ਦਿੱਲੀ ਵਿਧਾਨ ਸਭਾ ਚੋਣਾਂ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ)


ਜਸਵੰਤ ਸਿੰਘ 'ਅਜੀਤ'

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਨੇੜ ਭਵਿੱਖ ਵਿੱਚ ਹੋ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਣਾਉਣ ਦੇ ਸਬੰਧ ਵਿੱਚ ਸਲਾਹ-ਮਸ਼ਵਰਾ ਕਰਨ ਦੇ ਉਦੇਸ਼ ਨਾਲ, ਬੀਤੇ ਦਿਨੀਂ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਦਿੱਲੀ ਗੁਰਦੁਆਰਾ ਕਮੇਟੀ ਦੇ ਪਾਰਟੀ-ਮੈਂਬਰਾਂ ਅਤੇ ਪਾਰਟੀ ਦੇ ਹੋਰ ਦਿੱਲੀ ਪ੍ਰਦੇਸ਼ ਦੇ ਮੁਖੀਆਂ ਨਾਲ ਇੱਕ ਬੈਠਕ ਕੀਤੀ। ਦਸਿਆ ਜਾਂਦਾ ਹੈ ਕਿ ਲੰਮੇਂ ਵਿਚਾਰ-ਵਟਾਂਦਰੇ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਨੇ ਚੋਣ ਰਣਨੀਤੀ ਬਣਾਏ ਜਾਣ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ, ਦਲ ਦੇ ਦਿੱਲੀ ਪ੍ਰਦੇਸ਼ ਦੇ ਮਾਮਲਿਆਂ ਦੇ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ, ਉਸਦਾ ਸੰਚਾਲਣ ਕਰਨ ਅਤੇ ਭਾਜਪਾ ਨਾਲ ਸੀਟਾਂ ਦੀ ਵੰਡ ਕਰਨ ਲਈ ਉਸਦੇ ਪ੍ਰਦੇਸ਼ ਅਤੇ ਕੌਮੀ ਨੇਤਾਵਾਂ ਨਾਲ ਗਲਬਾਤ ਕਰਨ ਦੀ ਜ਼ਿੰਮੇਂਦਾਰੀ ਸੌਂਪਦਿਆਂ ਆਸ ਪ੍ਰਗਟ ਕੀਤੀ ਕਿ ਉਹ ਇਸ ਜ਼ਿੰਮੇਂਦਾਰੀ ਨੂੰ ਸੁਚਜੇ ਢੰਗ ਨਾਲ ਨਿਭਾਣ ਵਿੱਚ ਸਫਲ ਹੋਣਗੇ।

ਇਸਦੇ ਨਾਲ ਹੀ ਇਹ ਵੀ ਦਸਿਆ ਗਿਆ ਕਿ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪਾਰਟੀ ਮੈਂਬਰਾਂ ਅਤੇ ਪਾਰਟੀ ਦੇ ਪ੍ਰਦੇਸ਼ ਮੁਖੀਆਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਗੁਰਦੁਆਰਾ ਕਮੇਟੀ ਦੇ ਚੋਣ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰ ਬਣਾਉਣ ਦੀ ਮੁਹਿੰਮ ਅਰੰਭ ਕਰਨ। ਉਨ੍ਹਾਂ ਘਟ ਮਤਦਤਾਵਾਂ ਵਾਲੇ ਹਲਕਿਆਂ ਵਿਚੋਂ ਘਟ-ਤੋਂ-ਘਟ ਦੋ ਹਜ਼ਾਰ ਅਤੇ ਬਹੁਤੇ ਮਤਦਾਤਾਵਾਂ ਵਾਲੇ ਹਲਕਿਆਂ ਵਿਚੋਂ 15ਤੋਂ 25 ਹਜ਼ਾਰ ਤਕ ਮੈਂਬਰ ਬਣਾਉਣ ਲਈ ਵੀ ਕਿਹਾ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਹਲਕਿਆਂ ਵਿੱਚ ਮਤਦਾਤਾਵਾਂ ਦੀ ਗਿਣਤੀ ਦੋ ਹਜ਼ਾਰ ਤੋਂ ਲੈਕੇ ਚਾਰ ਹਜ਼ਾਰ ਹੈ ਤੇ ਕਈ ਹਲਕਿਆਂ ਵਿੱਚ ਇਹ ਗਿਣਤੀ ੩੫ ਤੋਂ ੩੮ ਹਜ਼ਾਰ ਤਕ ਵੀ ਹੈ। ਇਸਦੇ ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਕੇਵਲ ਮੈਂਬਰਸ਼ਿਪ ਫੀਸ ਹੀ ਇਕਠੀ ਨਾ ਕੀਤੀ ਜਾਏ, ਸਗੋਂ ਈਮਾਨਦਾਰੀ ਨਾਲ ਮੈਂਬਰ ਵੀ ਬਣਾਏ ਜਾਣ। ਮੈਂਬਰਸ਼ਿਪ ਫਾਰਮ ਵਿੱਚ ਮੈਂਬਰ ਦੇ ਨਾਂ ਅਤੇ ਪਤੇ ਦੇ ਨਾਲ ਹੀ ਉਸਦਾ ਫੋਨ ਨੰਬਰ ਵੀ ਦਰਜ ਹੋਣਾ ਚਾਹੀਦਾ ਹੈ, ਤਾਂ ਜੋ ਜੇ ਲੋੜ ਸਮਝੀ ਜਾਏ ਤਾਂ ਦਲ ਦੇ ਮੁੱਖ ਦਫਤਰ ਤੋਂ ਉਸ ਨਾਲ ਸੰਪਰਕ ਕੀਤਾ ਜਾਂਦਾ ਰਹਿ ਸਕੇ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਆਪਣੀ ਮੈਂਬਰ-ਸ਼ਕਤੀ ਸੰਗਠਤ ਕਰ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੇ ਸਾਹਮਣੇ ਪਹਿਲਾਂ ਦੀਆਂ ਚਾਰ ਸੀਟਾਂ ਤੋਂ ਵੱਧੇਰੇ ਸੀਟਾਂ ਪੁਰ ਆਪਣਾ ਦਾਅਵਾ ਪੇਸ਼ ਕਰਨਾ ਚਾਹੁੰਦੇ ਹਨ।

ਇਹ ਵੀ ਦਸਿਆ ਗਿਆ ਹੈ ਕਿ ਸ. ਸੁਖਬੀਰ ਸਿੰਘ ਬਾਦਲ, ਇਸ ਵਾਰ ਅਕਾਲੀ ਦਲ ਵਲੋਂ ਭਾਜਪਾ ਨੇਤਾਵਾਂ ਦੇ ਸਾਹਮਣੇ ੧੨ ਤੋਂ ੧੫ ਸੀਟਾਂ ਪੁਰ ਦਾਅਵਾ ਪੇਸ਼ ਕਰ ਸਕਦੇ ਹਨ। ਜਦਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਘਟੋ-ਘਟ ਸੱਤ (੭) ਸੀਟਾਂ ਪੁਰ ਉਨ੍ਹਾਂ ਦਾ ਦਾਅਵਾ ਸਵੀਕਾਰ ਕਰ ਲਿਆ ਜਾਇਗਾ। ਹੋਰ ਮਿਲੀ ਜਾਣਕਾਰੀ ਅਨੁਸਾਰ ਇਸੇ ਬੈਠਕ ਵਿੱਚ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਲੋਂ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਸ਼ਿਕਾਇਤ ਵੀ ਕੀਤੀ ਗਈ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਉਨ੍ਹਾਂ ਨੂੰ, ਉਨ੍ਹਾਂ ਦਾ ਬਣਦਾ ਸਨਮਾਨ ਨਹੀਂ ਦੇ ਰਹੇ। ਸ. ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਵਲੋਂ ਇਹ ਵੀ ਦਸਿਆ ਗਿਆ ਕਿ ਅਹੁਦੇਦਾਰ ਆਪਣੇ ਅਤੇ ਆਪਣੇ ਜੀ-ਹਜ਼ੂਰੀਏ ਮੈਂਬਰਾਂ ਦੇ ਹਲਕਿਆਂ ਵਿੱਚ ਲੋੜਵੰਦਾਂ ਨੂੰ ਸਹਾਇਤਾ ਵੀ ਦੇ ਰਹੇ ਹਨ ਅਤੇ ਆਰਥਕ ਰੂਪ ਵਿੱਚ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਕਿਤਾਬਾਂ ਵੀ ਉਪਲੱਬਧ ਕਰਵਾ ਰਹੇ ਹਨ, ਪ੍ਰੰਤੂ ਦੂਸਰੇ ਮੈਂਬਰਾਂ, ਵਿਸ਼ੇਸ਼ ਰੂਪ ਵਿੱਚ ਜੋ ਉਨ੍ਹਾਂ ਦੀ ਜੀ-ਹਜ਼ੂਰੀ ਨਹੀਂ ਕਰ ਪਾਂਦੇ, ਦੇ ਹਲਕਿਆਂ ਵਿੱਚ ਅਜਿਹੀ ਕੋਈ ਵੀ ਸਹਾਇਤਾ ਦੇਣ ਵਿੱਚ ਟਾਲਮਟੋਲ ਕਰਦੇ ਰਹਿੰਦੇ ਹਨ। ਫਲਸਰੂਪ ਉਨ੍ਹਾਂ ਦੇ ਹਲਕਿਆਂ ਵਿੱਚ ਉਨ੍ਹਾਂ ਦੀ ਹੀ ਨਹੀਂ, ਸਗੋਂ ਪਾਰਟੀ ਦੀ ਛਬੀ ਵੀ ਖਰਾਬ ਹੰਦੀ ਜਾ ਰਹੀ ਹੈ। ਉਨ੍ਹਾਂ ਇਥੋਂ ਤਕ ਵੀ ਕਿਹਾ, ਦਸਿਆ ਗਿਆ ਹੈ ਕਿ ਜਿਨ੍ਹਾਂ ਨੇ ਚੋਣਾਂ ਵਿੱਚ ਉਨ੍ਹਾਂ ਦੀ ਮਦੱਦ ਕੀਤੀ ਸੀ, ਉਹ ਕੋਈ ਵੀ ਕੰਮ ਨਾ ਹੋਣ ਕਾਰਣ ਉਨ੍ਹਾਂ ਦਾ ਖੁਲ੍ਹੇ ਆਮ ਮਜ਼ਾਕ ਉਡਾਣ ਤੇ ਤੁਲ ਗਏ ਹੋਏ ਹਨ।

ਕੀ ਸ. ਰਾਮੂਵਾਲੀਆ ਸਫਲ ਹੋਣਗੇ? : ਇਹ ਸੁਆਲ ਦਿੱਲੀ ਦੀ ਅਕਾਲੀ ਰਾਜਨੀਤੀ ਪੁਰ ਤਿੱਖੀ ਨਜ਼ਰ ਰਖੀ ਚਲੇ ਆ ਰਹੇ ਰਾਜਸੀ ਮਾਹਿਰਾਂ ਵਲੋਂ ਉਠਾਇਆ ਜਾ ਰਿਹਾ ਹੈ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਸ. ਰਾਮੂਵਾਲੀਆ ਬਹੁਤ ਹੀ ਵੱੱਧਾ-ਚੜ੍ਹਾ ਕੇ ਗਲਾਂ ਕਰਨ ਦੇ ਆਦੀ ਹਨ, ਜੋ ਪੰਜਾਬ ਵਿੱਚ ਭਾਵੇਂ ਲੋਕਾਂ ਦੇ ਗਲੇ ਉੱਤਰ ਜਾਣ, ਪ੍ਰੰਤੂ ਦਿੱਲੀ ਵਰਗੇ ਸ਼ਹਿਰ ਵਿੱਚ ਲੋਕਾਂ ਦੇ ਗਲੇ ਉਤਰਨੀਆਂ ਸਹਿਜ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਵਧਾ-ਚੜ੍ਹਾ ਕੇ ਕੀਤੇ ਜਾਂਦੇ ਦਾਅਵਿਆਂ ਕਾਰਣ ਲੋਕਾਂ ਵਿੱਚ ਵਿਸ਼ਵਾਸ ਤਾਂ ਸ਼ਾਇਦ ਹੀ ਪੈਦਾ ਹੋ ਸਕੇ, ਪਰ ਅਵਿਸ਼ਵਾਸ ਜ਼ਰੂਰ ਪੈਦਾ ਹੋ ਸਕਦਾ ਹੈ। ਇਸ ਸਬੰਧ ਵਿੱਚ ਇਹ ਰਾਜਨੈਤਿਕ ਦਸਦੇ ਹਨ ਕਿ ਹਾਲ ਵਿੱਚ ਹੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਦਿੱਲੀ ਪ੍ਰਦੇਸ਼ ਭਾਜਪਾ ਦੇ ਮਾਮਲਿਆਂ ਦੇ ਇੰਚਾਰਜ ਸ਼੍ਰੀ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਦਸਿਆ ਕਿ ਉਨ੍ਹਾਂ ਨੇ ਸ਼੍ਰੀ ਗਡਕਰੀ ਨੂੰ ਸਾਫ ਤੋਰ ਤੇ ਦਸ ਦਿੱਤਾ ਹੈ ਕਿ ਇਸ ਵਾਰ ਦਿੱਲੀ ਵਿੱਚ ਬਾਦਲ ਅਕਾਲੀ ਦਲ ਦੀ ਤਾਕਤ ਨੂੰ ਘਟ ਅਨੁਮਾਨਣ ਦੀ ਭੁਲ ਨਾ ਕੀਤੀ ਜਾਏ, ਕਿਉਂਕਿ ਇਸ ਵਾਰ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਦਲ ਦੀ ਹੋਈ ਰਿਕਾਰਡ ਜਿੱਤ ਨੇ ਇਸ ਗਲ ਤੇ ਮੋਹਰ ਲਾ ਦਿੱਤੀ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ੭੫ ਪ੍ਰਤੀਸ਼ਤ ਸੀਟਾਂ ਪੁਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਦਬਦਬਾ ਹੈ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਇਸ ਵਿੱਚ ਕੋਈ ਸ਼ਕ ਨਹੀਂ ਕਿ ਬਾਦਲ ਅਕਾਲੀ ਦਲ ਨੇ ਗੁਰਦੁਆਰਾ ਕਮੇਟੀ ਦੀਆਂ ਸਿੱਧੀਆਂ ਚੋਣਾਂ ਵਾਲੀਆਂ ੪੬ ਸੀਟਾਂ ਵਿਚੋਂ ੩੮ ਸੀਟਾਂ ਪੁਰ ਆਪਣੀ ਜਿੱਤ ਦਰਜ ਕਰਵਾਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੰਤੂ ਇਨ੍ਹਾਂ ਚੋਣਾਂ ਵਿੱਚ ਹੋਏ ਮਤਦਾਨ ਦੇ ਅੰਕੜੇ ਦਸਦੇ ਹਨ ਕਿ ਬਾਦਲ ਅਕਾਲੀ ਦਲ ਨੂੰ ਕੁਲ ਮਤਦਾਤਾਵਾਂ ਦੀ ਗਿਣਤੀ, ਜੋ ਚਾਰ ਲੱਖ ਪੰਜ ਹਜ਼ਾਰ ਦੇ ਲਗਭਗ ਦਸੀ ਜਾਂਦੀ ਹੈ, ਵਿਚੋਂ ਕੇਵਲ ੮੦ ਹਜ਼ਾਰ ਮਤ ਹੀ ਮਿਲੇ ਹਨ, ਜੋ ਕਿ ਕੁਲ ਮਤਦਾਤਾਵਾਂ ਦਾ ਮਾਤ੍ਰ 20 ਪ੍ਰਤੀਸ਼ਤ ਹੀ ਹੈ।

ਉਸਦੇ ਵਿਰੁਧ 15 ਪ੍ਰਤੀਸ਼ਤ ਮਤ ਪਏ, ਇਸਤਰ੍ਹਾਂ ਲਗਭਗ 65 ਪ੍ਰਤੀਸ਼ਤ ਮਤਦਾਤਾਵਾਂ ਨੇ ਇੱਕ ਤਰ੍ਹਾਂ ਨਾਲ ਗੁਰਦੁਆਰਾ ਚੋਣਾਂ ਦਾ ਬਾਈਕਾਟ ਕਰ, ਕਿਸੇ ਦਾ ਵੀ ਸਾਥ ਦੇਣ ਦੀ ਲੋੜ ਨਹੀਂ ਸਮਝੀ। ਸੁਆਲ ਉਠਦਾ ਹੈ ਕਿ ਅਜਿਹੀ ਸਥਿਤੀ ਵਿੱਚ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਬਾਦਲ ਅਕਾਲੀ ਦਲ ਦਾ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 75 ਪ੍ਰਤੀਸ਼ਤ ਸੀਟਾਂ ਪੁਰ ਪ੍ਰਭਾਵ ਹੈ। ਮੰਨਿਆ ਜਾਂਦਾ ਹੈ ਕਿ ਦਿੱੱਲੀ ਵਿਧਾਨ ਸਭਾ ਦੀਆਂ 15ਤੋਂ 25 ਸੀਟਾਂ ਜ਼ਰੂਰ ਅਜਿਹੀਆਂ ਹਨ ਜਿਨ੍ਹਾਂ ਵਿੱਚ ਸਿੱਖ ਮਤਦਾਤਾ ਜਿੱਤ-ਹਾਰ ਦਾ ਫੈਸਲਾ ਕਰਨ ਦੀ ਸਮਰਥਾ ਰਖਦੇ ਹਨ। ਇਨ੍ਹਾਂ ਸਾਰੀਆਂ ਸੀਟਾਂ ਪੁਰ ਬਾਦਲ ਅਕਾਲੀ ਦਲ ਦਾ ਹੀ ਪ੍ਰਭਾਵ ਹੋਵੇਗਾ, ਇਹ ਮੰਨਿਆ ਜਾਣਾ ਸੰਭਵ ਨਹੀਂ। ਅਜਿਹੀ ਸਥਿਤੀ ਵਿੱਚ ਕਿਹਾ ਜਾ ਸਕਦਾ ਹੈ ਕਿ ਜੇ ਸ. ਰਾਮੂਵਾਲੀਆ ਨੇ ਆਪਣੀਆਂ ਜ਼ਿੰਮਂੇਦਾਰੀਆਂ ਨਿਭਾਣ ਵਿੱਚ ਸਫਲ ਹੋਣਾ ਹੈ ਤਾਂ ਉਨ੍ਹਾਂ ਨੂੰ ਗਲਾਂ ਉਤਨੀਆਂ ਹੀ ਵਧਾ-ਚੜ੍ਹਾ ਕੇ ਕਰਨੀਆਂ ਚਾਹੀਦੀਆਂ, ਜਿਤਨੀਆਂ ਕਿ ਲੋਕਾਂ ਦੇ ਗਲੇ ਉਤਰ ਸਕਣ।

ਯੂਕੇ ਨੇ ਗੇਂਦ ਜੱਥੇਦਾਰ ਦੇ ਪਾਲੇ ਵਿੱਚ ਖਿਸਕਾਈ : ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਯੂਕੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਪੁਰ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਵਿੱਚ ਨਵੰਬਰ-੮੪ ਦੇ ਸਿੱਖ ਕਤਲੇਆਮ ਦੇ ਸ਼ਹੀਦ ਸਿੱਖਾਂ ਦੀ ਯਾਦਗਾਰ ਬਣਾਏ ਜਾਣ ਦੇ ਨਾਂ ਤੇ ਨਾ ਕੇਵਲ ਪੀੜਤਾਂ ਅਤੇ ਹੋਰ ਸਿੱਖਾਂ ਨੂੰ ਹੀ ਧੋਖਾ ਦਿੱਤਾ ਹੈ, ਸਗੋਂ ਸਿੱਖ ਧਰਮ ਦੇ ਪਵਿਤ੍ਰ ਅਤੇ ਸਰਵੁਚ ਧਾਰਮਕ ਸੰਸਥਾਵਾਂ ਤਖਤਾਂ ਦੇ ਜੱਥੇਦਾਰ ਸਾਹਿਬਾਨ ਨੂੰ ਵੀ ਗੁਮਰਾਹ ਕੀਤਾ ਹੈ। ਸ. ਜਸਜੀਤ ਸਿੰਘ ਨੇ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਇਹ ਪ੍ਰਚਾਰ ਕਰਕੇ ਕਿ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਨਵੰਬਰ-੮੪ ਦੀ ਨਸਲਕੁਸ਼ੀ ਦੌਰਾਨ ਹੋਏ ਸ਼ਹੀਦ ਸਿੱਖਾਂ ਦੀ ਯਾਦਗਾਰ ਕਇਮ ਕਰਨ ਜਾ ਰਹੇ ਹਨ, ਜੱਥੇਦਾਰ ਸਾਹਿਬਾਨ ਪਾਸੋਂ ਉਸ ਯਾਦਗਾਰ ਦਾ ਨੀਂਹ-ਪੱਥਰ ਰਖਵਾਇਆ। ਪ੍ਰੰਤੂ ਇਸਦੇ ਵਿਰੁਧ, ਆਈਆਂ ਖਬਰਾਂ ਅਨੁਸਾਰ ਉਨ੍ਹਾਂ ਅਦਾਲਤ ਵਿੱਚ ਇੱਕ ਹਲਫਨਾਮਾ ਦਾਖਲ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਹ ਗੁਰਦੁਆਰਾ ਰਕਾਬ ਗੰਜ ਵਿੱਚ ਨਵੰਬਰ-੮੪ ਦੇ ਸਿੱਖ ਸ਼ਹੀਦਾਂ ਦੀ ਨਹੀਂ, ਸਗੋਂ ਸਮੁਚੇ ਭਾਰਤ ਵਿੱਚ ਕਿਸੇ ਵੀ ਸਮੇਂ ਮਾਰੇ ਗਏ ਕਿਸੇ ਵੀ ਧਰਮ ਦੇ ਲੋਕਾਂ ਦੀ ਯਾਦਗਾਰ ਬਣਾਉਣ ਜਾ ਰਹੇ ਹਨ।

ਸ. ਜਸਜੀਤ ਸਿੰਘ ਯੂਕੇ ਦੇ ਅਨੁਸਾਰ ਉਨ੍ਹਾਂ ਵਲੋਂ ਅਜਿਹਾ ਲਿਖ ਕੇ ਦਿੱਤਾ ਜਾਣਾ ਸਾਬਤ ਕਰਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਨਵੰਬਰ-੮੪ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦੇ ਨਾਂ ਪੁਰ ਸਿੱਖ ਜਗਤ, ੮੪ ਦੇ ਪੀੜਤਾਂ ਨੂੰ ਹੀ ਨਹੀਂ, ਸਗੋਂ ਜੱਥੇਦਾਰ ਸਾਹਿਬਾਨ ਨੂੰ ਵੀ ਗੁਮਰਾਹ ਕੀਤਾ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਪਾਸੋਂ ਪੁਛਿਆ ਕਿ ਕੀ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਕੀਤੇ ਗਏ ਇਸ ‘ਗੁਨਾਹ’ ਦੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਪੁਰ ਸੰਮਨ ਕਰ ਉਨ੍ਹਾਂ ਪਾਸੋਂ ਸਪਸ਼ਟੀਕਰਣ ਮੰਗਣਗੇ ਅਤੇ ਉਨ੍ਹਾਂ ਨੂੰ ਧਾਰਮਕ ਮਨਤਾਵਾਂ ਦੇ ਅਨੁਰੂਪ ਤਨਖਾਹ (ਧਾਰਮਕ ਸਜ਼ਾ) ਲਾਉਣਗੇ?

…ਅਤੇ ਅੰਤ ਵਿੱਚ : ਮੰਨਿਆ ਜਾਂਦਾ ਹੈ ਕਿ ਸ. ਜਸਜੀਤ ਸਿੰਘ ਨੇ ਨਵੰਬਰ-੮੪ ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ ਜਾਣ ਦੇ ਨਾਂ ਤੇ ਗੁਮਰਾਹ ਕੀਤੇ ਜਾਣ ਦਾ ਮੁੱਦਾ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਦੇ ਪਾਲੇ ਵਿੱਚ ਖਿਸਕਾ, ਉਨ੍ਹਾਂ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਹੈ। ਵੇਖਣਾ ਹੋਵੇਗਾ ਕਿ ਉਹ ਆਪਣੇ ਨੂੰ ਇਸ ਧਰਮ ਸੰਕਟ ਵਿਚੋਂ ਕਿਵੇਂ ਉਭਾਰਦੇ ਹਨ?

email : jaswantsinghajit@gmail.com


Like it? Share with your friends!

0

ਦਿੱਲੀ ਵਿਧਾਨ ਸਭਾ ਚੋਣਾਂ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ)