ਪੰਜਾਬੀ ਸਮਾਜ ਅਤੇ ਔਰਤ ਦੀ ਅਸਮਿਤਾ


ਮਸਲਾ ਇਹ ਔਰਤ ਦੀ ਅਸਮਿਤਾ ਵਾਲਾ ਸਾਡੇ ਧਿਆਨ ਵਿੱਚ ਕਈ ਵਾਰ ਆਉਦਾ ਹੈ ਤੇ ਅਸੀਂ ਵਾਹ ਲੱਗਦੀ ਇਸ ਬਾਰੇ ਸਮੇਂ ਸਮੇਂ ਸਵਾਲ ਵੀ ਉਠਾਉਦੇ ਹਾਂ। ਪੰਜਾਬ ਅੰਦਰ ਜੋ ਅੱਜ ਤੱਕ ਔਰਤ ਦੀ ਹਾਲਤ ਹੈ ਅਰਧ ਗੁਲਾਮੀ ਵਾਲੀ ਹੀ ਹੈ। ਇਹ ਲੋਕ ਅਜੇ ਤੱਕ ਵੀ ਉਸ ਮਾਨਸਿਕਤਾ ਦੀ ਜੂਲ ਹੇਠੋਂ ਬਾਹਰ ਨਹੀਂ ਆਏ, ਜਿਸਨੇ ਇਹਨਾਂ ਦੀ ਤਰੱਕੀ ਦਾ ਰਾਹ ਰੋਕਿਆ ਹੋਇਆ ਹੈ। ਇਸ ਵਾਰ ਇਹ ਵਿਚਾਰ ਆਇਆ ਦੇਸ਼ ਭਗਤ ਯਾਦਗਾਰ ਹਾਲ ਵਿੱਚ ਅਨੀਤਾ ਸ਼ਬਦੀਸ਼ ਦੀ ਸੁਚੇਤਕ ਕਲਾ ਮੰਚ ਮੋਹਾਲੀ ਵੱਲੋਂ ਨਾਟਕ ‘ਨਟੀ ਵਿਨੋਦਨੀ’ ਖੇਡੇ ਜਾਣ ਮਗਰੋਂ। ਲੱਗਭਗ ਇੱਕ ਘੰਟਾ ਤੇ ਵੀਹ ਮਿੰਟ ਦਾ ਨਾਟਕ। ਦਾਰਸ਼ਨਿਕ ਭਾਸ਼ਾ ਵਿੱਚ ਲਿਖਿਆ ਕਾਵਿਕ ਨਾਟਕ। ਪੇਸ਼ਕਾਰੀ ਪੱਖੋਂ ਕਮਾਲ। ਸੰਗੀਤ ਵੀ ਤੇ ਗਾਇਨ ਵੀ ਬਹੁਤ ਵਧੀਆ। ਦਿਲ ਨੂੰ ਧੂਹ ਪਾਉਣ ਵਾਲਾ, ਭਾਵੁਕ ਕਰ ਦੇਣ ਵਾਲਾ। ਕਿਰਦਾਰ ਇਹਦਾ ਜੋ ਹੈ ਉਹ ਬੰਗਾਲ ਦੀ 140 ਸਾਲ ਪਹਿਲਾਂ ਹੋਈ ਇੱਕ ਥਿਏਟਰ ਦੀ ਅਦਾਕਾਰਾ ਹੈ, ਜਿਸਦਾ ਸਾਰਾ ਜੀਵਨ ਹੀ ਨਾਟਕ ਨੂੰ ਸਮਰਪਿਤ ਹੈ। ਇਹ ਔਰਤ ਦੀ ਹੋਂਦ ਦੇ ਮਸਲੇ ਨੂੰ ਉਭਾਰਦੀ ਕਹਾਣੀ ਹੈ ਕਿ ਕਿਵੇਂ ਉਹ ਆਪਣੀ ਜਾਨ ਹੂਲ ਕੇ ਨਾਟਕ ਲਈ ਕੰਮ ਕਰਦੀ ਹੈ ਤੇ ਥਿਏਟਰ ਦੀ ਦੁਨੀਆ ਦੀ ਰਾਣੀ ਬਣ ਜਾਂਦੀ ਹੈ। ਉਹ ਇੱਕ ਵੇਸਵਾ ਦੀ ਧੀ ਸੀ। ਪਰੰਤੂ ਮੁੜ ਇਹ ਸਮਾਜ ਉਸਨੂੰ ਉਸੇ ਰਾਹ ਤੋਰਦਾ ਹੈ, ਜਿਸ ਰਾਹ ’ਤੇ ਕੰਡੇ ਨੇ। ਉਹਦਾ ਜਿਸਮ ਵਲੂੰਧਰਿਆ ਜਾਂਦਾ ਹੈ। ਨਾਟਕ ਦੀ ਹੋਂਦ ਦੀ, ਕਲਾ ਦੀ ਹੋਂਦ ਦੀ ਲੜਾਈ ਲੜਦੀ ਉਹ ਆਪਣੀ ਹੋਂਦ ਵੀ ਹਾਰ ਜਾਂਦੀ ਹੈ। ਇਹ ਨਾਟਕ ਬਹੁਤ ਸਾਰੇ ਸਵਾਲ ਛੱਡ ਗਿਆ ਪੰਜਾਬੀ ਸਮਾਜ ਸਾਹਮਣੇ। ਲੱਗਭੱਗ ਡੇਢ ਸਦੀ ਬਾਦ ਵੀ ਸਮਾਜ ਉੱਥੇ ਦਾ ਉੱਥੇ ਹੀ ਕਿਉ ਖੜਾ ਹੈ?

ਵਿਚਾਰ ਦੇ ਪੱਖ ਤੋਂ ਇਸ ਨਾਟਕ ਬਾਰੇ ਗੱਲ ਕਰਨੀ ਹੋਵੇ ਤਾਂ ਏਨੇ ਸਵਾਲ ਪੈਦਾ ਕਰਨ ਵਾਲਾ ਨਾਟਕ ਹੈ ਕਿ ਇਸ ਬਾਰੇ ਬਹੁਤ ਵੱਡਾ ਲੇਖ ਲਿਖੇ ਜਾਣ ਦੀ ਮੰਗ ਕਰਦਾ ਹੈ। ਸਵਾਲ ਔਰਤ ਦੀ ਹੋਂਦ ਦਾ ਹੈ। ਉਹ ਥੀਏਟਰ ਨੂੰ ਪ੍ਰਣਾਈ ਹੋਈ ਹੈ। ਜਿਵੇਂ ਕੁੱਝ ਵਿਚਾਰਵਾਨ ਔਰਤਾਂ ਨਾਰੀਵਾਦ ਦਾ ਝੰਡਾ ਬੁਲੰਦ ਕਰਦੀਆਂ ਨੇ ਤਾਂ ਬਹੁਤ ਸਾਰੇ ਸਵਾਲ ਪੈਦਾ ਹੋ ਜਾਂਦੇ ਨੇ। ਸਾਹਿਤ ਵਿੱਚ ਜਾਂ ਆਰਟ ਫਾਰਮ ਵਿੱਚ ਸੌਂਦ੍ਰੀਏ ਸ਼ਾਸਤਰ ਬਾਰੇ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਆਖਿਰ ਮਾਰਕਸੀ ਸੌਂਦ੍ਰੀਯ ਸ਼ਾਸਤਰ ਵੀ ਇਸਤਰੀ ਵੇਲੇ ਕਿਉਂ ਖਾਮੋਸ਼ ਹੋ ਜਾਂਦਾ ਹੈ? ਜਦੋਂ ਯੂਰਪ ਵਿੱਚ ਸੈਕੇਂਡ ਸੈਕਸ ਵਾਲਾ ਸਵਾਲ ਪੈਦਾ ਹੋ ਰਿਹਾ ਸੀ ਤਾਂ ਮਾਰਕਸ ਦੀ ਆਪਣੀ ਧੀ ਏਲਿਨਰ ਮਾਰਕਸ ਦੇ ਨਾਲ ਓਲਾਈਵ ਸ਼੍ਰਾਈਨਰ, ਏਮਾ ਗੋਲਡਮਾਨ, ਏੰਜਲਿਕਾ ਬਾਲਾਬਨੋਵ, ਵਿਕਟੋਰੀਆ ਵੁੱਡਹੁੱਲ, ਮੇਰੀ ਵੋਲਸਟਨਕਰਾਫਟ, ਏਲੇਗਜ਼ੇਦਰਾ ਕਲਂਤਾਈ, ਸੀਮੋਨ ਦ ਬੋਉਵਾਰ ਤੇ ਕਲਾਰਾ ਜਟਕਿਨ ਵਰਗੀਆਂ ਵਿਚਾਰਵਾਨ ਔਰਤਾਂ ਨੂੰ ਅੱਗੇ ਆਉਣਾ ਪਿਆ ਸੀ। ਬਹੁਤ ਸਾਰੇ ਪੁਰਸ਼ ਸਿਧਾਂਤਕਾਰਾਂ ਨੇ ਵੀ ਉਸ ਵਕਤ ਮਾਰਕਸਵਾਦ ਨੂੰ ਲੈਂਗਿਕ ਸੰਘਰਸ਼ ਪ੍ਰਤੀ ਸੰਵੇਦਨਸ਼ੀਲ ਬਨਾਉਣ ਵਿੱਚ ਯੋਗਦਾਨ ਪਾਇਆ ਸੀ। ਇਹ ਨਾਟਕ ਉਹਨਾਂ ਸਵਾਲਾਂ ਨੂੰ ਹੀ ਅੱਜ ਸਮਕਾਲੀਨ ਸਮੇਂ ਵਿੱਚ ਪਕੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਾਟਕ ਸਿਰਫ ਇੱਕ ਅਦਾਕਾਰਾ ਦੀ ਜ਼ਿੰਦਗੀ ਨਹੀਂ ਹੈ, ਉਸਦਾ ਸੰਘਰਸ਼ ਹੀ ਨਹੀਂ ਹੈ, ਬਲਕਿ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਤੇ ਉਹਨਾਂ ਦੇ ਜਵਾਬ ਮੰਗਦਾ ਹੈ। ਨਾਰੀਵਾਦ ਦਾ ਸੰਬੰਧ ਔਰਤ ਦੇ ਅਨੁਭਵ ਤੇ ਉਸਦੀ ਸਥਿਤੀ ਹੈ। ਇਹ ਨਾਟਕ ਉਸ ਅਦਾਕਾਰਾ ਦੇ ਅਨੁਭਵ ਵਿੱਚੋਂ ਲੰਘਦਿਆਂ ਉਹਨਾਂ ਸਥਿਤੀਆਂ ਨੂੰ ਉਜਾਗਰ ਕਰਦਾ ਹੈ, ਜਿਹਨਾਂ ਨੇ ਸਮੇਂ ਤੇ ਸਮਾਜ ਦੀ ਨਬਜ਼ ਟੋਹਣੀ ਹੁੰਦੀ ਹੈ। ਇਹ ਬਹੁਤ ਹੀ ਸਫਲ ਰਚਨਾ ਹੈ।

ਇਹ ਨਾਟਕ ਸਾਡੇ ਪ੍ਰਗਤੀਸ਼ੀਲ ਲੋਕਾਂ ਸਾਹਮਣੇ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਲਗਾ ਦਿੰਦਾ ਹੈ। ਉਹ ਸਵਾਲ ਪੈਦਾ ਕਰਦਾ ਹੈ ਕਿ ਆਖਿਰ ਸਾਡੇ ਪ੍ਰਗਤੀਸ਼ੀਲ ਲੋਕਾਂ ਨੇ ਇਸ ਸਵਾਲ ਨੂੰ ਸੰਬੋਧਨ ਕਿਉ ਨਹੀਂ ਕੀਤਾ? ਇਹ ਮਸਲਾ ਹਾਸ਼ੀਏ ਉੱਤੇ ਧੱਕ ਦਿੱਤੀਆਂ ਗਈਆਂ ਧਿਰਾਂ ਨਾਲ ਜੁੜਿਆ ਹੋਇਆ ਹੈ। ਉਹਨਾਂ ਨੂੰ ਹਾਸ਼ੀਏ ਉੱਤੇ ਹੀ ਕਿਉ ਰਹਿਣ ਦਿੱਤਾ ਗਿਆ ਆਖਿਰ? ਕਿਉ ਫਿਰ ਵਾਲਟਰ ਬੈਂਜਾਮਿਨ ਜਾਂ ਐਡਵਰਡ ਸਈਅਦ ਵਰਗਿਆਂ ਨੂੰ ਇਹ ਮਸਲੇ ਉਠਾਉਣੇ ਪਏ ਕਿ ਮਾਰਕਸਵਾਦ ਨੇ ਵੀ ਔਰਤ ਦੀ ਹੋਂਦ ਨੂੰ ਸਵੀਕਾਰ ਕਿਉ ਨਹੀਂ ਕੀਤਾ? ਬਾਅਦ ਵਿੱਚ ਵੀ ਇਹਨਾਂ ਮਸਲਿਆਂ ਨੂੰ, ਇਹਨਾਂ ਸਵਾਲਾਂ ਨੂੰ ਅੱਜ ਤੱਕ ਦਰਕਿਨਾਰ ਕੀਤਾ ਜਾ ਰਿਹਾ ਹੈ। ਨਾਟਕ ਇਹ ਸਵਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਾ ਹੈ। ਇਸ ਸਵਾਲ ਨੂੰ ਜੇਕਰ ਦਲਿਤ ਦੀ ਹੋਂਦ ਜਾਂ ਸਮਾਜਿਕ ਸਥਿਤੀ ਨਾਲ ਵੀ ਜੋੜਕੇ ਦੇਖਿਆ ਜਾਵੇ ਤਾਂ ਗੱਲ ਹੋਰ ਵਿਸਤਿ੍ਰਤ ਪੱਖ ਤੋਂ ਸਮਝੀ ਜਾ ਸਕਦੀ ਹੈ। ਪਰੰਤੂ ਇੱਥੇ ਇਹ ਸਵਾਲ ਵੀ ਖੜਾ ਹੋ ਜਾਂਦਾ ਹੈ ਕਿ ਫੇਰ ਦਲਿਤ ਮਰਦ ਵੀ ਤਾਂ ਔਰਤ ਨਾਲ ਉਸੇ ਤਰਾਂ ਦਾ ਹੀ ਮਰਦਾਨਾਂ ਵਿਹਾਰ ਕਰਦਾ ਹੈ, ਇਸ ਲਈ ਦਲਿਤ ਔਰਤ ਤਾਂ ਤੀਹਰੀ ਗੁਲਾਮੀ ਸਿਹਣ ਕਰ ਰਹੀ ਹੁੰਦੀ ਹੈ। ਇਹ ਮਸਲੇ ਨੂੰ ਹੋਰ ਪੇਚੀਦਾ ਬਣਾ ਦਿੰਦੀ ਹੈ। ਦਰਅਸਲ ਮਸਲੇ ਏਨੇ ਇਕਹਿਰੇ ਹੁੰਦੇ ਹੀ ਨਹੀਂ। ਇਹ ਬਹੁਤ ਹੀ ਗੁੰਝਲਦਾਰ ਤੇ ਇੱਕ ਦੂਸਰੇ ਨਾਲ ਕਰੰਗੜੀ ਪਾਈ ਬੈਠੇ ਹੁੰਦੇ ਨੇ। ਇਹਨਾਂ ਦੀਆਂ ਪਰਤਾਂ ਨੂੰ ਫਰੋਲਿਆਂ ਹੀ ਕੁੱਝ ਸਮਝ ਆ ਸਕਦਾ ਹੈ।

ਗੱਲ ਇਹ ੇਨੀ ਸੁਖਾਲੀ ਨਹੀਂ ਹੈ ਕਿ ਕਿਸੇ ਵੀ ਕਲਾ ਨਾ ਜਾਂ ਸਾਹਿਤ ਨੇ ਜੇ ਸਮਲਾ ਚੁੱਕਿਆ ਹੈ ਤਾਂ ਸਮਾਜ ਉੱਤੇ ਸਿਦਾ ਪ੍ਰਭਾਵ ਨਹੀਂ ਪੈਣਾ। ਪ੍ਰਭਾਵ ਤਾਂ ਕਿਸੇ ਵੀ ਕਲਾ ਨੇ ਛੱਡ ਹੀ ਜਾਣਾ ਹੁੰਦਾ ਹੈ ਤੇ ਇਹੋ ਕਲਾ ਦਾ ਕਾਰਜ ਹੁੰਦਾ ਹੈ ਕਿ ਉਹ ਮਨੁੱਖੀ ਸੰਵੇਦਨਾਵਾਂ ਨੂੰ ਜਗਾਵੇ। ਪੰਜਾਬੀਆਂ ਕੋਲ ਬਹੁਤ ਸਾਰਾ ਅਜਿਹਾ ਸਾਹਿਤ ਹੈ ਜਿਸਨੇ ਇਸਦੇ ਇਤਿਹਾਸਕ ਪਹਿਲੂਆਂ ਨੂੰ ਸੰਭਾਲ ਕੇ ਰੱਖਿਆ ਹੈ। ਜਸਵੰਤ ਸਿੰਘ ਕੰਵਨ ਨੂੰ ਪੜ ਲਵੋ, ਗੁਰਦਿਆਲ ਸਿੰਘ ਹੁਰਾਂ ਨੂੰ ਪੜ ਲਵੋ, ਰਾਮ ਸਰੂਪ ਅਣਖੀ ਪੜ ਲਵੋ, ਕਰਮਜੀਤ ਕੁੱਸਾ ਪੜ ਲਵੋ, ਮਿੱਤਰ ਸੇਨ ਮੀਤ ਪੜ ਲਵੋ। ਇਹਨਾਂ ਸਾਰੇ ਲੇਖਕਾਂ ਨੇ ਸਾਡਾ ਸਦੀਆਂ ਦਾ ਸਮਾਜਿਕ ਇਤਿਹਾਸ ਖੰਗਾਲਿਆ ਹੈ। ਟੁੱਟਦੇ ਜੁੜਦੇ ਰਿਸ਼ਤਿਆਂ ਦੀਆਂ ਕੜੀਆਂ ਨੂੰ ਸਮਝਣ ਦਾ ਯਤਨ ਕੀਤਾ ਹੈ। ਇਹਨਾਂ ਨੇ ਸੰਵੇਦਨਾ ਜਗਾਈ ਹੈ ਪੰਜਾਬੀਆਂ ਅੰਦਰ। ਅੱਜ ਕੱਲ ਹੀ ਸੁਰਜੀਤ ਪਾਤਰ ਵਰਗੇ ਸ਼ਾਇਰ ਸਾਨੂੰ ਕੈਨੇਡੀਅਨਾਂ ਨੂੰ ਆਪਣੀਆਂ ਕਵਿਤਾਵਾਂ ਸੁਣਾ ਰਹੇ ਨੇ। ਉਹਨਾਂ ਸਾਰਿਆਂ ਦਾ ਮੰਤਵ ਇਹੀ ਹੈ ਕਿ ਸਾਡੀ ਸੰਵੇਦਨਾ ਨਾ ਕਿਤੇ ਮਰ ਜਾਵੇ। ਹਰ ਜਾਗਦਾ ਵਿਅਕਤੀ, ਹਰ ਜਾਗਦਾ ਕਲਾਕਾਰ, ਸਾਹਿਤਕਾਰ ਆਪਣਾ ਫਰਜ਼ ਨਿਭਾਅ ਰਿਹਾ ਹੁੰਦਾ ਹੈ ਤੇ ਆਪਣੇ ਸਮੇਂ ਦਾ ਇਤਿਹਾਸ ਰਚ ਰਿਹਾ ਹੁੰਦਾ ਹੈ। ਅਸੀਂ ਸਾਰੇ ਇਸ ਇਤਿਹਾਸ ਦੇ ਗਵਾਹ ਹਾਂ। ਸਾਨੂੰ ਸਾਰਿਆਂ ਨੂੰ ਆਪਣੀਆਂ ਅਗਲੀਆਂ ਪੀੜੀਆਂ ਲਈ ਵਾਸਤੇ ਇੱਕ ਮਿਸਲਾ ਬਨਣਾ ਹੈ। ਅੱਜ ਵੀ ਸੱਭ ਤੋਂ ਵੱਧ ਭਰੂਣ ਹੱਤਿਆ ਸਾਡੇ ਭਾਈਚਾਰਿਆਂ ਵਿੱਚ ਕੀਤੇ ਜਾਣ ਦੀਆਂ ਖਬਰਾਂ ਤਰਾਹ ਕੱਢ ਦਿੰਦੀਆਂ ਨੇ। ਇਹ ਸਵਾਲ ਸਾਡੇ ਸਮਾਜ ਸਾਹਮਣੇ ਆਉਣੇ ਚਾਹੀਦੇ ਨੇ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ ਤਾਂ ਇਸ ਪਿੱਛੇ ਵੀ ਸਾਡੀ ਉਹੀ ਬੀਮਾਰ ਮਾਨਸਿਕਤਾ ਹੀ ਕੰਮ ਕਰ ਰਹੀ ਹੁੰਦੀ ਹੈ, ਜਿਸਤੋਂ ਵਾਰ-ਵਾਰ ਅਸੀਂ ਸੁਚੇਤ ਕਰਦੇ ਰਹਿੰਦੇ ਹਾਂ।

ਜਿਸ ਨਾਟਕ ਦੇ ਹਵਾਲੇ ਨਾਲ ਅਸੀਂ ਅੱਜ ਆਪਣੀ ਗੱਲ ਕੀਤੀ ਹੈ, ਉਹ ਬਾਵੇਂ 140 ਸਾਲ ਪੁਰਾਣੀ ਜੀਵਨ ਵਿਥਿਆ ਉੱਤੇ ਅਧਾਰਿਤ ਹੈ, ਪਰੰਤੂ ਉਸਦੇ ਵਿਸ਼ੇ ਦੀਆਂ ਜੜਾਂ ਜੋ ਨੇ ਉਹ ਅੱਜ ਦੀ ਔਰਤ ਦੀ ਸਥਿਤੀ ਨੂੰ ਵੀ ਸੰਬੋਧਨ ਹਨ। ਇਹ ਸੱਚਾਈ ਅੱਜ ਵੀ ਓਨੀ ਹੀ ਕੌੜੀ ਹੈ, ਜਿੰਨੀ ਉਸ ਸਮੇਂ ਸੀ। ਇਸ ਲਈ ਇਹ ਇਤਿਹਾਸਕ ਨਾ ਹੋ ਕੇ ਸਮਕਾਲੀ ਮਸਲਾ ਵਧੇਰੇ ਹੈ, ਕਿਉਕਿ ਉਸ ਦੌਰ ਵਿੱਚ ਜਗੀਰਦਾਰੀ ਦੌਰ ਵਿੱਚ ਅਜਿਹੀਆਂ ਗੱਲਾਂ ਦੀ ਉਮੀਦ ਕੀਤੀ ਜਾ ਸਕਦੀ ਸੀ, ਅੱਜ ਪੰੂਜੀਵਾਦੀ ਦੌਰ ਵਿੱਚ, ਜਮਹੂਰੀ ਦੌਰ ਵਿੱਚ ਇਹ ਸ਼ੋਭਾ ਨਹੀਂ ਦਿੰਦੀ। ਪਰੰਤੂ ਸੱਚਾਈ ਇਹ ਹੈ ਕਿ ਸਾਡੀ ਔਰਤ ਅੱਜ ਵੀ ਅਸਮਿਤਾ ਦੀ ਲੜਾਈ ਲੜ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਸਮਾਜ ਅਤੇ ਔਰਤ ਦੀ ਅਸਮਿਤਾ