ਮਨੁੱਖੀ ਮਨ ਦੀਆਂ ਗ੍ਰੰਥੀਆਂ ਤੇ ਬਾਬਿਆਂ ਦੀ ਲੁੱਟ


ਇਹ ਜਿਹੜਾ ਹਵਾਲਾ ਅਸੀਂ ਤੁਹਾਡੇ ਨਾਲ ਇੱਥੇ ਸਾਂਝਾ ਕਰ ਰਹੇ ਹਾਂ, ਇਹ ਕਮਲ ਦੀ ਫੇਸਬੁੱਕ ਵਾਲ ਤੋਂ ਲਿਆ ਹੈ। ਇਸਨੂੰ ਪੂਰੇ ਗਹੁ ਨਾਲ ਪੜੋ। ਉਹ ਲਿਖਦੇ ਹਨ ਕਿ ਪਿਛਲੇ ਦਿਨੀ ਇੱਕ ਨੌਜਵਾਨ ਜੋੜਾ ਮੇਰੇ ਕੋਲ ਆਇਆ। ਔਰਤ ਦੀ ਗੋਦ ਵਿੱਚ ਇੱਕ ਬੱਚਾ ਸੀ। ਆਦਮੀ ਨੇ ਦੱਸਿਆ ਕਿ ਉਹਦੀ ਔਰਤ ਅੰਦਰ ਇਸ ਔਰਤ ਦੀ ਮਰ ਚੁੱਕੀ ਭੈਣ ਦੀ ਆਤਮਾ ਆਉਂਦੀ ਹੈ। ਉਹ ਕਈ ਬਾਬਿਆਂ ਕੋਲ ਘੁੰਮ ਚੁੱਕੇ ਹਨ , ਪਰ ਆਤਮਾ ਇਹਦੇ ਵਿੱਚੋਂ ਨਿਕਲਣ ਦਾ ਨਾਂ ਹੀ ਨਹੀਂ ਲੈਂਦੀ , ਉਲਟਾ ਨਾ ਜਾਣ ਦੀ ਜ਼ਿਦ ਕਰਦੀ ਹੈ। ਮੈਂ ਉਹਨਾਂ ਤੋਂ ਇਸ ਬਾਰੇ ਸਾਰਾ ਵੇਰਵਾ ਜਾਣਨ ਵਾਸਤੇ ਕਈ ਸਵਾਲ ਕੀਤੇ ਤਾਂ ਪਤਾ ਲੱਗਾ ਕਿ ਦੋ ਸਾਲ ਪਹਿਲਾਂ ਇਸ ਔਰਤ ਦੀ ਭੈਣ ਇੱਕ ਬੱਚੀ ਨੂੰ ਜਨਮ ਦੇਣ ਵਕਤ ਮਰ ਗਈ ਸੀ। ਸਾਰੇ ਰਿਸ਼ਤੇਦਾਰਾਂ ਨੇ ਫੈਸਲਾ ਕਰਕੇ ਉਹਦੀ ਬੱਚੀ ਇਹਨਾਂ ਨੂੰ ਗੋਦ ਲੈਣ ਲਈ ਕਿਹਾ , ਜਿਸ ਲਈ ਇਹ ਜੋੜਾ ਮੰਨ ਗਿਆ। ਆਸਪਾਸ ਦੀਆਂ ਔਰਤਾਂ ਨੇ ਇਸ ਔਰਤ ਦੇ ਮਨ ਵਿੱਚ ਇਹ ਗੱਲ ਬੈਠਾ ਦਿਤੀ ਕਿ ਇੱਕ ਮਾਂ ਆਪਣੀ ਨਵਜੰਮੀ ਬੱਚੀ ਤੋਂ ਦੂਰ ਨਹੀਂ ਰਹਿ ਸਕਦੀ ਇਸ ਕਰਕੇ ਉਹ ਹਮੇਸ਼ਾ ਇਹਦੇ ਆਸਪਾਸ ਹੀ ਰਹੇਗੀ। ਬੱਸ ਔਰਤਾਂ ਵੱਲੋਂ ਛੱਡੀ ਭੂਤਨੀ ਸਿਧੀ ਇਹਦੇ ਦਿਮਾਗ ਵਿੱਚ ਆ ਵੱਸੀ ਤੇ ਆਪਣੀ ਧੀ ਨਾਲ ਹੇਜ ਜਤਾਉਂਦੀ ਹੋਈ ਕਈ ਪੁੱਠੀਆਂ ਸਿਧੀਆਂ ਹਰਕਤਾਂ ਕਰਨ ਲੱਗੀ।

ਬਾਬਿਆਂ ਦੀਆਂ ਚੌਂਕੀਆਂ ਭਰਨ ਦਾ ਦੌਰ ਸ਼ੁਰੂ ਹੋਇਆ , ਪਰ ਮੁਸ਼ਕਿਲ ਘਟਣ ਦੀ ਥਾਂ ਵਧਣ ਲੱਗ ਪਈ। ਹਰ ਬਾਬਾ ਆਪਣਾ ਟੋਟਕਾ ਅਜਮਾਉਂਦਾ , ਪਰ ਕਿਸੇ ਤੋਂ ਵੀ ਮਸਲਾ ਹੱਲ ਨਾ ਹੋਇਆ। ਬਾਬਿਆਂ ਕੋਲੋਂ ਛਿੱਲ ਲੁਹਾ ਕੇ ਵਿਚਾਰੇ ਮੇਰੇ ਕੋਲ ਪਹੁੰਚ ਗਏ। ਮੈਨੂੰ ਸਮਝ ਆ ਚੁੱਕੀ ਸੀ ਕਿ ਉਹਦਾ ਆਪਣੀ ਗੋਦ ਲਈ ਭਾਣਜੀ ਤੇ ਆਪਣੀ ਮਰ ਚੁੱਕੀ ਭੈਣ ਨਾਲ ਪੂਰਾ ਮੋਹ ਹੈ ਜਿਸ ਕਾਰਨ ਉਹ ਇਹਨਾ ਦੋਹਾਂ ਨੂੰ ਆਸਪਾਸ ਮਹਿਸੂਸ ਕਰਦੀ ਹੈ। ਇਹਦੇ ਪਿੱਛੇ ਵੱਡਾ ਕਾਰਨ ਉਹਦੇ ਆਸਪਾਸ ਦੀਆਂ ਔਰਤਾਂ ਵੱਲੋਂ ਉਹਦੇ ਦਿਮਾਗ ਚ ਪਾਇਆ ਗਿਆ ਵਹਿਮ ਹੀ ਸੀ।
ਮੈਂ ਉਹਨੂੰ ਅੰਦਰ ਬੈਂਚ ਤੇ ਲੇਟਣ ਲਈ ਕਿਹਾ ਤਾਂ ਕਿ ਉਹਨੂੰ ਸੰਮੋਹਿਤ ਕਰਕੇ ਕੁਝ ਆਦੇਸ਼ ਦਿਤੇ ਜਾਣ, ਜਿਸ ਨਾਲ ਉਹਦੇ ਦਿਮਾਗ ਵਿੱਚ ਵੜਿਆ ਭੂਤ ਨਿਕਲ ਸਕੇ। ਉਹਦੇ ਲੇਟਣ ਤੋਂ ਬਾਦ ਮੈਂ ਉਹਨੂੰ ਸੰਮੋਹਿਤ ਕਰ ਦਿਤਾ ਤੇ ਆਦੇਸ਼ ਦਿਤਾ ਕਿ ਜਿਹੜੀ ਵੀ ਚੀਜ਼ ਇਹਦੇ ਅੰਦਰ ਹੈ ਉਹ ਚਲੀ ਜਾਵੇ। ਬੱਸ! ਇੰਨਾ ਕਹਿਣ ਦੀ ਦੇਰ ਸੀ ਕਿ ਉਹ ਆਪਣੀਆਂ ਬਾਹਾਂ ਅਕੜਾ ਕੇ ਕਹਿਣ ਲੱਗੀ , ਮੈਂ ਇਹਨੂੰ ਛੱਡਕੇ ਨਹੀਂ ਜਾਵਾਂਗੀ। ਮੈਂ ਨਾਲ ਹੀ ਮੋੜਵਾਂ ਜਵਾਬ ਦਿਤਾ, ਅਗਰ ਤੂੰ ਜਿਦ ਕਰੇਂਗੀ ਤਾਂ ਮੈਂ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ। ਥੋੜੀ ਜਿਹੀ ਜਿਦ ਤੋਂ ਬਾਦ ਜਦੋਂ ਮੈਂ ਹੋਰ ਸਖਤ ਆਦੇਸ਼ ਦਿਤੇ ਤਾਂ ਉਹਨੇ ਆਪਣੇ ਦੋਵੇਂ ਹੱਥ ਜੋੜੇ ਤੇ ਤਰਲਾ ਜਿਹਾ ਲੈਕੇ ਕਿਹਾ, ਰੱਬ ਦਾ ਵਾਸਤਾ ਜੇ ! ਇੰਝ ਨਾ ਕਰਿਓ , ਮੈਂ ਘਰ ਦੇ ਕਿਸੇ ਕੋਨੇ ਚ ਬੈਠੀ ਰਹੂਂਗੀ।

ਮੈਂ ਉਹਦੀ ਗੱਲ ਸਮਝ ਗਿਆ ਕਿ ਇਸ ਔਰਤ ਦੇ ਮਨ ਵਿੱਚ ਭੈਣ ਦੇ ਭੂਤ ਦਾ ਵਹਿਮ ਇੱਕ ਦੰਮ ਕਢਣ ਨਾਲ ਇਹਦੇ ਅੰਦਰ ਆਪਣੀ ਗੋਦ ਲਈ ਭਾਣਜੀ ਪ੍ਰਤੀ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ , ਤੇ ਮੈਂ ਉਹਨੂੰ ਕਿਹਾ, ਠੀਕ ਹੈ , ਤੂੰ ਇਹਦਾ ਸਰੀਰ ਛੱਡਦੇ ਤੇ ਵਾਦਾ ਕਰ ਕਿ ਇਹਨਾਂ ਨੂੰ ਕਦੇ ਵੀ ਤੰਗ ਨਹੀਂ ਕਰੇਂਗੀ। ਆਪਣੀ ਬੱਚੀ ਵਾਸਤੇ ਘਰ ਦੇ ਕਿਸੇ ਕੋਨੇ ਵਿੱਚ ਬੇਸ਼ਕ ਬੈਠੀ ਰਹੇਂਗੀ, ਪਰ ਘਰ ਦੇ ਕਿਸੇ ਵੀ ਜੀਅ ਨੂੰ ਮਹਿਸੂਸ ਵੀ ਨਹੀਂ ਹੋਵੇਂਗੀ। ਮਰੀਜ਼ ਨੂੰ ਇਸ ਪ੍ਰਤੀ ਸਹਿਮਤ ਕਰਕੇ ਮੈਂ ਉਸ ਨੂੰ ਉਹਦਾ ਸਰੀਰ ਛੱਡਕੇ ਜਾਣ ਦਾ ਆਦੇਸ਼ ਦਿੱਤਾ ਤਾਂ ਮਰੀਜ਼ ਨੇ ਆਪਣੇ ਸਰੀਰ ਨੂੰ ਇੱਕਦਮ ਝਟਕਾ ਜਿਹਾ ਦੇਕੇ ਢਿੱਲਾ ਛੱਡ ਦਿਤਾ। ਉਹਦੇ ਮਨ ਅੰਦਰੋਂ ਭੈਣ ਦੇ ਭੂਤ ਦਾ ਵਹਿਮ ਪੂਰੀ ਤਰਾਂ ਨਿਕਲ ਚੁੱਕਾ ਸੀ ਤੇ ਉਹ ਬਹੁਤ ਹਲਕੇ ਫੁਲਕੇ ਸਰੀਰ ਨਾਲ ਉੱਠਕੇ ਬਾਹਰ ਆ ਗਈ। ਹੁਣ ਉਹਦੇ ਚਿਹਰੇ ਤੇ ਸੰਤੁਸ਼ਟੀ ਸੀ।

ਹੁਣ ਇਸ ਬਿਰਤਾਂਤ ਦੇ ਇੱਕ ਪਾਸੇ ਇੱਕ ਹੋਰ ਬਿਰਤਾਂਤ ਹੈ, ਜਿਹੜਾ ਇਸ ਵਿੱਚੋਂ ਗਾਇਬ ਹੈ। ਉਹ ਬਿਰਤਾਂਤ ਇਸ ਨਾਲੋਂ ਵੀ ਘਿਨਾਉਣਾ ਹੈ। ਇਹ ਤਾਂ ਹਨ ਮਨੁੱਖੀ ਮਨ ਦੀਆਂ ਦੀਆਂ ਉਹ ਗੰਢਾਂ ਜਿਹੜੀਆਂ ਬਹੁਤ ਗੁੰਝਲਦਾਰ ਨੇ ਤੇ ਭੋਲੇ ਭਾਲੇ ਲੋਕਾਂ ਲਈ ਇੱਕ ਪਹੇਲੀ ਵੀ ਨੇ। ਪਰ ਦੂਸਰੀਆਂ ਜੋ ਨੇ , ਜਿਹੜੇ ਹੋਰ ਪਹਿਲੂ ਨੇ ਉਹ ਸਮਾਜਿਕ ਨੇ ਤੇ ਜਿਹਨਾਂ ਵਿੱਚ ਇਹਨਾਂ ਭੋਲੇ ਬਾਲੇ ਲੋਕਾਂ ਨੂੰ ਲੁੱਟਿੱਾ ਜਾ ਰਿਹਾ ਹੈ। ਜਿਸ ਬਿਰਤਾਂਤ ਦੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਉਹ ਹੈ ਇਸ ਪਹਿਲੂ ਦਾ ਬਾਬਿਆਂ ਨਾਲ ਜੁੜਿਆ ਹਿੱਸਾ। ਹੁਣ ਇਹੋ ਜਿਹੇ ਭੋਲੇ ਲੋਕ ਜਦੋਂ ਬਾਬਿਆਂ ਕੋਲ ਜਾਂਦੇ ਨੇ ਜਾਂ ਜਾਦੂ ਟੂਣਿਆਂ ਵਾਲਿਆਂ ਕੋਲ ਜਾਂਦੇ ਨੇ ਤਾਂ ਇਹਨਾਂ ਦੈਹਿਕ ਵੀ ਤੇ ਆਰਥਿਕ ਵੀ ਹਰ ਤਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਪਰਵਾਰ ਵਾਲਿਆਂ ਨੂੰ ਪਤਾ ਨਹੀਂ ਕਿਹੜੀਆਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਵਿੱਚ ਉਲਝਾ ਕੇ ਏਨਾ ਕੱਜਲ ਕੀਤਾ ਜਾਂਦਾ ਹੈ ਕਿ ਉਹ ਮਰੀਜ਼ ਮੁੜਕੇ ਉੱਠਣ ਜੋਗਾ ਨਹੀਂ ਰਹਿੰਦਾ ਸਰੀਰਕ ਤੌਰ ਉੱਤੇ ਅਤੇ ਪਰਵਾਰ ਆਰਥਿਕ ਤੌਰ ਉੱਤੇ ਉੱਠਣ ਜੋਗਾ ਨਹੀਂ ਰਹਿੰਦਾ। ਭਾਵੇਂ ਪੰਜਾਬੋ ਬਾਹਰ ਵੀ ਤੇ ਵਿਦੇਸ਼ਾਂ ਵਿੱਚ ਵੀ ਇਹ ਵਰਤਾਰਾ ਹੈ, ਪਰੰਤੂ ਪੰਜਾਬੀਆਂ ਵਿੱਚ ਅਜਿਹੇ ਵਰਤਾਰੇ ਦਾ ਹੋਣਾ ਬਹੁਤ ਦੁਖਦ ਹੈ। ਕਾਰਮ ਇਹ ਹੈ ਕਿ ਸਾਡੇ ਕੋਲ ਗੁਰਬਾਣੀ ਦੇ ਰੂਪ ਵਿੱਚ ਜੋ ਚਿੰਤਨ ਪਿਆ ਹੈ, ਉਹ ਏਨੀ ਸਾਇੰਟੀਫਿਕ ਅਪਰੋਚ ਵਾਲਾ ਹੈ, ਉਹ ਏਨਾ ਵਿਵੇਕ ਵਾਲਾ ਹੈ ਕਿ ਸਾਰੀਆਂ ਬਿਮਾਰੀਆਂ, ਮਨੋਵਿਕਾਰ ਦੂਰ ਭਜਾਏ ਜਾ ਸਕਦੇ ਹਨ। ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਕਿ ਇਹ ਜੋ ਸਾਰਾ ਵਰਤਾਰਾ ਹੈ, ਇਹ ਕੁਦਰਤ ਦੀ ਖੇਡ ਹੈ ਅਤੇ ਵਹਿਮ ਭਰਮ ਕੋਈ ਵੀ ਚੀਜ਼ ਨਹੀਂ ਹੈ। ਜੇ ਅਸੀਂ ਸੂਤਕ ਪਾਤਕ ਮੰਨਦੇ ਹਾਂ ਤਾਂ ਇਹ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਹਰ ਰੋਜ਼ ਸਾਡੀ ਰਸੋਈ ਵਿੱਚ ਹੀ ਵਾਪਰਦੇ ਹਨ। ਫਿਰ ਉਹਨਾਂ ਨਾਲ ਤਾਂ ਕੁੱਝ ਹੁੰਦਾ ਨਹੀਂ। ਇਉਂ ਅਸੀਂ ਜਿਵੇਂ ਜਿਵੇਂ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਦੂਰ ਜਾ ਰਹੇ ਹਾਂ, ਓਨਾ ਈ ਬਾਬਿਆਂ ਦਾ ਦਬਾਅ ਸਾਡੇ ਸਮਾਜ ਉੱਤੇ ਵਧ ਰਿਹਾ ਹੈ।

ਅਸੀਂ ਹਰ ਰੋਜ਼ ਅਜਿਹੀਆਂ ਖਬਰਾਂ ਪੜਦੇ ਹਾਂ, ਜਿਹਨਾਂ ਵਿੱਚ ਇਹਨਾਂ ਬਾਬਿਆਂ ਦੇ ਕਹਿਰ ਦਾ ਜ਼ਿਕਰ ਹੁੰਦਾ ਹੈ। ਇਉਂ ਹੀ ਕਈ ਅਜਿਹੀਆਂ ਜਗਾ ਹਨ, ਜਿਹਨਾਂ ਨੂੰ ਸ਼ਹੀਦਾਂ ਦੀਆਂ ਜਗਾ ਕਹਿ ਕੇ ਵਹਿਮ ਦੀ ਸਿਖਰ ਪੰਜਾਬ ਅੰਦਰ ਦੇਖੀ ਜਾ ਸਕਦੀ ਹੈ। ਇਹਨਾਂ ਜਗਾਵਾਂ ਉੱਤੇ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਸੈਂਕੜਿਆਂ ਦੀ ਗਿਣਤੀ ਵਿੱਚ ਖਿਡੌਣੇ ਜਹਾਜ਼ ਚੜਾਉਦੇ ਹਨ ਤਾਂ ਕਿ ਉਹਨਾਂ ਦੇ ਵਿਦੇਸ਼ ਜਾਣ ਦੀ ਸੁੱਖ ਪੂਰੀ ਹੋ ਜਾਵੇ। ਫਿਰ ਲੱਕਾਂ ਰੁਪਏ ਦੇ ਕੇ ਏਜੰਟਾਂ ਤੋਂ ਧੋਖਾ ਖਾ ਜਾਂਦੇ ਹਨ ਤੇ ਸਾਲਾਂ ਬੱਧੀ ਵਿਦੇਸ਼ਾਂ ਦੇ ਰਾਹਾਂ ਵਿੱਚ ਜਫਰ ਜਾਲਦੇ ਫਿਰਦੇ ਹਨ। ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ ਹਨ। ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਹਨ। ਦੇਸ਼ਾਂ ਦੇ ਬਾਰਡਰ ਟੱਪਦੇ ਫੜੇ ਜਾਂਦੇ ਹਨ ਤੇ ਜੇਲਾਂ ਭੁਗਤਦੇ ਹਨ। ਇਹਨਾਂ ਦੇ ਮਨੋਰੋਗ ਦਾ ਇਲਾਜ ਤਾਂ ਹਿਪਨੋਟਾਈਜ਼ ਕਰਕੇ ਵੀ ਨਹੀਂ ਕੀਤਾ ਜਾ ਸਕਦਾ। ਫਿਰ ਇਸੇ ਮਾਨਸਿਕਤਾ ਵਿੱਚ ਉਹ ਵਿਕਰਿਤੀ ਪੈਦਾ ਹੁੰਦੀ ਹੈ ਜੋ ਇਹਨਾਂ ਨੂੰ ਬਾਬਿਆਂ ਕੋਲ ਲੈ ਕੇ ਜਾਂਦੀ ਹੈ ਤੇ ਇਹਨਾਂ ਦੀ ਲੁੱਟ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਵਰਤਾਰੇ ਨੇ ਅਨੇਕ ਘਰ ਤਬਾਹ ਕਰ ਦਿੱਤੇ ਹਨ।

ਅਸੀਂ ਇਸ ਮਸਲੇ ਨੂੰ ਇਸ ਲਈ ਵੀ ਚੱੁਕਣਾ ਚਾਹੁੰਦੇ ਹਾਂ, ਕਿਉਕਿ ਬਾਬਿਆਂ ਦੀ ਲੁੱਟ ਦਾ ਸ਼ਿਕਾਰ ਅੱਜ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੋ ਰਿਹਾ ਹੈ। ਇਸ ਲੁੱਟ ਦੇ ਬਹੁਤ ਸਾਰੇ ਪਹਿਲੂ ਹਨ। ਇਸ ਨਾਲ ਮੋਨਵਿਕਾਰ ਵਧ ਰਹੇ ਹਨ। ਪੀੜੀ ਦਰ ਪੀੜੀ ਇਹਨਾਂ ਦਾ ਅਸਰ ਦੇਖਿਆ ਜਾ ਸਕਦਾ ਹੈ। ਇਹ ਰੋਗ ਘਰ ਘਰ ਹੈ। ਇਸ ਲਈ ਇਹ ਬਹੁਤ ਅਹਿਮ ਪਹਿਲੂ ਹੈ ਤੇ ਸਾਨੂੰ ਸਾਰਿਆਂ ਨੂੰ ਇਸਨੂੰ ਦੂਰ ਕਰਨ ਲਈ ਉਪਰਾਲੇ ਕਰਨੇ ਪੈਣੇ ਹਨ। ਇਹ ਸਾਡਾ ਪੰਜਾਬੀਅਤ ਪ੍ਰਤੀ ਇੱਕ ਰਿਣ ਹੈ, ਜਿਹੜਾ ਹਰ ਜਾਗਦੇ ਵਿਅਕਤੀ ਨੂੰ ਉਤਾਰਨਾ ਚਾਹੀਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ, ਆਓ ਇਸਨੂੰ ਨਿਭਾਈਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਨੁੱਖੀ ਮਨ ਦੀਆਂ ਗ੍ਰੰਥੀਆਂ ਤੇ ਬਾਬਿਆਂ ਦੀ ਲੁੱਟ