ਬਰਾੜ ’ਤੇ ਹਮਲੇ ਲਈ ਤਿੰਨ ਸਿੱਖ ਦੋਸ਼ੀ ਕਰਾਰ, ਸਜ਼ਾ ਬਾਰੇ ਫੈਸਲਾ ਸਤੰਬਰ ’ਚ

ਲੰਡਨ, 31 ਜੁਲਾਈ (ਏਜੰਸੀ) : ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ’ਤੇ ਹਮਲਾ ਕਰਨ ਵਾਲੇ ਤਿੰਨ ਸਿੱਖਾਂ ਨੂੰ ਬਰਤਾਨੀਆ ਦੀ ਸਾਊਥਵਾਰਕ ਕਰਾਊਨ ਕੋਰਟ (ਸੀਪੀਐਸ) ਨੇ ਅੱਜ ਦੋਸ਼ੀ ਕਰਾਰ ਦੇ ਦਿੱਤਾ। ਜਨਰਲ ਬਰਾੜ ਨੇ ਅਪਰੇਸ਼ਨ ਨੀਲਾ ਤਾਰਾ ਦੌਰਾ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ। ਉਨ੍ਹਾਂ ’ਤੇ ਪਿਛਲੇ ਸਾਲ ਸਤੰਬਰ ਮਹੀਨੇ ਲੰਡਨ ਦੀ ਔਕਸਫੋਰਡ ਸਟਰੀਟ ਵਿੱਚ ਹਮਲਾ ਕੀਤਾ ਗਿਆ ਸੀ। ਅਦਾਲਤ ਨੇ ਇਸ ਘਾਤਕ ਹਮਲੇ ਦੇ ਦੋਸ਼ ਵਿੱਚ ਮਨਦੀਪ ਸੰਧੂ, ਦਿਲਬਾਗ ਸਿੰਘ ਅਤੇ ਹਰਜੀਤ ਕੌਰ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਕੇਸ ਵਿੱਚ ਇਕ ਹੋਰ ਮੁਲਜ਼ਮ ਬਰਜਿੰਦਰ ਸਿੰਘ ਸੰਘਾ ਪਹਿਲਾਂ ਹੀ ਦੋਸ਼ ਕਬੂਲ ਕਰ ਚੁੱਕਾ ਹੈ।

ਉਸ ਨੂੰ ਵੀ ਬਾਕੀ ਤਿੰਨਾਂ ਦੋਸ਼ੀਆਂ ਦੇ ਨਾਲ ਅਦਾਲਤ ਵੱਲੋਂ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ। ਸਜ਼ਾ ਲਈ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸੀਪੀਐਸ (ਬਰਤਾਨਵੀ ਸਰਕਾਰ ਦੀ ਮੁਕੱਦਮੇ ਲੜਨ ਵਾਲੀ ਸੇਵਾ) ਦੇ ਤਰਜਮਾਨ ਮਾਰੀ ਰੀਡ ਨੇ ਅਦਾਲਤੀ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘‘ਜਨਰਲ ਬਰਾੜ ਉਤੇ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਕੀਤਾ ਗਿਆ ਹਿੰਸਕ ਹਮਲਾ ਜਾਨਲੇਵਾ ਸੀ। ਇਹ ਹਮਲਾ ਮਿੱਥ ਕੇ ਕੀਤਾ ਗਿਆ। ਬਰਾੜ ਜੋੜੇ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਸੰਧੂ ਤੇ ਦਿਲਬਾਗ ਸਿੰਘ ਨੇ 78 ਸਾਲਾ ਬਰਾੜ ਨੂੰ ਢਾਹ ਲਿਆ ਅਤੇ ਸੰਘਾ ਨੇ ਉਨ੍ਹਾਂ ਦੀ ਗਰਦਨ ’ਤੇ ਚਾਕੂ ਨਾਲ ਵਾਰ ਕੀਤਾ।