ਸ੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਵੱਲੋਂ ਬਾਜਵਾ ਅਤੇ ਭੋਲਾ ਦੇ ਫੂਕੇ ਪੁਤਲੇ


ਮੋਗਾ 15 ਜਨਵਰੀ: (ਸਵਰਨ ਗੁਲਾਟੀ) : ਸ੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਵੱਲੋਂ ਜ਼ਿਲਾ ਪ੍ਰਧਾਨ ਸ. ਤੀਰਥ ਸਿੰਘ ਮਾਹਲਾ, ਐਮ.ਐਲ.ਏ ਮੋਗਾ ਸ੍ਰੀ ਜੋਗਿੰਦਰਪਾਲ ਜੈਨ, ਐਮ.ਐਲ.ਏ ਬਾਘਾਪੁਰਾਣਾ ਸ. ਮਹੇਸ਼ਇੰਦਰ ਸਿੰਘ ਅਤੇ ਐਮ.ਐਲ.ਏ ਨਿਹਾਲ ਸਿੰਘ ਵਾਲਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਡਰੱਗ ਤਸਕਰ ਜਗਦੀਸ਼ ਸਿੰਘ ਭੋਲਾ ਦੇ ਪੁਤਲੇ ਫ਼ੂਕੇ ਗਏ ਅਤੇ ਮੋਗਾ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਰੋਸ ਰੈਲੀ ਕੱਢੀ ਗਈ।

ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਕਾਂਗਰਸ ਦੀ ਡੁੱਬ ਚੁੱਕੀ ਬੇੜੀ ਅਤੇ ਆਪਣੀ ਲੜ-ਖੜਾਉਂਦੀ ਪ੍ਰਧਾਨਗੀ ਨੂੰ ਬਚਾਉਣ ਲਈ ਅੰਤਰ-ਰਾਸ਼ਟਰੀ ਡਰੱਗ ਤਸਕਰ ਜਗਦੀਸ਼ ਭੋਲਾ ਨਾਲ ਸਾਂਢ-ਗਾਂਢ ਕਰਕੇ ਪੰਜਾਬ ਸਰਕਾਰ ਦੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਿਰੁੱਧ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਲੋਕਾਂ ‘ਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਲੋਕ ਕਾਂਗਰਸ ਦੀਆਂ ਚਾਲਾਂ ਤੋਂ ਭਲੀ-ਭਾਂਤ ਜਾਣੂ ਹੋ ਚੁੱਕੇ ਹਨ। ਇਹਨਾਂ ਆਗੂਆਂ ਨੇ ਕਿਹਾ ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਸ. ਮਜੀਠੀਆ ਵੱਲੋਂ ਸ. ਬਾਜਵਾ ਦੇ ਸ਼ਾਮਲਾਟ ਘੁਟਾਲੇ ਨੂੰ ਸ਼ਰੇਆਮ ਨੰਗਾ ਕੀਤਾ ਸੀ, ਜਿਸ ਦਾ ਕਾਂਗਰਸ ਪਾਰਟੀ ਅਤੇ ਖੁਦ ਬਾਜਵਾ ਕੋਲ ਕੋਈ ਜਵਾਬ ਨਹੀਂ ਹੈ। ਇਸ ਕਾਰਨ ਕਰਕੇ ਹੀ ਸ. ਬਾਜਵਾ, ਜਗਦੀਸ਼ ਭੋਲੇ ਵਰਗੇ ਨਸ਼ਾ ਤਸਕਰਾਂ ਰਾਹੀਂ ਉਹਨਾਂ ‘ਤੇ ਝੂਠੇ ਅਤੇ ਬੇ-ਬੁਨਿਆਦ ਦੋਸ਼ ਲਗਵਾ ਰਹੇ ਹਨ।

ਇਹਨਾਂ ਨੇਤਾਵਾਂ ਨੇ ਇੱਕ-ਸੁਰ ਹੁੰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਨਾਉਣ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਕਿ ਉਹ ਕਿੱਡੇ ਵੀ ਵੱਡੇ ਰੁਤਬੇ ਜਾਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਉਹਨਾਂ ਕਿਹਾ ਕਿ ਸ. ਬਾਜਵਾ ਵਿੰਗੇ-ਟੇਢੇ ਢੰਗ ਨਾਲ ਨਸ਼ਾ ਤਸ਼ਕਰਾਂ ਦੀ ਮੱਦਦ ਇਹ ਕਹਿ ਕੇ ਕਰ ਰਿਹਾ ਹੈ ਕਿ ਸਹੀ ਚੱਲ ਰਹੀ ਜਾਂਚ ਨੂੰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾ ਸਕੇ ਅਤੇ ਚੱਲ ਰਹੀ ਇਸ ਜਾਂਚ ਦਾ ਕੰਮ ਲਮਕ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਜਾਪਦਾ ਹੈ ਕਿ ਅਜਿਹਾ ਕਰਕੇ ਸ. ਬਾਜਵਾ ਨਸ਼ਾ ਤਸਕਰ ਜਗਦੀਸ਼ ਭੋਲੇ ਨਾਲ ਆਪਣੀ ਪੁਰਾਣੀ ਮਿੱਤਰਤਾ ਨਿਭਾਅ ਰਹੇ ਹਨ। ਉਹਨਾਂ ਕਿਹਾ ਕਿ ਸਾਲ 2001 ਵਿੱਚ ਅਕਾਲੀ ਸਰਕਾਰ ਮੌਕੇ ਜਗਦੀਸ਼ ਭੋਲੇ ਨੂੰ ਭੁੱਕੀ ਤਸਕਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸਾਲ 2002 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਭੋਲੇ ਦੇ ਕੇਸ ਨੂੰ ਖੁਰਦ-ਬੁਰਦ ਕਰਕੇ ਉਸ ਨੂੰ ਰਿਹਾਅ ਕੀਤਾ ਗਿਆ ਅਤੇ ਉਸ ਵੇਲੇ ਸ. ਬਾਜਵਾ ਰਾਜ ਵਿੱਚ ਲੋਕ ਸੰਪਰਕ ਮੰਤਰੀ ਦੇ ਅਹੁਦੇ ‘ਤੇ ਸਨ ਅਤੇ ਸ੍ਰ. ਬਾਜਵਾ ਦੀ ਭੋਲੇ ਦੀ ਰਿਹਾਈ ਸਬੰਧੀ ਨਿਭਾਈ ਗਈ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਸ ਮੌਕੇ ‘ਤੇ ਸ੍ਰੋਮਣੀ ਅਕਾਲੀ ਦਲ ਦੇ ਹਾਜ਼ਰ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਪ੍ਰਣ ਲਿਆ ਗਿਆ ਕਿ ਸਾਡੀ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਜਾਰੀ ਰਹੇਗੀ, ਜਿਸ ਨੂੰ ਬਾਜਵਾ ਵਰਗੇ ਵਿਅਕਤੀ ਰੋਕ ਨਹੀਂ ਸਕਦੇ। ਉਹਨਾਂ ਕਿਹਾ ਕਿ ਸਾਨੂੰ ਇਸ ਵਚਨਬੱਧਤਾ ਤੋਂ ਕੋਈ ਨਹੀਂ ਰੋਕ ਸਕਦਾ। ਉਹਨਾਂ ਕਿਹਾ ਕਿ ਉਹ ਡਰੱਗ ਮਾਫ਼ੀਆ ਦੇ ਰਾਜਸੀ ਗੁਰੂਆਂ ਨੂੰ ਨਹੀਂ ਬਲਕਿ ਇਸ ਰਾਜ ਦੇ ਲੱਖਾਂ ਲੋਕਾਂ, ਬੱਚਿਆਂ ਅਤੇ ਉਹਨਾਂ ਦੇ ਮਾਂ-ਬਾਪ ਨੂੰ ਜਵਾਬਦੇਹ ਹਨ। ਉਹਨਾਂ ਕਿਹਾ ਕਿ ਉਹ ਭਲੀ-ਭਾਂਤ ਜਾਣਦੇ ਹਨ ਕਿ ਨਸ਼ੇ ਕਿਸ ਤਰ੍ਹਾਂ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ, ਪਰੰਤੂ ਬਾਜਵਾ ਨਸ਼ਾ ਤਸਕਰਾਂ ਨਾਲ ਇੱਕ-ਮਿੱਕ ਹੋ ਕੇ ਪੰਜਾਬ ਦੀ ਜਵਾਨੀ ਨੂੰ ਰੋਲਣ ‘ਤੇ ਤੁਲਿਆ ਹੋਇਆ ਹੈ।

ਇਸ ਮੌਕੇ ‘ਤੇ ਸ. ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਰਾਜ ਵਿੱਚ ਕੀਤਾ ਜਾ ਰਿਹਾ ਰਿਕਾਰਡ-ਤੋੜ ਵਿਕਾਸ ਸ. ਬਾਜਵਾ ਵਰਗੇ ਕਾਂਗਰਸੀ ਨੇਤਾਵਾਂ ਨੂੰ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਇਸ ਗਠਜੋੜ ਦੀ ਦਿਨ-ਬਦਿਨ ਵਧ ਰਹੀ ਹਰਮਨ-ਪਿਆਰਤਾ ਤੋਂ ਖਫ਼ਾ ਹੋ ਕੇ ਦੂਸ਼ਣਬਾਜ਼ੀ ‘ਤੇ ਉੱਤਰ ਆਏ ਹਨ। ਉਹਨਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਆਪਣੀ ਹਾਰ ਸ਼ਪੱਸ਼ਟ ਦਿਖਾਈ ਦੇ ਰਹੀ ਹੈ, ਜਿਸ ਕਾਰਣ ਉਹਨਾਂ ਵਿੱਚ ਖਲਬਲੀ ਮੱਚੀ ਹੋਈ ਹੈ।

ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ, ਕੌਮੀ ਜਨਰਲ ਸਕੱਤਰ ਰਾਜਵੰਤ ਸਿੰਘ ਮਾਹਲਾ, ਜੱਥੇਦਾਰ ਤੋਤਾ ਸਿੰਘ ਦੇ ਪੀ.ਏ ਗੁਰਮਿੰਦਰ ਸਿੰਘ ਬਬਲੂ, ਗੁਰਲਾਭ ਸਿੰਘ ਝੰਡੇਆਣਾ, ਰੇਸ਼ਮ ਸਿੰਘ, ਗੁਰਮੇਲ ਸਿੰਘ ਸੰਗਤਪੁਰਾ, ਸੁਖਹਰਪ੍ਰੀਤ ਸਿੰਘ ਰੋਡ, ਜਗਤਾਰ ਸਿੰਘ ਰੋਡੇ (ਸਾਰੇ ਮੈਐਸ.ਜੀ.ਪੀ.ਜੀ), ਵਿੱਕੀ ਰਾਜਪੂਤ, ਦਵਿੰਦਰ ਸਿੰਘ ਤਿਵਾੜੀ, ਜਗਰੂਪ ਸਿੰਘ ਤਖਤੂਪੁਰਾ, ਜਸਵਿੰਦਰ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਸਿੱਧੂ, ਕਰਨਲ ਦਰਸ਼ਨ ਸਿੰਘ, ਪ੍ਰੇਮ ਚੰਦ ਐਮ.ਸੀ, ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ, ਬਲਵਿੰਦਰ ਜ਼ੈਲਦਾਰ, ਅਮਰਜੀਤ ਲੰਢੇ ਕੇ, ਗੁਰਵਿੰਦ ਸਿੰਘ ਸਿੰਘਾਂਵਾਲਾ, ਬੂਟਾ ਸਿੰਘ ਦੌਲਤਪੁਰਾ, ਬੂਟਾ ਸਿੰਘ ਸ਼ੋਸਨ, ਚਰਨਜੀਤ ਸਿੰਘ ਝੰਡੇਆਣਾ, ਬਲਦੇਵ ਸਿੰਘ ਘੱਲ ਕਲਾਂ, ਸੁਖਦੇਵ ਸਿੰਘ ਖੋਸਾ, ਕੁਲਦੀਪ ਸਿੰਘ ਜੋਗੇਵਾਲਾ, ਗੁਰਨੈਬ ਸੰਧੂ, ਹਰਭੁਪਿੰਦਰ ਲਾਡੀ, ਵਿਜੇ ਧੀਰ, ਪਵਨ ਢੰਡ ਬਾਘਾਪੁਰਾਣਾ, ਰਵਦੀਪ ਸਰਪੰਚ ਦਾਰਾਪੁਰ, ਹਰਬੰਸ ਜੌਹਲ, ਮੇਜਰ ਸਿੰਘ ਸਰਪੰਚ ਖੋਸਾ ਪਾਂਡੋ ਅਤੇ ਤਰਸੇਮ ਸਰਪੰਚ ਬਘੇਲੇਵਾਲਾ ਆਦਿ ਹਾਜ਼ਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਵੱਲੋਂ ਬਾਜਵਾ ਅਤੇ ਭੋਲਾ ਦੇ ਫੂਕੇ ਪੁਤਲੇ