ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਨੂੰ ਮਿਲਣਗੇ 1600 ਨਵੇਂ ਘਰ : ਚੂਨੀ ਲਾਲ ਭਗਤ


ਚੰਡੀਗੜ੍ਹ, 24 ਜੁਲਾਈ (ਏਜੰਸੀ) : ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ ਵਿੱਚ ਰਹਿੰਦੇ ਝੁੱਗੀ ਝੌਪੜੀ ਵਾਲਿਆਂ ਨੂੰ ਘਰ ਬਣਾਉਣ ਦੀ ਬਣਾਈ ਯੋਜਨਾ ਤਹਿਤ ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਨੂੰ 15 ਅਗਸਤ 2013 ਤੱਕ 1600 ਨਵੇਂ ਮਕਾਨ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸ੍ਰੀ ਭਗਤ ਨੇ ਦੱਸਿਆ ਕਿ ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਲਈ ਕੁੱਲ 21.43 ਏਕੜ ਜਗ੍ਹਾਂ ਵਿੱਚ 113.53 ਕਰੋੜ ਦੀ ਲਾਗਤ ਨਾਲ 4832 ਨਵੇਂ ਘਰ ਬਣਾਏ ਜਾ ਰਹੇ ਹਨ ਜਿਹੜੇ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਮੁਕੰਮਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 1600 ਮਕਾਨ ਬਣ ਕੇ ਤਿਆਰ ਹੋ ਗਏ ਹਨ ਜਿਹੜੇ 15 ਅਗਸਤ ਤੱਕ ਝੱਗੀ-ਝੌਪੜੀ ਵਾਲਿਆਂ ਦੇ ਸੁਪੁਰਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਾਕੀ ਮਕਾਨਾਂ ਦਾ ਕੰਮ ਵੀ 70 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ ਅਤੇ 31 ਮਾਰਚ 2014 ਤੱਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ ਬਣ ਰਹੇ ਕੁੱਲ 4832 ਘਰਾਂ ਵਿੱਚੋਂ ਗਿਆਸਪੁਰਾ ਵਿਖੇ 2496, ਮੁੰਡੀਆਂ ਕਲਾਂ ਵਿਖੇ 1200 ਤੇ ਢੰਡਾਰੀ ਕਲਾਂ ਵਿਖੇ 1136 ਘਰ ਬਣ ਰਹੇ ਹਨ।

ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅੱਜ ਇਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਰਾਕੇਸ਼ ਵਰਮਾ ਨਾਲ ਮੀਟਿੰਗ ਕਰ ਕੇ ਘਰਾਂ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਆਦੇਸ਼ ਦਿੱਤੇ ਕਿ ਨਵੇਂ ਬਣੇ 1600 ਘਰ 15 ਅਗਸਤ ਤੋਂ ਪਹਿਲਾਂ ਹਰ ਹੀਲੇ ਝੁੱਗੀ-ਝੌਪੜੀ ਵਾਲਿਆਂ ਦੇ ਹਵਾਲੇ ਕੀਤੇ ਜਾਣ। ਸ੍ਰੀ ਭਗਤ ਨੇ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸ਼ਰ ਕਰਦੇ ਨਾਗਰਿਕਾਂ ਨੂੰ ਛੱਤ ਮੁਹੱਈਆ ਕਰਵਾਉਣ ਅਤੇ ਸ਼ਹਿਰਾਂ ਦੀ ਦਿੱਖ ਸੁੰਦਰ ਬਣਾਉਣ ਤੇ ਝੁੱਗੀ ਝੌਪੜੀਆਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਨਵੇਂ ਘਰ ਬਣਾਏ ਜਾ ਰਹੇ ਹਨ ਉਥੇ ਪੁਰਾਣੇ ਘਰਾਂ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ।


Like it? Share with your friends!

0

ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਨੂੰ ਮਿਲਣਗੇ 1600 ਨਵੇਂ ਘਰ : ਚੂਨੀ ਲਾਲ ਭਗਤ