ਲੇਖਕ ਸਭਾ ਦਾ ਜਲੂਸ ਵੀ ਦੇਖ ਲਿਆ


ਅਸੀਂ ਅਕਸਰ ਹੈਰਾਨ ਰਹਿ ਜਾਂਦੇ ਸਾਂ ਕਿ ਆਖ਼ਿਰ 50 ਸਾਲ ਤੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਲਈ ਲੜ ਰਹੇ ਲੇਖਕਾਂ ਦੀ ਜਥੇਬੰਦੀ ਪ੍ਰਤੀ ਸਰਕਾਰਾਂ ਦਾ ਰਵੱਈਆ ਕਦੇ ਵੀ ਸਾਰਥਕ ਹੁੰਗਾਰਾ ਦੇਣ ਵਾਲਾ ਨਹੀਂ ਰਿਹਾ। ਇਸ ਗੱਲੋਂ ਵੀ ਹੈਰਾਨ ਹੋਈਦਾ ਸੀ ਕਿ ਸਾਰੇ ਸੰਘਰਸ਼ ਦੌਰਾਨ ਕਦੇ ਵੀ ਲੋਕਾਂ ਵੱਲੋਂ ਵੀ ਇਸ ਜਥੇਬੰਦੀ ਦਾ ਬਹੁਤਾ ਸਹਿਯੋਗ ਨਹੀਂ ਕੀਤਾ ਗਿਆ। ਇਹ ਸਾਰਾ ਕੁਝ ਵਰਿਆਂ ਤੋਂ ਹੁੰਦਾ ਆ ਰਿਹਾ ਹੈ, ਜਿਸ ਦੀ ਧੁੰਦ ਬੀਤੇ ਕੱਲ ਹੋਈਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾਂ ਦੌਰਾਨ ਛਟ ਗਈ। ਇਨਾਂ ਚੋਣਾਂ ਵਿੱਚ ਜਿਸ ਤਰੀਕੇ ਨਾਲ ਖੱਬੇਪੱਖੀ ਪਾਰਟੀਆਂ ਦੇ ਕੁਝ ਕੁ ਧੁਨੰਤਰ ਹੇਰਾਫੇਰੀ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ ਅਤੇ ਸਾਰੀਆਂ ਅਹੁਦੇਦਾਰੀਆਂ ਆਪੋ ਵਿੱਚ ਵੰਡ ਕੇ ਕਿਰਿਆਸ਼ੀਲ ਲੇਖਕਾਂ ਨੂੰ ਲਾਂਭੇ ਕਰ ਦਿੰਦੇ ਹਨ, ਇਹ ਗੱਲ ਨਾ ਸਿਰਫ਼ ਹੈਰਾਨ ਕਰ ਦੇਣ ਵਾਲੀ ਸੀ, ਬਲਕਿ ਦੁੱਖ ਪਹੁੰਚਾਉਣ ਵਾਲੀ ਵੀ। ਕੇਂਦਰੀ ਲੇਖਕ ਸਭਾ ਦੀ ਸੂਚੀ ਵਿੱਚ 3200 ਤੋਂ ਵੱਧ ਵੋਟਾਂ ਦਰਜ ਹਨ। ਇਹ ਸਾਰੇ ਲੇਖਕ ਹਨ ਜਾਂ ਨਹੀਂ, ਇਸ ਦੀ ਤਸਦੀਕ ਕੌਣ ਕਰੇਗਾ? ਪਰ ਏਨਾ ਜ਼ਰੂਰ ਹੈ ਕਿ ਇਨਾਂ ਵਿੱਚੋਂ ਬਹੁਤਿਆਂ ਨੂੰ ਕਮਿੳੂਨਿਸਟ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਭੇਡਾਂ-ਬੱਕਰੀਆਂ ਵਾਂਗ ਹੱਕ ਕੇ ਲਿਆਏ ਸਨ। ਕਈਆਂ ਦੀ ਹਾਲਤ ਤਾਂ ਇਹ ਸੀ ਕਿ ਉਹ ਚੋਣ ਲੜ ਰਹੇ ਉਮੀਦਵਾਰਾਂ ਦੇ ਕੰਮ ਤੋਂ ਵੀ ਅਣਜਾਣ ਸਨ। ਅਸੀਂ ਤਾਂ ਇਹ ਸਾਰਾ ਨਜ਼ਾਰਾ ਦੇਖ਼ ਕੇ ਦੰਦਾਂ ਹੇਠ ਉਗਲਾਂ ਟੁਕ ਰਹੇ ਸਾਂ ਕਿ ਕਿਵੇਂ ਇੱਥੇ ਪੂਰਾਂ ਦੇ ਪੂਰ ਪਾਰਟੀ ਵਰਕਰ ਲੇਖਕ ਬਣ ਕੇ ਵੋਟਾਂ ਭੁਗਤਾਉਣ ਤੁਰੇ ਹੋਏ ਸਨ। ਜੇ ਅਸੀਂ ਭੁਲੇਖਾ ਨਹੀਂ ਖਾਂਦੇ ਤਾਂ ਸੀ. ਪੀ. ਆਈ. ਦੀ ਭਾਰਤ ਪੱਧਰ ਦੀ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਸਕੱਤਰ ਇਨਾਂ ਵੋਟਾਂ ਦੀ ਪੁਸ਼ਤਪਨਾਹੀ ਲਈ ਤੇ ਦੇਖ-ਰੇਖ ਲਈ ਹਾਜ਼ਰ ਸਨ।

ਕਦੇ ਐਸ. ਐਸ. ਨੀਸ਼ਾ ਵਰਗੇ ਪੰਜਾਬੀ ਦੇ ਵੱਡੇ ਕਵੀ ਇਹ ਕਿਹਾ ਕਰਦੇ ਸਨ ਕਿ ਖੱਬੀਆਂ ਪਾਰਟੀਆਂ ਸਾਡੇ ਲੇਖਕਾਂ ਦੇ ਸੁਪਨਿਆਂ ਦੀ ਯਥਾਰਥਕ ਜ਼ੁਬਾਨ ਹਨ। ਅਸੀਂ ਜੋ ਸੁਪਨੇ ਦੇਖਦੇ ਹਾਂ, ਜੋ ਸਮਾਜ ਵਿੱਚ ਤਬਦੀਲੀ ਚਾਹੁੰਦੇ ਹਾਂ, ਇਹ ਪਾਰਟੀਆਂ ਪ੍ਰੈਕਟੀਕਲੀ ਉਨਾਂ ਸੁਪਨਿਆਂ ਲਈ ਲੜਦੀਆਂ ਹਨ, ਪ੍ਰੰਤੂ ਅੱਜ ਲੇਖਕਾਂ ਦੀ ਜਥੇਬੰਦੀ ਨੂੰ ਇਸ ਨਾਅਰੇ ਹੇਠ ਚੋਣ ਲੜਨੀ ਪੈ ਰਹੀ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਪਾਰਟੀਆਂ ਦੇ ਬੰਦਿਆਂ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ। ਲੇਖਕਾਂ ਦੀ ਇਹ ਜਥੇਬੰਦੀ ਪਾਰਟੀਆਂ ਦੇ ਵਿਪ ਤੋਂ ਛੁਟਕਾਰਾ ਚਾਹੁੰਦੀ ਹੈ, ਤਾਂ ਕਿ ਅਸਲ ਮਾਅਨਿਆਂ ਦੇ ਵਿੱਚ ਲੇਖਕਾਂ ਦੀ ਗੱਲ ਕੀਤੀ ਜਾ ਸਕੇ, ਭਾਸ਼ਾ ਦੇ ਮਸਲੇ ਨੂੰ ਨਜਿੱਠਿਆ ਜਾ ਸਕੇ ਤੇ ਸੰਘਰਸ਼ ਨੂੰ ਅੱਗੇ ਤੋਰਿਆ ਜਾ ਸਕੇ। ਪਿਛਲੇ ਸਮੇਂ ਦੀਆਂ 3-4 ਟਰਮਾਂ ਇਹ ਗਵਾਹੀ ਭਰਦੀਆਂ ਹਨ ਕਿ ਕਿਵੇਂ ਕਵੀ ਹਰਮੀਤ ਵਿਦਿਆਰਥੀ ਦੇ ਜਨਰਲ ਸਕੱਤਰ ਬਣਨ ਤੋਂ ਪਹਿਲਾਂ ਸਭਾ ਨੂੰ ਬਿਲਕੁਲ ਕਿਰਿਆਹੀਣ ਕਰ ਦਿੱਤਾ ਗਿਆ ਸੀ। ਹਰਮੀਤ ਵਿਦਿਆਰਥੀ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਇਸਤਰੀਆਂ ਨਾਲ ਜੁੜੇ ਸਵਾਲ, ਭਾਸ਼ਾ ਨਾਲ ਜੁੜੇ ਸਵਾਲ, ਪੰਜਾਬੀ ਭਾਸ਼ਾ ਕਮੀਸ਼ਨ ਬਣਾਏ ਜਾਣ ਦੀ ਮੰਗ, ਭਾਸ਼ਾ ਐਕਟ ਵਿੱਚ ਸੋਧ ਲਈ ਸੰਘਰਸ਼ ਆਦਿ ਏਨੇ ਕਾਰਜ ਕੀਤੇ ਕਿ ਸਭਾ ਇਕ ਵਾਰ ਫਿਰ ਆਪਣੇ ਪੈਰਾਂ-ਸਿਰ ਹੋ ਗਈ। ਇਸ ਤੋਂ ਉਪਰੰਤ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਸਰਬਜੀਤ ਸਿੰਘ ਨੇ ਆਪਣੀ ਟਰਮ ਵਿੱਚ ਨਾਵਲ ਬਾਰੇ, ਕਹਾਣੀ ਬਾਰੇ, ਗ਼ਦਰ ਪਾਰਟੀ ਬਾਰੇ, ਸੱਭਿਆਚਾਰ ਬਾਰੇ ਏਨੇ ਸਮਾਗਮ ਕਰਵਾਏ ਕਿ ਸਭਾ ਦਾ ਗ੍ਰਾਫ਼ ਹੋਰ ਉੱਚਾ ਚਲਿਆ ਗਿਆ। ਉਨਾਂ ਨੇ ਬਠਿੰਡੇ ਵਿੱਚ ਕੁਲਹਿੰਦ ਪੰਜਾਬੀ ਕਾਨਫਰੰਸ ਵੀ ਕਰਵਾਈ ਤੇ ਭਾਸ਼ਾ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਬਾਰੇ ਪੰਜਾਬੀ ਬੁਲਿਟਨ ਵਿੱਚ ਆਵਾਜ਼ ਬੁਲੰਦ ਕੀਤੀ। ਉਸ ਤੋਂ ਬਾਅਦ ਦੀਆਂ ਜੋ ਦੋ ਟਰਮਾਂ ਹਨ, ਉਹ ਫੇਰ ਪਾਰਟੀਆਂ ਦੀ ਧੜੇਬੰਦੀ ਦੇ ਧੱਕੇ ਚੜ ਗਈਆਂ ਤੇ ਕੇਂਦਰੀ ਲੇਖਕ ਸਭਾ ਰਸਾਤਲ ਵੱਲ ਚਲੇ ਗਈ।

ਪਾਰਟੀਆਂ ਨੇ ਆਪਣੇ ਬੰਦਿਆਂ ਨੂੰ ਧੱਕੇ ਨਾਲ ਸਭਾ ਦੀਆਂ ਅਹੁਦੇਦਾਰੀਆਂ ਜਤਾਈਆਂ ਜਾਂ ਸਮਝੌਤਿਆਂ ਤਹਿਤ ਲਿਆਂਦੇ ਗਏ ਪਰ ਉਨਾਂ ਅਹੁਦੇਦਾਰਾਂ ਨੇ ਹੀ ਇਹ ਕਹਿ ਦਿੱਤਾ ਕਿ ਸਾਡਾ ਤਾਂ ਮਨ ਨਹੀਂ ਸੀ ਇੱਥੇ ਆਉਣ ਦਾ, ਪ੍ਰੰਤੂ ਪਾਰਟੀ ਦਾ ਹੁਕਮ ਹੋ ਗਿਆ ਤਾਂ ਅਸੀਂ ਆ ਗਏ ਹਾਂ, ਪਰ ਕੰਮ ਕਰਨ ਦੀ ਸਾਡੇ ਕੋਲ ਨਾ ਵੇਹਲ ਹੈ ਨਾ ਇੱਛਾ ਹੈ। ਇਸ ਲਈ ਪਿਛਲੇ ਚਾਰ ਸਾਲਾਂ ਵਿੱਚ ਸਭਾ ਲੱਗਭਗ ਪੰਜਾਬੀ ਲੇਖਕ ਭਾਈਚਾਰੇ ਵਿੱਚੋਂ ਗਾਇਬ ਹੀ ਹੋਈ ਰਹੀ। ਇਸ ਵਾਰ ਦੇ ਕਾਰਜਕਾਰੀ ਜਨਰਲ ਸਕੱਤਰ ਸੁਰਿੰਦਰ ਪ੍ਰੀਤ ਘਣੀਆ ਦੀ ਅਣਗਹਿਲੀ ਤਾਂ ਬਿਲਕੁਲ ਮੁਆਫ਼ ਨਾ ਕਰਨ ਵਾਲੀ ਹੈ। ਇਸ ਸਭਾ ਦੀ ਦੋ ਸਾਲ ਬਾਅਦ ਜੋ ਡਾਇਰੈਕਟਰੀ ਪ੍ਰਕਾਸ਼ਿਤ ਹੁੰਦੀ ਹੈ, ਘਣੀਆ ਹੁਰਾਂ ਨੇ ਓਹਦੀ ਕੋਈ ਅੱਪਡੇਟ ਨਹੀਂ ਕੀਤੀ, ਬਲਕਿ 7-8 ਸਾਲ ਪੁਰਾਣੀ ਡਾਇਰੈਕਟਰੀ ਹੀ ਛਾਪ ਦਿੱਤੀ, ਜਿਸ ਡਾਇਰੈਕਟਰੀ ਵਿੱਚ ਲੇਖਕਾਂ ਦੇ ਪਤੇ ਬਿਲਕੁਲ ਗ਼ਲਤ ਹਨ, ਫ਼ੋਨ ਨੰਬਰ ਬਹੁਤ ਵੱਡੀ ਤਦਾਦ ਦੇ ਵਿੱਚ ਗ਼ਲਤ ਹਨ ਜਾਂ ਪੁਰਾਣੇ ਹਨ। ਇੱਥੋਂ ਤੱਕ ਕਿ ਕਈ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਲੇਖਕਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ। ਸਿਤਮ ਤਾਂ ਇਹ ਕਿ ਕਈ ਜਿੳੂਂਦੇ ਲੇਖਕਾਂ ਨੂੰ ਮਰ ਚੁੱਕੇ ਲੇਖਕਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਕੋਈ ਵੀ ਵਿਅਕਤੀ ਇਸ ਡਾਇਰੈਕਟਰੀ ਨੂੰ ਦੇਖ ਕੇ ਮੱਥਾ ਫੜ ਕੇ ਬੈਠ ਸਕਦਾ ਹੈ।

ਇਸੇ ਮਸਲੇ ਨਾਲ ਜੁੜੀ ਹੋਈ ਇਕ ਸਾਂਝੀ ਗੱਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਕਰਨੀ ਚਾਹੁੰਦੇ ਹਾਂ। ਇਹ ਦੋਵੇਂ ਸਭਾਵਾਂ ਲੱਗਭਗ ਇੱਕੋ ਹੀ ਸਮੇਂ ਦੇ ਵਿੱਚ 1957-58 ਵਿੱਚ ਹੋਂਦ ’ਚ ਆਈਆਂ। ਲੁਧਿਆਣਾ ਅਕਾਦਮੀ ਨੂੰ ਜ਼ਮੀਨ ਅਲਾਟ ਹੋ ਗਈ ਤੇ ਬਜ਼ੁਰਗਾਂ ਨੇ ਮਿਹਨਤ ਕਰਕੇ ਉਥੇ ਆਪਣਾ ਦਫ਼ਤਰ ਕਾਇਮ ਕਰ ਲਿਆ। ਇਸ ਵਕਤ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਚੜਦੀ ਕਲਾ ਵਿੱਚ ਹੈ ਤੇ ਉਸ ਦੀਆਂ ਸਰਗਰਮੀਆਂ ਗੌਲਣਯੋਗ ਹਨ। ਉਸ ਦੇ ਮੁਕਾਬਲੇ ਕੇਂਦਰੀ ਪੰਜਾਬੀ ਲੇਖਕ ਸਭਾ ਬੁੱਢੀ ਤੇ ਸਾਹ-ਸੱਤ ਹੀਣ ਜਾਪਦੀ ਹੈ। ਕਾਰਣ ਇਹੀ ਹੈ ਕਿ ਇਸ ਦਾ ਕੋਈ ਦਫ਼ਤਰ ਕਾਇਮ ਨਹੀਂ ਕੀਤਾ ਜਾ ਸਕਿਆ। ਬਹੁਤ ਜਗਾ ਜ਼ਮੀਨ ਅਲਾਟ ਹੋਈ, ਪ੍ਰੰਤੂ ਉਥੇ ਇਹ ਆਪਣਾ ਦਫ਼ਤਰ ਬਣਾ ਹੀ ਨਹੀਂ ਸਕੇ। ਪਰ ਹੁਣ ਅਸੀਂ ਜਿਹੜਾ ਮਸਲਾ ਇੱਥੇ ਕੇਂਦਰੀ ਤੇ ਅਕਾਦਮੀ ਵਾਲਾ ਦੱਸਣਾ ਚਾਹੁੰਦੇ ਹਾਂ, ਉਹ ਇਹ ਹੈ ਕਿ ਚੋਣਾਂ ਦੇ ਮਾਮਲੇ ਨੂੰ ਲੈ ਕੇ ਅਕਾਦਮੀ ਵਿੱਚ ਵੀ ਖੱਬੇਪੱਖੀ ਧੜਿਆਂ ਨੇ ਆਪਣੀ ਬੁਰੀ ਤਰਾਂ ਨਾਲ ਦਖ਼ਲਅੰਦਾਜ਼ੀ ਸ਼ੁਰੂ ਕੀਤੀ ਹੋਈ ਹੈ। ਇਸ ਵਾਰ ਜੋ ਕਨਸੋਆਂ ਸਾਹਮਣੇ ਆਈਆਂ ਹਨ, ਉਹ ਇਹ ਆਈਆਂ ਹਨ ਕਿ ਅਕਾਦਮੀ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਲੜ ਰਹੇ ਇਕ ਧੜੇ ਨੇ ਦੂਜੇ ਖੱਬੇ ਧੜੇ ਨੂੰ ਇਹ ਕਹਿ ਕੇ ਪੇਪਰ ਚੁਕਵਾ ਦਿੱਤੇ ਕਿ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਉੱਪਰਲੇ ਤਿੰਨ ਵੱਡੇ ਅਹੁਦਿਆਂ ਵਿੱਚੋਂ ਦੋ ਅਹੁਦੇ ਉਨਾਂ ਦੇ ਧੜੇ ਨੂੰ ਛੱਡ ਦੇਣਗੇ। ਹੁਣ ਜਦੋਂ ਕੇਂਦਰੀ ਦੀਆਂ ਚੋਣਾਂ ਆਈਆਂ ਤਾਂ ਅਕਾਦਮੀ ’ਤੇ ਕਾਬਜ਼ ਉਸ ਧੜੇ ਨੇ ਆਪਣੀ ਗੱਲ ਪੁਗਾ ਦਿੱਤੀ। ਲੇਖਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਉਨਾਂ ਨੇ ਇਸ ਵਿਰੁੱਧ ਮੋਰਚਾ ਲਾ ਲਿਆ ਤੇ ਨਿੱਠ ਕੇ ਇਕ ਮੁਹਿੰਮ ਦੇ ਰੂਪ ਵਿੱਚ ਇਹ ਗੱਲ ਵੱਡੇ-ਛੋਟੇ ਹਰ ਲੇਖਕ ਤੱਕ ਪਹੁੰਚਦੀ ਕੀਤੀ ਕਿ ਕੇਂਦਰੀ ਲੇਖਕਾਂ ਦੀ ਜਥੇਬੰਦੀ ਹੈ ਅਤੇ ਏਹਨੂੰ ਧੜਿਆਂ ਦੀ ਰਾਜਨੀਤੀ ਤੋਂ ਬਚਾਉਣ ਦੀ ਜ਼ਰੂਰਤ ਹੈ। ਲੇਖਕਾਂ ਨੇ ਇਸ ਦਾ ਭਰਪੂਰ ਸਮਰਥਨ ਕੀਤਾ ਅਤੇ ਲੇਖਕਾਂ ਵੱਲੋਂ ਚੋਣ ਲੜ ਰਹੀ ਟੀਮ ਨੂੰ ਜ਼ਿਲਾ ਪੱਧਰ ’ਤੇ ਮੀਟਿੰਗਾਂ ਕਰਕੇ ਹੁੰਗਾਰਾ ਦਿੱਤਾ। ਲੇਖਕ ਵੱਡੀ ਗਿਣਤੀ ਵਿੱਚ ਗਰਮੀ ਤੇ ਹੁਮਸ ਦੇ ਬਾਵਜੂਦ ਲਾਈਨਾਂ ਵਿੱਚ ਲੱਗ ਕੇ ਵੋਟਾਂ ਪਾਉਣ ਆਏ ਪਰ ਉਥੇ ਪਿਛਲੀ ਟੀਮ ਦੇ ਕੰਮਾਂ ਦਾ ਜੋ ਜਨਾਜ਼ਾ ਨਿਕਲਿਆ, ਉਹ ਕਿਸੇ ਵੀ ਸੰਵੇਦਨਸ਼ੀਲ ਬੰਦੇ ਨੂੰ ਸ਼ਰਮਸਾਰ ਕਰਨ ਵਾਲਾ ਸੀ।

ਸਵੇਰੇ ਜਨਰਲ ਹਾੳੂਸ ਦੀ ਮੀਟਿੰਗ ਵਿੱਚ ਪ੍ਰਧਾਨ ਤੇ ਕਾਰਜਕਾਰੀ ਜਨਰਲ ਸਕੱਤਰ ਤੋਂ ਇਲਾਵਾ ਸਿਰਫ 8 ਬੰਦੇ ਹੋਰ ਬੈਠੇ ਸਨ, 3000 ਲੇਖਕਾਂ ਦੀ ਸਭਾ ਹੋਵੇ ਤੇ ਜਨਰਲ ਹਾੳੂਸ ਦਾ ਇਜਲਾਸ 13 ਬੰਦਿਆਂ ਦਾ ਹੋਵੇ, ਏਹਦੇ ਤੋਂ ਸ਼ਰਮਨਾਕ ਹੋਰ ਕਿਹੜੀ ਗੱਲ ਹੋ ਸਕਦੀ ਹੈ। ਇੱਥੋਂ ਤੱਕ ਕਿ ਨਾ ਸਭਾ ਦੇ ਅਹੁਦੇਦਾਰ ਪਹੁੰਚੇ ਸਨ ਅਤੇ ਨਾ ਹੀ ਐਗਜ਼ੈਕਟਿਵ ਮੈਂਬਰ। ਹਾਲਾਂਕਿ ਇਕੱਲੀ ਐਗਜ਼ੈਕਟਿਵ ਦੇ 31 ਮੈਂਬਰ ਨਾਮਜ਼ਦ ਕੀਤੇ ਗਏ ਹੁੰਦੇ ਹਨ। ਵਿਸ਼ੇਸ਼ ਨਿਮੰਤਰਿਤ ਮੈਂਬਰਾਂ ਦੀ ਗਿਣਤੀ 100 ਤੋਂ ਜ਼ਿਆਦਾ ਹੁੰਦੀ ਹੈ, ਪਰ ਉਹ ਕਿੱਥੇ ਸਨ ਤੇ ਇਜਲਾਸ ਵਿੱਚ ਕਿਉ ਨਹੀਂ ਪਹੁੰਚੇ, ਇਹ ਸਵਾਲਾਂ ਦਾ ਸਵਾਲ ਹੈ? ਫਿਰ ਇਸੇ ਤਰਾਂ ਲੋਕ ਵੋਟ ਪਾਉਣ ਲਈ ਗਰਮੀ ਵਿੱਚ ਮਰ ਰਹੇ ਸਨ, ਨਾ ਕੋਈ ਬੈਠਣ ਦਾ ਪ੍ਰਬੰਧ ਸੀ, ਨਾ ਟੈਂਟ ਦਾ, ਨਾ ਪੱਖਿਆਂ ਦਾ। ਉੱਪਰੋਂ ਚੋਣ ਅਧਿਕਾਰੀ ਨੇ ਜੋ ਚੰਦ ਚਾੜਿਆ, ਜੇ ਸਖ਼ਤ ਸ਼ਬਦਾਂ ਵਿੱਚ ਕਹਿਣਾ ਹੋਵੇ ਜੋ ਗੰਦ ਪਾਇਆ ਚੋਣ ਦੇ ਨਾਂਅ ’ਤੇ, ਉਸ ਤੋਂ ਵੱਡੀ ਬੇਅਕਲੀ ਦੀ ਮਿਸਾਲ ਅਸੀਂ ਨਹੀਂ ਕੋਈ ਦੇ ਸਕਦੇ। ਓਹਨੇ ਪਤਾ ਨਹੀਂ ਕਿਹੜੀ ਪਿਓ ਵਾਲੀ ਤਕਨੀਕ ਲੈ ਆਂਦੀ ਕੰਪਿੳੂਟਰ ਰਾਹੀਂ ਵੋਟਾਂ ਪਾਉਣ ਦੀ, ਜਿਹੜਾ ਵੋਟ ਪਾਉਣ ਜਾ ਰਿਹਾ ਹੈ, ਓਹਦਾ ਨਾ ਕਿਤੇ ਰਿਕਾਰਡ ਲਿਆ ਜਾ ਰਿਹਾ ਹੈ ਤੇ ਨਾ ਹੀ ਕਿਤੇ ਦਸਤਖ਼ਤ ਲਏ ਜਾ ਰਹੇ ਹਨ। ਕੌਣ ਕਿੰਨੀਆਂ ਵੋਟਾਂ ਪਾ ਗਿਆ, ਕਿਸੇ ਨੂੰ ਪਤਾ ਨਹੀਂ। ਅੱਗੇ ਜਿੱਥੇ ਵੋਟ ਪੈਂਦੀ ਹੈ, ਉਥੇ ਆਪ੍ਰੇਟਰ ਬੈਠੇ ਹਨ ਜੋ ਵੋਟ ਪੋਲ ਕਰ ਰਹੇ ਹਨ, ਤੁਹਾਡੀ ਵੋਟ ਸੀਕਰੇਟ ਨਹੀਂ ਹੈ, ਉੱਪਰੋਂ ਤੁਹਾਨੂੰ ਇਹ ਵੀ ਪਤਾ ਨਹੀਂ ਕਿ ਜਿਹਨੂੰ ਵੋਟ ਪਾ ਰਹੇ ਹੋ, ਓਹਨੂੰ ਪੈ ਰਹੀ ਹੈ ਜਾਂ ਨਹੀਂ। ਲੇਖਕਾਂ ਨੇ ਇਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਜਦੋਂ ਰਿਜ਼ਲਟ ਨਿਕਲਿਆ ਤਾਂ 430 ਵੋਟਾਂ ਕਿੱਥੇ ਗਈਆਂ, ਇਹ ਪਤਾ ਹੀ ਨਹੀਂ ਲੱਗਾ। ਰੌਲਾ ਪੈ ਗਿਆ ਤਾਂ ਚੋਣ ਅਧਿਕਾਰੀ ਕੰਪਿੳੂਟਰ ਚੁਕ ਕੇ ਪਤਾ ਨਹੀਂ ਕਿੱਥੇ ਚਲਿਆ ਗਿਆ। ਫ਼ੋਨ ਕਰਨ ’ਤੇ ਝੂਠ ਬੋਲ ਗਿਆ। ਕੁਝ ਲੇਖਕਾਂ ਨੇ ਆਪਣਾ ਇਤਰਾਜ਼ ਪ੍ਰੈੱਸ ਰਾਹੀਂ ਜ਼ਾਹਿਰ ਕਰ ਦਿੱਤਾ ਅਤੇ ਨਾਲ ਹੀ ਚੋਣ ਅਧਿਕਾਰੀ ਦੀ ਨਾਲਾਇਕੀ ਜੱਗ ਜ਼ਾਹਿਰ ਹੋ ਗਈ। ਇਹ ਹੈ ਕੁਲ ਜੋੜ ਕੇਂਦਰੀ ਪੰਜਾਬੀ ਲੇਖਕ ਸਭਾ ਦਾ, ਜਿਹਦੇ ਤੋਂ ਸਾਨੂੰ ਤਾਂ ਘੱਟੋ-ਘੱਟ ਭਵਿੱਖ ’ਚ ਕੋਈ ਉਮੀਦ ਨਹੀਂ ਲੱਭਦੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੇਖਕ ਸਭਾ ਦਾ ਜਲੂਸ ਵੀ ਦੇਖ ਲਿਆ