ਰੈਗਿੰਗ ਪੀੜਤਾਂ ਦੀ ਸਹਾਇਤਾ ਲਈ ਯੂ.ਜੀ.ਸੀ.ਵੱਲੋਂ ਹੈਲਪ ਲਾਈਨ ਸ਼ੁਰੂ


ਚੰਡੀਗੜ੍ਹ, 29 ਜੁਲਾਈ (ਏਜੰਸੀ) : ਸਿੱਖਿਆ ਸੰਸਥਾਵਾਂ ਵਿੱਚ ਰੈਗਿੰਗ ਖਤਮ ਕਰਨ ਲਈ ਪੀੜਤ ਵਿਦਿਆਰਥੀਆਂ ਦੀ ਸਹਾਇਤਾ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਵੱਲੋਂ ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ। ਪੰਜਾਰ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਗਿੰਗ ਤੋਂ ਪ੍ਰੇਸ਼ਾਨ ਵਿਦਿਆਰਥੀ ਟੋਲ ਫ੍ਰੀ ਨੰਬਰ-1800-180-5522 ‘ਤੇ ਫੋਨ ਕਰ ਸਕਦੇ ਹਨ ਜਾਂ ਉਹ ਮੈਸਰਜ਼ ਸਿਰਕਸ ਇਨਫੋਸਰਵਸਿਜ ਇੰਡੀਆ ਪ੍ਰਾਈਵੇਟ ਲਿਮਟਿਡ, ਜੇ-1, ਉਦਯੋਗ ਨਗਰ, ਨੇੜੇ ਡੀ.ਡੀ. ਮੋਟਰਜ਼, ਰੋਹਤਕ ਰੋਡ, ਪੀਰਾ ਗੜ੍ਹੀ, ਨਵੀਂ ਦਿੱਲੀ-110041 ਵਿਖੇ ਨਿੱਜੀ ਰੂਪ ਵਿੱਚ ਅਤੇ ਵੈਬਸਾਈਟ www.antiragging.in ‘ਤੇ ਵੀ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸੰਸਥਾਵਾਂ ਵਿੱਚ ਰੈਗਿੰਗ ਬੰਦ ਕਰਨ ਲਈ ਵਚਨਬੱਧ ਹੈ ਜਿਸ ਲਈ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਰੈਗਿੰਗ ਖਿਲਾਫ਼ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਦੇਣ ਲਈ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਰੈਗਿੰਗ ਵਿਰੋਧੀ ਕਮੇਟੀਆਂ ਅਤੇ ਮਾਪਿਆਂ ਤੇ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਬਣਾਉਣ ਲਈ ਕਿਹਾ ਗਿਆ ਹੈ ਜੋ ਇਹ ਯਕੀਨੀ ਬਣਾਉਣਗੀਆਂ ਕਿ ਸੁਪਰੀਮ ਕੋਰਟ ਤੇ ਜਸਟਿਸ ਰਾਘਵਨ ਕਮੇਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਬਿਨਾਂ ਕਿਸੇ ਰੁਕਾਵਟ ਤੋਂ ਹੋ ਰਹੀ ਹੈ। ਇਸ ਤੋਂ ਇਲਾਵਾ ਸੰਸਥਾ ਵਿੱਚ ਦਾਖਲ ਹੋਣ ਵਾਲੇ ਹਰ ਵਿਦਿਆਰਥੀ ਅਤੇ ਉਸ ਦੇ ਮਾਤਾ ਪਿਤਾ ਤੋਂ ਲਿਖਤੀ ਰੂਪ ਵਿੱਚ ਰੈਗਿੰਗ ਨਾ ਕਰਨ ਸਬੰਧੀ ਹਲਫੀਆ ਬਿਆਨ ਲਿਆ ਜਾਵੇ। ਸਿੱਖਿਆ ਸੰਸਥਾਵਾਂ ਵਿੱਚ ਰੈਗਿੰਗ ਰੋਕਣ ਲਈ ਸੰਸਥਾਵਾਂ ਦੇ ਮੁਖੀ ਆਪਣੇ ਪੱਧਰ ‘ਤੇ ਕੋਈ ਹੋਰ ਪ੍ਰਬੰਧ ਵੀ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਯੂ.ਜੀ.ਸੀ.ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਅਤੇ ਜੇਕਰ ਕੋਈ ਸੰਸਥਾ ਰੈਗਿੰਗ ਰੋਕਣ ਵਿੱਚ ਅਸਫਲ ਰਹਿੰਦੀ ਹੈ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਅਸਫਲ ਰਹਿੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਯੂ.ਜੀ.ਸੀ.ਵੱਲੋਂ ਇਨ੍ਹਾਂ ਸਿੱਖਿਆ ਸੰਸਥਾਵਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


Like it? Share with your friends!

0

ਰੈਗਿੰਗ ਪੀੜਤਾਂ ਦੀ ਸਹਾਇਤਾ ਲਈ ਯੂ.ਜੀ.ਸੀ.ਵੱਲੋਂ ਹੈਲਪ ਲਾਈਨ ਸ਼ੁਰੂ