ਆਖਿਰ ਕੀ ਚਾਹੁੰਦੀ ਹੈ ਭਾਜਪਾ ਪੰਜਾਬ ਵਿੱਚ?

Modi-most-eligible-for-PM's-post--Badal

ਪਿਛਲੇ ਸੰਪਾਦਕੀ ਲੇਖਾਂ ਵਿੱਚ ਅਸੀਂ ਪੰਜਾਬ ਦੀ ਸਿਆਸੀ ਉਥਲ-ਪੁਥਲ ਬਾਰੇ ਚਰਚਾ ਕਰਦੇ ਰਹੇ ਹਾਂ। ਇਹ ਅਜੇ ਵੀ ਉਸੇ ਤਰਾਂ ਸਰਗਰਮ ਹੈ। ਕਿਸੇ ਪਾਸੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਅਗਾਮੀ ਮੁੱਖ ਮੰਤਰੀ ਦੇ ਤੌਰ ’ਤੇ ਸੋਸ਼ਲ ਮੀਡੀਆ ਵਿੱਚ ਉਬਾਰਿਆ ਜਾ ਰਿਹਾ ਹੈ ਤੇ ਕਦੇ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ। ਨਵਜੋਤ ਸਿੱਧੂ ਵੀ ਆਪਣੀ ਪੂਰੀ ਦਬੰਗਈ ਬੋਲੀ ਤੇ ਸਟਾਇਲ ਵਿੱਚ ਲੋਕਾਂ ਦਾ ਮਨੋਰੰਜਨ ਚੋਕੇ-ਛਿੱਕੇ ਮਾਰ ਕੇ ਕਰ ਰਿਹਾ ਹੈ। ਉਹ ਕਦੇ ਬਾਦਲਾਂ ਨੂੰ ਉੱਚਾ ਬੋਲਦਾ ਹੈ ਤੇ ਕਦੇ ਕਿਸੇ ਤਰਾਂ ਦਾ ਵਿਅੰਗ ਕਰਕੇ ਅਕਾਲੀਆਂ ਨੂੰ ਤਾਹਨਾ ਮਾਰ ਰਿਹਾ ਹੈ। ਉਸਦੀ ਬੋਲੀ ਦੱਸਦੀ ਹੈ ਕਿ ਉਹਦੇ ਅੰਦਰ ਕੋਈ ਅਜਿਹੀ ਸ਼ਕਤੀ ਬੋਲ ਰਹੀ ਹੈ, ਜਿਸਦਾ ਹੱਥ ਉਸਦੇ ਸਿਰ ਉੱਤੇ ਆਇਆ ਹੋਇਆ ਹੈ। ਉਸਨੂੰ ਵਿਸ਼ੇਸ਼ ਤੌਰ ਉੱਤੇ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਤੇ ਵਜ਼ਾਰਤ ਮੌਕੇ ਸਟੇਜ ਉੱਤੇ ਬੁਲਾਏ ਜਾਣਾ ਵੀ ਬਹੁਤ ਕੁੱਝ ਕਹਿੰਦਾ ਹੈ ਤੇ ਫਿਰ ਉਸਦਾ ਉਸ ਸਟੇਜ ਉੱਤੇ ਬੈਠੇ ਵੱਡੇ ਬਾਦਲ ਸਾਹਬ ਤੋਂ ਅੱਖ ਫੇਰ ਲੈਣਾ ਵੀ ਬਹੁਤ ਕੁੱਝ ਤੋਂ ਪਰਦਾ ਲਾਹ ਦਿੰਦਾ ਹੈ। ਇਹ ਕੋਈ ਇਕਹਰੀ ਗੱਲ ਨਹੀਂ ਹੈ, ਇਸਦੇ ਕਈ ਪਹਿਲੂ ਹਨ, ਜਿਹਨਾਂ ਵਿੱਚੋਂ ਸਿਰਫ ਦੋ ਬਾਰੇ ਅਸੀਂ ਇੱਥੇ ਗੱਲਬਾਤ ਕਰਨੀ ਹੈ। ਪਹਿਲੀ ਤਾਂ ਹੈ ਭਾਜਪਾ ਦੇ ਅੰਦਰੂਨੀ ਜੋ ਕੁੱਝ ਵਾਪਰਨਾ ਹੈ, ਉਹ ਕੀ ਵਾਪਰੇਗਾ ਪੰਜਾਬ ਅੰਦਰ। ਇਸਦੇ ਅੱਗੋਂ ਕਈ ਪਹਿਲੂ ਹਨ, ਜਿਹਨਾਂ ਵਿੱਚੋਂ ਇਹ ਸੱਭ ਤੋਂ ਅਹਿਮ ਹੈ ਕਿ ਜੇਕਰ ਭਾਜਪਾ ਮਜੂਦਾ ਪ੍ਰਧਾਨ ਕਮਲ ਸ਼ਰਮਾ ਨੂੰ ਕਿਨਾਰੇ ਕਰਦੀ ਹੈ ਤਾਂ ਉਸਦਾ ਰੁਖ ਕੀ ਹੋਵੇਗਾ, ਆਉਣ ਵਾਲੀ ਲੀਡਰਸ਼ਿਪ ਪ੍ਰਤੀ। ਇਸੇ ਤਰਾਂ ਭਾਜਪਾ ਜੇਕਰ ਸਿੱਧੂ ਨੂੰ ਕਮਾਂਡ ਸੰਬਾਲਦੀ ਹੈ ਤਾਂ ਦੂਸਰੇ ਹਿੰਦੂ ਵੋਟਰਾਂ ਬਾਰੇ ਤੇ ਸ਼ਹਿਰੀ ਸਿੱਖ ਵੋਟਰਾਂ ਬਾਰੇ ਉਹਨਾਂ ਦੀ ਪਹੁੰਚ ਕੀ ਹੋਵੇਗੀ ਤੇ ਕਿਸ ਤਰਾਂ ਨਾਲ ਨਿਰਧਾਰਤ ਹੋਵੇਗੀ। ਦੂਸਰਾ ਸਾਡਾ ਅਹਿਮ ਪਹਿਲੂ ਅਕਾਲੀਆਂ ਦੇ ਭਵਿੱਖੀ ਦਾਅਪੇਚਾਂ ਬਾਰੇ ਹੈ। ਕਿਉਕਿ ਹਾਲ ਦੀ ਘੜੀ ਅਕਾਲੀ ਬਹੁਤ ਹੀ ਫ੍ਰਸਟਰੇਸ਼ਨ ਵਿੱਚ ਨਜ਼ਰ ਆ ਰਹੇ ਹਨ।

ਪਹਿਲੀ ਗੱਲ, ਕਿ ਜੇਕਰ ਭਾਜਪਾ ਦੀ ਕਮਾਂਡ ਨਵਜੋਤ ਸਿੱਧੂ ਹੱਥ ਆ ਜਾਂਦੀ ਹੈ ਤਾਂ ਅਸੀਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਫਿਰ ਭਾਜਪਾ ਨੂੰ ਆਪਣਾ ਹਿੰਦੂ ਕਾਰਡ ਖੇਡਮਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਹਨਾਂ ਨੂੰ ਫਿਰ ਕੋਈ ਨਾ ਕੋਈ ਅਜਿਹੀ ਸਟਰੈਟਿਜੀ ਬਨਾਉਣੀ ਪਵੇਗੀ, ਜਿਸ ਨਾਲ ਜੱਟ ਸਿੱਖ ਮਗਰ ਲਾ ਸਕਣ, ਹਿੰਦੂ ਇਕਮੁੱਠ ਹੋ ਸਕਣ ਤੇ ਸ਼ਹਿਰੀ ਸਿੱਖਾਂ ਨੂੰ ਵੀ ਬਣਦਾ ਹਿੱਸਾ ਮਿਲ ਜਾਵੇ। ਕਿਉਕਿ ਫਿਤਰਤਨ ਸ਼ਹਿਰੀ ਸਿੱਖ ਹਮੇਸ਼ਾ ਸੱਤਾ ਵਿੱਚ ਭਾਈਵਾਲ ਬਣਿਆ ਹੀ ਰਹਿਣਾ ਚਾਹੁੰਦਾ ਹੈ। ਇਸ ਲਈ ਪਿਛਲੇ ਸਮੇਂ ਵਿੱਚ ਇਹਨਾਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਅਕਾਲੀਆਂ ਨਾਲ ਲਾਇਆ ਸੀ ਤੇ ਹੁਣ ਭਾਜਪਾ ਵੱਲ ਝੁਕਾਅ ਨਜ਼ਰ ਆ ਰਿਹਾ ਹੈ। ਹੁਣ ਅਜੇ ਤੱਕ ਇਹ ਤਾਂ ਕਿਸੇ ਪਾਸਿਓਂ ਵੀ ਸਾਹਮਣੇ ਨਹੀਂ ਆਇਆ ਕਿ ਭਾਜਪਾ ਸਿੱਧੂ ਨੂੰ ਹੀ ਸੀਨ ਵਿੱਚ ਮੁਹਰੇ ਲਿਆ ਰਹੀ ਹੈ, ਪਰੰਤੂ ਸੰਕੇਤ ਜ਼ਰੂਰ ਮਿਲੇ ਹਨ। ਪਰੰਤੂ ਪੰਜਾਬ ਦੇ ਭਾਜਪਾਈਆਂ ਸਿੱਧੂ ਨੂੰ ਜੋ ਸਵੀਕਾਰਤਾ ਦਿੱਤੀ ਹੈ, ਉਸ ਨਾਲ ਗੇਮ ਹੋਰ ਹੀ ਬਣਦੀ ਨਜ਼ਰ ਆ ਰਹੀ ਹੈ। ਇਸ ਵਿੱਚ ਸੱਭ ਤੋਂ ਅਹਿਮ ਪਹਿਲੂ ਮੌਜੂਦਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੀ ਪੈਂਤੜੇਬਾਜ਼ੀ ਵੀ ਹੋਵੇਗਾ। ਕਿਉਕਿ ਉਹ ਬਾਦਲਾਂ ਦਾ ਚਹੇਤਾ ਪ੍ਰਧਾਨ ਰਿਹਾ ਹੈ, ਜਿਸਨੇ ਸਿਰਫ ਤੇ ਸਿਰਫ ਅਕਾਲੀਆਂ ਦੀ ਸੁਣੀ, ਭਾਜਪਾ ਦੀ ਵੀ ਨਹੀਂ ਸੁਣੀ। ਇਸ ਲਈ ਪੰਜਾਬ ਭਾਜਪਾ ਵਿੱਚ ਇੱਕ ਪਾਸੇ ਸਿੱਧਾ ਬਾਦਲ ਵਿਰੋਧ ਤੇ ਦੂਜੇ ਪਾਸੇ ਸਿੱਧਾ ਬਾਦਲ ਦਾ ਪੱਖ, ਇਹ ਦੋ ਵਿਚਾਰ ਨਾਲ-ਨਾਲ ਤੁਰ ਰਹੇ ਹਨ। ਹੁਣ ਪੱਲੜਾ ਕਿਹੜਾ ਭਾਰ ਪੈਂਦਾ ਹੈ, ਨਿਰਣਾ ਇਸ ਉੱਤੇ ਆਣ ਟਿਕਿਆ ਹੈ। ਪਰੰਤੂ ਭਾਰਾ ਪੱਲੜਾ ਫਿਰ ਵੀ ਸਾਂਝ ਨੂੰ ਮੁੱਖ ਜ਼ਰੂਰ ਰੱਖੇਗਾ, ਇਸਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲ ਦੀ ਘੜੀ ਤਾਂ ਦਿੱਲੀ ਹੋਣ ਵਾਲੀਆਂ ਚੋਣਾਂ ਨੇ ਵੀ ਬਹੁਤ ਕੁੱਝ ਨਿਰਧਾਰਤ ਕਰਨਾ ਹੈ। ਉਹਦੇ ਕਰਕੇ ਵੀ ਇਹਨਾਂ ਦੋਵੇਂ ਪਾਰਟੀਆਂ ਨੂੰ ਆਪਸੀ ਸਹਿਯੋਗ ਬਣਾ ਕੇ ਰੱਖਣਾ ਹੋਵੇਗਾ।

ਇਸ ਕੜੀ ਵਿੱਚ ਦੂਸਰਾ ਅਹਿਮ ਪਹਿਲੂ ਅਕਾਲੀ ਹਨ। ਅਕਾਲੀ ਇਸ ਵਕਤ ਬਹੁਤ ਹੀ ਬੁਰੇ ਸਮੇਂ ਵਿੱਚੋਂ ਲੰਘ ਰਹੇ ਹਨ। ਇਹਨਾਂ ਦੇ ਮੰਤਰੀਆਂ ਆਦਿ ਉੱਤੇ ਡਰੱਗ ਦੀ ਤਲਵਾਰ ਲਟਕ ਰਹੀ ਹੈ, ਭਾਵੇਂ ਸਾਬਤ ਨਾ ਵੀ ਹੋਵੇ, ਹਾਲ ਦੀ ਘੜੀ ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਦੇ ਰੰਗ ਉੱਡੇ ਹੋਏ ਨੇ। ਇਸੇ ਤਰਾਂ ਇਹਨਾਂ ਨੂੰ ਹਰਿਆਣਾ ਵਿੱਚ ਇਨੈਲੋ ਦੀ ਹਾਰ ਦੀ ਨੈਤਿਕ ਨਮੋਸ਼ੀ ਵੀ ਲੈ ਬੈਠੀ ਹੈ। ਇਹਨਾਂ ਦੀ ਨਿਰਾਸ਼ਾ ਨੂੰ ਹੋਰ ਘੋਰ ਕਰਨ ਵਿੱਚ ਇਹ ਕਾਫੀ ਸੀ। ਉਪਰੋਂ ਮੋਦੀ ਸਰਕਾਰ ਨੇ ਪੰਜਾਬ ਨੂੰ ਕੋਈ ਪੰਡ ਤਾਂ ਨਹੀਂ ਦਿੱਤੇ, ਪਰ ਐੱਨਆਰਆਈ ਪੈਸੇ ਉੱਤੇ ਕਰ ਨੇ ਲੋਕਾਂ ਵਿੱਚ ਹੋਰ ਸਵਾਲ ਖੜੇ ਕਰ ਦਿੱਤੇ ਹਨ। ਵੱਡੇ ਬਾਦਲ ਸਾਹਬ ਨੇ ਇਸ ਮਾਮਲੇ ਵਿੱਚ ਮੋਦੀ ਨੂੰ ਮਿਲਣ ਦਾ ਬਿਆਨ ਤਾਂ ਦਿੱਤਾ ਹੈ, ਪਰੰਤੂ ਇਹ ਸਾਰਥਕ ਕਿੱਥੋਂ ਤੱਕ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਕਿਉਕਿ ਕੇਂਦਰ ਦੇ ਆਪਣੇ ਫੰਡੇ ਹੁੰਦੇ ਨੇ। ਆਰਥਿਕ ਪੱਖ ਤੋਂ ਪੰਜਾਬ ਜਿਸ ਚੱਕੀ ਵਿੱਚ ਪਿਸ ਰਿਹਾ ਹੈ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਸਰਕਾਰੀ ਜ਼ਮੀਨਾਂ ਵੇਚ ਕੇ ਗੁਜਾਰਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਅਸੀਂ ਮੌਜੂਦਾ ਸਰਕਾਰ ਵਿੱਚ ਕਿਸੇ ਵੇਲੇ ਵੀ ਵਿੱਚ ਮੰਤਰੀ ਦਾ ਬਿਆਨ ਅਖਬਾਰਾਂ ਵਿੱਚ ਨਹੀਂ ਪੜਿਆ। ਜਦੋਂ ਮਨਪ੍ਰੀਤ ਬਾਦਲ ਵਿੱਚ ਮੰਤਰੀ ਸਨ ਤਾਂ ਉਹਨਾਂ ਨੇ ਜੋ ਕਿਹਾ ਸੀ, ਉਸਤੋਂ ਕਿਤੇ ਬਦਤਰ ਹਾਲਤ ਇਸ ਵਕਤ ਪੰਜਾਬ ਦੀ ਆਰਥਿਕਤਾ ਦੀ ਹੈ। ਅਜਿਹੇ ਫ੍ਰਸਟਰੇਸ਼ਨ ਦੇ ਮਾਹੌਲ ਵਿੱਚ ਅਕਾਲੀਆਂ ਕੋਲੋਂ ਬਹੁਤੀ ਉਮੀਦ ਲੋਕ ਕਰ ਨਹੀਂ ਰਹੇ। ਇਸ ਲਈ ਇਹ ਜੋ ਸਮਾਂ ਚੱਲ ਰਿਹਾ ਹੈ, ਪੰਜਾਬ ਵਿੱਚ ਇੱਕ ਪਾਸੜ ਜਿਹੀ ਸਿਆਸਤ ਦਾ ਹੈ, ਜਿਸ ਵਿੱਚ ਸਿਰਫ ਭਾਜਪਾ ਚਾਂਗਰਾਂ ਮਾਰ ਰਹੀ ਹੈ ਤੇ ਲੋਕ ਹੱਸ ਰਹੇ ਨੇ।

ਇਹ ਅਸੀਂ ਤਾਂ ਵੀ ਕਹਿ ਰਹੇ ਹਾਂ ਕਿ ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤੀਜਾ ਬਦਲ ਕਿਹਾ ਸੀ, ਜਿਸਤੋਂ ਬਹੁਤ ਹੀ ਜਲਦੀ ਮੋਹ ਬੰਗ ਹੋ ਗਿਆ ਹੈ। ਉਹਨਾਂ ਦੀ ਜੋ ਕਾਰਗੁਜ਼ਾਰੀ ਹੈ, ਜਿਸ ਤਰਾਂ ਉਹਨਾਂ ਦੇ ਐੱਮ ਪੀ ਉੱਤੇ ਦਿਨ ਦਿਹਾੜੇ ਸ਼ਰਾਬ ਪੀਣ ਜਿਹੇ ਇਲਜ਼ਾਮਲੱਗੇ ਹਨ, ਜਿਸ ਤਰਾਂ ਮਾਰੇ ਗਏ ਦੋ ਨੌਜਵਾਨਾਂ ਦੇ ਲਹੂ ਦੀ ਕੀਮਤ ਦੇ ਇਲਜ਼ਾਮ ਲੱਗੇ ਹਨ, ਉਹਨਾਂ ਤੋਂ ਲੋਕਾਂ ਮੂੰਹਗ ਫੇਰ ਲਿਆ ਹੈ। ਉਹ ਆਪਣਾ ਸੰਸਥਾਗਤ ਢਾਂਚਾ ਵੀ ਨਹੀਂ ਬਣਾ ਸਕੇ। ਆਪਸ ਵਿੱਚ ਉਲਝ ਕੇ ਰਹਿ ਗਏ। ਕਾਂਗਰਸ ਨੇ ਦਾ ਜੋ ਕਾਟੋ ਕਲੇਸ਼ ਪੰਜਾਬ ਵਿੱਚ ਹੈ, ਉਹ ਤਾਂ ਦੂਰ ਕੀਤਾ ਜਾ ਸਕਦਾ ਜੇਕਰ ਉਹ ਕੇਂਦਰ ਵਿੱਚ ਕੋਈ ਸ਼ਕਤੀਸ਼ਾਲੀ ਸੰਗਠਨ ਨਜ਼ਰ ਆ ਰਿਹਾ ਹੋਵੇ। ਉਹ ਤਾਂ ਉੱਥੇ ਵੀ ਫਟੇ ਪਏ ਹਨ। ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਰਹੇ ਨੇ ਜਾਂ ਆਪੋ ਆਪਣੇ ਧੰਦੀਂ ਜਾ ਲੱਗੇ ਨੇ। ਫਿਰ ਸੂਬਿਆਂ ਵਿੱਚ ਦਖਲ ਕੌਣ ਦੇਵੇ। ਆਪਾਧਾਪੀ ਪਈ ਹੋਈ ਹੈ। ਕੋਈ ਵਾਲੀ-ਵਾਰਸ ਨਹੀਂ। ਹਾਥੀ ਲੁੰਡਾ ਘੁੰਮ ਰਿਹਾ ਹੈ। ਦਲਿਤਾਂ ਦੀ ਪਾਰਟੀ ਦਾ ਨਾਮੋ ਨਿਸ਼ਾਨ ਖਤਮ, ਕਾਮਰੇਡ ਨਹੀਂ ਲੱਭ ਰਹੇ। ਇਸ ਲਈ ਪੰਜਾਬ ਦੇ ਲੋਕਾਂ ਦੇ ੱਜੇ ਅੱਛੇ ਦਿਨ ਆਉਣ ਤੋਂ ਪਹਿਲਾਂ ਕਈ ਪੁਲੀਟੀਕਲ ਪਟਾਕੇ ਪੈਣੇ ਲਾਜ਼ਮੀ ਹਨ। ਚੰਗਾ ਹੋਵੇ ਜੇਕਰ ਸਾਡੇ ਲੋਕ ਸਿਆਸੀ ਤੌਰ ਉੱਤੇ ਜਾਗਿ੍ਰਤ ਹੋਮ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਤੀਸਰਾ ਬਦਲ ਪੇਸ਼ ਕਰ ਸਕਣ। ਇਹ ਲੜਾਈ ਹੁਣ ਸਾਡੇ ਵਿਦਿਆਰਥੀਆਂ ਨੂੰ ਕਰਨੀ ਪੈਣੀ ਹੈ। ਉਹਨਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਉਹ ਅੱਗੇ ਆਉਣ ਤੇ ਡੱੁਬਦੇ ਪੰਜਾਬ ਦਾ ਬੇੜਾ ਬੰਨੇ ਲਾਉਣ।

ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਹਰ ਹਾਲਤ ਪੰਜਾਬ ਨੂੰ ਸੰਭਾਲੇ ਜਾਣ ਦੀ ਜ਼ਰੂਰਤ ਹੈ। ਨਹੀਂ ਤਾਂ ਘੜੀਆਂ ਦੇ ਖੁੰਝੇ ਅਸੀਂ ਲੱਖਾਂ ਕੋਹ ਦੂਰ ਜਾ ਪਵਾਂਗੇ।

Facebook Comments

POST A COMMENT.

Enable Google Transliteration.(To type in English, press Ctrl+g)