ਕੈਲਗਰੀ (ਇਕਬਾਲ ਖ਼ਾਨ): ਅਰਪਨ ਲਿਖਾਰੀ ਸਭਾ ਦਾ ਸਲਾਨਾ ਸਮਾਗਮ 14 ਜੂਨ 2014 ਨੂੰ ਖਚਾ ਖਚ ਭਰੇ ਟੈਂਪਲ ਕਮਿਉਨਟੀ ਹਾਲ ਵਿੱਚ ਹੋਇਆ। ਡਾ.ਹਰਭਜਨ ਸਿੰਘ ਢਿੱਲੋਂ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ, ਹਰਜੀਤ ਦੌਧਰੀਆ, ਅਮਰਜੀਤ ਸਿੰਘ ਸੂਫ਼ੀ, ਡਾ.ਪ੍ਰਥਵੀ ਰਾਜ ਕਾਲ਼ੀਆ, ਡਾ.ਬਲਵਿੰਦਰ ਕੌਰ ਬਰਾੜ ਅਤੇ ਹਰਪ੍ਰਕਾਸ਼ ਸਿੰਘ ਜਨਾਗਲ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਬਿਤ ਹੋਣ ਦੀ ਬੇਨਤੀ ਕੀਤੀ। ਸਭਾ ਦੇ ਮੀਤ ਪ੍ਰਧਾਨ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆ ਆਖਿਆ ਅਤੇ ਸਟੇਜ ਦੀ ਕਾਰਵਾਈ ਚਲਾਉਣ ਲਈ ਸਟੇਜ ਜਨਰਲ ਸਕੱਤਰ ਇਕਬਾਲ ਖ਼ਾਨ ਦੇ ਹਵਲੇ ਕੀਤੀ।
ਕੈਲਗਰੀ ਦੇ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਵਿੱਚ ਕਲੀ ਸੁਣਾ ਕੇ ਸ਼ੁਰੂਆਤ ਕੀਤੀ। ਹਰਮਿੰਦਰ ਕੌਰ ਢਿੱਲੋਂ ਨੇ ਇੱਕ ਕਿਰਤੀ ਦੀ ਜੀਵਨ-ਗਾਥਾ ਬਿਆਨ ਕਰਦੀ ਕਵਿਤਾ ਪੇਸ਼ ਕੀਤੀ। ਹਰਨੇਕ ਸਿੰਘ ਬੱਧਨੀ ਨੇ ਗ਼ਜ਼ਲ ਦੀ ਪੇਸ਼ਕਾਰੀ ਨਾਲ ਰੰਗ ਬੰਨਿਆ। ਜਸਵੰਤ ਸਿੰਘ ਸੇਖੋਂ ਨੇ ਛੋਟੇ ਬੱਚਿਆਂ (ਝੁਜਾਰ ਸਿੰਘ, ਗੁਰਜੀਤ ਸਿੰਘ) ਦੇ ਜਥੇ ਨਾਲ ਕਵੀਸ਼ਰੀ ਪੇਸ਼ ਕਰਕੇ ਸਰੋਤੇ ਨਿਹਾਲ ਕਰ ਦਿੱਤੇ। ਸੁਖਵਿੰਦਰ ਸਿੰਘ ਤੂਰ ਨੇ ‘ਅੱਜ ਰੋਂਦੀ ਧਰਤ ਪੰਜਾਬ ਦੀ’ ਕਵਿਤਾ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਬਿਆਨ ਕਰਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਹਲ਼ੂਣ ਕਰ ਰੱਖ ਦਿੱਤਾ। ਐਡਮੰਟਨ ਤੋਂ ਆਏ ਜਸਵੀਰ ਸੰਘਾ ਨੇ ਜੈਮਲ ਪੱਡਾ ਦੀ ਕਵਿਤਾ ਪੂਰੇ ਜਲੌ ਨਾਲ ਸੁਣਾ ਕੇ ਸਰੋਤਿਆਂ ਵਿੱਚ ਜੋਸ਼ ਭਰਿਆ। ਜਸਵੀਰ ਕੌਰ ਮੰਗੂਵਾਲ ਜੋ ਕਿ ਮੈਨੀਟੋਵਾ ਤੋਂ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪੂਰੇ ਪਰਿਵਾਰ ਨਾਲ ਸ਼ਾਮਲ ਹੋਏ,ਨੇ ਕਵਿਤਾ ਸੁਣਾਕੇ ਪਹਿਲੇ ਰੰਗ ਨੂੰ ਹੋਰ ਗੂੜ੍ਹਾ ਕੀਤਾ।
ਡਾ.ਲਖਬੀਰ ਸਿੰਘ ਰਿਆੜ ਨੇ ਹਰਜੀਤ ਦੌਧਰੀਆ ਦੇ ਲਿਖੇ ਲੇਖਾਂ ਦੀ ਵਿਚਾਰ ਚਰਚਾ ਖੁੱਲ਼੍ਹ ਕੇ ਹਰ ਕੋਨੋ ਤੋਂ ਕੀਤੀ। ਉਹਨਾਂ ਨੇ ਆਖਿਆ ਹਰਜੀਤ ਦੌਧਰੀਆ ਭਾਵਂੇ ਲੇਖ ਲਿਖੇ ਭਾਵੇ ਕਵਿਤਾ ਉਸ ਦਾ ਮੁਖ-ਮੰਤਵ ਲੋਕਾਂ ਦੀ ਲੁੱਟ ਕਸੁਟ ਕਰਨ ਵਾਲੇ ਲੋਕਾਂ ਦੇ ਖਿਲਾਫ਼ ਅਤੇ ਆਮ ਜਨ-ਸਧਾਰਨ ਨੂੰ ਸੁਚੇਤ ਹੋ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਪੁਰਾਲਾ ਕੀਤਾ ਹੈ। ਉਹਨਾਂ ਨੇ ਹਰਜੀਤ ਦੀ ਕਿਤਾਬ ‘ਹੇਠਲੀ ਉੱਤੇ’ ਦਾ ਖ਼ਾਸ ਜਿਕਰ ਕੀਤਾ। ਮਾ.ਬਚਿੱਤਰ ਸਿੰਘ ਗਿੱਲ ਨੇ ਪਾਰਸ ਜੀ ਦੀ ਰਚਨਾ, ਮਹਾਰਾਣੀ ਜ਼ਿੰਦਾਂ ਦੇ ਦੁੱਖਾਂ ਨੂੰ ਬਿਆਨਦੀ ਕਵਿਤਾ ਸੁਣਾ ਕੇ ਸਿੱਖ ਰਾਜ ਦੇ ਦੁੱਖਦਾਈ ਸੀਨ ਨੂੰ ਪੇਸ਼ ਕਰ ਦਿੱਤਾ। ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਪ੍ਰਧਾਨ ਸੁਰਜੀਤ ਸਿੰਘ ਪੰਨੂ-ਸੀਤਲ ਨੇ ਕੁਝ ਰੁਬਾਈਆਂ ਅਤੇ ਇੱਕ ਗ਼ਜ਼ਲ ਪੇਸ਼ ਕੀਤੀ।
ਡਾ.ਹਰਭਜਨ ਸਿੰਘ ਢਿੱਲੋਂ ਨੇ ਦੌਧਰੀਆ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੌਰਧਰੀਆ ਦੀ ਕਵਿਤਾ ਲਿਖਣ ਦੀ ਕਲਾ, ਬੌਧਿਕਤਾ ਤੇ ਵਿਅੰਗ-ਮਈ ਅੰਦਾਜ਼ ਬਾਰੇ, ਅਲੋਪ ਹੋ ਰਹੇ ਪੰਜਾਬੀ ਸ਼ਬਦ ਖ਼ਾਸ ਕਰਕੇ ਮਲਵਾਈ ਭਾਸ਼ਾ ਦੇ ਓਹ ਸ਼ਬਦ ਜੋ ਦੌਧਰੀਆ ਦੀ ਕਵਿਤਾ ਵਿੱਚ ਮਿਲਦੇ ਹਨ , ਦਾ ਖ਼ਾਸ ਤੌਰ ਜਿਕਰ ਕੀਤਾ। ਡਾ. ਢਿੱਲੋਂ ਨੇ ਪੰਜਾਬ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਸੁਖਦੇਵ ਸਿੰਘ ਦੇ ਦੌਧਰੀਆ ਕਵਿਤਾ ਦੀ ਆਲੋਚਨਾ ਵਿੱਚ ਲਿਖੇ ਸ਼ਬਦਾਂ ਦਾ ਹਵਾਲਾ ਵੀ ਦਿੱਤਾ ਕਿ ਜਿਸ ਨਾਟਕੀ ਢੰਗ ਨਾਲ ਦੌਧਰੀਆ ਲਿਖਦਾ ਹੈ ਇਹ ਸਭ ਤੋਂ ਵੱਧ ਅਸਰ ਕਰਨ ਵਾਲਾ ਢੰਗ ਹੈ। ਬਲਜਿੰਦਰ ਢਿੱਲੋਂ ਅਤੇ ਹਰਜੀਤ ਸੰਧੂ ਦੇ ਦੋਗਾਣੇ ਨੇ ਸਰੋਤਿਆਂ ਤੋਂ ਵਾਹ ਵਾਹ ਖੱਟੀ।
ਇਸ ਤੋਂ ਬਾਅਦ ਅਰਪਨ ਲਿਖਾਰੀ ਸਭਾ ਦੇ ਪ੍ਰਧਾਨ ਨੇ ਸਭਾ ਦੇ ਮੈਂਬਰਾਂ ਨੂੰ ਨਾਲ ਲੈ ਕੇ ਹਰਜੀਤ ਦੌਧਰੀਆ ਨੂੰ ਇੱਕ ਪਲੈਕ, ਇੱਕ ਹਜ਼ਾਰ ਡਾਲਰ ਨਕਦ, ਇੱਕ ਸ਼ਾਲ ਦੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਕੈਲਗਰੀ ਦੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਲਗ, ਜੋ (ਕੈਲਗਰੀ ਵਿੱਚ ਸਨਮਾਨਿਤ ਹੋਏ ਹਰ ਲੇਖਕ ਨੂੰ ਉਸ ਦਾ ਚਿੱਤਰ ਬਣਾ ਭੇਟ ਕਰਦੇ ਆ ਰਹੇ ਹਨ), ਨੂੰ ਵੀ ਪੰਜ ਸੌ ਡਾਲਰ ਨਕਦ, ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਅਤੇ ਇੱਕ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਤੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਰਾਜਨੀਤਿਕ ਲੋਕ ਵੀ ਸ਼ਾਮਲ ਹੋਏ। ਮਨਮੀਤ ਸਿੰਘ ਭੁੱਲਰ ਕੁਝ ਰੁਝੇਵਿਆਂ ਕਰਕੇ ਹਾਜ਼ਰ ਨਹੀਂ ਹੋ ਸਕੇ ਦਰਸ਼ਨ ਕੰਗ ਅਤੇ ਦਵਿੰਦਰ ਸ਼ੋਰੀ ਅਤੇ ਹਰਦਿਆਲ(ਹੈਪੀ) ਮਾਨ–ਵੱਲੋਂ ਹਾਜ਼ਰੀ ਲੁਆਈ ਗਈ।
ਵੈਨਕੋਵਰ ਤੋਂ ਆਏ ਗੁਰਚਰਨ ਸਿੰਘ ਟੱਲੇਵਾਲੀਆ ਨੇ ਕੈਨੇਡੀਅਨ ਜੀਵਨ ਬਾਰੇ ਅਤੇ ਭੋਲੇ ਭਾਲੇ ਅਗਿਆਨੀ ਲੋਕਾਂ ਨੂੰ ਡੇਰਿਆਂ ਦੇ ਭੰਬਲ-ਭੂਸਿਆਂ ਤੋ ਬਚੇ ਰਹਿਣ ਲਈ ਬਾਬਿਆ ਦੇ ਡੇਰਵਾਦ ਤੇ ਵਿਅੰਗ ਕਰਦੀਆਂ ਬੋਲੀਆਂ ਸੁਣਾ ਕੇ ਸਰੋਤਿਆਂ ਨੂੰ ਜਾਗਦੇ ਰਹਿਣ ਦਾ ਸੁਨੇਹਾ ਦਿੱਤਾ। ਸਰੀ ,ਬੀ. ਸੀ. ਤੋ ਆਏ ਲੇਖਕ ਨਛੱਤਰ ਗਿੱਲ ਨੇ ‘ਅਸੀਂ ਚੁੱਪ ਨਹੀਂ’ ਨਾ ਦੀ ਕਵਿਤਾ ਆਪਣੇ ਵਿਲੱਖ਼ਣ ਅੰਦਾਜ਼ ਵਿੱਚ ਪੇਸ਼ ਕੀਤੀ। ਐਡਮੰਟਨ ਤੋਂ ਆਏ ਅਤੇ ਬੁਲੰਦ ਅਵਾਜ਼ ਦੇ ਮਾਲਕ ਜੋਗਿੰਦਰ ਰੰਧਾਵਾ ਨੇ ਹਰਭਜਨ ਹੁੰਦਲ ਦੀ ਕਵਿਤਾ ਪੇਸ਼ ਕਰਕੇ ਆਪਣੀ ਪੇਸ਼ਕਾਰੀ ਦਾ ਜਾਦੂ ਵਖੇਰ ਦਿੱਤਾ। ਐਡਮੰਟਨ ਤੋਂ ਹੀ ਡਾ. ਪ੍ਰਿਥੀਰਾਜ ਕਾਲੀਆ ਨੇ ਬਹੁਤ ਹੀ ਭਾਵਪੂਰਤ ਹਿੰਦੀ ਕਵਿਤਾ ਪੇਸ਼ ਕੀਤੀ। ਕੁਲਦੀਪ ਕੌਰ ਘਟੌੜਾ ਨੇ ਵੀ ਖ਼ਾਸ ਅੰਦਾਜ ਕਵਿਤਾ ਪੜੀ੍ਹ। ਅਜਮੇਰ ਸਿੰਘ ਰੰਧਾਵਾ ਜੋ ਕਿ ਟਰਾਂਟੋ ਤੋਂ ਆਏ, ਨੇ ਪੰਜਾਬ ਦੇ ਅਜੋਕੇ ਹਾਲਾਤਾਂ ਨੂੰ ਬਿਆਨ ਕਰਦੀ ਕਾਮਡੀ ਸੁਣਾ ਕੇ ਮਾਹੌਲ ਨੂੰ ਹਾਸਰਸ ਵਿੱਚ ਬਦਲ ਦਿੱਤਾ। ਗਰੁਦਿਆਲ ਖਹਿਰਾ ਨੇ ਵੀ ਇਸੇ ਰੰਗ ਨੂੰ ਹੋ ਪੱਕਾ ਕਰ ਦਿੱਤਾ ਜਦੋਂ ਉਹਨਾਂ ਨੇ ਪੰਜਾਬ ਦੀਆਂ ਸੜਕਾਂ ਅਤੇ ਪੰਜਾਬ ਦੀ ਰਾਜਨੀਤੀ ਤੇ ਵਿਅੰਗ ਭਰੀ ਕਵਿਤਾ ਸਰੋਤਿਆ ਨਾਲ ਸਾਂਝੀ ਕੀਤੀ। ਅਜਾਇਬ ਸੇਖੋਂ ਨੇ ਵੀ ਇੱਕ ਕਵਿਤਾ ਪੇਸ਼ ਕੀਤੀ। ਮਲਕੀਤ ਸਿੰਘ ਸਿੱਧੂ, ਨੇ ਆਪਣੇ ਪੇਂਡੂ ਹਰਜੀਤ ਦੌਧਰੀਆਂ ਲਈ ਸੁਅਗਤੀ ਕਵਿਤਾ ਪੜ੍ਹੀ। ਡਾ. ਬਲਵਿੰਦਰ ਕੌਰ ਬਰਾੜ ਅਤੇ ਮਾ. ਪ੍ਰਗਟ ਸਿੰਘ, ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮਾ. ਬਚਿਤਰ ਸਿੰਘ ਗਿੱਲ ਨੇ ਇੱਕ ਵਾਰ ਫੇਰ ਸਰੋਤਿਆਂ ਦੀ ਜੋਰਦਾਰ ਮੰਗ ਤੇ ਪਾਖੰਡੀ ਸਾਧਾਂ ਬਾਰੇ ਕਵੀਸ਼ਰੀ ਸੁਣਾ ਕੇ ਧੰਨ ਧੰਨ ਕਰਾ ਦਿੱਤੀ। ਡਾ. ਹਰਭਜਨ ਸਿੰਘ ਢਿੱਲੋਂ ਨੇ ਨਛੱਤਰ ਸਿੰਘ ਗਿੱਲ ਵੱਲੋਂ ਦਿੱਤੀਆਂ ਸੂਚਨਾਵਾਂ ਪੜ੍ਹ ਕੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਅਖ਼ੀਰ ਤੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਅਸੀਂ ਇਕ ਹੋਰ ਐਵਾਰਡ ਜੋ ਕਿ ਲੋਕਲ ਟੈਲਿਟ ਲਈ ਸ਼ੁਰੂ ਕਰ ਰਹੇ ਹਾਂ ਕਿ ਆਪਣੇ ਸ਼ਹਿਰ ਵਿੱਚੋਂ ਕਿਸੇ ਵੀ ਖ਼ੇਤਰ ਵਿੱਚ ਖ਼ਾਸ ਪ੍ਰਾਪਤੀਆਂ ਕਰਨ ਵਾਲੇ ਵਿਅਕਤੀ ਨੂੰ ਵੀ ਹਰ ਸਾਲ ਸਨਮਾਨਿਤ ਕਰਿਆ ਕਰਾਂਗੇ। ਜਿਸ ਦੀ ਸ਼ੁਰੂਆਤ ਹਰਪ੍ਰਕਾਸ਼ ਸਿੰਘ ਜਨਾਗਲ ਨੂੰ ਐਵਾਰਡ ਦੇ ਕੇ ਕੀਤੀ। ਉਹਨਾਂ ਬਾਹਰੋਂ ਆਏ ਸਾਰੇ ਬੁੱਧੀਜੀਵੀਆਂ, ਲੇਖਕਾਂ ਦੋਸਤਾਂ ਮਿੱਤਰਾਂ, ਸਰੋਤਿਆਂ ਅਤੇ ਕੈਲਗਰੀ ਦੀ ਸਾਰੀਆਂ ਸੰਸਥਵਾਂ ਦੇ ਭਰਪੂਰ ਸਹਿਯੋਗ ਲਈ, ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਇਸ ਵਾਰ ਦੇ ਲਾਮਿਸਾਲ ਇਕੱਠ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਉਹਨਾਂ ਆਪਣੇ ਸਾਰੇ ਸਪੌਸਰਾਂ, ਜਿਹਨਾਂ ਦੀ ਮਦਦ ਨਾਲ ਇਹ ਸਮਾਗਮ ਹਰ ਸਾਲ ਕਾਮਯਾਬੀ ਨਾਲ ਨੇਪਰੇ ਚੜ੍ਹਦਾ ਹੈ, ਦਾ ਤਹਿ ਦਿਲੋਂ ਸ਼ੁਕਰੀਆ ਕੀਤਾ। ਸਾਰੇ ਪੰਜਾਬੀ ਮੀਡੀਆ ਤੇ ਖ਼ਾਸ ਕਰਕੇ ਆਪਣੀ ਟੀਮ ਨਾਲ ਕੰਮ ਕਰ ਰਹੇ ਵਲੰਟੀਅਰਾਂ ਦਾ ਜਿਹਨਾਂ ਨੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਇਸ ਸਮਾਗਮ ਦੀ ਤਿਆਰੀ ਵਿੱਚ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦ ਕੀਤਾ। ਉਹਨਾਂ ਕਿਹਾ ਅਸੀਂ ਅੱਗੇ ਤੋਂ ਇਹੋ ਆਸ ਕਰਦੇ ਹਾਂ ਕਿ ਪੰਜਾਬੀ ਭਾਈਚਾਰਾ ਇਸੇ ਤਰ੍ਹਾਂ ਰਲ ਮਿਲ ਕੇ ਆਪਣੀ ਮਾਂ ਬੋਲੀ ਦੀ ਉੱਨਤੀ ਲਈ ਆਪਣਾ ਬਣਦਾ ਹਿੱਸਾ ਪਾਉਦਾ ਰਹੇਗਾ।
Comments 0