ਬਸਪਾ ਦਾ ਬੇੜਾ ਗਰਕ


ਕਦੇ ਪੰਜਾਬ ਦੀਆਂ ਵੋਟਾਂ ਵਿੱਚ 15 ਫੀਸਦੀ ਹਿੱਸਾ ਰੱਖਣ ਵਾਲੀ ਬਸਪਾ ਇਸ ਵਾਰ 2014 ਦੀਆਂ ਚੋਣਾਂ ਵਿੱਚ 1.9 ਫੀਸਦੀ ’ਤੇ ਪਿੱਠ ਪਰਨੇ ਆ ਡਿੱਗੀ ਹੈ। ਕਾਰਣ ਏਹਦੇ ਜਗ-ਜ਼ਾਹਿਰ ਨੇ। ਅਵਤਾਰ ਸਿੰਘ ਕਰੀਮਪੁਰੀ ਦੀਆਂ ਨੀਤੀਆਂ ਲੋਕਾਂ ਨੂੰ ਜੋੜਨ ਦੀਆਂ ਘੱਟ ਰਹੀਆਂ ਤੇ ਜਾਤੀ ਸਮੀਕਰਨਾਂ ਵਿੱਚ ਵੰਡ ਕੇ ਵੱਖ-ਵੱਖ ਵਿੰਗ ਬਣਾਉਣ ਵਾਲੀਆਂ ਵੱਧ ਰਹੀਆਂ। ਹੋਇਆ ਏਹਦੇ ਨਾਲ ਇਹ ਕਿ ਬਸਪਾ ਸਿਰਫ ਤੇ ਸਿਰਫ ਆਦਿ ਧਰਮੀਆਂ ਦੀ ਪਾਰਟੀ ਬਣ ਕੇ ਰਹਿ ਗਈ ਤੇ ਲੀਡਰ ਓਹੀ ਰਹਿ ਗਏ, ਜਿਹੜੇ ਕਰੀਮਪੁਰੀ ਦੇ ਪਿਛਲੱਗ ਸਨ। ਓਹਦੇ ਵਿਰੁੱਧ ਜਿਹਨੇ ਵੀ ਆਵਾਜ਼ ਚੁੱਕੀ, ਪਾਰਟੀ ’ਚੋਂ ਛਾਂਗਿਆ ਗਿਆ। ਫਿਰ ਬਸਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿੱਚ ਬਗਾਵਤ ਦੇਖਦਿਆਂ ਕਰੀਮਪੁਰੀ ਨੂੰ ਹਿਮਾਚਲ ਭੇਜ ਦਿੱਤਾ ਤੇ ਜਿਹੜੇ ਆਗੂਆਂ ਨੂੰ ਅਗਵਾਈ ਕਰਨ ਲਈ ਲਾਇਆ, ਉਹ ਕਰੀਮਪੁਰੀ ਦੇ ਚੱਕਰਵਿੳੂ ਨੂੰ ਪਾੜ ਨਾ ਪਾ ਸਕੇ। ਸਿਰਫ ਨਾਮ ਦੇ ਹੀ ਲੀਡਰ ਰਹੇ, ਨੀਤੀਆਂ ਤੇ ਚਾਲਾਂ ਕਰੀਮਪੁਰੀ ਦੀਆਂ ਕਾਰਗਰ ਰਹੀਆਂ। ਉਹ ਹਿਮਾਚਲ ਰਹਿ ਕੇ ਵੀ ਪੰਜਾਬ ਦੀ ਸਿਆਸਤ ਦਾ ਝੰਡਾਬਰਦਾਰ ਰਿਹਾ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਪ੍ਰਕਾਸ਼ ਜੰਡਾਲੀ ਵਰਗੇ ਪ੍ਰਧਾਨਾਂ ਨੂੰ ਸਿਰਫ ਨਾਮ ਦੇ ਹੀ ਪ੍ਰਧਾਨ ਕਿਹਾ ਜਾ ਸਕਦਾ ਹੈ। ਉਹ ਇਮਾਨਦਾਰ ਲੋਕ ਨੇ, ਪਾਰਟੀ ਦਾ ਭਲਾ ਚਾਹੁਣ ਵਾਲੇ ਪਰ ਜੇ ਪਾਰਟੀ ਦੇ ਚੱਕਰਵਿੳੂ ਵਿੱਚ ਆਪਣਾ ਪੈਰ ਧਰ ਸਕਣਗੇ, ਤਾਂ ਹੀ ਕੋਈ ਸਿੱਟੇ ਕੱਢ ਸਕਣਗੇ। ਹਵਾ ’ਚ ਡਾਂਗਾਂ ਮਾਰ ਕੇ ਤਾਂ ਨਤੀਜੇ ਆਉਣੇ ਨਹੀਂ। ਲਿਹਾਜ਼ਾ ਹੋਇਆ ਕੀ ਕਿ ਜਿਸ ਜਲੰਧਰ ਲੋਕ ਸਭਾ ਹਲਕੇ ਤੋਂ ਪਿਛਲੀ ਵਾਰ ਬਸਪਾ ਉਮੀਦਵਾਰ ਸੁਰਜੀਤ ਸਿੰਘ 93000 ਵੋਟਾਂ ਲੈ ਗਿਆ ਸੀ, ਓਥੇ ਇਸ ਵਾਰ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਨੂੰ ਸਿਰਫ਼ 46,914 ਵੋਟਾਂ ਹੀ ਮਿਲੀਆਂ ਤੇ ਉਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਹੁਸ਼ਿਆਰਪੁਰ ਦਾ ਹਲਕਾ ਜਿੱਥੋਂ ਕਦੇ ਬਾਬੂ ਕਾਂਸ਼ੀ ਰਾਮ ਨੇ ਇਸ ਲਹਿਰ ਨੂੰ ਸ਼ੁਰੂ ਕੀਤਾ ਸੀ, ਜਿਹੜੀ ਕਦੇ ਪੰਜਾਬ ਵਿੱਚੋਂ 6 ਮੈਂਬਰ ਪਾਰਲੀਮੈਂਟ ਬਣਾਉਣ ਵਿੱਚ ਕਾਮਯਾਬ ਹੋਈ ਸੀ, ਉਥੋਂ ਇਸ ਵਾਰ ਦੇ ਉਮੀਦਵਾਰ ਭਗਵਾਨ ਸਿੰਘ ਚੌਹਾਨ ਨੂੰ 40,497 ਵੋਟਾਂ ਹੀ ਮਿਲੀਆਂ। ਪਿਛਲੀ ਵਾਰ ਇੱਥੋਂ ਨੌਜਵਾਨ ਤੇ ਸੂਝਵਾਨ ਆਗੂ ਡਾ. ਸੁਖਵਿੰਦਰ ਸੁੱਖੀ ਨੇ ਬਸਪਾ ਵੱਲੋਂ ਚੋਣ ਲੜੀ ਸੀ ਤਾਂ ਉਹ ਇਕ ਲੱਖ ਤੋਂ ਵੱਧ ਵੋਟਾਂ ਲੈ ਗਏ ਸਨ।

ਇਕ ਮੋਟੀ ਨਜ਼ਰ ਮਾਰੀਏ ਤਾਂ ਪਿਛਲੇ ਸਮੇਂ ਵਿੱਚ ਜਿਹੜੀ ਬਸਪਾ ਪੰਜਾਬ ਵਿੱਚ ਤੀਸਰੇ ਨੰਬਰ ਦੀ ਪਾਰਟੀ ਸੀ, ਉਹ ਇਸ ਵਾਰ ਚੌਥੀ ਥਾਂ ’ਤੇ ਖ਼ਿਸਕ ਗਈ ਹੈ। ਚਾਰ ਲੋਕ ਸਭਾ ਹਲਕਿਆਂ ਵਿੱਚ ਤਾਂ ਇਹ ਪੰਜਵੀਂ ਥਾਂ ’ਤੇ ਤੇ ਦੋ ਲੋਕ ਸਭਾ ਹਲਕਿਆਂ ’ਚ ਇਹ ਛੇਵੀਂ ਥਾਂ ਤੱਕ ਧੱਕੀ ਗਈ ਹੈ। ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸੀਟ ਨੂੰ ਕੇ. ਐਸ. ਮੱਖਣ ਵਰਗੇ ਉਮੀਦਵਾਰ ਜਿੱਤੀ ਹੋਈ ਮੰਨ ਕੇ ਚੱਲ ਰਹੇ ਸਨ, ਇਸੇ ਕਾਰਣ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੀ ਰੈਲੀ ਵੀ ਇਸ ਹਲਕੇ ਵਿੱਚ ਕਰਵਾਈ ਗਈ, ਪਹਿਲਾਂ ਇਹ ਹਲਕਾ ਕਾਫ਼ੀ ਬਸਪਈ ਪ੍ਰਭਾਵ ਵਾਲਾ ਮੰਨਿਆ ਜਾਂਦਾ ਰਿਹਾ ਹੈ ਪਰ ਜੋ ਹੋਇਆ ਇੱਥੇ ਬਸਪਾ ਦੇ ਉਮੀਦਵਾਰ ਕੇ. ਐਸ. ਮੱਖਣ ਨਾਲ ਉਹ ਜੱਗੋ ਤੇਰਵਾਂ ਹੈ। ਇਕ ਗੱਲ ਹੋਰ ਕਿ ਬਸਪਾ ਜਿਹੜੀ 1992 ਦੀਆਂ ਵਿਧਾਨ ਸਭਾ ’ਚ ਪੰਜਾਬ ਵਿੱਚ 9 ਵਿਧਾਇਕ ਬਣਾ ਗਈ ਸੀ, 1997 ਦੀਆਂ ਚੋਣਾਂ ਵਿੱਚ ਇਹ ਗਿਣਤੀ ਖ਼ਿਸਕ ਕੇ 3 ’ਤੇ ਆ ਗਈ ਸੀ। ਵਰੇ 2002 ਦੀਆਂ ਚੋਣਾਂ ਵਿੱਚ ਇਹ ਸਿਫ਼ਰ ਹੋ ਗਏ ਤੇ ਓਹਦੇ ਤੋਂ ਬਾਅਦ 2012 ਤੱਕ ਇਕ ਵੀ ਸੀਟ ਜਿੱਤ ਨਹੀਂ ਸਕੇ। ਏਹਦੇ ਕਾਰਣ ਕੇਂਦਰੀ ਲੀਡਰਸ਼ਿਪ ਦੀਆਂ ਮਨਮਾਨੀਆਂ ਵੀ ਕਹੀਆਂ ਜਾ ਸਕਦੀਆਂ ਨੇ ਤੇ ਸੂਬਾਈ ਲੀਡਰਸ਼ਿਪ ਦੀਆਂ ਆਪਣਾ ਘਰ ਭਰ ਲੈਣ ਵਾਲੀਆਂ ਚਲਾਕੀਆਂ ਵੀ। ਪਾਰਟੀ ਸਫ਼ਾਂ ਵਿੱਚ ਜਾ ਕੇ ਵੀ ਜੇਕਰ ਇਨਾਂ ਲੀਡਰਾਂ ਬਾਰੇ ਕੋਈ ਚਰਚਾ ਸੁਣੀਦੀ ਹੈ ਤਾਂ ਉਹ ਸਿਰਫ ਇਹੀ ਹੈ ਕਿ ਜਿਵੇਂ ਕਹਿੰਦੇ ਨੇ ਕਿ ਸਾਡਾ ਬੁੜਾ ਕਮਲਾ ਹੋ ਗਿਆ ਹੈ, ਲੋਕਾਂ ਦੀਆਂ ਪੱਗਾਂ ਲਾਹ-ਲਾਹ ਆਪਣੇ ਘਰ ਨੂੰ ਲਿਆ ਰਿਹਾ ਹੈ।

ਪੰਜਾਬ ਦੇ ਜੋ ਤਾਜ਼ਾ ਹਾਲਾਤ ਹਨ, ਜਿਸ ਤਰਾਂ ਨਾਲ ਦਲਿਤ ਵੋਟ ਬੈਂਕ ਆਮ ਆਦਮੀ ਪਾਰਟੀ ਵੱਲ ਖ਼ਿਸਕਿਆ ਹੈ, ਬਹੁਤ ਕੁਝ ਹੋਣ-ਵਾਪਰਣ ਵੱਲ ਇਸ਼ਾਰਾ ਕਰ ਰਿਹਾ ਹੈ। ਬਸਪਾ ਦਾ ਇਸ ਤਰਾਂ ਡਿਗਣਾ ਕੋਈ ਬਹੁਤਾ ਦਲਿਤਾਂ ਦੇ ਹੱਕ ਦੀ ਗੱਲ ਨਹੀਂ ਹੈ। ਇਹ ਭਾਵੇਂ ਜਾਤ ਦੀ ਰਾਜਨੀਤੀ ਹੀ ਕਰਦੇ ਸਨ ਪਰ ਇਕ ਧਿਰ ਜ਼ਰੂਰ ਸੀ ਜੋ ਠਾਹਰ ਦਿੰਦੀ ਸੀ। ਹੁਣ ਇਹ ਧਿਰ ਪਸਤ ਹੋ ਗਈ ਹੈ। ਪਿਛਲੇ ਸਮੇਂ ਵਿੱਚ ਪੂਰੇ ਪੰਜਾਬ ’ਚ ਹੀ ਦਲਿਤਾਂ ਦੇ ਜੋ ਛੋਟੇ-ਛੋਟੇ ਗੁਟ ਸੰਸਥਾਵਾਂ ਦੇ ਰੂਪ ਵਿੱਚ ਕੰਮ ਕਰਦੇ ਦਿਖਾਈ ਦੇ ਰਹੇ ਸਨ, ਉਨਾਂ ਤੋਂ ਹੀ ਕਨਸੋਅ ਮਿਲ ਗਈ ਸੀ ਕਿ ਇਹ ਕੋਈ ਵੀ ਇਕ ਸਾਂਝਾ ਪਲੇਟਫਾਰਮ ਤਿਆਰ ਨਹੀਂ ਕਰ ਸਕਣਗੇ। ਬਸਪਾ ਵਿੱਚੋਂ ਹੀ ਨਰਾਜ਼ ਹੋਏ ਕਈ ਆਗੂਆਂ ਨੇ ਤਾਂ ਆਪਣੀਆਂ ਪੌਲੀਟੀਕਲ ਪਾਰਟੀਆਂ ਵੀ ਬਣਾ ਲਈਆਂ ਸਨ ਤੇ ਸੱਤਾਧਾਰੀ ਧਿਰ ਵੱਲੋਂ ਉਨਾਂ ਨੂੰ ਥਾਪੜਾ ਵੀ ਮਿਲ ਗਿਆ ਸੀ। ਹੁਣ ਜਿਵੇਂ ਕਿ 15 ਫੀਸਦੀ ਹਿੱਸਾ ਰੱਖਣ ਵਾਲੀ ਬਹੁਜਨ ਸਮਾਜ ਪਾਰਟੀ ਸਿਰਫ਼ 1.9 ਫੀਸਦੀ ਵੋਟ ਬੈਂਕ ਤੱਕ ਸੁੰਗੜ ਗਈ ਹੈ, ਉਹ ਵੀ ਆਪਣੇ ਪੱਕੇ-ਠੱਕੇ ਕੇਡਰ ਵੋਟਰਾਂ ਨਾਲ, ਤਾਂ ਇਸ ਦਾ ਮੁੜ ਉੱਠ ਸਕਣਾ ਸੰਭਵ ਨਹੀਂ ਲੱਗ ਰਿਹਾ। ਏਹਦੇ ਮੌਜੂਦਾ ਲੀਡਰਾਂ ਦੀ ਹਾਲਤ ਪਤਲੀ ਬਹੁਤ ਹੈ ਤੇ ਜਿਹੜੇ ਭਵਿੱਖੀ ਲੀਡਰ ਬਣਨ ਲਈ ਤਤਪਰ ਹਨ, ਉਹ ਸਥਾਨਕ ਪੱਧਰ ਉੱਪਰ ਏਨੇ ਨਿਘਾਰ ਦੇ ਸ਼ਿਕਾਰ ਹਨ ਕਿ ਲੋਕਾਂ ਨੇ ਉਨਾਂ ਨੂੰ ਹੁਣ ਬਹੁਤਾ ਮੂੰਹ ਨਹੀਂ ਲਾਉਣਾ। ਹੋਰਨਾਂ ਕਾਰਨਾਂ ਦੇ ਨਾਲ-ਨਾਲ ਅਸੀਂ ਪੰਜਾਬ ਦੇ ਪਿਛਲੇ 10 ਵਰਿਆਂ ਦੇ ਬਸਪਾ ਦੀ ਕਾਰਗੁਜ਼ਾਰੀ ਦੇ ਇਤਿਹਾਸ ’ਤੇ ਹੀ ਨਿਗਾ ਮਾਰ ਲਈਏ ਤਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਸਾਰਥਕ ਪਹੁੰਚ ਵਾਲਾ ਸੰਘਰਸ਼ ਇਨਾਂ ਨੇ ਛੇੜਿਆ ਹੋਵੇ ਤੇ ਜਿੱਤਿਆ ਹੋਵੇ। ਦਲਿਤਾਂ ਦੀ ਸਿੱਖਿਆ ਨੂੰ ਲੈ ਕੇ ਸਮਾਜਿਕ ਜਥੇਬੰਦੀਆਂ ਨੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਵਾਲਾ ਬੀੜਾ ਚੁੱਕਿਆ ਤਾਂ ਸਭ ਤੋਂ ਵੱਧ ਵਿਰੋਧ ਕਰਨ ਵਾਲੇ ਬਸਪਈ ਲੀਡਰ ਹੀ ਸਨ। ਸਾਰੇ ਵਿਦਿਆਰਥੀ ਵੀ ਉਦੋਂ ਚਕਿਤ ਰਹਿ ਗਏ ਸਨ ਕਿ ਇਹ ਆਗੂ ਉਨਾਂ ਨੂੰ ਕਿਉ ਸ਼ਸ਼ੋਪੰਜ ਵਿੱਚ ਪਾ ਰਹੇ ਹਨ। ਦਲਿਤਾਂ ਦੀ ਸਿਹਤ ਦਾ ਇਨਾਂ ਨੂੰ ਕਦੇ ਧਿਆਨ ਨਹੀਂ ਆਇਆ। ਆਏ ਦਿਨ ਪੰਜਾਬ ਵਿੱਚ ਜੋ ਉਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ, ਬਸਪਾ ਕਦੇ ਓਹਦੀ ਆਵਾਜ਼ ਨਹੀਂ ਬਣੀ। ਇਸ ਲਈ ਪੰਜਾਬੀਆਂ ਵਿੱਚੋਂ ਉਹ ਕਿਹੜੀ ਹਮਾਇਤ ਦੀ ਉਮੀਦ ਕਰ ਸਕਦੇ ਹਨ। ਸਾਨੂੰ ਭਵਿੱਖ ਵਿੱਚ ਬਸਪਾ ਦੀ ਬਹੁਤ ਮਾੜੀ ਤਸਵੀਰ ਨਜ਼ਰ ਆ ਰਹੀ ਹੈ।

ਅਸੀਂ ਬਹੁਜਨ ਸਮਾਜ ਪਾਰਟੀ ਬਾਰੇ ਆਪਣਾ ਇਹ ਸੰਪਾਦਕੀ ਨੋਟ ਇਸ ਕਰਕੇ ਲਿਖਿਆ ਹੈ, ਕਿਉਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਪਾਰਟੀ ਕਿਤੇ ਡੂੰਘੇ ਖੂਹ ਵਿੱਚ ਡਿੱਗਦੀ ਹੈ ਤਾਂ ਇਸ ਵੋਟ ਬੈਂਕ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਉੱਡਣਗੀਆਂ ਅਤੇ ਬਹੁਤ ਸਾਰੀਆਂ ਰਣਨੀਤੀਆਂ ਵੀ ਜਨਮ ਲੈਣਗੀਆਂ। ਫਿਰ ਪਾਰਟੀਆਂ ਦੀ ਭੂਮਿਕਾ ਵੀ ਬਦਲੇਗੀ ਅਤੇ ਨੀਤੀਆਂ ਵੀ। ਇਸ ਸਾਰੇ ਨੇ ਪੰਜਾਬ ਦੇ ਸਮੁੱਚੇ ਸਮਾਜਿਕ/ਰਾਜਨੀਤਿਕ ਮਾਹੌਲ ਨੂੰ ਪ੍ਰਭਾਵਿਤ ਵੀ ਕਰਨਾ ਹੈ। ਇਸ ਲਈ ਭਵਿੱਖ ਵਿੱਚ ਜੋ ਦਲਿਤ ਭਾਈਚਾਰੇ ਦੇ ਬਦਲਦੇ ਹਾਲਾਤ ਨਾਲ ਸਮਾਂ ਬਦਲਣ ਵਾਲਾ ਹੈ, ਸਮਾਜ ਬਦਲਣ ਵਾਲਾ ਹੈ, ਰਾਜਨੀਤੀ ਬਦਲਣ ਵਾਲੀ ਹੈ, ਆਰਥਿਕਤਾ ਉੱਤੇ ਪ੍ਰਭਾਵ ਪੈਣ ਵਾਲੇ ਹਨ, ਉਸਦੇ ਮੱਦੇਨਜ਼ਰ ਇਹ ਵਿਚਾਰ ਕਰਨੀ ਬਹੁਤ ਹੀ ਜ਼ਰੂਰੀ ਹੋ ਗਈ ਹੈ। ਇਸ ਲੀ ਅਸੀਂ ਦੇਖ ਰਹੇ ਹਾਂ ਕਿ ਇੱਕ ਨਵਾਂ ਪੰਜਾਬ ਹੋਂਦ ਵਿੱਚ ਆਉਣ ਵਾਲਾ ਹੈ ਤੇ ਅਗਲੀ ਪੀੜੀ ਹਰ ਹੀਲੇ ਨਵੇਂ ਪੰਜਾਬ ਦੀ ਪੈਦਾਇਸ਼ ਲਈ ਯੋਗਦਾਨ ਪਾ ਰਹੀ ਹੈ। ਪਰੰਤੂ ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਇਹ ਨਵਾਂ ਪੰਜਾਬ ਕ੍ਰਾਂਤੀਕਾਰੀ ਹੋਵੇਗਾ ਜਾਂ ਪ੍ਰਤੀਖਰਾਂਤੀ ਦਾ ਲਿਖਾਇਕ ਇਹ ਨਹੀਂ ਕਿਹਾ ਜਾ ਸਕਦਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਸਪਾ ਦਾ ਬੇੜਾ ਗਰਕ