ਬਾਬਾ ਰਾਮਦੇਵ ਵੱਲੋਂ ਸੰਤ ਸੀਚੇਵਾਲ ਨੂੰ ਦੇਸ਼ ਦੀਆਂ ਨਦੀਆਂ ਦੀ ਕਾਰ ਸੇਵਾ ਕਰਨ ਦੀ ਅਪੀਲ

ਸੁਲਤਾਨਪੁਰ ਲੋਧੀ, 1 ਜਨਵਰੀ (ਪਪ) : ਯੋਗ ਗੁਰੁ ਬਾਬਾ ਰਾਮ ਦੇਵ ਨੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਕਿ ਉਹ ਗੰਗਾ-ਯਮਨਾ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅੱਗੇ ਆਉਣ। ਬਾਬਾ ਰਾਮ ਦੇਵ ਅੱਜ ਉਚੇਚੇ ਤੌਰ ‘ਤੇ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਸੰਤ ਸੀਚੇਵਾਲ ਜੀ ਨੂੰ ਮਿਲਣ ਆਏ ਸਨ।ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕੀਤੀ ਕਾਰ ਸੇਵਾ ਦੀ ਪ੍ਰਸੰਸਾ ਕਰਦਿਆ ਬਾਬਾ ਰਾਮ ਦੇਵ ਨੇ ਕਿਹਾ ਕਿ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਨੂੰ ਸਾਫ ਰੱਖਣਾ ਇੱਕ ਬੜਾ ਵੱਡਾ ਕਾਰਜ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਧ੍ਰੋਹਰ ਨੂੰ ਸੰਭਾਲੀ ਰੱਖਣਾ ਆਉਣ ਵਾਲੀਆਂ ਪੀੜੀਆਂ ਲਈ ਇੱਕ ਪ੍ਰੇਰਨਾਦਾਇਕ ਹੈ। ਬਾਬਾ ਰਾਮ ਦੇਵ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆ ਹੀ ਨਦੀਆਂ ਗੰਦੀਆਂ ਹੋ ਚੁੱਕੀਆ ਹਨ। ਉਨ੍ਹਾਂ ਕਿਹਾ ਕਿ ਨਦੀਆ ਕੁਦਰਤੀ ਦੀ ਦੇਣ ਹੁੰਦੀਆਂ ਹਨ ਇੰਨ੍ਹਾਂ ਨੂੰ ਸੰਭਾਲਣਾ ਸਾਡਿਆ ਸਾਰਿਆ ਦਾ ਫਰਜ਼ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ ‘ਚ ਅਜਿਹੇ ਮੌਕੇ ਆਉਣਗੇ ਜਦੋਂ ਸੰਤ ਸੀਚੇਵਾਲ ਜੀ ਨੂੰ ਦੇਸ਼ ਦੀਆਂ ਨਦੀਆਂ ਲਈ ਕੰਮ ਕਰਨਾ ਪਵੇਗਾ।

ਇਸ ਤੋਂ ਪਹਿਲਾ ਸੰਤ ਸੀਚੇਵਾਲ ਨੇ ਬਾਬਾ ਰਾਮ ਦੇਵ ਜੀ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਵਿੱਤਰ ਕਾਲੀ ਵੇਈਂ ‘ਚ ਮੋਟਰ ਬੋਟ ‘ਤੇ ਸੈਰ ਵੀ ਕਰਵਾਈ।ਸੰਤ ਸੀਚੇਵਾਲ ਨੇ ਪਵਿੱਤਰ ਨਦੀ ਦਾ ਟੀ.ਡੀ.ਐਸ ਵੀ ਦਿਖਾਇਆ ਜਿਹੜਾ ਕਿ 161 ਸੀ ਜਦ ਕਿ ਮੋਟਰ ਦੇ ਪਾਣੀ ਦਾ ਟੀ.ਡੀ.ਐਸ 412 ਦੇ ਕਰੀਬ ਸੀ।ਸੰਤ ਸੀਚੇਵਾਲ ਨੇ ਬਾਬਾ ਰਾਮ ਦੇਵ ਜੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਮਾਂਤਰੀ ਪੱਧਰ ਦੇ ਅਨਾਜ ਵਿਸ਼ਲੇਸ਼ਕ ਦਵਿੰਦਰ ਸ਼ਰਮਾ, ਸੰਤ ਸੁਖਜੀਤ ਸਿੰਘ, ਸੰਤ ਦਵਿੰਦਰ ਸਿੰਘ, ਡਾ ਜਗਮੀਤ ਬਾਵਾ, ਗੁਰਵਿੰਦਰ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸ਼ੰਟੀ, ਪੰਕਜ ਗੌਤਮ, ਸੋਹਣ ਸਿੰਘ ਸ਼ਾਹ,ਅਮਰੀਕ ਸਿੰਘ ਸੰਧੂ ਅਤੇ ਹੋਰ ਮੋਹਤਬਰ ਸੱਜਣ ਵੀ ਹਾਜ਼ਰ ਸਨ। ਮੱਸਿਆ ਅਤੇ ਨਵੇਂ ਸਾਲ ਦੀ ਖੁਸ਼ੀ ‘ਚ ਨਿਰਮਲ ਕੁਟੀਆ ਵਿਖੇ ਸ੍ਰੀ ਆਖੰਡਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ। ਜਿਸ ਵਿੱਚ ਵੱਖ ਵੱਖ ਕੀਰਤਨੀਏ ਜਥਿਆਂ ਵੱਲੋਂ ਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਸੀਚੇਵਾਲ ਜੀ ਵੱਲੋਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੇ ਆਗਮਨ ਦੀਆਂ ਵਧਾਈਆਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)