ਭਾਰਤੀ ਮੂਲ ਦੇ ਮਮਨੂਨ ਹੁਸੈਨ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ

ਲਾਹੋਰ, 30 ਜੁਲਾਈ (ਏਜੰਸੀ) : ਭਾਰਤ ‘ਚ ਪੈਦਾ ਹੋਏ ਮਮਨੂਨ ਹੁਸੈਨ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਪਾਕਿਸਤਾਨ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ‘ਚ ਮਮਨੂਨ ਹੁਸੈਨ ਨੇ ਰਿਟਾਇਰਡ ਜਸਟਿਸ ਵਜੀਹੁੱਦੀਨ ਅਹਿਮਦ ਨੂੰ ਹਰਾ ਕੇ ਰਾਸ਼ਟਰਪਤੀ ਦਾ ਤਾਜ ਹਾਸਲ ਕੀਤਾ। ਇਨ੍ਹਾਂ ਚੋਣਾਂ ਧਿਆਨ ‘ਚ ਰੱਖਦਿਆਂ ਨੈਸ਼ਨਲ ਅਸੈਂਬਲੀ, ਚਾਰ ਸੂਬਾਈ ਅਸੈਂਬਲੀਆਂ ਅਤੇ ਸੈਨੇਟ ‘ਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਦੇਸ਼ ਦੇ ਇਸ ਸਰਵ ਉੱਚ ਅਹੁਦੇ ਲਈ ਵੋਟਾਂ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਪੈਣੀਆਂ ਸ਼ੁਰੂ ਹੋ ਗਈਆਂ, ਜਦੋਂ ਕਿ ਵਜੇ ਤੱਕ ਪੋਲਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਸੀ।

ਇਸ ਵਾਰ ਚੋਣ ਮੈਦਾਨ ‘ਚ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ) ਵਲੋਂ ਮਮਨੂਨ ਹੁਸੈਨ ਨੂੰ ਉਤਾਰਿਆ ਗਿਆ ਸੀ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ‘ਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਤਹਿਰੀਕ-ਏ-ਇਨਸਾਫ ਪਾਰਟੀ ਵਲੋਂ ਸੇਵਾਮੁਕਤ ਜਸਟਿਸ ਵਜੀਹੁੱਦੀਨ ਅਹਿਮਦ ਨੂੰ ਉਤਾਰਿਆ ਗਿਆ ਸੀ। ਇਹ ਲਗਾਤਾਰ ਦੂਜੀ ਵਾਰ ਹੈ ਕਿ ਕੋਈ ਸਿਵਲ ਖੇਤਰ ਦੀ ਸ਼ਖਸੀਅਤ ਇਸ ਅਹੁਦੇ ਲਈ ਚੁਣੀ ਗਈ ਹੈ। ਇਸ ਤੋਂ ਪਹਿਲਾਂ 5 ਸਾਲ ਤੱਕ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਰਹੇ, ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ 9 ਸਾਲ ਤੱਕ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹੇ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ 11 ਰਾਸ਼ਟਰਪਤੀ ਬਣੇ, ਜਿਨ੍ਹਾਂ ‘ਚੋਂ 5 ਫੌਜੀ ਜਰਨੈਲ ਸਨ ਅਤੇ ਉਨ੍ਹਾਂ ‘ਚੋਂ 4 ਸਿਵਲ ਸਰਕਾਰਾਂ ਦਾ ਤਖਤਾ ਪਲਟ ਕੇ ਰਾਸ਼ਟਰਪਤੀ ਦੇ ਅਹੁਦੇ ‘ਤੇ ਬੈਠੇ ਸਨ। ਜ਼ਿਕਰਯੋਗ ਹੈ ਕਿ ਮਮਨੂਨ ਹੁਸੈਨ ਭਾਰਤ ਦੇ ਸ਼ਹਿਰ ਆਗਰਾ ‘ਚ ਪੈਦਾ ਹੋਏ ਸਨ ਅਤੇ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ।