ਲੇਖਕਾਂ ਦੇ ਕਿਰਦੇ ਕਿਰਦਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਪਿਛਲੀ ਅੱਧੀ ਸਦੀ ਤੋਂ ਵੱਧ ਦਾ ਇਕ ਸ਼ਾਨਾਮੱਤਾ ਇਤਿਹਾਸ ਹੈ। ਵੱਡੇ ਸਾਹਿਤਕਾਰਾਂ ਤੇ ਲੇਖਕਾਂ ਨੇ ਇਸ ਦੀ ਸੁਯੋਗ ਅਗਵਾਈ ਕੀਤੀ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਰਾਖੀ ਲਈ ਇਸ ਵੱਲੋਂ ਸ਼ਾਨਦਾਰ ਜਥੇਬੰਦਕ ਅਤੇ ਅਕਾਦਮਿਕ ਕਾਰਜ ਕੀਤੇ ਗਏ। ਜੇਕਰ ਮਾਂ-ਬੋਲੀ ਅੱਜ ਤੱਕ ਆਪਣਾ ਕੁਝ ਵਕਾਰ ਕਾਇਮ ਰੱਖ ਸਕੀ ਹੈ ਤਾਂ ਇਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਪੰਜਾਬ ਜਾਗਿ੍ਰਤੀ ਮੰਚ, ਜਲੰਧਰ, ਸਾਹਿਤ ਅਕਾਡਮੀ ਦਿੱਲੀ, ਭਾਸ਼ਾ ਅਕਾਡਮੀ, ਜਲੰਧਰ ਅਤੇ ਦਰਜਨਾਂ ਹੋਰ ਸਥਾਨਕ ਸਾਹਿਤ ਸੰਸਥਾਵਾਂ ਦਾ ਨਿਰਣਾਇਕ ਯੋਗਦਾਨ ਹੈ। ਪਰ ਬਦਕਿਸਮਤੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਇਤਿਹਾਸ ਵਿੱਚ ਕੁਝ ਦੌਰ ਅਜਿਹੇ ਆਏ, ਜਦੋਂ ਇਸ ਦੀ ਆਗੂ ਲੀਡਰਸ਼ਿਪ ਕੇਵਲ ਬਿੰਦੀਆਂ ਚਮਕਾਉਣ, ਆਪਣੀ ਹਉ ਪੂਰਤੀ ਜਾਂ ਨਿੱਜੀ ਸਵਾਰਥਾਂ ਲਈ ਇਸ ਉੱਪਰ ਕਾਬਜ਼ ਹੋ ਗਈ। ਅਜਿਹਾ ਇਕ-ਦੋ ਵਾਰ ਨਹੀਂ, ਸਗੋਂ ਸਾਡੇ ਸਮਿਆਂ ਵਿੱਚ ਅਤੇ ਵਿਸ਼ੇਸ਼ ਕਰਕੇ ਬੀਤੇ ਇਕ ਦਹਾਕੇ ਵਿੱਚ ਇਹ ਵਰਤਾਰਾ ਉਗਰ ਰੂਪ ਵਿੱਚ ਪ੍ਰਤੱਖ ਨਜ਼ਰ ਆਇਆ। ਪਲਾਹੀ ਸਮਾਗਮ ਵਿੱਚ ਇਸ ਸ਼ਾਨਦਾਰ ਵਿਰਾਸਤ ਦੀ ਮਾਲਕ ਸੰਸਥਾ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਬਾਅਦ ਇਸ ਨੂੰ 13 ਜੁਲਾਈ 2014 ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਕਾਰਨ ਇਕ ਜ਼ਬਰਦਸਤ ਜਥੇਬੰਦਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਦਾ ਕਾਰਨ ਪਿਛਲੀ ਟੀਮ ਵੱਲੋਂ ਸੁਚੇਤ/ਅਚੇਤ ਉਕਾਈਆਂ ਵੀ ਹਨ, ਪਰ ਇਸ ਸੰਕਟ ਨੂੰ ਚਰਮ ਸੀਮਾ ’ਤੇ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਬਿਨਾਂ ਪਰਖ-ਪੜਤਾਲ ਲਾਗੂ ਕੀਤੀ ਈ-ਵੋਟਿੰਗ ਦੀ ਵਿਧੀ ਬਣੀ ਹੈ। ਇਹ ਤੱਥ ਨਿਰਵਿਵਾਦ ਹੈ ਕਿ ਤਕਨੀਕ ਕਦੇ ਨਿਰਪੱਖ ਨਹੀਂ ਹੁੰਦੀ ਅਤੇ ਹਮੇਸ਼ਾ ਸਥਾਪਤੀ ਦੇ ਹੱਕ ਵਿੱਚ ਭੁਗਤਦੀ ਹੈ। ਤਕਨੀਕ ਉਸ ਲਈ ਹੀ ਲਾਭਕਾਰੀ ਹੁੰਦੀ ਹੈ, ਜਿਸ ਦੇ ਇਹ ਹੱਥ ਵਿੱਚ ਹੁੰਦੀ ਹੈ।

13 ਜੁਲਾਈ 2014 ਦੀਆਂ ਚੋਣਾਂ ਦਾ ਪਿਛੋਕੜ : 12-13 ਨਵੰਬਰ 2013 ਦੀ ਦਰਮਿਆਨੀ ਰਾਤ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਚੁਣੇ ਹੋਏ ਜਨਰਲ ਸਕੱਤਰ ਸ਼੍ਰੀ ਤਲਵਿੰਦਰ ਸਿੰਘ ਤੇ ਉਨਾਂ ਦੀ ਜੀਵਨ ਸਾਥਣ ਦੀ ਇਕ ਸੜਕ ਹਾਦਸੇ ਵਿੱਚ ਦੁੱਖਦਾਈ ਮੌਤ ਹੋ ਗਈ। ਇਸ ਤੋਂ ਬਾਅਦ ਅਮਲ ਵਿੱਚ ਇਸ ਸੰਸਥਾ ਦਾ ਐਕਟਿੰਗ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਬਣ ਜਾਂਦਾ ਹੈ, ਭਾਵੇਂ ਕਿ ਕਾਗਜ਼ਾਂ ’ਚ ਨਾਂ ਸ਼੍ਰੀ ਸੁਰਿੰਦਰਪ੍ਰੀਤ ਸਿੰਘ ਘਣੀਏ ਦਾ ਲਿਖਿਆ ਜਾਂਦਾ ਹੈ। ਜਲੰਧਰ ’ਚ ਇਕ ਭਾਸ਼ਾ ਕਨਵੈਨਸ਼ਨ ’ਚ, ਜਿਸ ’ਚ ਅਸਲ ਕਾਰਜ ਕੇਂਦਰੀ ਵੱਲੋਂ ਦਿੱਤੇ ਸਨਮਾਨਾਂ ਨੂੰ ਭੇਂਟ ਕਰਨ ਦਾ ਹੁੰਦਾ ਹੈ, ਪੂਰੀ ਤਰਾਂ ਆਪਣੇ ਉਦੇਸ਼ਾਂ ਵਿੱਚ ਅਸਫ਼ਲ ਰਹੀ। ਪਹਿਲੀ ਵਾਰ ਮਰਹੂਮ ਡਾ. ਰਵਿੰਦਰ ਰਵੀ ਦੇ ਨਾਂ ’ਤੇ ਦਿੱਤਾ ਜਾਂਦਾ ਸਨਮਾਨ ਕਾਰਜਕਾਰਨੀ ਦੇ ਇਕ ਮੈਂਬਰ ਡਾ. ਕਰਮਜੀਤ ਸਿੰਘ ਨੂੰ ਦਿੱਤਾ ਜਾਂਦਾ ਹੈ ਅਤੇ ਇਹ ਫੈਸਲਾ ਉਨਾਂ ਦੀ ਹਾਜ਼ਰੀ ’ਚ ਕੀਤਾ ਜਾਂਦਾ ਹੈ। ਨੈਤਿਕ ਗਿਰਾਵਟ ਦਾ ਪੱਧਰ ਇਹ ਹੈ ਕਿ ਇਹ ‘‘ਵਿਦਵਾਨ’’ ਇਕ ਵਾਰ ਵੀ ਰਸਮੀ ਨਾਂਹ ਨਹੀਂ ਕਰਦਾ, ਸਗੋਂ ਸਨਮਾਨ ਮਿਲਣ ’ਤੇ ਕੇਂਦਰੀ ਦਾ ਅਗਾੳੂਂ ਧੰਨਵਾਦ ਕਰਦਾ ਹੈ। ਖ਼ੈਰ! ਸਨਮਾਨ ਦੇਣ ਲਈ ਕੀਤੀ ਇਸ ਕਨਵੈਨਸ਼ਨ ਤੋਂ ਛੁੱਟ ਨਵੰਬਰ 2013 ਤੋਂ ਜੁਲਾਈ 2014 ਤੱਕ ਦੇ ਅੱਠ ਮਹੀਨਿਆਂ ’ਚ ਕੇਂਦਰੀ ਸਭਾ ਵੱਲੋਂ ਕੋਈ ਸਰਗਰਮੀ ਨਹੀਂ ਕੀਤੀ ਗਈ। ਚੋਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਨੇ 25 ਮਈ 2014 ਦੀ ਮਿਤੀ ਤੈਅ ਕੀਤੀ ਸੀ, ਪਰ ਪ੍ਰਭਾਵੀ ਲੀਡਰਸ਼ਿਪ ਦੇ ਪੰਜ ਮੈਂਬਰਾਂ (ਸਰਵਸ਼੍ਰੀ ਬਲਦੇਵ ਸਿੰਘ, ਸੁਲੱਖਣ ਸਰਹੱਦੀ, ਡਾ. ਕਰਮਜੀਤ ਸਿੰਘ, ਸੁਰਿੰਦਰਪ੍ਰੀਤ ਘਣੀਆਂ ਅਤੇ ਕਰਮ ਸਿੰਘ ਵਕੀਲ) ਨੇ ਚੋਣ 13 ਜੁਲਾਈ 2014 ਲਈ ਅੱਗੇ ਪਾ ਦਿੱਤੀ। ਸ਼੍ਰੀ ਕਰਮ ਸਿੰਘ ਵਕੀਲ ਨੂੰ ਆਪਣੀ ਅਸਹਿਮਤੀ ਦਰਜ ਕਰਵਾ ਕੇ ਵਾਪਸ ਪਰਤਣਾ ਪਿਆ ਸੀ।

ਕਾਰਜਕਾਰਨੀ 43 ਅਹੁਦੇਦਾਰਾਂ ਤੇ ਮੈਂਬਰਾਂ ’ਤੇ ਅਧਾਰਿਤ ਹੈ। ਇਸ ਤੋਂ ਛੁੱਟ ਇਸ ਚੋਣ ਵਿੱਚ ਹੇਠ ਲਿਖੀਆਂ ਉਕਾਈਆਂ-ਕੁਤਾਹੀਆਂ ਦੇਖਣ ਨੂੰ ਮਿਲੀਆਂ। (ੳ) ਨਵੀਂ ਮੈਂਬਰਸ਼ਿਪ ਲਈ ਕੋਈ ਪੜਤਾਲੀਆ ਕਮੇਟੀ ‘ਨਾਂ’ ਦੀ ਵੀ ਨਹੀਂ ਬਣੀ। ਘਣੀਆਂ ਜੀ ਨੇ ‘ਜੋ ਜੀਅ ਆਵੇ, ਰਾਜੀ ਜਾਵੇ’ ਦੀ ਨੀਤੀ ਅਨੁਸਾਰ ਕੰਮ ਕੀਤਾ। ਸਿੱਟੇ ਵਜੋਂ ਸਭਾ ਨਾਲ ਸਬੰਧਿਤ ਇਕ ਸਥਾਨਕ ਸਭਾ ਵਿੱਚ ਮਾਲਵਾ, ਦੁਆਬਾ, ਪੁਆਧ ਅਤੇ ਮਾਝਾ ਖੇਤਰ ਨਾਲ ਸਬੰਧਿਤ ਮੈਂਬਰ ਹਨ। ਸੈਂਕੜਿਆਂ ਦੀ ਗਿਣਤੀ ’ਚ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ। ਨਵੇਂ ਮੈਂਬਰ ਸ਼ਾਮਿਲ ਕਰਨ ਦਾ ਕਾਰਜ ਮਈ 2014 ਦੇ ਅੰਤ ਤੱਕ ਚੱਲਦਾ ਰਿਹਾ। ਸਿੱਟੇ ਵਜੋਂ ਨਾਮਜ਼ਦਗੀਆਂ 15 ਜੂਨ ਤੋਂ ਸ਼ੁਰੂ ਸਨ ਪਰ ਮੈਂਬਰਸ਼ਿਪ ਸੂਚੀ 17 ਜੂਨ 2014 ਨੂੰ ਲੁਧਿਆਣਾ ਪਹੁੰਚੀ। ਕਿਸੇ ਸਭਾ ਨੂੰ ਮੈਂਬਰਸ਼ਿਪ ਸੂਚੀ ਡਾਕ ਰਾਹੀਂ ਪ੍ਰਾਪਤ ਨਹੀਂ ਹੋਈ। ਦੱਸਦੇ ਹਨ ਕਿ ਕੁਝ ਹੋਰ ਨਵੇਂ ਮੈਂਬਰਾਂ ਦੀ ਸੂਚੀ ਰਿਟਰਨਿੰਗ ਅਫ਼ਸਰ ਨੂੰ ਦਿੱਤੀ ਗਈ ਪਰ ਇਹ ਸੂਚੀ ਉਮੀਦਵਾਰਾਂ ਨੂੰ ਵੀ ਪ੍ਰਾਪਤ ਨਹੀਂ ਹੋਈ। (ਅ) ਮੈਂਬਰਸ਼ਿਪ ਅੰਕ (ਪੰਜਾਬੀ ਲੇਖਕ) ਵਿੱਚ ਗਲਤ ਇੰਦਰਾਜ ਵੱਧ ਹਨ ਅਤੇ ਠੀਕ ਘੱਟ। ਸ਼੍ਰੀ �ਿਪਾਲ ਸਿੰਘ ਕਸੇਲ ਵਰਗੇ ਸਤਿਕਾਰਤ ਲੇਖਕ ਨੂੰ ‘‘ਸਵਰਗਵਾਸ’’ ਦਰਸਾਉਣਾ ਅਤੇ ਸ਼੍ਰੀਮਤੀ ਉਰਮਿਲਾ ਅਨੰਦ ਨੂੰ ‘‘ਜੀਵਿਤ’’ ਵੀ ਅਤੇ ਜਾਇ ਸੁਤੇ ਜੀਰਾਣੂ’ ਦਰਸਾਉਣਾ ਇਸ ਟੀਮ ਦਾ ਕਮਾਲ ਹੀ ਸਮਝਣਾ ਚਾਹੀਦਾ ਹੈ। (ੲ) ਕਿਸੇ ਵੀ ਸਥਾਨਕ ਸਭਾ ਨੂੰ ਮੈਂਬਰਸ਼ਿਪ ਫੀਸ ਦੀ ਰਸੀਦ ਨਹੀਂ ਦਿੱਤੀ ਗਈ। (ਸ) ਬੀਤੇ ਦੋ ਸਾਲਾਂ ਦੀ ਕਾਰਵਾਈ ਤੇ ਵਿੱਤ ਰਿਪੋਰਟ ਤਿਆਰ ਹੀ ਨਹੀਂ ਕੀਤੀ ਗਈ। ਤਲਵਿੰਦਰ ਸਿੰਘ ਦੀ ਦੁੱਖਦਾਈ ਮੌਤ ਤੋਂ ਬਾਅਦ ਕੋਈ ਹਿਸਾਬ-ਕਿਤਾਬ ਰੱਖਿਆ ਹੀ ਨਹੀਂ ਗਿਆ। ਇਸ ਲਈ ਕਾਰਜਕਾਰਨੀ ਤੋਂ ਪ੍ਰਵਾਨਗੀ ਲੈ ਕੇ ਜਨਰਲ ਹਾੳੂਸ ਵਿੱਚ ਰੱਖਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। (ਹ) ਸਭ ਤੋਂ ਦੁੱਖਦਾਈ ਗੱਲ ਜੋ ਚੋਣ ਨਤੀਜੇ ਵਿੱਚ ਵੱਡੀ ਗੜਬੜੀ ਦਾ ਕਾਰਨ ਬਣੀ, ਉਹ ਵੀ ਦਹਾਕਿਆਂ ਤੋਂ ਪ੍ਰਚੱਲਿਤ ਤੇ ਪਰਖੀ ਹੋਈ ਵਿਧੀ ਛੱਡ ਕੇ ਈ-ਵੋਟਿੰਗ ਦੀ ਆਗਿਆ ਦੇਣਾ। ਇਹ ਆਗਿਆ ਵੀ ਕਾਰਜਕਾਰਨੀ ਵਿੱਚ ਪੇਸ਼ ਹੀ ਨਹੀਂ ਕੀਤੀ ਗਈ, ਪ੍ਰਵਾਨਗੀ ਦਾ ਸਵਾਲ ਤਾਂ ਬਹੁਤ ਦੂਰ ਦਾ ਹੈ। ਯਾਦ ਰਹੇ ਕਿ 95% ਤੋਂ ਵੱਧ ਮੈਂਬਰਾਂ ਦੀ ਵੋਟ ਕੰਪਿੳੂਟਰ ਆਪ੍ਰੇਟਰਾਂ ਨੇ ਪਾਈ। ਉਨਾਂ ਬਟਨ ਦਬਾਇਆ ਕਿ ਨਹੀਂ, ਇਹ ਹੁਣ ਇਤਿਹਾਸ ਦੀ ਗੱਲ ਹੈ।

ਪੂਰੇ ਸਵੈ-ਵਿਸ਼ਵਾਸ ਨਾਲ ਰਿਟਰਨਿੰਗ ਅਫਸਰ ਨੇ ਕੁਰਸੀ ’ਤੇ ਖਲੋ ਕੇ ਨਤੀਜੇ ਦਾ ਐਲਾਨ ਕੀਤਾ ਕਿ ਕੁੱਲ 1463 ਵੋਟਾਂ ਪੋਲ ਹੋਈਆਂ ਹਨ। ਪ੍ਰਧਾਨ ਕਿਉਕਿ ਸਰਬ ਸੰਮਤੀ ਨਾਲ ਜਿੱਤਿਆ ਸੀ। ਇਸ ਲਈ ਰਿਟਰਨਿੰਗ ਅਫ਼ਸਰ ਦੇ ਚੋਣ ਐਲਾਨ ਅਨੁਸਾਰ ਸ਼੍ਰੀ ਅਤਰਜੀਤ ਨੂੰ 517 ਅਤੇ ਸ਼੍ਰੀ ਸੁਲੱਖਣ ਸਰਹੱਦੀ ਨੂੰ 516 ਵੋਟਾਂ ਪਈਆਂ। ਸਿੱਟੇ ਵਜੋਂ ਸ਼੍ਰੀ ਅਤਰਜੀਤ ਸੀਨੀ. ਮੀਤ ਪ੍ਰਧਾਨ ਵਜੋਂ ਜੇਤੂ ਐਲਾਨੇ ਗਏ। ਇਸੇ ਤਰਾਂ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਕਰਮਜੀਤ ਸਿੰਘ ਨੂੰ 581 ਅਤੇ ਸ਼੍ਰੀ ਦੇਸਰਾਜ ਕਾਲੀ ਨੂੰ 449 ਵੋਟਾਂ ਪੈਣ ਦਾ ਐਲਾਨ ਕੀਤਾ ਗਿਆ। ਡਾ. ਕਰਮਜੀਤ ਸਿੰਘ ਜੇਤੂ ਐਲਾਨੇ ਗਏ, 132 ਵੋਟਾਂ ਦੇ ਫ਼ਰਕ ਨਾਲ। ਇਸੇ ਤਰਾਂ ਸਭ ਤੋਂ ਵੱਧ ਵੋਟਾਂ ਲੈਣ ਵਾਲੇ 4 ਮੀਤ ਪ੍ਰਧਾਨ ਅਤੇ ਤਿੰਨ ਸਕੱਤਰ ਜੇਤੂ ਐਲਾਨੇ ਗਏ। ਇਕ ਮਹਿਲਾ ਮੀਤ ਪ੍ਰਧਾਨ ਅਤੇ ਇਕ ਮਹਿਲਾ ਸਕੱਤਰ ਵੀ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਸਨ। ਪਰ ਨਤੀਜਾ ਸੁਣਨ ਤੋਂ ਤੁਰੰਤ ਬਾਅਦ ਜੇਤੂ ਤੇ ਹਾਰੀ ਧਿਰ ਨੇ ਨਤੀਜੇ ਦੀ ਪੁਣ-ਛਾਣ ਕਰਨੀ ਸ਼ੁਰੂ ਕਰ ਦਿੱਤੀ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਦੋਵਾਂ ਉਮੀਦਵਾਰਾਂ ਨੂੰ 1033 ਵੋਟਾਂ ਪਈਆਂ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਦੋਵਾਂ ਉਮੀਦਵਾਰਾਂ ਨੂੰ 1030 ਵੋਟਾਂ ਪਈਆਂ। ਸਵਾਲ ਖੜਾ ਹੁੰਦਾ ਹੈ ਕਿ 430 ਅਤੇ 433 ਵੋਟਾਂ ਕਿੱਥੇ ਗਈਆਂ? ਗੁੰਮ-ਗੁਆਚ ਗਈਆਂ ਵੋਟਾਂ ’ਚ ਬਹੁਤ ਫ਼ਰਕ ਨਹੀਂ ਹੈ। ਪੰਜਾਬੀ ਲੇਖਕਾਂ ਦੀਆਂ ਜਥੇਬੰਦੀਆਂ ’ਚ ਸਰਗਰਮ ਕੋਈ ਵੀ ਵਿਅਕਤੀ ਬੜੇ ਸਹਿਜ ਨਾਲ ਸਿੱਟਾ ਕੱਢ ਸਕਦਾ ਹੈ ਕਿ ਕੋਈ ਵੀ ਧਿਰ/ਧੜਾ ਜਾਂ ਗਰੁੱਪ ਅਜਿਹਾ ਨਹੀਂ, ਜਿਹੜਾ ਏਨੀ ਗਰਮੀ ’ਚ ਵੋਟ ਪਾਉਣ ਲਈ ਦੋ-ਦੋ ਘੰਟੇ ਲਾਈਨ ’ਚ ਖੜਾ ਰਹਿ ਕੇ ਸੀਨੀਅਰ ਅਹੁਦਿਆਂ ਲਈ ਵੋਟ ਹੀ ਨਾ ਪਾਵੇ। ਵੱਧ ਤੋਂ ਵੱਧ ਦੋਵਾਂ ਨੂੰ ਹੀ ਰੱਦ ਕਰਨ ਵਾਲਿਆਂ ਦੀ ਗਿਣਤੀ 10, 20 ਜਾਂ 30 ਤੱਕ ਹੋ ਸਕਦੀ ਹੈ? ਪਰ 30% ਲੇਖਕ ਮੈਂਬਰਾਂ ਦਾ ਸੀਨੀਅਰ ਅਹੁਦਿਆਂ ਲਈ ਵੋਟ ਦੇ ਹੱਕ ਦੀ ਵਰਤੋਂ ਨਾ ਕਰਨੀ ਸੰਭਵ/ਸੰਭਾਵੀ ਸੀਮਾ ਤੋਂ ਬਾਹਰ ਹੋਣ ਕਰਕੇ ਮੰਨਣਯੋਗ ਹੀ ਨਹੀਂ। ਕਿੰਤੂ-ਪ੍ਰੰਤੂ ਉਠਾਉਦੇ ਸਵਾਲ ਅਗਲੇ ਦਿਨ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਵੀ ਹੋਏ।

ਖ਼ੈਰ! ਰਿਟਰਨਿੰਗ ਅਫ਼ਸਰ ਨੇ ਆਪਣਾ ਤਕਨੀਕੀ ਤਜ਼ਰਬਾ ਫੇਲ ਹੋਣ ਨੂੰ ਮੰਨਣ ਦੀ ਥਾਂ ਲਿਖਤੀ ਇਤਰਾਜ਼ ਕਰਨ ਵਾਲੀ ਧਿਰ ਨੂੰ ‘‘ਤਕਨੀਕ ਵਿਰੋਧੀ’’ ਅਤੇ ‘‘ਪੇਸ਼ਾਵਰ ਲੜਾਕੇ’’ ਦੇ ਖ਼ਿਤਾਬਾਂ ਨਾਲ ਨਿਵਾਜਣਾ ਸ਼ੁਰੂ ਕਰ ਦਿੱਤਾ। ਅਜੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਇਹ ਚਰਚਾ ਚੱਲ ਹੀ ਰਹੀ ਸੀ ਕਿ ਰਿਟਰਨਿੰਗ ਅਫ਼ਸਰ ਨੇ ਜ਼ੁਬਾਨੀ ਕਈ ਜ਼ਿੰਮੇਵਾਰ ਵਿਅਕਤੀਆਂ ਨੂੰ ਦੱਸਿਆ ਕਿ ਅਸਲ ’ਚ ਵੋਟਾਂ 1256 ਹੀ ਪੋਲ ਹੋਈਆਂ ਹਨ ਅਤੇ ਇਹ 1463 ਸੈਕਿੰਡਾਂ ਵਿੱਚ ਪਈਆਂ ਹਨ। ਯਾਦ ਰਹੇ ਕਿ ਵੋਟਾਂ ਪੈਣ ਦਾ ਸਮਾਂ 11 ਤੋਂ 5 ਵਜੇ ਸ਼ਾਮ ਤੱਕ ਸੀ, ਭਾਵ 6 ਘੰਟੇ, ਭਾਵ 6¿60¿60, 21,600 ਸੈਕਿੰਡ, ਪਰ ਛੇ ਕੰਪਿੳੂਟਰਾਂ ਨੇ ਕੇਵਲ 1463 ਸੈਕਿੰਡ ਸਮਾਂ ਰਿਕਾਰਡ ਕੀਤਾ। ਹੈ ਨਾ ਕਮਾਲ! ਹੋਰ ਸੁਣੋ! ਰਿਟਰਨਿੰਗ ਅਫਸਰ ਸਾਹਿਬ ਨੇ ਉਕਤ ਜਾਣਕਾਰੀ ਬਿਨਾਂ ਮੁਕਾਬਲੇ ਪ੍ਰਧਾਨ (ਡਾ. ਲਾਭ ਸਿੰਘ ਖੀਵਾ) ਨੂੰ ਈ-ਮੇਲ ਰਾਹੀਂ ਸੂਚਨਾ ਦਿੱਤੀ ਕਿ ਸਕੱਤਰਾਂ ਤੋਂ ਲੈ ਕੇ ਸੀਨੀਅਰ ਮੀਤ ਪ੍ਰਧਾਨ ਤੱਕ ਦੇ ਅਹੁਦਿਆਂ ਲਈ ਕੁਲ 8431 ਵੋਟਾਂ ਪੋਲ ਹੋਈਆਂ ਪਰ ਵੱਖ-ਵੱਖ ਉਮੀਦਵਾਰਾਂ ਨੂੰ ਉਨਾਂ ਵੱਲੋਂ ਹੀ ਦਿੱਤੀ ਜਾਣਕਾਰੀ ਅਨੁਸਾਰ ਕੁਲ 8341 ਵੋਟਾਂ ਪੋਲ ਹੋਈਆਂ। ਇਹ ਫ਼ਰਕ 90 ਵੋਟਾਂ ਦਾ ਬਣਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਚੋਣ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਰਿਟਰਨਿੰਗ ਅਫ਼ਸਰ ਸਾਹਿਬ ਦੋ ਨਤੀਜੇ ਦੇ ਰਹੇ ਹਨ ਅਤੇ ਦੋਵੇਂ ਲਿਖਤੀ। ਵੋਟਾਂ ਵਾਲੇ ਦਿਨ ਜ਼ੁਬਾਨੀ ਨਤੀਜਾ ਐਲਾਨਣ ਤੋਂ ਬਾਅਦ 14 ਜੁਲਾਈ 2014 ਨੂੰ ਉਨਾਂ ਨੇ ਫੇਸ ਬੁੱਕ ’ਤੇ ਲਿਖਿਆ ਕਿ ਕੁਲ ਵੋਟਾਂ 1463 ਪੋਲ ਹੋਈਆਂ ਹਨ ਪਰ ਪਹਿਲੀ ਅਗਸਤ 2014 ਨੂੰ ਪ੍ਰਧਾਨ ਜੀ ਨੂੰ ਲਿਖਤੀ ਨਤੀਜੇ ’ਚ ਕੁਲ ਪੋਲ ਵੋਟਾਂ ਦੀ ਗਿਣਤੀ 1256 ਦੱਸ ਰਹੇ ਹਨ। ਇਸ ਨਤੀਜੇ ਦਾ ਸਭ ਤੋਂ ਸ਼ਰਮਨਾਕ ਪਹਿਲੂ ਇਹ ਹੈ ਕਿ ‘‘ਸ਼ੁੱਧ ਪ੍ਰਗਤੀਸ਼ੀਲ’’ ਲੇਖਕ ਆਗੂ ‘‘ਕੰਪਿੳੂਟਰ ਮਾਹਿਰ’’ ਰਿਟਰਨਿੰਗ ਅਫਸਰ ਦਾ ਅਖ਼ਬਾਰੀ ਪ੍ਰੈਸ ਬਿਆਨਾਂ ਅਨੁਸਾਰ ਧੰਨਵਾਦ ਕਰ ਰਹੇ ਹਨ ਅਤੇ ਇਸ ਨਿਰਵਿਵਾਦ ਚੋਣ ਪ੍ਰਕਿਰਿਆ ’ਤੇ ਲੁੱਡੀਆਂ ਪਾ ਰਹੇ ਹਨ। ਇਸ ਸਾਰੇ ਵਿਵਾਦ ਦਾ ਪੰਚਾਇਤ/ਭਾਈਚਾਰੇ ਰਾਹੀਂ ਜਾਂ ਸਰਵ ਪ੍ਰਵਾਨਿਤ ਉੱਚ ਸਾਹਿਤਕਾਰਾਂ ਦੀ ਸਹਾਇਤਾ ਨਾਲ ਹੱਲ ਕਰਨਾ ਚਾਹੀਦਾ ਹੈ ਨਾ ਕਿ ਇਤਰਾਜ਼ ਜਾਂ ਕਿੰਤੂ-ਪ੍ਰੰਤੂ ਉਠਾਉਣ ਵਾਲਿਆਂ ਨੂੰ ਦਲੀਲ ਰਹਿਤ ਰੱਦ ਕਰਨਾ ਜਾਂ ਮਖੌਲ ਉਡਾਉਣਾ ਬੰਦ ਹੋਣਾ ਚਾਹੀਦਾ ਹੈ। ਸਵਾਲ ਜਿੱਤ ਜਾਂ ਹਾਰ ਦਾ ਨਹੀਂ? ਸਵਾਲ ਕੇਂਦਰੀ ਦੀ ਵਿਰਾਸਤ, ਭਰੋਸੇਯੋਗਤਾ ਅਤੇ ਭਵਿੱਖ ਦਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)