ਜਦੋਂ ਪਾਇਲਟ ਦੀ ਚੁਸਤੀ ਨੇ ਅਸਮਾਨ ਵਿਚ ਮੌਤ ਨੂੰ ਖਦੇੜ ਦਿੱਤਾ


ਏਅਰ ਇੰਡੀਆ ਦੀ ਮਿਹਰਬਾਨੀ ਸਦਕਾ ਖੁਲ੍ਹੇ ਅਸਮਾਨ ਵਿਚ 362 ਜ਼ਿੰਦਗੀਆਂ ਇੱਕ ਘੰਟਾ ਮੌਤ ਦੇ ਬਹੁਤ ਹੀ ਕਰੀਬ ਰਹੀਆਂ ਅਤੇ ਉਸਦਾ ਸਬਰ ਅਤੇ ਸੰਤੋਖ ਨਾਲ ਇੰਤਜ਼ਾਰ ਕਰਦੀਆਂ ਰਹੀਆਂ। ਉਨ੍ਹਾਂ ਮੌਤ ਨੂੰ ਬਹੁਤ ਹੀ ਨੇੜਿਓਂ ਹੋ ਕੇ ਵੇਖਿਆ ਕਿਉਂਕਿ ਮੌਤ ਦੇ ਬੱਦਲ ਉਨ੍ਹਾਂ ਉਪਰ ਮੰਡਰਾ ਰਹੇ ਸਨ। ਯਾਤਰੁਆਂ ਨੂੰ ਅਜਿਹੇ ਖ਼ੌਫ਼ਨਾਕ ਮਾਹੌਲ ਦਾ ਤਜਰਬਾ ਕਰਦਿਆਂ ਸਪੱਸ਼ਟ ਹੋ ਗਿਆ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਜਿਆਦਾ ਤਾਕਤਵਰ ਹੁੰਦਾ ਹੈ। ਪਰਮਾਤਮਾ ਵੀ ਇਨਸਾਨ ਦੀ ਤਾਂ ਹੀ ਮਦਦ ਕਰਦਾ ਹੈ,ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ ਹੋਵੇ ਅਤੇ ਉਸਨੂੰ ਪਰਮ ਪਰਮਾਤਮਾ ਵਿਚ ਅਟੁੱਟ ਵਿਸ਼ਵਾਸ਼ ਹੋਵੇ। ਸੱਚੇ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ। ਮੌਤ ਦੇ ਸਾਏ ਵਿਚ ਸਹਿਮੀਆਂ ਹੋਈਆਂ ਇਨਸਾਨੀ ਰੂਹਾਂ ਨੇ ਜਦੋਂ ਪਰਮਾਤਮਾ ਨਾਲ ਇੱਕਮਿਕ ਹੋ ਕੇ ਆਪਣੀਆਂ ਜ਼ਿੰਦਗੀਆਂ ਬਚਾਉਣ ਦੀਆਂ ਅਰਦਾਸਾਂ ਕੀਤੀਆਂ ਤਾਂ ਪਰਮਾਤਮਾ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਖ਼ਸ਼ਕੇ ਮਿਹਰਬਾਨੀ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਹੋਰ ਦ੍ਰਿੜ੍ਹ ਅਤੇ ਮਜਬੂਤ ਰਹਿਣ ਅਤੇ ਸੱਚੇ ਮਨ ਨਾਲ ਪਰਮਾਤਮਾ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਪਰਮਾਤਮਾ ਦੀ ਮਰਜੀ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ।

6 ਸਤੰਬਰ 2014 ਨੂੰ ਜਦੋਂ ਸ਼ਿਕਾਗੋ ਏਅਰਪੋਰਟ ਤੋਂ ਦਿੱਲੀ ਲਈ ਇੰਡੀਅਨ ਏਅਰ ਲਾਈਨਜ਼ ਦਾ ਏ.ਆਈ 126 ਫਲਾਈਟ ਵਾਲਾ ਜਹਾਜ ਦੁਪਹਿਰ 1.30 ਵਜੇ ਉਡਿਆ ਸੀ ਤਾਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਅਜਿਹੇ ਖ਼ੌਫ਼ਨਾਕ ਹਾਲਾਤ ਵਿਚੋਂ ਗੁਜਰਨਾ ਪਵੇਗਾ। ਯਾਤਰੀ ਆਪਣੇ ਸੰਬੰਧੀਆਂ ਨੂੰ ਮਿਲਣ ਦੇ ਸੁਪਨੇ ਸਿਰਜ ਰਹੇ ਸਨ,ਜਦੋਂ ਜਹਾਜ ਚਲਣ ਤੋਂ 4 ਘੰਟੇ ਬਾਅਦ ਹੀ ਖ਼ਤਰੇ ਦੀ ਘੰਟੀ ਵੱਜ ਗਈ। ਅਸਲ ਵਿਚ ਜਹਾਜ ਦੇ ਇੱਕ ਇੰਜਣ ਵਿਚੋਂ ਇੰਜਣ ਆਇਲ ਰਿਸਣਾ ਸ਼ੁਰੂ ਹੋ ਗਿਆ।

ਚੁਸਤ,ਦਰੁਸਤ ਅਤੇ ਫੁਰਤੀਲੇ ਪਾਇਲਟ ਨੇ ਤੁਰੰਤ ਜਹਾਜ ਨੂੰ ਨੇੜੇ ਦੇ ਟਰਾਂਟੋ ਪੀਅਰਸਨ ਏਅਰਪੋਰਟ ਤੇ ਉਤਾਰਨ ਦਾ ਫ਼ੈਸਲਾ ਲੈ ਲਿਆ ਅਤੇ ਜਹਾਜ ਦੇ ਇੰਜਣਾਂ ਵਿਚ ਸਫਰ ਪੂਰਾ ਕਰਨ ਲਈ ਬਹੁਤ ਹੀ ਜ਼ਿਆਦਾ ਮਾਤਰਾ ਵਿਚ ਭਰਿਆ ਹੋਇਆ ਪੈਟਰੋਲ ਨੂੰ ਜਹਾਜ ਦੇ ਖੰਭਾਂ ਰਾਹੀਂ ਡਰੇਨ ਆਊਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਲੈਂਡਿੰਗ ਸਮੇਂ ਜਹਾਜ ਨੂੰ ਲੱਗਣ ਵਾਲੀ ਅੱਗ ਤੋਂ ਬਚਾਇਆ ਜਾ ਸਕੇ। ਉਸ ਸਮੇਂ ਜਹਾਜ ਸਮੁੰਦਰ ਦੇ ਉਪਰੋਂ ਲੰਘ ਰਿਹਾ ਸੀ ਜਦੋਂ ਇਹ ਤੇਲ ਰਿਸਣਾ ਸ਼ੁਰੂ ਹੋਇਆ। ਤੁਰੰਤ ਪਾਇਲਟ ਨੇ ਜਹਾਜ ਨੂੰ ਵਾਪਸ ਮੋੜਕੇ ਟਰਾਂਟੋ ਪੀਅਰਸਨ ਏਅਰਪੋਰਟ ਵਲ ਨੂੰ ਵਹੀਰਾਂ ਘੱਤ ਦਿੱਤੀਆਂ। ਯਾਤਰੀਆਂ ਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਜਹਾਜ ਦੇ ਖ਼ੰਭਾਂ ਵਿਚੋਂ ਤੇਲ ਬਾਹਰ ਨਿਕਲਣ ਲੱਗਿਆ। ਯਾਤਰੂ ਤਾਂ ਇਹ ਵੇਖ ਕੇ ਭਮੱਤਰ ਹੀ ਗਏ ਅਤੇ ਇੱਕ-ਦੂਜੇ ਨੂੰ ਪੁਛਣ ਲੱਗ ਪਏ ਪ੍ਰੰਤੂ ਜਹਾਜ ਦੇ ਅਮਲੇ ਨੇ ਯਾਤਰੂਆਂ ਨੂੰ ਬੜੇ ਵਿਸ਼ਵਾਸ ਨਾਲ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੋਵੇਗਾ ਸਗੋਂ ਜਹਾਜ ਨੂੰ ਟਰਾਂਟੋ ਏਅਰਪੋਰਟ ਤੇ ਉਤਾਰ ਲਿਆ ਜਾਵੇਗਾ। ਇਸ ਦੇ ਬਾਵਜੂਦ ਵੀ ਯਾਤਰੀਆਂ ਵਿਚ ਅਨਿਸਚਿਤਤਾ ਦਾ ਵਾਤਾਵਰਨ ਪੈਦਾ ਹੋ ਗਿਆ ਅਤੇ ਸਾਰੇ ਹੀ ਖ਼ੌਫ਼ਨਾਕ ਹੋ ਕੇ ਸਹਿਮ ਗਏ। ਸਾਰੇ ਯਾਤਰੀਆਂ ਨੇ ਆਪੋ ਆਪਣੇ ਇਸ਼ਟਾਂ ਮੁਤਾਬਕ ਪ੍ਰਾਰਥਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲਗਪਗ ਇੱਕ ਘੰਟਾ ਸਾਰੇ ਯਾਤਰੀ ਮੌਤ ਦੇ ਮੂੰਹ ਵਿਚ ਜਾਣ ਦਾ ਇੰਤਜ਼ਾਰ ਕਰਦੇ ਰਹੇ ਅਤੇ ਉਨ੍ਹਾਂ ਮੌਤ ਨੂੰ ਬਹੁਤ ਹੀ ਨਜ਼ਦੀਕ ਤੋਂ ਵੇਖਿਆ।

ਇਸ ਫਲਾਈਟ ਵਿਚ ਲਗਪਗ ਸਾਰੇ ਹੀ ਭਾਰਤੀ ਯਾਤਰੂ ਸਨ,ਸਿਰਫ ਇੱਕਾਦੁਕਾ ਵਿਦੇਸ਼ੀ ਯਾਤਰੂ ਸਨ। ਇਨ੍ਹਾਂ ਵਿਚੋਂ ਬਹੁਤੇ ਪੰਜਾਬ,ਦਿੱਲੀ,ਹਰਿਆਣਾ,ਜੰਮੂ ਕਸ਼ਮੀਰ,ਆਂਧਰਾ ਪ੍ਰਦੇਸ,ਗੁਜਰਾਤ,ਚੰਨਈ ਅਤੇ ਹੈਦਰਾਬਾਦ ਤੋਂ ਸਨ। ਇਹ ਯਾਤਰੀ ਪੰਜਾਬ ਦੇ ਪਟਿਆਲਾ,ਲੁਧਿਆਣਾ,ਮਾਨਸਾ,ਸੰਗਰੂਰ ਅਤੇ ਬਠਿੰਡਾ ਜਿਲ੍ਹਿਆਂ ਨਾਲ ਸੰਬੰਧ ਰਖਦੇ ਸਨ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਸਮੇਂ ਅਨੁਸਾਰ ਸ਼ਾਮ 5 ਵਜੇ ਇਸ ਸਮੱਸਿਆ ਦਾ ਯਾਤਰੀਆਂ ਨੂੰ ਪਤਾ ਲੱਗਾ ਅਤੇ 5-30 ਵਜੇ ਨੂੰ ਜਹਾਜ ਨੇ ਟਰਾਂਟੋ ਪੀਅਰਸਨ ਏਅਰਪੋਰਟ ਤੇ ਲੈਂਡ ਵੀ ਕਰ ਲਿਆ ਸੀ। ਜਹਾਜ ਦੇ ਇੰਜਣ ਵਿਚੋਂ ਤੇ ਰਿਸਣਾ ਤਾਂ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਪ੍ਰੰਤੂ ਪਾਇਲਟ ਨੂੰ ਸਮੁੰਦਰ ਹੋਣ ਕਰਕੇ ਨੇੜੇ ਕੋਈ ਏਅਰਪੋਰਟ ਨਹੀਂ ਮਿਲ ਰਿਹਾ ਸੀ। ਪਾਇਲਟ ਨੇ ਚੁਪ ਚੁਪੀਤੇ ਜਹਾਜ ਨੂੰ ਵਾਪਸ ਮੋੜਕੇ ਟਰਾਂਟੋ ਏਅਰਪੋਰਟ ਵੱਲ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਜੇਕਰ ਉਹ ਯਾਤਰੀਆਂ ਨੂੰ ਦੱਸ ਦਿੰਦੇ ਤਾਂ ਉਨ੍ਹਾਂ ਵਿਚ ਚੀਕ ਚਿਹਾੜਾ ਪੈ ਸਕਦਾ ਸੀ। ਯਾਤਰੀਆਂ ਵਿਚ 25 ਫ਼ੀ ਸਦੀ ਬਜ਼ੁਰਗ ਸਨ,ਜੋ ਆਪਣੇ ਬੱਚਿਆਂ ਕੋਲੋਂ ਅਮਰੀਕਾ ਵਿਚ ਸਰਦੀਆਂ ਸ਼ੁਰੂ ਹੋਣ ਤੇ ਵਾਪਸ ਪਰਤ ਰਹੇ ਸਨ। 30 ਬੱਚੇ 45 ਅੱਧਖੜ ਉਮਰ ਦੇ ,30 ਨੌਜਵਾਨ ਅਤੇ 60 ਇਸਤਰੀਆਂ ਯਾਤਰੂ ਸਨ। ਜਹਾਜ ਦੇ ਅਮਲੇ ਦੀ ਕਾਬਲੀਅਤ ਕਰਕੇ 362 ਜਾਨਾ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਗਈਆਂ ਪ੍ਰੰਤੂ ਦੁਖ ਦੀ ਗੱਲ ਹੈ ਕਿ ਇਹ ਖ਼ਬਰ ਦੀ ਫਲੈਸ਼ ਵੀ ਆ ਗਈ ਫਿਰ ਵੀ ਇੰਡੀਅਨ ਏਅਰਲਾਈਨ ਦਾ ਸ਼ਿਕਾਗੋ,ਦਿੱਲੀ ਅਤੇ ਟਰਾਂਟੋ ਦਾ ਅਮਲਾ ਇਸ ਗੱਲ ਤੋਂ ਇਨਕਾਰ ਹੀ ਕਰਦਾ ਰਿਹਾ ਜਦੋਂ ਯਾਤਰੂਆਂ ਦੇ ਸੰਬੰਧੀਆਂ ਨੇ ਉਨ੍ਹਾਂ ਨਾਲ ਵਧੇਰੇ ਜਾਣਕਾਰੀ ਲੈਣ ਲਈ ਸੰਪਰਕ ਕੀਤਾ।

ਯਾਤਰੂਆਂ ਦੇ ਪਰਵਾਰਾਂ ਨੂੰ ਕਿਸੇ ਕਿਸਮ ਦੀ ਜਾਣਕਾਰੀ ਤੋਂ ਦੂਰ ਰੱਖਿਆ ਗਿਆ। ਇਹ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਵਾਜੀ ਵਿਭਾਗ ਦੇ ਚੰਗੇ ਦਿਨਾਂ ਦੇ ਆਉਣ ਦਾ ਸਬੂਤ ਹੈ। ਸਾਰੀ ਦੁਨੀਆਂ ਨੂੰ ਪਤਾ ਚਲ ਗਿਆ ਕਿ ਹਾਦਸਾ ਹੋਣ ਤੋਂ ਬਚ ਗਿਆ ਹੈ ਪ੍ਰੰਤੂ ਸੰਬੰਧਤ ਵਿਭਾਗ ਨੂੰ ਪਤਾ ਹੀ ਨਹੀਂ ਸੀ ਸਗੋਂ ਉਹ ਯਾਤਰੂਆਂ ਦੇ ਰਿਸ਼ਤੇਦਾਰਾਂ ਨੂੰ ਇਹ ਕਹਿ ਰਹੇ ਸਨ ਕਿ ਜਹਾਜ ਦਿੱਲੀ ਨੂੰ ਆ ਰਿਹਾ ਹੈ। ਯਾਤਰੂਆਂ ਦੇ ਸੰਬੰਧੀਆਂ ਨੇ ਇੰਟਰਨੈਟ ਤੋਂ ਯਾਤਰੂਆਂ ਦੀ ਸੂਚੀ ਵਿਚ ਦਿੱਤੇ ਗਏ ਕੁਝ ਯਾਤਰੂਆਂ ਦੇ ਫੋਨ ਨੰਬਰਾਂ ਤੇ ਸੰਪਰਕ ਕੀਤਾ,ਜਿਨ੍ਹਾਂ ਕੋਲ ਅੰਤਰਾਸ਼ਟਰੀ ਕਾਲ ਕਰਨ ਵਾਲੇ ਮੋਬਾਈਲ ਸਨ ਤਾਂ ਜਾ ਕੇ ਉਨ੍ਹਾਂ ਦੀ ਤਸੱਲੀ ਹੋਈਕਿ ਉਨ੍ਹਾਂ ਦੇ ਸੰਬੀਧੀ ਸੁਰੱਖਿਅਤ ਹਨ। ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ਇਸ ਜਹਾਜ ਵਿਚ ਕੇਂਦਰੀ ਸ਼ਹਿਰੀ ਹਵਾਬਾਜੀ ਵਿਭਾਗ ਦਾ ਰਾਜ ਮੰਤਰੀ ਅਤੇ ਉਨ੍ਹਾਂ ਦਾ ਪਰਵਾਰ ਵੀ ਯਾਤਰੂਆਂ ਵਿਚ ਸ਼ਾਮਲ ਸੀ,ਫਿਰ ਵੀ ਵਿਭਾਗ ਮਸਤ ਚਾਲ ਚੱਲ ਰਿਹਾ ਸੀ। ਕੈਨੇਡਾ ਦੇ ਟਰਾਂਟੋ ਸ਼ਹਿਰ ਵਿਚ ਪੰਜਾਬੀਆਂ ਦੀ ਭਰਮਾਰ ਹੈ ਪ੍ਹੰਤੂ ਹੈਰਾਨੀ ਦੀ ਗੱਲ ਹੈ ਕਿ ਇਥੇ ਇੰਡੀਅਨ ਏਅਰ ਲਾਈਨਜ਼ ਦਾ ਸੰਪੂਰਨ ਦਫਤਰ ਹੀ ਨਹੀਂ ਹੈ। ਯਾਤਰੂਆਂ ਨੂੰ ਜਹਾਜ ਵਿਚ ਇੱਕ ਘੰਟਾ ਬੈਠਣਾ ਪਿਆ।

ਫਿਰ ਰਾਤ ਦੇ 12-00 ਵਜੇ ਤੱਕ ਯਾਤਰੂਆਂ ਨੂੰ ਸਾਮਾਨ ਸਮੇਤ ਵੱਖ-ਵੱਖ ਹੋਟਲਾਂ ਵਿਚ ਏਅਰ ਕੈਨੇਡਾ ਵੱਲੋਂ ਭੇਜਿਆ ਗਿਆ,ਜਿੱਥੇ ਕੁਝ ਹੋਟਲਾਂ ਵਿਚ ਖਾਣਾ ਮਿਲਿਆ ਹੀ ਨਹੀਂ। ਖ਼ਰਾਬ ਜਹਾਜ ਵਿਚ ਪਿਆ ਖਾਣਾ ਰੁਲਦਾ ਰਿਹਾ। ਇੱਥੇ ਹੀ ਬੱਸ ਨਹੀਂ ਮੇਰਾ ਨਿੱਜੀ ਤਜਰਬਾ ਹੈ ਮੈਂ ਇਸ ਫਲਾਈਟ ਵਿਚ ਸ਼ਿਕਾਗੋ ਤੋਂ ਦਿੱਲੀ ਆ ਰਿਹਾ ਸੀ। ਕੁਝ ਹੋਟਲਾਂ ਵਿਚ ਯਾਤਰੂਆਂ ਤੋਂ ਸਕਿਉਰਿਟੀ ਲਈ 50-50 ਕੈਨੇਡੀਅਨ ਡਾਲਰ ਲਏ ਗਏ। ਭਾਵੇਂ ਇਹ ਰਕਮ ਅਗਲੇ ਦਿਨ ਵਾਪਸ ਕਰ ਦਿੱਤੀ ਗਈ। ਅਮਰੀਕਨ ਡਾਲਰ ਪ੍ਰਵਾਨ ਨਹੀਂ ਕੀਤੇ ਗਏ। ਯਾਤਰੂਆਂ ਨੂੰ ਤਾਂ ਅਚਾਨਕ ਐਮਰਜੈਂਸੀ ਵਿਚ ਕੈਨੇਡਾ ਉਤਰਨਾ ਪਿਆ ਉਨ੍ਹਾਂ ਕੋਲ ਕੈਨੇਡੀਅਨ ਕਰੰਸੀ ਕਿਵੇਂ ਹੋ ਸਕਦੀ ਸੀ। ਲੋਕਾਂ ਤੋਂ ਮੰਗ-ਮੰਗਾਕੇ ਪੇਮੈਂਟ ਕੀਤੀ ਗਈ। ਯਾਤਰੂਆਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦੇਣ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਸੀ। ਪਿਛਲੇ 6 ਮਹੀਨੇ ਵਿਚ ਅਜਿਹੀਆਂ 6 ਉਡਾਨਾ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਉਂਝ ਸਰਕਾਰ ਅੱਛੇ ਦਿਨ ਆਉਣ ਦੀ ਗੱਲ ਕਰ ਰਹੀ ਹੈ ਪ੍ਰੰਤੂ ਜਹਾਜਰਾਨੀ ਵਿਭਾਗ ਅਤੇ ਜਹਾਜਾਂ ਦੀ ਮਾੜੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਲੋਕਾਂ ਦੇ ਸਾਹਮਣੇ ਦਿਸ ਰਹੀ ਹੈ।

ਜੇਕਰ ਲੋਕਾਂ ਦੀਆਂ ਜ਼ਿੰਦਗੀਆਂ ਹੀ ਸੁਰੱਖਿਅਤ ਨਹੀਂ ਫਿਰ ਲੋਕਾਂ ਨੂੰ ਅੱਛੇ ਦਿਨਾ ਦਾ ਕੀ ਲਾਭ ਹੋ ਸਕਦਾ ਹੈ। ਜੇਕਰ ਇੰਡੀਅਨ ਏਅਰਲਾਈਨਜ਼ ਦੀ ਇਹੋ ਹਾਲਤ ਰਹੀ ਤਾਂ ਭਾਰਤੀ ਯਾਤਰੂਆਂ ਦਾ ਉਨ੍ਹਾਂ ਵਿਚੋਂ ਵਿਸ਼ਵਾਸ਼ ਉਠ ਜਾਏਗਾ ਅਤੇ ਏਅਰ ਲਾਈਨਜ਼ ਵਿਚ ਕੋਈ ਵੀ ਯਾਤਰਾ ਕਰਨ ਤੋਂ ਪ੍ਰਹੇਜ਼ ਕਰਨਗੇ। ਏਅਰਲਾਈਨਜ਼ ਕੋਲ ਅਮਲਾ ਅਰਥਾਤ ਪਾਇਲਟ ਕਾਬਲ ਹਨ ਪ੍ਰੰਤੂ ਜਹਾਜਾਂ ਦੀ ਹਾਲਤ ਚੰਗੀ ਨਹੀਂ। ਭਾਰਤ ਸਰਕਾਰ ਨੂੰ ਆਪਣੀ ਏਅਰ ਲਾਈਨ ਦੀ ਸ਼ੋਭਾ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ,ਨਹੀਂ ਤਾਂ ਦੁਨੀਆਂ ਵਿਚ ਭਾਰਤ ਦੀ ਬਦਨਾਮੀ ਨੂੰ ਕੋਈ ਰੋਕ ਨਹੀਂ ਸਕੇਗਾ। ਜਿਹੜੇ ਯਾਤਰੂਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੇ ਇਹ ਸੰਤਾਪ ਭੋਗਿਆ ਹੈ,ਉਹ ਤਾਂ ਮੁੜਕੇ ਇੰਡੀਅਨ ਏਅਰ ਲਾਈਨਜ਼ ਦੇ ਜਹਾਜ ਵਿਚ ਬੈਠਣ ਬਾਰੇ ਸੋਚ ਵੀ ਨਹੀਂ ਸਕਦੇ। ਕਾਬਲ ਸਟਾਫ਼ ਨੂੰ ਵਿਸ਼ਵਾਸ਼ਯੋਗ ਜਹਾਜ ਦਿੱਤੇ ਜਾਣ ਤਾਂ ਹੀ ਭਾਰਤ ਦੀ ਦੁਨੀਆਂ ਵਿਚ ਭਰੋਸੇਯੋਗਤਾ ਬਚ ਸਕਦੀ ਹੈ। ਮੌਤ ਦੇ ਮੂੰਹ ਵਿਚ ਜਾਣ ਨੂੰ ਕੋਈ ਵੀ ਤਿਆਰ ਨਹੀਂ ਹੋਵੇਗਾ।

ਉਜਾਗਰ ਸਿੰਘ


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਦੋਂ ਪਾਇਲਟ ਦੀ ਚੁਸਤੀ ਨੇ ਅਸਮਾਨ ਵਿਚ ਮੌਤ ਨੂੰ ਖਦੇੜ ਦਿੱਤਾ