ਪੰਜਾਬੀ ਅਖਬਾਰ ਦਾ ਪੱਤਰਕਾਰ ਅਗਵਾ, ਕੁੱਟਮਾਰ ਕਰਕੇ ਦਿੱਲੀ ਦੇ ਗੁਰੂਦਆਰਾ ਸਾਹਿਬ ਦੇ ਬਾਹਰ ਸੁੱਟਿਆ


ਪੱਤਰਕਾਰ ਭਾਈਚਾਰਾ ਜ਼ਿਲਾ ਪੁਲਸ ਮੁੱਖੀ ਨੂੰ ਮਿਲਿਆ, ਜਿਲ੍ਹਾ ਪੁਲਿਸ ਮੁੱਖੀ ਵੱਲੋ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ

ਮੋਗਾ, 31 ਜੁਲਾਈ (ਸਵਰਨ ਗੁਲਾਟੀ) : ਜਲੰਧਰ ਤੋ ਛਪਦੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਨੂੰ ਬੀਤੀ ਸ਼ਾਮ ਅਣਪਛਾਤੇ ਵਿਅਕਤੀਆ ਨੇ ਬਿਲੈਰੋ ਗੱਡੀ ਵਿਚ ਅਗਵਾ ਕਰਕੇ ਉਸ ਦੀ ਮਾਰਕੁੱਟ ਕਰਨ ਤੋ ਬਾਅਦ ਉਸ ਨੂੰ ਦਿੱਲੀ ਦੇ ਇਕ ਗੁਰੂਦੁਆਰਾ ਸਾਹਿਬ ਦੇ ਬਾਹਰ ਜਖਮੀ ਹਾਲਿਤ ਵਿਚ ਸੁੱਟਕੇ ਫਰਾਰ ਹੋ ਗਏ। ਇਸ ਘਟਨਾਂ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ ‘ਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ 30 ਜੁਲਾਈ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਜੀਤਵਾਲ ਤੋਂ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਹਰਦੇਵ ਸਿੰਘ ਮਾਨ ਨੂੰ ਬੱਸ ਅੱਡਾ ਅਜੀਤਵਾਲ ਵਿਖੇ ਬੁਲਾ ਲਿਆ ਅਤੇ ਉਸਨੂੰ ਕੰਮ ਦਾ ਬਹਾਨਾ ਲਗਾਕੇ, ਆਪਣੀ ਬਲੈਰੋ ਗੱਡੀ ‘ਚ ਬਿਠਾ ਕੇ ਲੈ ਗਏ।

ਰਾਤ ਪੈਂਦਿਆਂ ਹੀ ਹਰਦੇਵ ਮਾਨ ਦੇ ਆਪਣੇ ਘਰ ਨਾਂ ਪਹੁੰਚਣ ‘ਤੇ ਉਸਦੇ ਪਰਿਵਾਰਿਕ ਮੈਂਬਰ ਉਸਨੂੰ ਫੋਨ ਲਗਾਉਂਦੇ ਰਹੇ ਪ੍ਰੰਤੂ ਉਸਦਾ ਮੋਬਾਈਲ ਲਗਾਤਾਰ ਬੰਦ ਆਉਂਦਾ ਰਿਹਾ ਅਤੇ ਜਦੋਂ ਤੜਕੇ ਸਵੇਰੇ ਮੋਬਾਈਲ ਫੋਨ ‘ਤੇ ਸੰਪਰਕ ਹੋਇਆ ਤਾਂ ਉਸਦਾ ਮੋਬਾਈਲ ਅੱਗੋਂ ਕਿਸੇ ਹੋ ਵਿਅਕਤੀ ਨੇ ਚੁੱਕਿਆ ਅਤੇ ਕਿਹਾ ਕਿ ਅਸੀਂ ਇਸਨੂੰ ਅਗਵਾ ਕੀਤਾ ਹੈ ਅਤੇ ਸਾਡਾ ਇਰਾਦਾ ਇਸ ਨੂੰ ਮਾਰਨ ਦਾ ਹੈ ਅਤੇ ਜੇਕਰ ਇਸਨੇ ਅਖਬਾਰ ਦੀ ਪੱਤਰਕਾਰੀ ਨਾਂ ਛੱਡੀ ਤਾਂ ਉਹ ਹਰਦੇਵ ਮਾਨ ਅਤੇ ਉਸਦੇ ਪੂਰੇ ਪਰਿਵਾਰ ਨੂੰ ਮਾਰ ਮੁਕਾਉਣਗੇ। ਅਗਵਾਕਾਰਾਂ ਨੇ ਇਸ ਘਟਨਾ ਸੰਬੰਧੀ ਪੁਲਸ ਨੂੰ ਵੀ ਸੂਚਿਤ ਕਰਨ ਤੋਂ ਵਰਜਿਆ। ਪਰਿਵਾਰਿਕ ਮੈਂਬਰਾਂ ਵਲੋਂ ਵਾਰ-ਵਾਰ ਮੋਬਾਈਲ ‘ਤੇ ਮਿੰਨਤਾਂ-ਤਰਲੇ ਕਰਨ ਉਪਰੰਤ ਅਗਵਾਕਾਰਾਂ ਨੇ ਬੇਹੋਸ਼ੀ ਦਾ ਹਾਲਤ ‘ਚ ਉਕਤ ਪੱਤਰਕਾਰ ਨੂੰ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੱਗੇ ਸੁੱਟਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਿਕ ਮੈਂਬਰਾਂ ਵਲੋਂ ਸੰਪਰਕ ਕਰਨ ‘ਤੇ ਹਰਦੇਵ ਮਾਨ ਨੇ ਦੱਸਿਆ ਕਿ ਉਸਨੂੰ ਗੱਡੀ ‘ਚ ਚੁੱਕਕੇ ਵਿਅਕਤੀਆਂ ਨੇ ਬੰਨ੍ਹ ਲਿਆ ਅਤੇ ਨਾਲ ਹੀ ਉਸਦੇ ਵਾਲਾਂ ਗੱਡੀ ਦੀ ਪਿਛਲੀ ਸੀਟ ਨਾਲ ਬੰਨ ਦਿੱਤੇ। ਜਦਕਿ ਇੱਕ ਬਾਂਹ ਨੂੰ ਸ਼ੀਸ਼ੇ ‘ਚ ਦੇ ਦਿੱਤਾ।

ਇਸਤੋਂ ਇਲਾਵਾ ਅਗਵਾਕਾਰਾਂ ਨੇ ਉਸਨੂੰ ਧੱਕੇ ਨਾਲ ਸ਼ਰਾਬ ਅਤੇ ਨਸ਼ੀਲੀਆਂ ਵਸਤਾਂ ਦਾ ਸੇਵਨ ਧੱਕੇ ਨਾਲ ਕਰਵਾਇਆ, ਜਿਸ ਕਾਰਨ ਉਸਨੂੰ ਕੋਈ ਸੁੱਧ-ਬੁੱਧ ਨਹੀਂ ਰਹੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮੋਗਾ ਜ਼ਿਲੇ ਦੇ ਪੱਤਰਕਾਰਾਂ ਨੇ ਇੱਕ ਦੂਸਰੇ ਨਾਲ ਸੰਪਰਕ ਸਾਧਕੇ, ਹਰਦੇਵ ਮਾਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਸਹਾਇਤਾ ਦੁਆਕੇ, ਗੁਰਦੁਆਰਾ ਸਾਹਿਬ ‘ਚ ਪਹੁੰਚਾਇਆ ਅਤੇ ਉਪਰੰਤ ਅਜੀਤਵਾਲ ਨਿਵਾਸੀ ਪੰਜਾਬ ਕਾਂਗਰਸ ਦੇ ਸਕੱਤਰ ਡਾ. ਹਰਜੋਤ ਕਮਲ ਸਿੰਘ ਨੇ ਉਸਨੂੰ ਆਪਣੇ ਪਾਸ ਦਿੱਲੀ ‘ਚ ਰੱਖ ਲਿਆ। ਇਸ ਸੰਬੰਧੀ ਥਾਣਾ ਅਜੀਤਵਾਲ ਦੇ ਪੁਲਸ ਮੁਖੀ ਇੰਸਪੈਕਟਰ ਅਰਵਿੰਦ ਪੁਰੀ ਨੇ ਪੱਤਰਕਾਰ ਹਰਦੇਵ ਸਿੰਘ ਮਾਨ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਧਾਰਾ 364, 506 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ਼ ਕਰਕੇ, ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਉਕਤ ਘਟਨਾ ਸੰਬੰਧੀ ਜ਼ਿਲੇ ਦੇ ਵੱਖ-ਵੱਖ ਸਟੇਸ਼ਨਾਂ ਤੋਂ ਕੰਮ ਕਰਦੇ 50 ਦੇ ਲੱਗਭੱਗ ਪੱਤਰਕਾਰਾਂ ਦਾ ਵਫਦ ਜ਼ਿਲਾ ਪੁਲਸ ਮੁੱਖੀ ਸੁਰਜੀਤ ਸਿੰਘ ਗਰੇਵਾਲ ਨੂੰ ਮਿਲਿਆ, ਜਿੰਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਹਰਦੇਵ ਮਾਨ ਦੇ ਵਾਪਸ ਆਉਣ ‘ਤੇ, ਪੁੱਛਗਿੱਛ ਉਪਰੰਤ ਬਹੁਤ ਜਲਦ ਦੋਸ਼ੀਆਂ ਨੂੰ ਬੇਨਕਾਬ ਕਰਕੇ, ਸਖਤ ਸਜ਼ਾ ਦਿਵਾਈ ਜਾਵੇਗੀ। ਪੱਤਰਕਾਰ ਭਾਈਚਾਰੇ ਵਲੋਂ ਘਟਨਾ ਦੀ ਤਿੱਖੇ ਸ਼ਬਦਾਂ ‘ਚ ਨਿਖੇਧੀ ਕੀਤੀ ਗਈ

 


Like it? Share with your friends!

0

ਪੰਜਾਬੀ ਅਖਬਾਰ ਦਾ ਪੱਤਰਕਾਰ ਅਗਵਾ, ਕੁੱਟਮਾਰ ਕਰਕੇ ਦਿੱਲੀ ਦੇ ਗੁਰੂਦਆਰਾ ਸਾਹਿਬ ਦੇ ਬਾਹਰ ਸੁੱਟਿਆ