਨਵੀਆਂ ਰਾਹਾਂ ਦੇ ਪਾਂਧੀ ਬਨਣਾ ਚਾਹੀਦਾ ਹੈ। ਇਹਨਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਡਿੱਗ ਕੇ ਉੱਠਣ ਵਿੱਚ ਜ਼ਿਆਦਾ ਆਨੰਦ ਹੁੰਦਾ ਹੈ ਤੇ ਜ਼ਿਆਦਾ ਹਿੰਮਤ ਨਾਲ ਕੰਮ ਕਰਨ ਦੀ ਸੰਭਾਵਨਾ ਵੀ ਹੁੰਦੀ ਹੈ। ਇਹ ਸਾਡੇ ਪੁਰਖਿਆਂ ਨੇ ਹੀ ਕਿਹਾ ਹੈ ਕਿ-
ਹਾਸ਼ਮ ਫਤਿਹ ਨਸੀਬ ਤਿਨਾਂ ਨੂੰ,
ਜਿਨਾਂ ਹਿੰਤਮ ਯਾਰ ਬਣਾਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬ ਦੀ ਭਵਿੱਖੀ ਉਥਲ ਪੁਥਲ