ਪੰਥਕ ਮੋਰਚੇ ਦਾ ਪਰਪੰਚ


ਸ਼ੁਕਰ ਹੋਇਆ ਕੋਈ ਕਾਂਡ ਹੋਣੋਂ ਬਚ ਗਿਆ

ਜਦ ਕਦੇ ਪੰਥਕ ਮੋਰਚੇ ਦੀ ਗੱਲ ਚੱਲਦੀ ਹੈ ਤਾਂ ਝੱਟ ਚਾਰ ਦਹਾਕੇ ਪੁਰਾਣਾ ਟਾਈਮ ਚੇਤੇ ਆ ਜਾਂਦਾ ਸੀ। ਅੱਜ ਤੋਂ ਤਕਰੀਬਨ ਚਾਰ ਦਹਾਕੇ ਪਹਿਲਾਂ ਵੀ ਇਕ ਪੰਥਕ ਮੋਰਚਾ ਲੱਗਿਆ ਸੀ। ਜੋ ਬੜਾ ਹੀ ਸ਼ਾਂਤਮਈ ਢੰਗ ਨਾਲ ਲਾਇਆ ਗਿਆ ਸੀ। ਇਨਾਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਵਿੱਚ ਅਜਿਹੀ ਅੱਗ ਦੀ ਅੰਗਿਆਰੀ ਸੁੱਟੀ ਗਈ, ਜੋ ਪੰਜਾਬ ਵਿੱਚ ਐਸਾ ਲਾਂਬੂ ਬਣ ਕੇ ਮਚੀ, ਜਿਸ ਨੂੰ ਪੰਜਾਬ ਆਉਣ ਵਾਲੀਆਂ ਕਈ ਸਦੀਆਂ ਨਹੀਂ ਭੁੱਲ ਸਕਦਾ। ਇਨਾਂ ਦਿਨਾਂ ਵਿੱਚ ਪੰਜਾਬ ਦੀ ਜਵਾਨੀ ਇੰਨੀ ਤਬਾਹ ਹੋਈ, ਜਿਸ ਦਾ ਹਿਸਾਬ ਹੀ ਕੋਈ ਨਹੀਂ। ਹੁਣ ਫਿਰ ਇਕ ਪੰਥ ਦੇ ਨਾਂ ਮੋਰਚਾ ਲੱਗਣ ਜਾ ਰਿਹਾ ਸੀ, ਜਿਸ ਨੂੰ ਸੁਣ ਕੇ ਸੂਝਵਾਨ ਲੋਕਾਂ ਦੀ ਰੂਹ ਕੰਬਦੀ ਸੀ। ਇਹ ਮੋਰਚਾ ਬੜਾ ਅਨੋਖਾ ਜਿਹਾ ਮੋਰਚਾ ਲੱਗ ਰਿਹਾ ਸੀ। ਇਸ ਮੋਰਚੇ ਦਾ ਮਸਲਾ ਬੜਾ ਗੰਭੀਰ ਸੀ। ਮੈਂ ਇਕ ਗੱਲ ਇੱਥੇ ਸਪੱਸ਼ਟ ਕਰ ਦੇਵਾਂ ਕਿ ਇਸ ਮੋਰਚੇ ਨਾਲ ਨਾ ਤਾਂ ਚੰਡੀਗੜ ਪੰਜਾਬ ਲਈ ਮੰਗਿਆ ਜਾ ਰਿਹਾ ਸੀ, ਨਾ ਕਿਸੇ ਦਰਿਆਈ ਪਾਣੀ ਦਾ ਮਸਲਾ ਸੀ, ਇਸ ਵਿੱਚ ਨਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨ ਦੀ ਕੋਈ ਮੰਗ ਸੀ। ਇਸ ਵਿੱਚ ਨਾ ਕੋਈ ਪੰਜਾਬੀ ਦਾ ਮਸਲਾ ਸੀ ਨਾ ਹੀ ਦਿੱਲੀ ਕਤਲੇਆਮ ਦੀ ਕੋਈ ਗੱਲ ਸੀ। ਇਸ ਮੋਰਚੇ ਵਿੱਚ ਇਕ ਹੋਰ ਅਜੀਬੋ ਗਰੀਬ ਗੱਲ ਹੈ ਕਿ ਇਸ ਮੋਰਚੇ ਨੂੰ ਲਾਉਣ ਲਈ ਪੰਥਕ ਜਥੇਬੰਦੀਆਂ ਨਹੀਂ, ਬਲਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਸਿਆਸੀ ਪਾਰਟੀ ਅਕਾਲੀ ਦਲ ਬਾਦਲ ਵੱਲੋਂ ਲਾਇਆ ਜਾ ਰਿਹਾ ਸੀ।

ਇੱਥੇ ਇਕ ਗੱਲ ਦੀ ਸਮਝ ਨਹੀਂ ਆਉਦੀ ਕਿ ਜੇ ਇਹ ਮਸਲਾ ਪੰਥ ਦਾ ਹੈ ਤਾਂ ਸਾਰੀਆਂ ਪੰਥਕ ਕਮੇਟੀਆਂ ਰਲ ਕੇ ਮੋਰਚਾ ਕਿਉ ਨਹੀਂ ਲਾ ਰਹੀਆਂ ਸੀ। ਕਿਹਾ ਜਾ ਰਿਹਾ ਹੈ ਕਿ ਇਹ ਪੰਥਕ ਮੋਰਚਾ ਗੋਲਕਾਂ ਲਈ ਲੱਗ ਰਿਹਾ ਸੀ, ਕਿਉਕਿ ਇਹ ਬਿਆਨ ਤਾਂ ਆਗੂ ਸ਼ਰੇਆਮ ਅਖ਼ਬਾਰਾਂ ਵਿੱਚ ਦੇ ਰਹੇ ਹਨ ਕਿ ਗੋਲਕਾਂ ’ਤੇ ਕਬਜ਼ਾ ਨਹੀਂ ਕਰਨ ਦਿਆਂਗੇ। ਕੀ ਇਹ ਬਿਆਨ ਇਸ ਗੱਲ ਦੀ ਹਾਮੀ ਨਹੀਂ ਭਰਦਾ ਕਿ ਪੰਜਾਬ ਦੀ ਸ਼੍ਰੋਮਣੀ ਕਮੇਟੀ ਬਾਕੀਆਂ ਗੋਲਕਾਂ ’ਤੇ ਕਬਜ਼ਾ ਕਰੀ ਬੈਠੀ ਹੈ। ਇਹ ਪੰਥਕ ਮੋਰਚਾ ਘੱਟ ਤੇ ਭਰਾ ਮਾਰੂ ਮੋਰਚਾ ਜ਼ਿਆਦਾ ਲੱਗ ਰਿਹਾ ਸੀ। ਇਸ ਗੱਲ ਦਾ ਤਾਂ ਬਹੁਤ ਲੋਕਾਂ ਨੂੰ ਸ਼ਾਇਦ ਅਫਸੋਸ ਵੀ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਦੋ ਟੁਕੜੇ ਹੋ ਰਹੇ ਹਨ ਪਰ ਜੇ ਇਕ ਗੱਲ ਹੋਰ ਸੋਚੀ ਜਾਵੇ ਕਿ ਭਰਾ-ਭਰਾ ਨਾਲੋਂ ਮੁੱਢ ਕਦੀਮੋਂ ਅੱਡ ਹੁੰਦਾ ਆਇਆ ਹੈ। ਇਹ ਨਵੀਂ ਰੀਤ ਨਹੀਂ। ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਨਵੀਂ ਬਣਦੀ ਹੈ ਤਾਂ ਕੋਈ ਆਫ਼ਤ ਨਹੀਂ ਆਉਣ ਵਾਲੀ, ਨਾ ਹੀ ਇਸ ਗੱਲ ਨਾਲ ਪੰਥ ਦੋ ਫਾੜ ਹੋਵੇਗਾ। ਉਹ ਵੀ ਸਿੱਖ ਹਨ। ਕੋਈ ਗੈਰ ਸਿੱਖ ਹਰਿਆਣਾ ਦੇ ਗੁਰਦੁਆਰਿਆਂ ’ਤੇ ਕਬਜ਼ਾ ਨਹੀਂ ਕਰਨ ਲੱਗਿਆ, ਕਿਉਕਿ ਭਾਰਤ ਦੇ ਵੱਖ-ਵੱਖ ਰਾਜਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੱਖ-ਵੱਖ ਕਮੇਟੀਆਂ ਜਾਂ ਸੁਸਾਇਟੀਆਂ ਦੇ ਹੱਥਾਂ ਵਿੱਚ ਹੈ। ਫਿਰ ਉਨਾਂ ਵਿਰੁੱਧ ਕਿਉ ਨਹੀਂ ਮੋਰਚਾ ਲਾਇਆ ਗਿਆ, ਬਸ ਹਰਿਆਣਾ ਲਈ ਹੀ ਕਿਉ? ਫਿਰ ਕਿਉ ਸਿੱਖ ਧਰਮ ਨੂੰ ਸਿਆਸਤ ਦੀ ਚੱਕੀ ਵਿੱਚ ਪੀਸ ਰਹੇ ਹਨ। ਅਕਾਲੀ ਦਲ ਤੇ ਕਾਂਗਰਸ ਦੋਵੇਂ ਹੀ ਸਿਆਸੀ ਪਾਰਟੀਆਂ ਹਨ। ਇਹ ਧਾਰਮਿਕ ਮਸਲੇ ਧਾਰਮਿਕ ਜਥੇਬੰਦੀਆਂ ਨੂੰ ਹੀ ਨਿਪਟਾਉਣੇ ਚਾਹੀਦੇ ਹਨ। ਹੁੱਡਾ ਸਰਕਾਰ ਹਰਿਆਣੇ ਦੇ ਸਿੱਖਾਂ ਦੀ ਹਮਾਇਤ ਕਰਕੇ ਕੋਈ ਸਿੱਖ ਦਾ ਹਮਾਇਤੀ ਨਹੀਂ ਬਣ ਰਿਹਾ। ਕਾਂਗਰਸ ਦੀ ਹੁੱਡਾ ਸਰਕਾਰ ਤਾਂ ਆਪਣਾ ਵੋਟ ਬੈਂਕ ਬਣਾ ਰਹੀ ਹੈ। ਇਨਾਂ ਦੋਵਾਂ ਪਾਰਟੀਆਂ ਨੂੰ ਧਰਮ ਦੇ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹਰਿਆਣਾ ਦੀ ਅਲੱਗ ਕਮੇਟੀ ਬਣਨ ਨਾਲ ਅਕਾਲੀ ਦਲ ਬਾਦਲ ਦੀ ਦਿੱਲੀ ਨਾਲੋਂ ਦੂਰੀ ਵਧ ਸਕਦੀ ਹੈ, ਕਿਉਕਿ ਜੇ ਹਰਿਆਣਾ ਵਿੱਚ ਵੀ ਬਾਦਲ ਦਾ ਜ਼ੋਰ ਹੋਵੇ ਤਾਂ ਫਿਰ ਦਿੱਲੀ ਵਿੱਚ ਵੀ ਬਾਦਲ ਦੀ ਸਿਆਸਤ ਚੰਗੀ ਤਰਾਂ ਚੱਲ ਸਕਦੀ ਹੈ। ਇਹ ਇੰਝ ਲੱਗ ਰਿਹਾ ਹੈ। ਬਾਦਲ ਨੇ ਆਪਣੀ ਸਿਆਸਤ ਲਈ ਮੋਰਚਾ ਲਾਉਣਾ ਸੀ। ਕੀ ਸਿਆਸੀ ਮੋਰਚਿਆਂ ਨੂੰ ਪੰਥਕ ਮੋਰਚੇ ਦਾ ਰੰਗ ਦੇਣਾ ਚਾਹੀਦਾ ਹੈ। ਕੀ ਅਕਾਲੀ ਦਲ ਬਾਦਲ ਇਕੱਲੇ ਸਿੱਖਾਂ ਦੀ ਪਾਰਟੀ ਹੈ? ਕੀ ਇਸ ਵਿੱਚ ਗ਼ੈਰ ਸਿੱਖ ਦੀ ਕੋਈ ਜਗਾ ਨਹੀਂ? ਕੀ ਅਕਾਲੀ ਦਲ ਬਾਦਲ ਸਿਰਫ਼ ਇਕ ਧਾਰਮਿਕ ਪਾਰਟੀ ਹੈ।

ਇਸ ਦਾ ਸਿਆਸਤ ਨਾਲ ਕੋਈ ਲੈਣ-ਦੇਣ ਨਹੀਂ। ਇਹ ਗੱਲ ਨਕਾਰਨ ਯੋਗ ਨਹੀਂ ਕਿ ਅਕਾਲੀ ਦਲ ਇਕ ਸਿਆਸੀ ਪਾਰਟੀ ਹੈ, ਜਿਸ ਵਿੱਚ ਹਰ ਮਜਬ ਦਾ ਆਦਮੀ ਹੈ, ਜਿਸ ਨੂੰ ਸਿਰਫ਼ ਦੇਸ਼ ਲਈ ਸਿਆਸਤ ਕਰਨੀ ਚਾਹੀਦੀ ਹੈ। ਨਾ ਕਿ ਧਰਮ ਦੇ ਮਾਮਲਿਆਂ ਵਿੱਚ ਇਕ ਸਿਆਸੀ ਪਾਰਟੀ ਇਹ ਮੋਰਚਾ ਲਾ ਰਹੀ ਸੀ, ਜਿਸ ਦੀ ਕਮਾਂਡ ਵੀ ਇਕ ਸਿਆਸੀ ਲੀਡਰ ਹੀ ਕਰ ਰਿਹਾ ਸੀ। ਫਿਰ ਇਹ ਪੰਥਕ ਮੋਰਚਾ ਕਿਹੜੇ ਪੱਖੋਂ ਹੋਇਆ? ਇਨਾਂ ਮੋਰਚਿਆਂ ਨਾਲ ਸਿੱਖ ਧਰਮ ਦਾ ਨੁਕਸਾਨ ਦੀ ਬਜਾਏ ਕੁਝ ਨਹੀਂ ਹੋਣਾ। ਇਸ ਨੂੰ ਪੰਥ ਦੀ ਲੜਾਈ ਨਹੀਂ, ਗੋਲਕਾਂ ਦੀ ਲੜਾਈ ਕਿਹਾ ਜਾ ਸਕਦਾ ਹੈ, ਕਿਉਕਿ ਬਿਨਾਂ ਸ਼੍ਰੋਮਣੀ ਕਮੇਟੀ ਦੇ ਮਸਲੇ ਤੋਂ ਪੰਥ ਦੇ ਤਾਂ ਹੋਰ ਵੀ ਬਹੁਤ ਮਸਲੇ ਹਨ। ਜੋ ਅੱਜ ਤੱਕ ਵਿਚਾਰੇ ਨਹੀਂ ਗਏ, ਕਿਉਕਿ ਸ਼੍ਰੋਮਣੀ ਕਮੇਟੀ ’ਤੇ ਵੀ ਪਿਛਲੇ ਲੰਮੇ-ਸਮੇਂ ਤੋਂ ਸਿਆਸਤ ਦਾ ਕਬਜ਼ਾ ਹੈ। ਕੀ ਇਸ ਮੋਰਚੇ ਵਿੱਚ ਪੰਜਾਬ ਤੇ ਹਰਿਆਣਾ ਦੇ ਨੁਮਾਇੰਦੇ ਆਪਸ ਵਿੱਚ ਆਹਮਣੇ-ਸਾਹਮਣੇ ਨਹੀਂ ਹੋਣਗੇ? ਕੀ ਇਹ ਸ਼ਾਂਤਮਈ ਮੋਰਚਾ ਬਿਨਾਂ ਕਿਸੇ ਹਥਿਆਰ ਤੋਂ ਹੀ ਹੋਣਾ ਸੀ। ਕੁਝ ਕੁ ਮਹੀਨੇ ਪਹਿਲਾਂ ਅੰਮਿ੍ਰਤਸਰ ਵਿੱਚ ਦੋ ਗੁਟਾਂ ਵਿਚਾਲੇ ਕੀ ਹੋ ਕੇ ਹਟਿਆ ਹੈ। ਹਰ ਇਕ ਜਾਣੂ ਹੈ। ਕਿੰਨੀਆਂ ਕਿਰਪਾਨਾਂ-ਬਰਛੇ, ਡਾਂਗਾਂ ਤੇ ਲੱਤੋ-ਮੁੱਕੀ ਹੋਈ। ਕਿੰਨੀਆਂ ਪੱਗਾਂ ਲੱਥੀਆਂ। ਸਾਰੀ ਦੁਨੀਆਂ ਵਿੱਚ ਇਸ ਗੱਲ ਦੀ ਬਹੁਤ ਨਿੰਦਾ ਕੀਤੀ ਗਈ। ਕੀ ਹੁਣ ਇਸ ਗੱਲ ਤੋਂ ਬਚਿਆ ਜਾ ਸਕੇਗਾ? ਸੋ ਸਾਨੂੰ ਸਾਰੇ ਹੀ ਸਿੱਖਾਂ ਨੂੰ ਇਸ ਗੱਲ ਬਾਰੇ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਹੈ? ਸਿੱਖਾਂ ਨੂੰ ਸਿੱਖਾਂ ਵਿਰੁੱਧ ਮੋਰਚਾ ਨਹੀਂ ਲਾਉਣਾ ਚਾਹੀਦਾ। ਸਿੱਖਾਂ ਦੇ ਹੋਰ ਅਧੂਰੇ ਮਸਲੇ ਹਨ, ਜਿਨਾਂ ’ਤੇ ਗੌਰ ਕਰਨੀ ਚਾਹੀਦੀ ਹੈ। ਅਜੇ ਤਾਂ ’84 ਦੇ ਮਸਲੇ ਹੱਲ ਨਹੀਂ ਹੋਏ। ਹੁਣ ਤਾਂ ਬਾਦਲ ਸਾਹਿਬ ਦੀ ਭਾਈਵਾਲ ਸਰਕਾਰ ਹੈ।

ਨਵੰਬਰ ’84 ਦੇ ਸਿੱਖ ਕਤਲੇਆਮ ਦਾ ਇਨਸਾਫ਼ ਸਿੱਖਾਂ ਨੂੰ ਲੈ ਕੇ ਦੇਵੇ, ਇਸ ਤੋਂ ਸੋਹਣਾ ਹੋਰ ਮੌਕਾ ਨਹੀਂ ਮਿਲ ਸਕਦਾ। ਜੂਨ ’84 ਦੇ ਬਲਿੳੂ ਸਟਾਰ ਮੌਕੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਕਿੱਧਰ ਗਈਆਂ ਹਨ। ਉਨਾਂ ਦਾ ਪਤਾ ਲਗਾ ਕੇ ਵਾਪਸ ਲਈਆਂ ਜਾਣ। ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਬਾਰੇ ਕੋਈ ਉਦਮ ਕਰਨਾ ਚਾਹੀਦਾ ਹੈ। ਇਕ ਪਾਸੇ ਤਾਂ ਬਾਦਲ 27 ਜੁਲਾਈ ਨੂੰ ਪੰਥਕ ਇਕੱਠ ਕਰ ਰਿਹਾ ਸੀ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨਾਂ ਦੀ ਪਾਰਟੀ ਕਿੰਨੀ ਪੰਥ ਹਮਾਇਤੀ ਹੈ। ਨਾਲੇ ਪੁੰਨ ਨਾਲੇ ਫਲੀਆਂ ਖੱਟ ਰਹੇ ਸਨ। ਇਹ ਮੋਰਚਾ ਲਾ ਕੇ ਬਾਦਲ ਸਾਹਿਬ ਆਪਣੀ ਤੇ ਆਪਣੀ ਪਾਰਟੀ ਦੀ ਭੱਲ ਬਣਾਉਣਾ ਚਾਹੁੰਦਾ ਸੀ। ਦੂਸਰੇ ਪਾਸੇ ਅਕਾਲੀ ਦਲ (ਅੰਮਿ੍ਰਤਸਰ) ਦਾ ਇਕੱਠ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਮੋਰਚੇ ਦੇ ਟਲ ਜਾਣ ਨਾਲ ਸਿੱਖਾਂ ਦਾ ਇਕ ਵੱਡਾ ਨੁਕਸਾਨ ਹੋਣ ਤੋਂ ਵੀ ਬਚ ਗਿਆ। ਇਹ ਵੀ ਬੜਾ ਵਧੀਆ ਹੋਇਆ ਕਿ ਇਤਿਹਾਸ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਸਿੱਖਾਂ ਨੇ ਸਿੱਖਾਂ ਵਿਰੁੱਧ ਮੋਰਚਾ ਲਗਾਇਆ। ਇਹ ਮੋਰਚਾ ਸਿੱਖ ਇਤਿਹਾਸ ਵਿੱਚ ਬੜਾ ਗਲਤ ਮੋਰਚਾ ਸੀ। ਇਸ ਮੋਰਚੇ ਵਿੱਚੋਂ ਨਿਕਲਣਾ ਕੱਖ ਨਹੀਂ ਸੀ।

ਅੱਛਾ ਅਸੀਂ ਇਸ ਗੱਲੇ ਵੀ ਹੈਰਾਨ ਹੁੰਦੇ ਹਾਂ ਕਿ ਕਿਵੇਂ ਇਹ ਸਾਡੇ ਆਗੂ ਬਿਨਾਂ ਕਿਸੇ ਵਿਚਾਰ ਦੇ ਉਹ ਕਰੀ ਤੁਰੇ ਜਾਣਗੇ, ਜੋ ਇਹਨਾਂ ਦੇ ਹੀ ਵਿਰੁੱਧ ਭੁਗਤ ਰਿਹਾ ਹੋਵੇਗਾ। ਫਿਰ ਪਿਛਾਂਹ ਮੁੜਨ ਲੱਗੇ ਵੀ ਲਾਗਾ ਤੇਗਾ ਨਹੀਂ ਦੇਖਦੇ। ਬਾਦਲ ਸਾਹਬ ਨੂੰ ਸੱਟ ਤਾਂ ਹੁੱਡੇ ਨੇ ਮਾਰ ਹੀ ਦਿੱਤੀ ਹੈ, ਇਹ ਭਾਵੇਂ ਹੁਣ ਲੱਖ ਕਹੀ ਜਾਣ। ਉਹਨੇ ਇਹਨਾਂ ਨੂੰ ਐਸੀ ਕੁੜਿੱਕੀ ਵਿਚ ਫਸਾਇਆ ਹੈ ਕਿ ਫਟਕਣ ਜੋਗੇ ਨਹੀਂ ਛੱਡੇ। ਬਿਆਨਬਾਜ਼ੀਆਂ ਤੋਂ ਇਹਨਾਂ ਨੂੰ ਮੁਕਰਨਾ ਪੈ ਗਿਆ ਹੈ। ਪਿਛਲਖੁਰੀ ਪੈਂਤੜਾ ਇਹਨਾਂ ਨੇ ਮਾਰਿਆ ਹੈ। ਕਿਹੜੀ ਗੱਲ ਹੈ ਜੋ ਇਹਨਾਂ ਦੇ ਪੱਖ ਵਿੱਚ ਜਾ ਰਹੀ ਹੈ। ਪੰਥ ਨੂੰ ਵੀ ਹੁਣ ਬਹੁਤ ਕੁੱਝ ਸਮਝ ਆਉਣ ਲੱਗਾ ਹੈ। ਸਾਨੂੰ ਤਾਂ ਇੰਝ ਜਾਪ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵੀ ਤੇ ਧਾਰਮਿਕ ਪਹੁੰਚ ਵੀ ਕਿਸੇ ਨਵੀਂ ਅੰਗੜਾਈ ਲਈ ਤਾਂਘ ਰਹੀ ਹੈ। ਨਵੀਂ ਪੀੜੀ ਸ਼ਾਇਦ ਕੁੱਝ ਨਵਾਂ ਕਰਨ ਵਾਲੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਪੰਜਾਬ ਦੀ ਰੱਖਿਆ ਕਰਨੀ ਹੈ ਤਾਂ, ਸਿੱਖ ਧਰਮ ਦੀ ਮਰਿਆਦਾ ਕਾਇਮ ਰੱਖਣੀ ਹੈ ਤਾਂ ਸਾਡੀ ਨਵੀਂ ਪੀੜੀ ਨੂੰ ਮੋਰਚਾ ਸੰਭਾਲਣ ਦੀ ਜ਼ਰੂਰਤ ਹੈ। ਇਹ ਸਮੇਂ ਦੇ ਹਾਣ ਦੀ ਗੱਲ ਕਰਨਗੇ। ਅਸੀਂ ਪਹਿਲਾਂ ਪੰਜਾਬੀਅਤ ਲਈ ਪਹਿਰਾ ਦਈਏ, ਫਿਰ ਕਿਸੇ ਸਵਾਰਥ ਦੀ ਗੱਲ ਕਰੀਏ। ਅੱਜ ਜਾਗਣ ਦੀ ਲੋੜ ਹੈ ਤੇ ਹੰਭਲਾ ਮਾਰਨ ਦੀ ਲੋੜ ਹੈ।

-ਕਮਲ ਸਿੱਧੂ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਥਕ ਮੋਰਚੇ ਦਾ ਪਰਪੰਚ