ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ : ਡਾ.ਨਾਜ਼ਰ ਸਿੰਘ


ਜ਼ਿਲ੍ਹੇ ਦੇ ਪਿੰਡ ਚੁਗਾਵਾਂ ਨਿਵਾਸੀ ਕਰਨਲ ਪਰਮਜੀਤ ਸਿੰਘ ਗਿੱਲ (ਰਿਟਾ:) ਬੱਕਰੀਆਂ ਪਾਲਣ ਦੇ ਧੰਦੇ ‘ਚ ਸਮਾਜ ਲਈ ਰੋਲ ਮਾਡਲ

ਮੋਗਾ, 1 ਅਗਸਤ (ਸਵਰਨ ਗੁਲਾਟੀ) : ਪੰਜਾਬ ਸਰਕਾਰ ਵੱਲੋਂ ਜਿੱਥੇ ਫ਼ਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਵੀ ਗੰਭੀਰ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿੰਨਾਂ ਦਾ ਲਾਹਾ ਲੈ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਕੇ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਨਾਜ਼ਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਕਰੀ ਪਾਲਣ ਦਾ ਕਿੱਤਾ ਅਪਨਾਉਣ ਲਈ ਕਿਸਾਨ ਨੂੰ ਵਿਭਾਗ ਰਾਹੀਂ 19 ਬੱਕਰੀਆਂ ਅਤੇ 2 ਬੱਕਰਿਆਂ ਲਈ 3 ਲੱਖ ਰੁਪਏ ਦਾ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾਂਦਾ ਹੈ, ਜਿਸ ਵਿੱਚੋਂ 85 ਹਜ਼ਾਰ ਰੁਪਏ ਦੀ ਸਬ-ਸਿਡੀ ਦਿੱਤੀ ਜਾਂਦੀ ਹੈ।

ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ‘ਚ ਰਾਸਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਤਹਿਤ ਲਗਭੱਗ 20 ਗੋਟ ਫ਼ਾਰਮ ਖੋਲ੍ਹੇ ਜਾ ਚੁੱਕੇ ਹਨ। ਡਾ: ਨਾਜ਼ਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਚੁਗਾਵਾਂ ਦੇ ਨਿਵਾਸੀ ਕਰਨਲ ਪਰਮਜੀਤ ਸਿੰਘ ਗਿੱਲ (ਰਿਟਾ:) ਬੱਕਰੀਆਂ ਪਾਲਣ ਦੇ ਧੰਦੇ ‘ਚ ਸਮਾਜ ਲਈ ਇੱਕ ਰੋਲ ਮਾਡਲ ਬਣ ਚੁੱਕੇ ਹਨ ਅਤੇ ਅੱਜ ਦੀ ਪੀੜ੍ਹੀ ਨੂੰ ਬੱਕਰੀਆਂ ਦੇ ਫ਼ਾਰਮ ਵੱਲ ਉਤਸ਼ਾਹਿਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਰਨਲ ਪਰਮਜੀਤ ਸਿੰਘ ਨੇ ਬੱਕਰੀ ਪਾਲਣ ਦੇ ਧੰਦੇ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਪ੍ਰਾਪਤ ਕੀਤੇ ਬਗੈਰ ਨਵੰਬਰ 2010 ‘ਚ ਰਿਟਾਇਰ ਹੋਣ ਉਪਰੰਤ ਬੱਕਰੀ ਪਾਲਣ ਦਾ ਫ਼ਾਰਮ ਸਟਾਲ ਸਿਸਟਮ ਵਿੱਚ ਸ਼ੁਰੂ ਕੀਤਾ। ਇਹਨਾਂ ਨੂੰ ਬੱਕਰੀ ਪਾਲਣ ਦਾ ਫ਼ਾਰਮ ਚਲਾਉਂਦਿਆਂ ਦੇਖ ਕੇ ਹੋਰ ਕਿਸਾਨਾਂ ਵੱਲੋਂ 12-15 ਛੋਟੇ ਪੱਧਰ ਦੇ ਬੱਕਰੀ ਫ਼ਾਰਮ ਖੋਲ੍ਹੇ ਜਾ ਚੁੱਕੇ ਹਨ। ਇਸ ਵੇਲੇ ਕਰਨਲ ਪਰਮਜੀਤ ਸਿੰਘ ਗਿੱਲ ਗੋਟ ਫ਼ਾਰਮਰਜ਼ ਐਸ਼ੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਵੀ ਹਨ।

ਡਾ: ਨਾਜ਼ਰ ਸਿੰਘ ਨੇ ਅੱਗੇ ਦੱਿਸਆ ਕਿ ਜਿੱਥੇ ਗਾਵਾਂ ਤੇ ਮੱਝਾਂ ਦੇ ਮੁਕਾਬਲੇ ਬੱਕਰੀਆਂ ਦੀ ਦੇਖ-ਭਾਲ ਦਾ ਖਰਚਾ ਘੱਟ ਹੈ ਅਤੇ ਬੱਕਰੀ ਫ਼ਾਰਮ ਤੋਂ ਆਮਦਨ ਜ਼ਿਆਦਾ ਤੇ ਨਿਯਮਿਤ ਹੁੰਦੀ ਹੈ, ਉੱਥੇ ਬੱਕਰੀਆਂ ਦਾ ਦੁੱਧ ਬਹੁਤ ਬਿਮਾਰੀਆਂ ਦੇ ਇਲਾਜ ਲਈ ਵਰਤੋਂ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਬੱਕਰੀ ਫ਼ਾਰਮ ਵਾਲੇ ਖੇਤ ‘ਚ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ। ਇਸ ਲਈ ਕਿਸਾਨਾਂ ਨੂੰ ਬੱਕਰੀ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ।

 


Like it? Share with your friends!

0

ਪੰਜਾਬ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ : ਡਾ.ਨਾਜ਼ਰ ਸਿੰਘ